ਨਿਊਜ਼ੀਲੈਂਡ ਜਿੱਥੇ ਸਭ ਤੋਂ ਪਹਿਲਾਂ ਸੂਰਜ ਦੇਵਤਾ ਜੀ ਪ੍ਰਗਟ ਹੁੰਦੇ ਹਨ, ਉਥੇ ਸਮੇਂ ਦੀ ਸ਼ੁਰੂਆਤ ਵੀ ਸਭ ਤੋਂ ਅੱਗੇ ਹੁੰਦੀ ਹੈ। ਕਈ ਕੰਮ ਜੋ ਦੂਜੇ ਦੇਸ਼ਾਂ ਦੇ ਵਿਚ ਅਗਲੇ ਦਿਨ ਸ਼ੁਰੂ ਹੁੰਦੇ ਉਹ ਨਿਊਜ਼ੀਲੈਂਡ ਦੇ ਵਿਚ ਕੁਦਰਤੀ ਇਕ ਦਿਨ ਪਹਿਲਾਂ ਹੋ ਜਾਂਦੇ ਹਨ। ਪੰਜਾਬੀ ਫਿਲਮ ਜਗਤ ਇਸ ਵੇਲੇ ਹਰ ਮਹੀਨੇ ਨਵੀਂਆਂ ਫਿਲਮਾਂ ਇਸ ਉਦੋਯਗ ਦੇ ਵਿਚ ਪਾ ਰਿਹਾ ਹੈ। ਅੱਜ ਅਮਰਿੰਦਰ ਗਿੱਲ ਦੀ ਬਹੁਚਰਚਿਤ ਫਿਲਮ ‘ਲਵ ਪੰਜਾਬ’ ਇਥੇ ਦੇ ਹੋਇਟਸ ਸਿਨੇਮਾ ਬੌਟਨੀ ਟਾਊਨ ਸੈਂਟਰ ਵਿਖੇ ਰਿਲੀਜ਼ ਕੀਤੀ ਗਈ। ਫਿਲਮ ਦੇ ਪ੍ਰੋਮੋਟਰ ਅਤੇ ਵਿਤਰਕ ਸ. ਸੁਖਪਾਲ ਸਿੰਘ ਕੁੱਕੂ ਮਾਨ ਅਤੇ ਸ. ਪਰਮਿੰਦਰ ਸਿੰਘ ਤੱਖਰ ਹੋਰਾਂ ਜਿੱਥੇ ਪੰਜਾਬੀ ਮੀਡੀਏ ਨੂੰ ਬੁਲਾਇਆ ਹੋਇਆ ਸੀ ਉਥੇ ਪ੍ਰੀਮੀਅਰ ਸ਼ੋਅ ਦੇ ਵਿਚ ਬਹੁਤ ਸਾਰੇ ਦਰਸ਼ਕ ਵੀ ਪਹੁੰਚੇ ਹੋਏ ਸਨ। ਅੱਜ ਇਸ ਫਿਲਮ ਦੇ ਦੋ ਸ਼ੋਅ ਚੱਲੇ। ਸ਼ੋਅ ਤੋਂ ਪਹਿਲਾਂ ਇੱਕਤਰ ਦਰਸ਼ਕਾਂ ਨੂੰ ਵਿਤਰਕਾਂ ਨੇ ਸੰਬੋਧਨ ਵੀ ਕੀਤਾ। ਫਿਲਮ ਵੇਖਣ ਤੋਂ ਬਾਅਦ ਸਾਰੇ ਦਰਸ਼ਕ ‘ਬਹੁਤ ਵਧੀਆ’ ਲਾ ਜਵਾਬ ਕਹਿ ਰਹੇ ਸਨ। ਫਿਲਮ ਦੇ ਵਿਚ ਮੁੱਖ ਰੋਲ ਨਿਭਾਉਣ ਵਾਲੇ ਅਮਰਿੰਦਰ ਗਿੱਲ, ਸਰਗੁਨ ਮਹਿਤਾ, ਮਨਵੀਰ ਜੌਹਲ ਅਤੇ ਯੋਗਰਾਜ ਸਿੰਘ ਹਨ। ਫਿਲਮ ਦੀ ਕਹਾਣੀ ਆਧੁਨਿਕ ਜ਼ਮਾਨੇ ਦੇ ਵਿਚ ਹੋ ਰਹੇ ਤਲਾਕਾਂ ਉਤੇ ਘੁੰਮਦੀ ਹੈ। ਫਿਲਮ ਦੇ ਵਿਚ ਆਪਣੀ ਮਿੱਟੀ ਦੀ ਖਿੱਚ, ਬਾਹਰੇ ਦੇਸ਼ਾਂ ਦਾ ਸਭਿਆਚਾਰ, ਨਸਲਵਾਦੀ ਟਿਪਣੀਆਂ ਅਤੇ ਬਾਹਰ ਵਸਦੇ ਪੰਜਾਬੀ ਪ੍ਰਵਾਸੀਆਂ ਦੀ ਪੰਜਾਬ ਫੇਰੀ ਦੁਆਲੇ ਘੁੰਮਦੀ ਹੈ।
ਜਿਹੜੇ ਵੀ ਅੱਜ ਇਹ ਫਿਲਮ ਵੇਖ ਕੇ ਆਏ ਸਾਰਿਆਂ ਨੇ ਫਿਲਮ ਨੂੰ ਪਰਿਵਾਰਕ ਫਿਲਮ ਅਤੇ ਵੇਖਣਯੋਗ ਆਖਿਆ ਹੈ।