ਪੰਜਾਬ ਰਾਜ ਭਾਸ਼ਾ ਐਕਟ 1967 ਦੀ ਧਾਰਾ 8 ਲਾਗੂ ਕਰਾਉਣ ਸਬੰਧੀ ਡੀ. ਸੀ. ਨੂੰ ਸੌਂਪਿਆ ਪੱਤਰ

ਪੰਜਾਬ ਸਰਕਾਰ ਨੇ 5/9/2018 ਅਤੇ 18/2/2020 ਨੂੰ ਜਾਰੀ ਕੀਤੇ ਸਨ ਹੁਕਮ: ਚੰਦਬਾਜਾ

(ਫਰੀਦਕੋਟ):- ਪੰਜਾਬ ਰਾਜ ਭਾਸ਼ਾ ਐਕਟ 1967 ਦੀ ਧਾਰਾ 8 ਲਾਗੂ ਕਰਾਉਣ ਸਬੰਧੀ ਡਾ. ਰੂਹੀ ਦੁੱਗ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਲਿਖਤੀ ਮੰਗ ਪੱਤਰ ਸੋਂਪਦਿਆਂ ਗੁਰਪ੍ਰੀਤ ਸਿੰਘ ਚੰਦਬਾਜਾ ਸੰਸਥਾਪਕ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਅਤੇ ਸੰਚਾਲਕ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਫਰੀਦਕੋਟ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮਿਤੀ 18-02-2020 ਨੂੰ ਆਪਣੇ ਹੁਕਮ ਰਾਹੀਂ ਪੰਜਾਬ ਸਰਕਾਰ ਦੇ ਸਾਰੇ ਦਫ਼ਤਰਾਂ, ਅਦਾਰਿਆਂ ਆਦਿ ਨੂੰ ਆਪੋ ਆਪਣੇ ਅਦਾਰਿਆਂ ਦੇ ਨਾਮ, ਅਧਿਕਾਰੀਆਂ ਦੀਆਂ ਨਾਮ ਪੱਟੀਆਂ, ਸਾਈਨ ਬੋਰਡ ਅਤੇ ਸੜਕਾਂ ਦੇ ਨਾਮ ਆਦਿ ਗੁਰਮੁਖੀ ਵਿੱਚ ਵੀ ਲਿਖਣ ਦੀ ਹਦਾਇਤ ਕੀਤੀ ਗਈ ਸੀ। ਜ਼ਿਲਾ ਫਰੀਦਕੋਟ ਦੇ ਬਹੁਤ ਸਾਰੇ ਦਫ਼ਤਰਾਂ ਅਤੇ ਅਦਾਰਿਆਂ ਦੇ ਨਾਮ ਸਮੇਤ ਅਧਿਕਾਰੀਆਂ ਦੀਆਂ ਨਾਮ ਪੱਟੀਆਂ ਵੀ ਸਿਰਫ ਅੰਗਰੇਜੀ ਵਿੱਚ ਹਨ, ਜਿੰਨਾ ਦੀ ਪੜਤਾਲ ਕਰਾਉਣੀ ਜਰੂਰੀ ਹੈ। ਸ੍ਰ ਚੰਦਬਾਜਾ ਮੁਤਾਬਿਕ ਇਸੇ ਤਰਾਂ ਪੰਜਾਬ ਸਰਕਾਰ ਦੇ ਮਿਤੀ 05-09-2018 ਨੂੰ ਜਾਰੀ ਹੋਏ ਹੁਕਮ ਰਾਹੀਂ ਸਾਰੇ ਸਰਕਾਰੀ ਅਧਿਕਾਰੀਆਂ ਨੂੰ ਆਪਣਾ ਸਾਰਾ ਦਫਤਰੀ ਕੰਮਕਾਰ ਕੇਵਲ ਪੰਜਾਬੀ ਵਿੱਚ ਕਰਨ ਦੀ ਹਦਾਇਤ ਹੋਈ ਸੀ ਪਰ ਜਿਆਦਾਤਰ ਜਾਂ ਲਗਭਗ ਸਾਰੇ ਸਰਕਾਰੀ ਅਦਾਰਿਆਂ, ਦਫਤਰਾਂ ਵਿੱਚ ਸਾਰਾ ਕੰਮ ਅੰਗਰੇਜੀ ਭਾਸ਼ਾ ਵਿੱਚ ਕੀਤਾ ਜਾ ਰਿਹਾ ਹੈ। ਸ੍ਰ ਚੰਦਬਾਜਾ ਨੇ ਦੱਸਿਆ ਕਿ ਪੰਜਾਬ ਰਾਜ ਭਾਸ਼ਾ ਐਕਟ 1967 ਦੀ ਧਾਰਾ 8 ਪੰਜਾਬ ਸਰਕਾਰ ਦੇ ਸਾਰੇ ਦਫਤਰਾਂ ਦੀ ਪੜਤਾਲ ਕਰਨ ਦੀ ਆਪਜੀ ਨੂੰ ਅਧਿਕਾਰ ਦਿੰਦੀ ਹੈ, ਉਕਤ ਧਾਰਾ ਆਪਜੀ ਨੂੰ ਕਸੂਰਵਾਰ ਪਾਏ ਗਏ ਅਧਿਕਾਰੀ/ਕਰਮਚਾਰੀ ਵਿਰੁੱਧ ਵਿਭਾਗੀ ਕਾਰਵਾਈ ਕਰਨ ਦੀ ਸਿਫਾਰਿਸ਼ ਕਰਨ ਦਾ ਅਧਿਕਾਰ ਵੀ ਦਿੰਦੀ ਹੈ। ਉਹਨਾਂ ਉਮੀਦ ਪ੍ਰਗਟਾਈ ਕਿ ਆਪਜੀ ਸਮੂਹ ਪੰਜਾਬੀਆਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਦਿਆਂ ਮਾਂ ਬੋਲੀ ਪੰਜਾਬੀ ਦਾ ਸਤਿਕਾਰ ਕਰੋਗੇ ਤੇ ਉਕਤ ਮੰਗਾਂ ਦੇ ਹੱਲ ਲਈ ਸਾਰੇ ਸਰਕਾਰੀ ਅਦਾਰਿਆਂ ਤੇ ਦਫਤਰਾਂ ‘ਚ ਪੰਜਾਬੀ ਭਾਸ਼ਾ ਲਾਜ਼ਮੀ ਕਰਨੀ ਯਕੀਨੀ ਬਣਾਉਗੇ। ਡਾ. ਰੂਹੀ ਦੁੱਗ ਡਿਪਟੀ ਕਮਿਸ਼ਨਰ ਨੇ ਵਿਸ਼ਵਾਸ਼ ਦਿਵਾਇਆ ਕਿ ਉਹ ਇਸ ਪਾਸੇ ਜਰੂਰ ਧਿਆਨ ਦੇਣਗੇ। ਗੁਰਪ੍ਰੀਤ ਸਿੰਘ ਚੰਦਬਾਜਾ ਨੇ ਇਕ ਪੱਤਰ ਜਿਲਾ ਭਾਸ਼ਾ ਅਫਸਰ ਮਨਜੀਤ ਪੁਰੀ ਦੇ ਦਫਤਰ ਵਿੱਚ ਵੀ ਸਬੰਧਤ ਕਰਮਚਾਰੀ ਨੂੰ ਸੌਂਪਿਆ।

Install Punjabi Akhbar App

Install
×