ਆਸਟ੍ਰੇਲੀਆ ‘ਚ ਪੰਜਾਬੀ ਬੱਸ ਡਰਾਈਵਰ ਨੂੰ ਅੱਗ ਲਗਾ ਕੇ ਮੌਤ ਦੇ ਘਾਟ ਉਤਾਰਿਆ

28-khurd-01-brisbane
ਆਸਟ੍ਰੇਲੀਆ ਦੇ ਵਿਚ ਭਾਰਤੀ ਭਾਈਚਾਰੇ ਲਈ ਉਸ ਸਮੇ ਬਹੁਤ ਹੀ ਦੁਖਦਾਈ ਤੇ ਸ਼ੋਕ ਵਾਲੀ ਖ਼ਬਰ ਆਈ ਜਦੋ ਕੁਈਨਜ਼ਲਂੈਡ ਦੇ ਸ਼ਹਿਰ ਬ੍ਰਿਸਬੇਨ ਦੇ ਨਜਦੀਕੀ ਕਸਬੇ ਮਾਰੂਕਾਂ ਵਿਖੇ ਆਸਟ੍ਰੇਲੀਆ ‘ਚ ਪੰਜਾਬੀ ਭਾਈਚਾਰੇ ਦੀ ਮਾਣਮੱਤੀ ਸਖ਼ਸ਼ੀਅਤ ਮਨਮੀਤ ਸ਼ਰਮਾਂ (ਅਲੀਸ਼ੇਰ) (29) ਜੋ ਕਿ ਬ੍ਰਿਸਬੇਨ ਸਿਟੀ ਕੌਂਸਲ ਵਿਚ ਬੱਸ ਦਾ ਡਰਾਈਵਰ ਸੀ, ਤੇ ਸਵੇਰ ਸਮੇ ਡਿਊਟੀ ਦੌਰਾਨ ਮਾਰੂਕਾਂ ਬੱਸ ਸਟੇਸ਼ਨ ‘ਤੇ ਸਵਾਰੀਆ ਨੂੰ ਚੜ੍ਹਾਂ ਰਿਹਾ ਸੀ, ਉਸ ਸਮੇ ਦੌਰਾਨ ਇੱਕ ਸਥਾਨਕ ੪੮ ਸਾਲਾ ਵਿਆਕਤੀ ਵਲੋ ਬੱਸ ਵਿਚ ਸਵਾਰ ਹੋ ਕੇ ਮਨਮੀਤ ਅਲੀਸ਼ੇਰ ‘ਤੇ ਜਲਣਸ਼ੀਲ ਤਰਲ ਪਦਾਰਥ ਪਾ ਕੇ ਅੱਗ ਨਾਲ ਬਹਤ ਹੀ ਬੇਰਹਮੀ ਨਾਲ ਸਾੜ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਜਿਸ ਦੀ ਮੌਕੇ ਤੇ ਹੀ ਮੌਤ ਹੋ ਜਾਣ ਦਾ ਮੰਦਭਾਗਾਂ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਘਟਨਾ ਦੌਰਾਨ ਕੁਝ ਸਵਾਰੀਆ ਵੀ ਬੱਸ ਵਿਚ ਅੱਗ ਅਤੇ ਧੂਏ ਦੀ ਲਪੇਟ ਵਿਚ ਆ ਗਈਆ ਸਨ, ਜਿਨ੍ਹਾ ਨੂੰ ਇੱਕ ਬਹਾਦਰ ਤੇ ਸਾਹਸੀ ਟੈਕਸੀ ਡਰਾਈਵਰ ਵਲੋ ਬੱਸ ਦਾ ਪਿਛਲਾ ਆਪਾਤਕਾਲੀਨ ਸ਼ੀਸ਼ਾ ਤੋੜ ਕੇ ਬਾਹਰ ਕੱਢਿਆ ਗਿਆ, ਸਵਾਰੀਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।ਮਨਮੀਤ ਸ਼ਰਮਾਂ ਇੱਕ ਕਵੀ, ਗਾਇਕ, ਪ੍ਰਮੋਟਰ, ਥੀਏਟਰ ਕਲਾਕਾਰ ਸੀ, ਜਿਸ ਨੇ ਬਹੁਤ ਹੀ ਥੋੜੇ ਸਮੇ ਵਿਚ ਸਖਤ ਮਿਹਨਤ, ਲਗਨ ਤੇ ਦ੍ਰਿੜ ਨਿਸਚੇ ਨਾਲ ਆਸਟ੍ਰੇਲੀਆ ‘ਚ ਪੰਜਾਬੀ ਭਾਈਚਾਰੇ ਵਿਚ ਉਹ ਮੁਕਾਮ ਹਾਸਲ ਕਰ ਲਿਆ ਸੀ, ਜੋ ਕਿ ਬਹੁਤੇ ਲੋਕਾ ਨੂੰ ਜਿੰਦਗੀ ਭਰ ਵਿਚ ਵੀ ਨਸੀਬ ਨਹੀ ਹੁੰਦਾ, ਉਹ ਪੰਜਾਬੀ ਭਾਈਚਾਰੇ ਦੀਆ ਸਾਹਿਤਕ, ਧਾਰਮਿਕ ਤੇ ਰਾਜਨੀਤਕ ਸਰਗਰਮੀਆ ਦਾ ਕੇਦਰ ਬਿੰਦੂ ਬਣ ਗਿਆ ਤੇ ਵਿਦੇਸ਼ ਵਿਚ ਨਾਮਣਾ ਖੱਟ ਕੇ ਪੰਜਾਬ ਦੇ ਸੰਗਰੂਰ ਜਿਲ੍ਹੇ ਦੇ ਪਿੰਡ ਅਲੀਸ਼ੇਰ ਨੂੰ ਆਸਟ੍ਰੇਲੀਆ, ਨਿਊਜੀਲੈਂਡ ਤੇ ਹੋਰ ਵੀ ਦੇਸ਼ ਤੇ ਵਿਦੇਸ਼ ਵਿਚ ਇੱਕ ਧਰੂ ਤਾਰੇ ਵਾਗ ਚਮਕਾ ਦਿੱਤਾ।ਇਸ ਮੰਦਭਾਗੀ ਖ਼ਬਰ ਨਾਲ ਪੰਜਾਬੀ ਭਾਈਚਾਰੇ ਦੇ ਹਿਰਦੇ ਵਲੂਧਰੇ ਗਏ ਹਨ ਅਤੇ ਆਸਟ੍ਰੇਲੀਆ ਭਰ ਵਿਚ ਸ਼ੋਕ ਦੀ ਲਹਿਰ ਦੌੜ ਗਈ ਹੈ।ਘਟਨਾ ਦੀ ਚਾਰੇ ਪਾਸੇ ਨਿੰਦਾ ਕੀਤੀ ਜਾ ਰਹੀ ਹੈ।ਪੰਜਾਬੀ ਭਾਈਚਾਰੇ ਵਲੋ ਮਨਮੀਤ ਅਲੀਸ਼ੇਰ ਦਾ ਮ੍ਰਿਤਕ ਸਰੀਰ ਪੰਜਾਬ ਭੇਜਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਜੋ ਕਿ ਅਗਲੇ ਸ਼ਨੀਵਾਰ ਤੱਕ ਉਸ ਦੇ ਪੁਸ਼ਤੈਨੀ ਪਿੰਡ ਅਲੀਸ਼ੇਰ ਵਿਖੇ ਪਹੁੰਚਣ ਦੀ ਆਸ ਪ੍ਰਗਟਾਈ ਜਾ ਰਹੀ ਹੈ।ਪੁਲਸ ਵਲੋ ਦੋਸ਼ੀ ਨੂੰ ਗ੍ਰਿਫਤਾਰ ਕਰ ਕੇ ਤੇ ਸਾਰੀ ਘਟਨਾ ਦੀ ਹਰ ਪੱਖ ਤੋ ਜਾਚ ਕੀਤੀ ਜਾ ਰਹੀ ਹੈ।

Install Punjabi Akhbar App

Install
×