ਪੰਜਾਬੀ ਭਾਸ਼ਾ ਕਿਸੇ ਹੋਰ ਭਾਸ਼ਾ ਤੋਂ ਕਈ ਦਰਜੇ ਉੱਤਮ ਤਾਂ ਹੋ ਸਕਦੀ ਹੈ ਪਰ ਘੱਟ ਨਹੀ

ਵਿਸ਼ਵ ਪੱਧਰ ਤੇ ਮਨਾਏ ਜਾ ਰਹੇ ਮਾਤ ਭਾਸ਼ਾ ਦਿਵਸ਼ ਦੀ ਸਾਰਥਕਿਤਾ ਵਾਰੇ ਵੀ ਵਿਚਾਰਾਂ ਕਰਨੀਆਂ ਬਣਦੀਆਂ ਹਨ। ਕਿਉਂ ਦੁਨੀਆਂ ਦੇ ਲੋਕ ਇਹ ਦਿਨ ਨੂੰ ਵਿਸ਼ੇਸ਼ ਰੂਪ ਵਿੱਚ ਮਨਾਉਂਦੇ ਹਨ ? ਕੀ ਲੋੜ ਪਈ ਮਸੀਨੀ ਯੁੱਗ ਦੇ ਮਸੀਨੀ ਮਨੁੱਖ ਨੂੰ ਆਪਣੀਆਂ ਸਾਰੇ ਸਾਲ ਦੀਆਂ ਉਲਝਣਾਂ ਚੋਂ ਇੱਕ ਦਿਨ ਆਪਣੀ ਆਪਣੀ ਮਾਤ ਭਾਸ਼ਾ ਦੇ ਨਾਮ ਕਰਨ ਦੀ? ਇਹਨਾਂ ਸਵਾਲਾਂ ਦਾ ਜਵਾਬ ਬਿਲਕੁਲ ਸਾਫ ਹੈ ਕਿ ਇਹ ਦਿਨ ਉਹਨਾਂ ਕੌਂਮਾਂ ਨੂੰ ਯਾਦ ਦਿਵਾਉਣ ਦੀ ਇੱਕ ਛੋਟੀ ਜਿਹੀ ਕੋਸਿਸ਼ ਵਜੋਂ ਮਿਥਿਆ ਗਿਆ ਹੋਵੇਗਾ ਜਿਹੜੀਆਂ ਆਪਣੇ ਸੱਭਿਆਚਾਰ ਨੂੰ, ਆਪਣੇ ਸੰਸਕਾਰਾਂ ਨੂੰ ਅਤੇ ਆਪਣੀ ਬੋਲੀ ਨੂੰ ਭੁੱਲ ਕੇ ਦੁਨੀਆਂ ਦੀ ਚਕਾਚੌਂਧ ਵਿੱਚ ਗੁਮ ਸੁਮ ਹੋ ਕੇ ਆਪਣੀ ਪਛਾਣ ਖੋ ਸਕਦੀਆਂ ਹਨ। ਦੁਨੀਆਂ ਦੇ ਇਤਿਹਾਸ ਵਿੱਚ ਇਹ ਸਚਾਈ ਦਰਜ ਹੈ ਕਿ ਅਜਿਹੀਆਂ ਬੋਲੀਆਂ ਦਾ, ਭਾਸ਼ਾਵਾਂ ਦਾ ਕੋਈ ਵਜ਼ੂਦ ਨਹੀ ਰਿਹਾ ਜਿੰਨਾਂ ਦੇ ਜਾਏ ਉਹਨਾਂ ਨੂੰ ਬੋਲਣਾ,ਪੜਨਾ ਤੇ ਲਿਖਣਾ ਭੁੱਲ ਗਏ।ਆਪਣੇ ਸੱਭਿਆਚਾਰ ਅਤੇ ਆਪਣੀ ਬੋਲੀ ਨੂੰ ਭੁੱਲਣ ਵਾਲੇ ਅਭਾਗੇ ਲੋਕਾਂ ਚੋਂ ਇੱਕ ਕੌਂਮ ਪੰਜਾਬੀਆਂ ਦੀ ਵੀ ਹੈ ਜਿਹੜੀ ਆਪਣੀ ਗੁੜ ਨਾਲੋਂ ਵੀ ਮਿੱਠੀ ਬੋਲੀ ਨੂੰ ਛੱਡ ਕੇ ਹੋਰਾਂ ਪਿੱਛੇ ਭੱਜਦੀ ਰਹੀ ਹੈ। ਇੱਥੋਂ ਦੇ ਹਾਕਮਾਂ ਨੇ ਵੀ ਆਪਣੇ ਰਾਜ ਦੀ ਭਾਸ਼ਾ ਕਦੇ ਫਾਰਸੀ, ਕਦੇ ਉੜਦੂ, ਤੇ ਕਦੇ ਹਿੰਦੀ ਜਾਂ ਅੰਗਰੇਜੀ ਨੂੰ ਤਾਂ ਸਵੀਕਾਰ ਕੀਤਾ ਪਰੰਤੂ ਪੰਜਾਬੀ ਨੂੰ ਨਹੀ।ਜੇ ਕਰ ਗੱਲ ਭਾਰਤ ਦੇ ਦੂਸਰੇ ਸੂਬਿਆਂ ਦੀ ਕੀਤੀ ਜਾਵੇ ਤਾਂ ਕਿਧਰੇ ਵੀ ਆਪਣੀ ਮਾਤ ਭਾਸ਼ਾ ਨੂੰ ਪੰਜਾਬੀ ਜਿੰਨਾ ਅਪਮਾਨਤ ਕਰਕੇ ਨਹੀ ਰੱਖਿਆ ਗਿਆ,ਸਭਨਾਂ ਸੂਬਿਆਂ ਵਿੱਚ ਆਪਣੀ ਆਪਣੀ ਮਾਤ ਬੋਲੀ ਦੀ ਤੂਤੀ ਬੋਲਦੀ ਹੈ। ਉਥੋਂ ਦੇ ਸਿਆਸੀ ਆਗੂ ਮੰਤਰੀ ਵਿਧਾਇਕ ਅਫਸਰ ਸਭ ਆਪਣੀ ਬੋਲੀ ਬੋਲਦੇ ਹਨ ਤੇ ਆਪਣੀ ਭਾਸ਼ਾ ਵਿੱਚ ਸਰਕਾਰੀ ਕੰਮ ਵੀ ਕਰਦੇ ਹਨ। ਉਹਨਾਂ ਦੇ ਦਫਤਰਾਂ ਵਿੱਚ ਉਹਨਾਂ ਦੀ ਬੋਲੀ ਦਾ ਬੋਲਬਾਲਾ ਹੈ,ਇਥੋਂ ਤੱਕ ਕਿ ਕੇਂਦਰ ਵਿੱਚ ਬੈਠੇ ਬਹੁਤ ਸਾਰੇ ਵੱਡੇ ਨੇਤਾ ਆਪਣੀ ਬੋਲੀ ਬੋਲਦੇ ਹਨ ਤੇ ਆਪਣੇ ਸੱਭਿਆਚਾਰ ਵਿੱਚ ਐਨੇ ਗਹਿਰੇ ਉਤਰੇ ਹੋਏ ਹਨ ਕਿ ਦੇਸ ਦੀ ਲੋਕ ਸਭਾ ਵਿੱਚ ਵੀ ਆਪਣੇ ਪਿਤਾ ਪੁਰਖੀ ਪਹਿਰਾਵੇ ਵਿੱਚ ਆਉਂਦੇ ਹਨ।ਜਦੋਂ ਕਿ ਪੂਰੇ ਮੁਲਕ ਦੇ ਮੁਕਾਬਲੇ ਪੰਜਾਬ ਦੀ ਸਥਿਤੀ ਬਿਲਕੁਲ ਹੀ ਵੱਖਰੀ ਹੈ, ਇਸ ਦਾ ਪਹਿਲਾ ਮੁੱਖ ਕਾਰਨ ਹੈ ਕਿ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨਾਲ ਦਿੱਲੀ ਦਰਵਾਰ ਦਾ ਮੁੱਢ ਤੋਂ ਹੀ ਹੱਡ ਕੁੱਤੇ ਵਾਲਾ ਵੈਰ ਰਿਹਾ ਹੈ, ਜਿਸ ਕਰਕੇ ਉਹ ਪੰਜਾਬੀ ਦਾ ਵਿਕਾਸ ਅਤੇ ਵਿਸਥਾਰ ਹੋਣ ਨਹੀ ਦੇਣਾ ਚਾਹੁੰਦੇ।ਦੂਸਰਾ ਪੰਜਾਬ ਵਿੱਚ ਵਸਦੇ ਲੋਕਾਂ  ਨੂੰ ਰਾਜਨੀਤੀ ਦੀ ਗੰਦੀ ਖੇਡ ਨੇ ਧਾਰਮਿਕ ਤੌਰ ਤੇ ਬੁਰੀ ਤਰਾਂ ਵੰਡ ਦਿੱਤਾ ਹੋਇਆ ਹੈ।ਇਥੋਂ ਦਾ ਹਿੰਦੂ ਆਪਣੀ ਮਾਤਭਾਸ਼ਾ ਨੂੰ ਤਿਲਾਂਜਲੀ ਦੇ ਕੇ ਹਿੰਦੀ ਨੂੰ ਧਰਮ ਦੀ ਮਾਤ ਭਾਸ਼ਾ ਸਮਝਣ ਲੱਗਾ ਹੈ।ਇਥੋਂ ਦਾ ਮੁਸਲਮਾਨ ਆਪਣੀ ਭਾਸ਼ਾ ਉੜਦੂ ਨੂੰ ਮੰਨਦਾ ਹੈ। ਇਸ ਤੋਂ ਵੱਡੀ ਤਰਾਸਦੀ ਪੰਜਾਬੀ ਭਾਸ਼ਾ ਦੀ ਕੀ ਹੋ ਸਕਦੀ ਹੈ ਕਿ ਪੰਜਾਬ ਦੇ ਬਹੁ ਗਿਣਤੀ ਹਿੰਦੂ ਭਾਈਚਾਰੇ ਦੇ ਲੋਕ ਮਰਦਮ ਸੁਮਾਰੀ ਵਿੱਚ ਵੀ ਆਪਣੀ ਬੋਲੀ ਪੰਜਾਬੀ ਨਹੀ ਬਲਕਿ ਹਿੰਦੀ ਲਿਖਵਾਉਂਦੇ ਹਨ।ਪੰਜਾਬ  ਦੇ ਵੱਡੇ ਸਹਿਰਾਂ ਚੋਂ ਪੰਜਾਬੀ ਬੋਲਣ ਵਾਲੇ ਲੋਕਾਂ ਦੀ ਗਿਣਤੀ ਦਿਨੋਂ ਦਿਨ ਖਤਰਨਾਕ ਹੱਦ ਤੱਕ ਘਟਦੀ ਜਾ ਰਹੀ ਹੈ। ਹਿੰਦੀ ਅਤੇ ਅੰਗਰੇਜੀ ਬੋਲਣ ਵਾਲੇ ਪੰਜਾਬੀ ਅੱਜਕੱਲ ਪੰਜਾਬੀ ਭਾਸ਼ਾ ਨੂੰ ਨਫਰਤ ਨਾਲ ਦੇਖਣ ਲੱਗੇ ਹਨ। ਪੰਜਾਬੀ ਬੋਲੀ ਨੂੰ ਇਸ ਕਦਰ ਅਪਮਾਨਤ ਕੀਤਾ ਜਾ ਰਿਹਾ ਹੈ ਕਿ ਪੰਜਾਬੀ ਦੇ ਵਿਰੋਧੀਆਂ ਵੱਲੋਂ ਪੰਜਾਬੀ ਬੋਲੀ ਨੂੰ ਗੰਵਾਰਾਂ ਅਤੇ ਅਨਪੜਾਂ ਦੀ ਭਾਸ਼ਾ ਦਾ ਦਰਜਾ ਦੇ ਦਿੱਤਾ ਗਿਆ ਹੈ।ਪਿਛਲੇ ਦੋ ਕੁ ਦਹਾਕਿਆਂ ਤੋਂ ਚੱਲੀ ਪੱਛਮੀ ਹਨੇਰੀ ਨੇ ਪੰਜਾਬੀ ਦੇ ਪੈਰ ਉਖਾੜਨ ਵਿੱਚ ਵੱਡੀ ਭੂਮਿਕਾ ਅਦਾ ਕੀਤੀ ਹੈ। ਜਿਸ ਸੂਬੇ ਦੇ ਲੋਕ ਹੀ ਆਪਣੀ ਮਾਤ ਭਾਸ਼ਾ ਨੂੰ ਛੱਡ ਕੇ ਦੂਸਰੀਆਂ ਬੋਲੀਆਂ ਬੋਲਣ ਵਿੱਚ ਆਪਣੀ ਸ਼ਾਨ ਸਮਝਣ ਲੱਗ ਪੈਣ ਫਿਰ ਉਹ ਬੋਲੀ ਦੀ, ਉਸ ਭਾਸ਼ਾ ਦੀ ਹਾਲਤ ਅੱਜ ਦੀਆਂ ਉਹਨਾਂ ਅਨਪੜ੍ਹ ਮਾਵਾਂ ਵਰਗੀ ਹੀ ਹੋ ਸਕਦੀ ਹੈ,  ਜਿਹੜੀਆਂ ਅਫਸਰ ਪੁਤਰਾਂ ਦੇ ਠੇਡਿਆਂ ਦੀਆਂ ਧੱਕੀਆਂ ਬਿਰਧ ਆਸ਼ਰਮਾਂ, ਗੁਰਦੁਆਰਿਆਂ, ਧਰਮਸਾਲਾਵਾਂ ਜਾਂ ਬਜਾਰਾਂ ਵਿੱਚ ਦੋ ਵਖਤ ਦੀ  ਰੋਟੀ ਦੀ ਭੀਖ ਮੰਗਦੀਆਂ ਦੇਖੀਆਂ ਜਾ ਰਹੀਆਂ ਹਨ। ਜਿੱਥੇ ਨੌਂ ਮਹੀਨੇ ਗਰਭ ਚ ਰੱਖ ਕੇ ਜਨਮ ਦੇਣ ਵਾਲੀਆਂ ਮਾਵਾਂ ਨੂੰ ਭੁੱਲਣ ਦੀ ਬਿਮਾਰੀ ਉਹਨਾਂ ਦੀ ਔਲਾਦ ਨੂੰ ਹਿੰਦੀ ਅੰਗਰੇਜੀ ਦੇ ਵਧੇ ਹੇਜ ਕਾਰਨ ਲੱਗ ਗਈ ਹੋਵੇ,ਉਥੇ ਉਸ ਅਭਾਗੀ ਮਾਂ ਦੀ ਬੋਲੀ ਵਿਚਾਰੀ ਦੀ ਤਾਂ ਔਕਾਂਤ ਹੀ ਕੀ ਹੋਵੇਗੀ।ਭਾਰਤ ਤੋਂ ਬਾਹਰ ਵਸਦੇ ਪੰਜਾਬੀਆਂ ਨੇ ਆਪਣੀ ਮਾਂ ਦੀ ਇੱਜਤ ਬਚਾ ਲਈ ਹੈ, ਉਹ ਆਪਣੀ ਮਿਹਨਤ,ਲਿਆਕਤ ਅਤੇ ਸਿਆਣਪ ਨਾਲ ਪੰਜਾਬੀ ਨੂੰ ਬਣਦਾ ਮਾਣ ਸਨਮਾਨ ਲੈ ਕੇ ਦੇਣ  ਵਿੱਚ ਇਸ ਕਰਕੇ ਕਾਮਯਾਬ ਹੋ ਗਏ ਹਨ ਕਿਉਂ ਕਿ ਉਹਨਾਂ ਨੇ ਅੰਗਰੇਜੀ ਸਮੇਤ ਦੁਨੀਆਂ ਦੀਆਂ ਵੱਖ ਵੱਖ ਭਾਸ਼ਾਵਾਂ ਸਿੱਖਣ ਅਤੇ ਉਥੋਂ ਦਾ ਗਿਆਨ ਪਰਾਪਤ ਕਰ ਲੈਣ ਤੋਂ ਵਾਅਦ ਵੀ ਆਪਣੀ ਮਾਤ ਭਾਸ਼ਾ ਨੂੰ ਆਪਣੇ ਦਿਲ ਚੋਂ ਵਿਸਾਰਿਆ ਨਹੀ ਬਲਕਿ ਪੂਰੀ ਸ਼ਿੱਦਤ ਨਾਲ ਉਹਦੀ ਹੋਂਦ ਨੂੰ ਬਹਾਲ ਰੱਖਣ ਦੇ ਉਪਰਾਲੇ ਕੀਤੇ ਹਨ ਤਾਹੀਉਂ ਹੀ ਤਾਂ ਅੱਜ ਕਨੇਡਾ ਵਰਗੇ ਮੁਲਕਾਂ ਵਿੱਚ ਪੰਜਾਬੀ ਦੀ  ਤੂਤੀ ਬੋਲਦੀ ਹੈ। ਲਹਿੰਦੇ ਪੰਜਾਬ ਦੇ ਪੰਜਾਬੀਆਂ ਨੇ ਪੰਜਾਬੀ ਬੋਲੀ ਦੀ ਰਾਖੀ ਲਈ ਕਮਰਕਸ਼ੇ ਕਰ ਲਏ ਹਨ।ਫਿਰ ਸਾਡੇ ਪੰਜਾਬ ਦੇ ਜਾਇਆਂ ਦਾ ਖੂੰਨ ਸਫੈਦ ਕਿਉਂ ਹੋ ਗਿਆ,ਕਿਉਂ ਐਨੇ ਨਮੋਹਰੇ ਹੋ ਗਏ ਕਿ ਇਹਨਾਂ ਨੂੰ ਆਪਣੀ ਮਾਂ ਦੀਆਂ ਲੋਰੀਆਂ ਵਾਲੀ ਬੋਲੀ ਵੀ ਭੁਲਦੀ ਜਾ ਰਹੀ ਹੈ। ਸੋ ਅੱਜ ਇਸ ਮਾਤ ਭਾਸ਼ਾ ਦਿਨ ਤੋਂ ਹੀ ਇਹ ਪ੍ਰਣ ਕਰ ਲੈਣ ਦੀ ਲੋੜ ਹੈ ਕਿ ਜਿੱਥੇ ਦੁਨੀਆਂ ਦਾ ਗਿਆਨ ਪਰਾਪਤ ਕਰਨ ਦੀ ਚੇਸਟਾ ਮਨ ਵਿੱਚ ਉਤਪਨ ਕਰਨੀ ਹੈ, ਦੁਨੀਆਂ ਦੀਆਂ ਵੱਖ ਵੱਖ ਬੋਲੀਆਂ ਨੂੰ ਸਿੱਖਣ ਦੀ ਲਗਨ ਲਾਉਣੀ ਹੈ ਉਹਨਾਂ ਨੂੰ ਬੋਲਣ ਵਿੱਚ ਨਿਪੁੰਨਤਾ ਹਾਸਲ ਕਰਨੀ ਹੈ ਉਥੇ ਆਪਣੀ ਮਾਤ ਭਾਸ਼ਾ ਪੰਜਾਬੀ ਨੂੰ ਵੀ ਦਿਲ ਵਿੱਚ ਵਸਾ ਕੇ ਰੱਖਣਾ ਹੈ, ਆਪਣੀ ਬੋਲੀ ਬੋਲਣ ਵਿੱਚ ਮਾਣ ਮਹਿਸੂਸ ਕਰਨਾ ਹੈ। ਪੰਜਾਬੀਆਂ ਨੂੰ ਇਸ ਗੱਲ ਤੇ ਫਖਰ ਹੋਣਾ ਚਾਹੀਂਦਾ ਹੈ ਕਿ ਪੰਜਾਬੀ ਉਹ ਭਾਸ਼ਾ ਹੈ ਜਿਸ ਵਿੱਚ ਸਾਡੇ ਗੁਰੂ ਸਹਿਬਾਨਾਂ ਨੇ ਵਿਸਵ ਗਰੰਥ ਸਹਿਬ ਸ੍ਰੀ ਗੁਰੂ ਗਰੰਥ ਸਹਿਬ ਦੀ ਰਚਨਾ ਕੀਤੀ ਹੈ ਫਿਰ ਉਹ ਬੋਲੀ, ਉਹ ਭਾਸ਼ਾ ਕਿਸੇ ਹੋਰ ਬੋਲੀ ਤੋਂ ਕਈ ਦਰਜੇ ਉੱਤਮ ਤਾਂ ਹੋ ਸਕਦੀ ਹੈ ਪਰ ਘੱਟ ਨਹੀ।