ਪੰਜਾਬੀ ਯੂਨੀਵਰਸਿਟੀ ਮਾਡਲ ਸਕੂਲ ਵਿਖੇ ਮਨਾਇਆ ਕੌਮਾਂਤਰੀ ਮਾਤ-ਭਾਸ਼ਾ ਦਿਵਸ

maat bhasha diwas

ਫਰਵਰੀ 21, 2018 – ਪੰਜਾਬੀ ਯੂਨੀਵਰਸਿਟੀ ਪਟਿਆਲਾ ਮਾਡਲ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਿਖੇ ਕੌਮਾਂਤਰੀ ਮਾਤ-ਭਾਸ਼ਾ ਦਿਵਸ ਮਨਾਇਆ ਗਿਆ। ਇਸ ਮੌਕੇ ਉਘੇ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਅਤੇ ਸਾਹਿਤ ਅਕਾਦਮੀ ਅਵਾਰਡੀ ਲੇਖਕ ਡਾ. ਦਰਸ਼ਨ ਸਿੰਘ ‘ਆਸ਼ਟ’ ਬਤੌਰ ਮੁੱਖ ਮਹਿਮਾਨ ਪਧਾਰੇ। ਉਨ੍ਹਾਂ ਨੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਕੌਮਾਂਤਰੀ ਮਾਤ ਭਾਸ਼ਾ ਦੀ ਵਧਾਈ ਦਿੰਦੇ ਹੋਏ ਪੰਜਾਬ ਅਤੇ ਪੰਜਾਬੀ ਭਾਸ਼ਾ ਦੇ ਇਤਿਹਾਸ, ਭਾਸ਼ਾ, ਸਾਹਿਤ ਅਤੇ ਸਭਿਆਚਾਰ ਬਾਰੇ ਭਰਪੂਰ ਚਾਨਣਾ ਪਾਇਆ। ਡਾ. ‘ਆਸ਼ਟ’ ਨੇ ਕਿਹਾ ਕਿ ਪੰਜਾਬੀ ਭਾਸ਼ਾ ਦੇ ਖ਼ਜ਼ਾਨਾ ਗੁਰਮਤਿ ਸਾਹਿਤ, ਸੂਫ਼ੀ ਸਾਹਿਤ, ਕਿੱਸਾ ਕਾਵਿ ਨਾਲ ਬੇਹੱਦ ਅਮੀਰ ਹੋਇਆ ਹੈ ਅਤੇ ਪੇਂਡੂ ਵਿਰਸੇ ਅਤੇ ਸਭਿਆਚਾਰ ਨੇ ਇਸ ਭਾਸ਼ਾ ਦੀ ਕੌਮਾਂਤਰੀ ਪਛਾਣ ਬਣਾਈ ਹੈ। ਉਹਨਾਂ ਸਕੂਲ ਦੇ ਡਾਇਰੈਕਟਰ ਕਮ ਪ੍ਰਿੰਸੀਪਲ ਸ੍ਰੀਮਤੀ ਐਸ.ਕੇ.ਨਿਰਮਲ ਗੋਇਲ ਵੱਲੋਂ ਦਿਲਚਸਪੀ ਲੈ ਕੇ ਮਨਾਏ ਗਏ ਕੌਮਾਂਤਰੀ ਮਾਤ ਭਾਸ਼ਾ ਸਮਾਗਮ ਦੀ ਵਿਸ਼ੇਸ਼ ਸ਼ਲਾਘਾ ਕਰਦਿਆਂ ਕਿਹਾ ਕਿ ਮਾਤ-ਭਾਸ਼ਾ ਦਾ ਜਜ਼ਬਾ ਵਿਦਿਆਰਥੀਆਂ ਦੇ ਮਨਾਂ ਵਿਚ ਸਿਰਜਣਾਤਮਕ ਊਰਜਾ ਪੈਦਾ ਕਰਦਾ ਹੈ।
ਇਸ ਦੌਰਾਨ ਸਕੂਲ ਦੇ ਐਨ.ਐਸ.ਐਸ.ਵਿੰਗ ਦੇ ਵਿਦਿਆਰਥੀਆਂ ਨੇ ਮਾਤ ਭਾਸ਼ਾ ਪੰਜਾਬੀ ਵਿਚ ਕਵਿਤਾਵਾਂ, ਲੇਖ ਅਤੇ ਨਾਟਕ ਆਦਿ ਦੀਆਂ ਪੇਸ਼ਕਾਰੀਆਂ ਕੀਤੀਆਂ। ਇਸ ਸਮਾਗਮ ਵਿਚ ਪੰਜਾਬੀ ਭਾਸ਼ਾ ਦੇ ਗੌਰਵ ਨੂੰ ਵਧਾਉਂਦੇ ਚਾਰਟ ਅਤੇ ਬੈਨਰ ਵਿਸ਼ੇਸ਼ ਤੌਰ ਤੇ ਆਕਰਸ਼ਕ ਵਿਖਾਈ ਦੇ ਰਹੇ ਸਨ। ਇਸ ਤੋਂ ਪਹਿਲਾਂ ਸਕੂਲ ਦੇ ਵਾਈਸ ਪ੍ਰਿੰਸੀਪਲ ਸ੍ਰੀਮਤੀ ਇਕਬਾਲ ਕੌਰ ਮਾਨ ਨੇ ਮੁੱਖ ਮਹਿਮਾਨ ਦਾ ਸੁਆਗਤ ਕੀਤਾ। ਇਸ ਸਮਾਗਮ ਵਿਚ ਸਕੂਲ ਦੇ ਸਮੁੱਚੇ ਸਟਾਫ ਨੇ ਵੱਧ ਚੜ੍ਹ ਕੇ ਹਿੱਸਾ ਲਿਆ।

Install Punjabi Akhbar App

Install
×