ਪੰਜਾਬੀ ਫ਼ਿਲਮ ‘ਗੁਰਮੁਖ’ ਦੀ ਸ਼ੂਟਿੰਗ ਹੋਈ ਸ਼ੁਰੂ 

Gurmukh movie

ਪੰਜਾਬੀ ਫ਼ਿਲਮ ‘ਗੁਰਮੁਖ’ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਪੰਜਾਬੀ ਫ਼ਿਲਮਾਂ ਦੇ ਅਜੌਕੇ ਰੁਝਾਨ ਤੋਂ ਬਿਲਕੁਲ ਵੱਖਰੇ ਜ਼ੋਨਰ ਦੀ ਇਸ ਫ਼ਿਲਮ ਦੇ ਲੇਖਕ ਅਤੇ ਨਿਰਦੇਸ਼ਕ ਪਾਲੀ ਭੁਪਿੰਦਰ ਸਿੰਘ ਹਨ। ਬਹੁ ਚਰਚਿਤ ਫ਼ਿਲਮ ‘ਲਾਵਾਂ ਫ਼ੇਰੇ’ ਸਮੇਤ ਅੱਧੀ ਦਰਜਨ ਫ਼ਿਲਮਾਂ ਦੇ ਲੇਖਕ ਪਾਲੀ ਭੁਪਿੰਦਰ ਸਿੰਘ ਦੀ ਬਤੌਰ ਨਿਰਦੇਸ਼ਕ ਇਹ ਦੂਜੀ ਪੰਜਾਬੀ ਫ਼ਿਲਮ ਹੈ। ‘ਰਾਣਾ ਆਹਲੂਵਾਲੀਆ’ ਪ੍ਰੋਡਕਸ਼ਨ ਦੇ ਬੈਨਰ ਹੇਠ ਬਣ ਰਹੀ ਨਿਰਮਾਤਾ ਰਾਣਾ ਅਹਲੂਵਾਲੀਆ ਦੀ ਇਸ ਫ਼ਿਲਮ ਵਿੱਚ ਕੁਲਜਿੰਦਰ ਸਿੰਘ ਸਿੱਧੂ, ਸਾਰਾ ਗੁਰਪਾਲ, ਅਕਾਂਸ਼ਤਾ ਸਰੀਨ, ਸਰਦਾਰ ਸੋਹੀ, ਯਾਦ ਗਰੇਵਾਲ, ਮਲਕੀਤ ਰੌਣੀ, ਗੁਰਪ੍ਰੀਤ ਤੋਤੀ, ਗੁਰਲੀਨ ਚੋਪੜਾ, ਰਮਨ ਢਿੱਲੋਂ, ਅਨੀਤਾ ਸ਼ਬਦੀਸ਼, ਕਰਨ ਸੰਧਾਂਵਾਲੀਆ, ਰਾਣਾ ਅਹਲੂਵਾਲੀਆ, ਆਰ ਪੀ ਸਿੰਘ ਅਤੇ ਈਸ਼ਾ ਸਿੰਘ ਸਮੇਤ ਥੀਏਟਰ ਅਤੇ ਫ਼ਿਲਮ ਜਗਤ ਦੇ ਕਈ ਹੋਰ ਚਿਹਰੇ ਨਜ਼ਰ ਆਉਂਣਗੇ। ਦਰਜਨ ਦੇ ਨੇੜੇ ਪੰਜਾਬੀ ਫ਼ਿਲਮਾਂ ਵਿੱਚ ਅਹਿਮ ਭੂਮਿਕਾ ਨਿਭਾ ਚੁੱਕਿਆ ਅਦਾਕਾਰ ਕੁਲਜਿੰਦਰ ਸਿੱਧੂ ਇਸ ਫ਼ਿਲਮ ਵਿੱਚ ਬਤੌਰ ਨਾਇਕ ਨਜ਼ਰ ਆਵੇਗਾ। ਉਹ ਇਸ ਫ਼ਿਲਮ ਵਿੱਚ ਇਕ ਸਿੱਖ ਨੌਜਵਾਨ ਗੁਰਮੁਖ ਦੀ ਭੂਮਿਕਾ ਨਿਭਾ ਰਿਹਾ ਹੈ, ਜੋ ਰੱਬ ਦੀ ਰਜ਼ਾ ਵਿੱਚ ਖੁਸ਼ ਰਹਿਣ ਵਾਲਾ ਇਨਸਾਨ ਹੈ।

ਇਕ ਦਿਨ ਉਸਦੇ ਸਾਹਮਣੇ ਅਜਿਹੀ ਘਟਨਾ ਵਾਪਰਦੀ ਹੈ ਜਿਸ ਤੋਂ ਬਾਅਦ ਉਹ ਜ਼ੁਲਮ ਦੇ ਖਿਲਾਫ਼ ਆਵਾਜ਼ ਬੁਲੰਦ ਕਰਦਾ ਹੈ। ਲੱਖਾਂ ਮੁਸੀਬਤਾਂ ਦੇ ਬਾਵਜੂਦ ਵੀ ਉਹ ਵਧੀਕੀ ਦੇ ਖਿਲਾਫ਼ ਡਟਕੇ ਮੁਕਾਬਲਾ ਕਰਦਾ ਹੋਇਆ ਇਕ ਸੱਚਾ ਸਿੱਖ ਹੋਣ ਦਾ ਸਬੂਤ ਦਿੰਦਾ ਹੈ। ਲਾਈਨ ਨਿਰਮਾਤਾ ਜਸਬੀਰ ਢਿੱਲੋਂ ਦੇ ਦੇਖ ਰੇਖ ਹੇਠ ਬਣ ਰਹੀ ਇਸ ਫ਼ਿਲਮ ਦੇ ਨਾਂ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਫ਼ਿਲਮ ਆਮ ਪੰਜਾਬੀ ਫ਼ਿਲਮਾਂ ਨਾਲੋਂ ਹਟਵੀਂ ਫ਼ਿਲਮ ਹੈ। ਇਹ ਫ਼ਿਲਮ ਇਕ ਵੱਖਰੇ ਅੰਦਾਜ਼ ਦੀ ਐਕਸ਼ਨ ਅਤੇ ਡਰਾਮਾ ਫ਼ਿਲਮ ਹੈ, ਜੋ ਪੰਜਾਬੀ ਸਿਨੇਮੇ ਵਿੱਚ ਤਾਜ਼ਗੀ ਭਰਦੀ ਹੋਈ ਪੰਜਾਬੀ ਦਰਸ਼ਕਾਂ ਦਾ ਮਨੋਰੰਜਨ ਕਰੇਗੀ। ਫ਼ਿਲਮ ਦੇ ਨਿਰਮਾਤਾ ਰਾਣਾ ਅਹਲੂਵਾਲੀਆ ਮੁਤਾਬਕ ‘ਬਣਜਾਰਾ’ ਤੋਂ ਬਾਅਦ ਉਨ੍ਹਾਂ ਦੀ ਇਹ ਦੂਜੀ ਪੰਜਾਬੀ ਫ਼ਿਲਮ ਹੈ। ਫ਼ਿਲਮ ਦੇ ਨਿਰਦੇਸ਼ਕ ਪਾਲੀ ਭੁਪਿੰਦਰ ਮੁਤਾਬਕ ਇਹ ਫ਼ਿਲਮ ਪੰਜਾਬੀ ਸਿਨੇਮੇ ਦੀ ਫ਼ਿਲਮ ਹੈ, ਜਿਸ ਦਾ ਮਕਸਦ ਮਨੋਰੰਜਨ ਕਰਨਾ ਤਾਂ ਹੈ ਹੀ ਬਲਕਿ ਪੰਜਾਬੀ ਦਰਸ਼ਕਾਂ ਨੂੰ ਇਕ ਵੱਖਰੇ ਕਿਸਮ ਦੇ ਜੋਨਰ ਨਾਲ ਰੂਬਰੂ ਕਰਵਾਉਣਾ ਵੀ ਹੈ।

(ਸਾਕਾ ਨੰਗਲ)
+91 7009476970

Install Punjabi Akhbar App

Install
×