ਮਿਹਨਤ ਦੀ ਜੋ ਪੜ੍ਹਦੇ ਕਿਤਾਬ -ਵਸਾ ਲੈਂਦੇ ਉਹ ਆਪਣਾ ਪੰਜਾਬ

ਨਿਊਜ਼ੀਲੈਂਡ ’ਚ ਪੰਜਾਬੀ ਇਮੀਗ੍ਰੇਸ਼ਨ ਸਲਾਹਕਾਰ ਦੇ ਫਾਰਮ ’ਚੋਂ ਜੈਵਿਕ ਪੰਜਾਬੀ ਸਬਜ਼ੀਆਂ ਦੀ ਚਰਚਾ

-ਲੌਕੀ, ਰੰਗ ਬਿਰੰਗੀਆਂ ਛੱਲੀਆਂ, ਕਰੇਲੇ, ਸ਼ਲਗਮ, ਕਰੇਲੇ ਅਤੇ ਹੋਰ ਸਬਜ਼ੀਆਂ ਤੋਂ ਇਲਾਵਾ ਵੱਛੇ ਅਤੇ ਦੋ ਕੱਟੀਆਂ ਵੀ ਹਨ ਫਾਰਮ ਦੀ ਸ਼ਾਨ

-ਕੱਟੀਆਂ ਲਈ ਬੀਜ ਲਈ ਚਰ੍ਹੀ

(ਘਰ ਦੀ ਖੇਤੀ ਦਾ ਨਜ਼ਾਰਾ: ਪਿਤਾ ਸ. ਅਮਰੀਕ ਸਿੰਘ ਪੁੱਤਰ ਸ. ਮਲਕੀਅਤ ਸਿੰਘ ਇਮੀਗ੍ਰੇਸ਼ਨ ਸਲਾਹਕਾਰ ਅਤੇ ਨੂੰਹ ਰਾਜਵਿੰਦਰ ਕੌਰ)

ਆਕਲੈਂਡ:- ਇਹ ਗੱਲ ਗੀਤਾਂ ਵਿਚ ਤਾਂ ਬਹੁਤ ਸੋਹਣੀ ਲਗਦੀ ਹੈ ਕਿ ਪੰਜਾਬੀ ਜਿੱਥੇ ਵੀ ਜਾਂਦੇ ਨੇ ਆਪਣਾ ਪੰਜਾਬ ਵਸਾ ਲੈਂਦੇ ਨੇ, ਪਰ ਇਸ ਨੂੰ ਹਕੀਕਤ ਦੇ ਵਿਚ ਬਦਲਣਾ ਹੋਵੇ ਤਾਂ ਪਜ਼ਾਮਿਆਂ ਦੇ ਪੌਂਹਚੇ ਚੱਕਣੇ ਪੈਂਦੇ ਹਨ, ਨੱਕੇ ਮੋੜਨੇ ਪੈਂਦੇ ਹਨ ਅਤੇ ਪੰਜਾਬ ਵਰਗੀ ਮਿੱਟੀ ਪੈਦਾ ਕਰਨੀ ਪੈਂਦੀ ਹੈ। ਅਜਿਹੀ ਹੀ ਉਦਾਹਰਣ ਪੇਸ਼ ਕਰ ਰਹੇ ਹਨ ਪਿੰਡ ਟਾਂਡੀ ਜ਼ਿਲ੍ਹਾ ਕਪੂਰਥਲਾ ਨਾਲ ਸਬੰਧਿਤ ਪਰ ਬਹੁਤਾ ਸਮਾਂ ਚੰਡੀਗੜ ਰਹੇ ਸ. ਮਲਕੀਅਤ ਸਿੰਘ ਸਪੁੱਤਰ ਸ. ਅਮਰੀਕ ਸਿੰਘ। ਕਿੱਤੇ ਪੱਖੋਂ ਉਹ ਇਮੀਗ੍ਰੇਸ਼ਨ ਸਲਾਹਕਾਰ ਹਨ ਪਰ ਸ਼ਾਇਦ ਉਚ ਪੜ੍ਹਾਈ ਦੀਆਂ ਕਿਤਾਬਾਂ ਨਾਲ ਉਹ ਖੇਤੀਬਾੜੀ ਦੀ ਕਿਤਾਬ ਵੀ ਨਾਲ ਹੀ ਪੜ੍ਹ ਗਏ। ਉਨ੍ਹਾਂ ਉਤੇ ਬਹੁੱਤ ਵੱਡਾ ਲੇਖ ਲਿਖਿਆ ਜਾ ਸਕਦਾ ਹੈ ਪਰ ਅੱਜ ਗੱਲ ਕਰਨੀ ਹੈ ਉਨ੍ਹਾਂ ਦੇ ਫਾਰਮ ਵਿਚ ਉਗਾਈਆਂ ਜਾ ਰਹੀਆਂ ਪੰਜਾਬੀ ਸਬਜ਼ੀਆਂ ਦੀ। ਕਈ ਵਾਰ ਮਹਿਸੂਸ ਹੁੰਦਾ ਹੈ ਕਿ ਵਿਦੇਸ਼ੀ ਸਬਜ਼ੀਆਂ ਵਿਚ ਉਹ ਗੱਲ ਨਹੀਂ, ਉਹ ਸੁਆਦ ਨਹੀਂ। ਇਸ ਪਿਉ ਪੁੱਤ ਨੇ ਆਪਣੇ ਪਰਿਵਾਰ ਦੀ ਮਦਦ ਨਾਲ ਉਹ ਸਾਰਾ ਕੁਝ ਕਰਨ ਦੀ ਸੋਚੀ ਹੈ ਜੋ ਉਹ ਕਰ ਸਕਦੇ ਹਨ। ਇਸ ਵੇਲੇ ਉਨ੍ਹਾਂ ਦੇ ਫਾਰਮ ਵਿਚ ਉਗਾਇਆ ਗਿਆ ਘੀਆ ਜਿਸ ਨੂੰ ਲੌਕੀ ਵੀ ਕਹਿੰਦੇ ਹਨ 10 ਡਾਲਰ ਨੂੰ ਕਿਲੋ ਹੈ ਜਿਸਦੀ ਕੀਮਤ ਭਾਰਤੀ ਬਾਜ਼ਾਰ ਵਿਚ 550 ਰੁਪਏ ਦੇ ਕਰੀਬ ਬਣਦੀ ਹੈ। ਇਨ੍ਹਾਂ ਦੇ ਫਾਰਮ ਵਿਚ ਪੰਜਾਬੀ ਮੂਲੀ, ਪੰਜਾਬੀ ਸ਼ਲਗਮ, ਸ਼ਿਮਲਾ ਮਿਰਚ, ਚਿੱਟਾ ਕੱਦੂ, ਫਲੀਆਂ, ਚੁੰਕਦਰ, ਕਰੇਲੇ, ਟਮਾਟਰ ਆਦਿ ਹਨ। ਇਨ੍ਹਾਂ ਦੇ ਫਾਰਮ ਵਿਚ ਰੰਗ ਬਿੰਰਗੇ ਦਾਣੇ ਵਾਲੀਆਂ ਛੱਲੀਆਂ ਵੀ ਹਨ। ਪ੍ਰਯੋਗ ਦੇ ਤੌਰ ਞਤੇ ਉਨ੍ਹਾਂ ਇਨ੍ਹਾਂ ਛੱਲੀਆਂ ਦੇ ਲਾਗੇ ਆਮ ਛੱਲੀ ਲਗਾ ਦਿੱਤੀ ਤਾਂ ਰੰਗ ਬਿਰੰਗੀਆਂ ਛੱਲੀਆਂ ਨੂੰ ਵੇਖ ਕੇ ਆਮ ਛੱਲੀ ਵੀ ਦੂਜੀ ਛੱਲੀ ਦੇ ਵਿਚ ਬਦਲ ਗਈ।
ਸ. ਮਲਕੀਅਤ ਸਿੰਘ ਦੇ ਫਾਰਮ ਵਿਚ ਸਾਰੀ ਖੇਤੀ ਜੈਵਿਕ ਤਰੀਕੇ ਨਾਲ ਕੀਤੀ ਜਾਂਦੀ ਹੈ। ਕੋਈ ਖਾਦ ਅਤੇ ਦਵਾਈ ਨਹੀਂ ਵਰਤੀ ਜਾਂਦੀ ਸਗੋਂ ਇਸਦੇ ਲਈ ਗੋਹੇ ਤੋਂ ਤਿਆਰ ਖਾਦ ਵਰਤੀ ਜਾਂਦੀ ਹੈ। ਇਸ ਦੇ ਲਈ ਵੱਛੇ ਰੱਖੇ ਹੋਏ ਹਨ। ਨਿਊਜ਼ੀਲੈਂਡ ਦੇ ਵਿਚ ਬਹੁਤ ਘੱਟ ਮੱਝਾਂ ਹਨ ਸ਼ਾਇਦ ਹੀ ਕਿਸੇ ਪੰਜਾਬੀ ਨੇ ਇਹ ਰੱਖੀਆਂ ਹੋਣ, ਪਰ ਸ. ਮਲਕੀਅਤ ਸਿੰਘ ਨੇ ਕੋਸ਼ਿਸ਼ ਕਰਕੇ ਕਿਸੇ ਕੋਲੋਂ ਡੇਢ ਸਾਲ ਦੀਆਂ ਦੋ ਕੱਟੀਆਂ ਲੈ ਰੱਖੀਆਂ ਹਨ, ਜੋ ਕਿ ਵੱਛਿਆਂ ਦੇ ਨਾਲ ਹੀ ਚਰਦੀਆਂ ਹਨ। ਇਕ ਕੱਟੀ ਜਿਸ ਨੂੰ ਪੰਜ ਕਲਿਆਣੀ ਕਿਹਾ ਜਾਂਦਾ ਹੈ ਉਹ ਹੈ ਅਤੇ ਦੂਜੀ ਆਮ ਕਾਲੇ ਸਿਰ ਵਾਲੀ ਕੱਟੀ ਹੈ।

ਇਨ੍ਹਾਂ ਦੀ ਉਮਰ ਅਜੇ ਡੇਢ ਸਾਲ ਹੈ ਅਤੇ ਤਿੰਨ ਸਾਲ ਬਾਅਦ ਸ਼ਾਇਦ ਇਨ੍ਹਾਂ ਤੋਂ ਦੁੱਧ ਆਦਿ ਲੈਣ ਦੀ ਸਕੀਮ ਲਾਈ ਜਾਵੇਗੀ। ਇਨ੍ਹਾਂ ਵਾਸਤੇ ਚਰ੍ਹੀ ਵੀ ਬੀਜੀ ਹੋਈ ਹੈ। ਸਿੰਚਾਈ ਵਾਸਤੇ ਮੀਂਹ ਦਾ ਪਾਣੀ ਇਕੱਠਾ ਕਰਕੇ ਵਰਤਿਆ ਜਾਂਦਾ ਹੈ। ਸ. ਮਲਕੀਅਤ ਸਿੰਘ ਦੀ ਪਤਨੀ ਸ੍ਰੀਮਤੀ ਰਾਜਵਿੰਦਰ ਕੌਰ ਅਤੇ ਪੁੱਤਰ ਗੁਰਫਤਿਹ ਸਿੰਘ ਵੀ ਬੜੇ ਸ਼ੌਕ ਨਾਲ ਖੇਤੀਬਾੜੀ ਦੇ ਵਿਚ ਸਹਿਯੋਗ ਕਰਦੇ ਹਨ। 5 ਦਿਨ ਦਫਤਰੀ ਕੰਮ ਅਤੇ ਬਾਕੀ ਸਮਾਂ ਘਰ ਦੀ ਖੇਤੀ ਦਾ ਨਜ਼ਾਰਾ ਹੀ ਵੱਖਰਾ ਹੈ।
 ਉਹ ਐਨੀਆਂ ਸ਼ਕਤੀਸ਼ਾਲੀ ਹਨ ਕਿ ਵੱਛਿਆਂ ਨੂੰ ਅੱਗੇ -ਅਗੇ ਭਜਾ ਲੈਂਦੀਆਂ ਹਨ। ਇਨ੍ਹਾਂ ਦੇ ਫਾਰਮ ਵਿਚ ਲੱਗੀਆਂ ਸਬਜ਼ੀਆਂ ਨੂੰ ਉਹ ਆਪ ਹੀ ਆਨ ਲਾਈਨ ਵੇਚ ਦਿੰਦੇ ਹਨ ਜਾਂ ਫਿਰ ਲੋਕ ਪਹਿਲਾਂ ਹੀ ਆਰਡਰ ਬੁੱਕ ਕਰ ਦਿੰਦੇ ਹਨ। ਇਹ ਪਰਿਵਾਰ ਕਿੰਗਸੀਟ ਵਿਖੇ ਰਹਿ ਰਿਹਾ ਹੈ।

Install Punjabi Akhbar App

Install
×