ਨਿਊਜ਼ੀਲੈਂਡ ‘ਚ ਦੋ ਦਿਨਾਂ ਪੰਜਾਬੀ ਫਿਲਮ ਫੈਸਟੀਵਲ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਇਆ

NZ PIC 29 Nov-1ਨਿਊਜ਼ੀਲੈਂਡ ਪੰਜਾਬੀ ਫਾਊਂਡੇਸ਼ਨ ਅਤੇ ਕਾਰੋਬਾਰੀ ਸਹਯੋਗੀ ਅਦਾਰਿਆਂ ਸਦਕਾ ਦੂਸਰਾ ਸਲਾਨਾ ਪੰਜਾਬੀ ਫਿਲਮ ਫੈਸਟੀਵਲ ਆਯੋਜਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸ ਮੇਲੇ ਦੌਰਾਨ ਔਰਮਿਸਟਨ ਕਾਲਜ ਦੇ ਆਡਟੋਰੀਅਮ ਵਿਖੇ ਵੱਖ-ਵੱਖ ਵੰਨਗੀਆਂ ਦੀ ਤਰਜਮਾਨੀ ਕਰਦੀਆਂ ਕਲਾਮਈ ਫਿਲਮਾਂ ਪਰਦੇ ‘ਤੇ ਛਾਈਆਂ ਰਹੀਆਂ। ਸ਼ੁਕਰਵਾਰ ਦੀ ਸ਼ਾਮ 6.30 ਵਜੇ ਉਦਘਾਟਨੀ ਸਮਾਰੋਹ ਦੌਰਾਨ ਮੁੱਖ ਮਹਿਮਾਨ ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ, ਲੇਬਰ ਪਾਰਟੀ ਦੇ ਨੁਮਾਇੰਦੇ ਸ਼੍ਰੀ ਸੰਨੀ ਕੌਸ਼ਲ ਅਤੇ ਮਾਣਯੋਗ ਜੱਜ ਅਜੀਤ ਸਵਰਨ ਸਿੰਘ ਹਾਜ਼ਰ ਹੋਏ। ਉਪਰੰਤ ਸ੍ਰੀ ਗੁਰਜੀਤ ਸੇਖੋਂ ਅਤੇ ਸ਼੍ਰੀ ਮਨੋਜ ਨੇ ਸ਼ਮਾਂ ਰੌਸ਼ਨ ਕਰਨ ਦੀ ਰਸਮ ਅਦਾ ਕੀਤੀ। ਪੰਜਾਬੀ ਵਿਰਸਾ ਦੀਆਂ ਮੁਟਿਆਰਾਂ ਨੇ ਸਭਿਆਚਾਰਕ ਪੇਸ਼ਕਾਰੀ ਕੀਤੀ। ਇਸ ਮੌਕੇ ‘ਐਨ.ਜ਼ੈੱਡ. ਇੰਡੀਅਨ ਫਲੇਮ’ ਵਲੋਂ ਲਜ਼ੀਜ਼ ਭਾਰਤੀ ਖਾਣਿਆਂ ਦੇ ਸਟਾਲ ਲਾਏ ਗਏ ਸਨ ਅਤੇ “ਹੋਪ ਐਂਡ ਹੈਲਪ’ ਦੀ ਟੀਮ ਨੇ ਬੀਬਾ ਕੁਲਵੰਤ ਕੌਰ ਦੀ ਅਗਵਾਈ ਵਿੱਚ ਸਜਾਵਟ ਦੀ ਜ਼ਿੰਮੇਵਾਰੀ ਸਾਂਭੀ। ਉਪਰੰਤ ਨਿਊਜ਼ੀਲੈਂਡ ਪੰਜਾਬੀ ਫਾਊਂਡੇਸ਼ਨ ਦੀ ਸਮੁੱਚੀ ਟੀਮ ਵਲੋਂ ਕੇਕ ਕੱਟ ਕੇ ਇਸ ਮੇਲੇ ਦੀ ਸ਼ੁਰੂਆਤ ਕੀਤੀ ਗਈ। ਨਿਵੇਕਲੀ ਪਹੁੰਚ ਅਪਣਾਉਂਦਿਆਂ ਇਸ ਵਾਰ ਤੋਂ ਨਿਊਜ਼ੀਲੈਂਡ ਦੀਆਂ ਬਣੀਆਂ ਪੰਜਾਬੀ ਥੀਮ ਵਾਲੀਆਂ ਲਘੂ ਫਿਲਮਾਂ ਦਾ ਮੁਕਾਬਲਾ ਹੋਇਆ, ਜਿਸਨੂੰ ਸਾਰਿਆਂ ਦੀ ਵਾਹ-ਵਾਹੀ ਮਿਲੀ।
ਦੂਜੇ ਦਿਨ 28 ਨਵੰਬਰ ਸ਼ਨੀਵਾਰ ਵਾਲੇ ਦਿਨ ਫੀਚਰ ਫਿਲਮਾਂ , ‘ਮਿੱਟੀ ਨਾ ਫਰੋਲ ਜੋਗੀਆ’  ਅਤੇ “ਚਾਰ ਸਾਹਿਬਜ਼ਾਦੇ”  ਵਰਗੀਆਂ ਫਿਲਮਾਂ ਸੁਨਹਿਰੀ ਪਰਦੇ ਦਾ ਸ਼ਿੰਗਾਰ ਬਣੀਆਂ, ਉਪਰੰਤ ਕਲਾਮਈ ਸਿਨੇਮੇ ਦਾ ਪ੍ਰਤੀਕ ਬਹੁ-ਪੱਖੀ ਛੋਟੀਆਂ ਪੰਜਾਬੀ ਫਿਲਮਾਂ ਵੀ ਸ਼ਾਮਲ ਰਹੀਆਂ। ਪਹਿਲੀ ਵਾਰ ਪਾਕਿਸਤਾਨੀ ਮੂਲ ਦੀ ਫੀਚਰ ਫਿਲਮ “ਜ਼ਿੰਦਾ ਭਾਗ’  ਨੂੰ ਵੀ ਸ਼ਾਮਿਲ ਕੀਤਾ ਗਿਆ। ਸ਼ਨੀਵਾਰ ਸ਼ਾਮ ਸਭਿਆਚਾਰਕ ਪੇਸ਼ਕਾਰੀਆਂ ਨਾਲ ਸੱਜੇ ਸਮਾਪਤੀ ਸਮਾਰੋਹ ਹੋਏ, ਜਿਸ ਵਿੱਚ ਹਰਮੀਕ ਸਿੰਘ ਅਤੇ ਹਰਪ੍ਰੀਤ ਹੈਪੀ ਨੇ ਗਾਇਕੀ ਦੇ ਜਲਵੇ ਬਿਖੇਰੇ ਅਤੇ “ਬਾਲੀਵੁੱਡ ਭੰਗੜਾ“ ਦੀ ਟੀਮ ਨੇ ਸੀਨੀਅਰ ਢੋਲੀ ਸ. ਅਮਰੀਕ ਸਿੰਘ ਦੇ ਡਗੇ ‘ਤੇ ਮਹਿਫਿਲ ਨੂੰ ਚਾਰ ਚੰਨ ਲਾਏ।ਫਿਲਮ ਕਲਾ ਦੇ ਵੱਖ-ਵੱਖ ਪੱਖਾਂ ਲਈ ਸ਼੍ਰੇਣੀਬੱਧ ਇਨਾਮ ਵੀ ਦਿੱਤੇ ਗਏ। ਜੱਜ ਸਾਹਿਬਾਨ ਵਲੋਂ ਅਮਰਬੀਰ ਸਿੰਘ ਹੋਰਾਂ ਨੇ ਜੇਤੂ ਨਾਵਾਂ ਦਾ ਐਲਾਨ ਕੀਤਾ, “ਅਸਲ ਜਨਮ“, “ਔਲਾਦ“ ਅਤੇ “ਰੂਪ“ ਫਿਲਮਾਂ ਨੂੰ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਇਨਾਮ ਪ੍ਰਾਪਤ ਹੋਏ। ਸਥਾਨਕ ਕਲਾਕਾਰਾਂ ਦਾ ਉਤਸ਼ਾਹ ਵਧਾਉਣ ਦੇ ਮੰਤਵ ਨਾਲ ਜੇਤੂ ਫਿਲਮ ਨੂੰ ਇੱਕ ਹਜ਼ਾਰ ਡਾਲਰ ਨਾਲ ਵੀ ਨਿਵਾਜਿਆ ਗਿਆ। ਇਸ ਵਾਰ ਦੇ ਮੇਲੇ ਨੂੰ ਕਾਰੋਬਾਰੀ ਸੱਜਣਾਂ ਦੀ ਸ਼ਲਾਘਾਯੋਗ ਹਮਾਇਤ ਹਾਸਲ ਹੋਈ ਅਤੇ ਪੰਜਾਬੀ ਫਿਲਮ, ਸਾਹਿਤ ਅਤੇ ਸੰਗੀਤ ਨਾਲ ਜੁੜੀਆਂ ਸ਼ਖਸ਼ੀਅਤਾਂ ਨੇ ਵੀ ਸ਼ਮੂਲੀਅਤ ਕੀਤੀ। ਸਹਿਯੋਗੀ ਅਦਾਰਿਆਂ ਨੂੰ ਮੈਂਬਰ ਪਾਰਲੀਮੈਂਟ ਡਾ. ਪਰਮਜੀਤ ਪਰਮਾਰ ਨੇ ਯਾਦ-ਚਿੰਨ੍ਹ ਭੇਂਟ ਕੀਤੇ। ਇਸ ਦੌਰਾਨ ਮੰਚ-ਸੰਚਾਲਨ ਦੀ ਜ਼ਿੰਮੇਵਾਰੀ ਡਾ. ਕੰਵਲ ਮਹਿਦਰਾ, ਪਾਕਿਸਤਾਨੀ ਮੁਟਿਆਰ ਡਾ. ਸਾਰਕੋ ਮੁਹਮੰਦ, ਮੈਡਮ ਗੁਰਪ੍ਰੀਤ ਕੌਰ ਅਤੇ ਬੀਬਾ ਅਰਸ਼ਦੀਪ ਸੈਣੀ ਹੋਰਾਂ ਨਿਭਾਈ। ਇਸ ਫਿਲਮ ਮੇਲੇ ਦਾ ਰੇਡੀਉ “ਸਪਾਈਸ“ ਅਤੇ “ਕੀਵੀ“ ਟੀ.ਵੀ ਨੇ ਬਾਖੂਬੀ ਪ੍ਰਬੰਧ ਕੀਤਾ। ਆਉਣ ਵਾਲੇ ਸਮੇਂ ਦੌਰਾਨ ਨਿਊਜ਼ੀਲੈਂਡ ਪੰਜਾਬੀ ਫਾਊਂਡੇਸ਼ਨ ਵਲੋਂ ਕਲਾ ਅਤੇ ਸਭਿਆਚਾਰ ਦੇ ਖੇਤਰ ਵਿੱਚ ਨਵੇਂ ਪ੍ਰੋਜੈਕਟ ਉਲੀਕੇ ਜਾ ਰਹੇ ਹਨ।

Install Punjabi Akhbar App

Install
×