ਆਸ ਤੋਂ ਉਲਟ ਚੱਲ ਰਿਹਾ ਹੈ ਪੰਜਾਬੀ ਸਿਨੇਮਾ

empty_chairs copyਕੋਈ ਸਮਾਂ ਸੀ ਜਦੋਂ ਲੋਕ ਪੰਜਾਬੀ ਫਿਲਮਾਂ ਦੀ ਉਡੀਕ ਕਰਦੇ ਸਨ ਤਾਂ ਜੋ ਪਰਿਵਾਰ ਨਾਲ ਜਾ ਕੇ ਕਿਤੇ ਚੰਗੀ ਪੰਜਾਬੀ ਫਿਲਮ ਦੇਖ ਆਪਣਾ ਮਨੋਰੰਜਨ ਕਰ ਲੈਣ ਪਰ ਅੱਜ ਸਿਨੇਮਾ ਘਰ ਵਾਲੇ ਦਰਸ਼ਕਾਂ ਦੀ ਉਡੀਕ ਕਰਦੇ ਨਜ਼ਰ ਆ ਰਹੇ ਹਨ ਕਿ ਕੋਈ ਆਵੇ, ਪੰਜਾਬੀ ਫਿਲਮ ਦੇਖੇ ਤਾਂ ਸਾਡਾ ਬੋਹਣੀ ਵੱਟਾ ਹੋਵੇ। ਬੇਸ਼ੱਕ ਅੱਜ ਕੱਲ• ਦੇ ਲੋਕਾਂ ਕੋਲ ਪੈਸੇ ਦੀ ਕੋਈ ਘਾਟ ਨਹੀਂ ਪਰ ਉਹ ਵਿਅਰਥ ਦੀਆਂ ਪੰਜਾਬੀ ਫਿਲਮਾਂ ਦੇਖ ਆਪਣਾ ਪੈਸਾ ਬਰਬਾਦ ਕਰਨ ਦੀ ਮੂਰਖਤਾ ਨਹੀਂ ਕਰਨਾ ਚਾਹੁੰਦੇ, ਜੇ ਫਿਰ ਵੀ ਕੋਈ ਜਾਣੇ- ਅਣਜਾਣੇ ਫਿਲਮ ਦੇਖ ਵੀ ਆਉਂਦਾ ਹੈ ਤਾਂ ਸਿਰ ਖੁਰਕਦਾ – ਖੁਰਕਦਾ ਲੋਕਾਂ ਨੂੰ ਇਹ ਕਹਿੰਦਾ, ”ਜਨਾਬ ਤੁਸੀਂ ਫਲਾਨੀ ਫਿਲਮ ਵੇਖਣ ਨਾ ਜਾਇਓ ।” ਕਈ ਦਰਸ਼ਕ ਸਿਨੇਮਾ ਘਰਾਂ ‘ਚ ਬੈਠੇ ਹੀ ਸੌ ਜਾਂਦੇ ਤੇ ਫੇਸਬੁੱਕ ਤੇ ਫੋਟੋ ਅਪਡੇਟ ਕਰ ਦਿੰਦੇ ਨੇ ਪੁੱਛਣ ਤੇ ਸੁਣਨ ਨੂੰ ਮਿਲਦਾ ਹੈ, ਫਲਾਣੀ ਫਿਲਮ ਦੇਖਣ ਆਇਆ ਹਾਂ, ਨੀਂਦਰ ਹੀ ਆਉਣ ਲੱਗ ਪਈ, ਬਹੁਤ ਬੋਰ ਕੀਤਾ ਇਸ ਫਿਲਮ ਨੇ,ਪੈਸੇ ਤਾਂ ਬਰਬਾਦ ਹੋਏ ਨੇ ਨਾਲ ਟਾਇਮ ਵੀ।

ਨਿਰਮਾਤਾ ਕਰੋੜਾਂ ਦਾ ਖਰਚ ਕਰਕੇ ਫਿਲਮਾਂ ਤੋਂ ਮੋਟੇ ਮੁਨਾਫੇ ਹਾਸਲ ਕਰਨ ਬਾਰੇ ਸੋਚਦੇ ਹਨ  ਪਰ ਹੁੰਦਾ ਉਲਟ ਹੈ ਮਸੀਂ ਉਹਨਾਂ ਨੂੰ ਖਰਚ ਕੀਤੇ ਪੈਸੇ ਦਾ 20 ਤੋਂ 25 ਪ੍ਰਤੀਸ਼ਤ ਹਾਸਲ ਹੁੰਦਾ ਹੈ। ਜੇਕਰ ਇਕ ਨਿਰਮਾਤਾ ਦੀਆਂ ਦੋ ਚਾਰ ਫਿਲਮਾਂ ਇੱਦਾਂ ਹੀ ਫਲੋਪ ਹੋ ਜਾਣ ਤਾਂ ਉਹ ਅੱਗੋਂ ਹੋਰ ਫਿਲਮਾਂ ਬਣਾਉਣ ਲੱਗਿਆ ਸੌ ਵਾਰ ਸੋਚੇਗਾ। ਕਈ ਨਿਰਮਾਤਾ ਇਕ ਦੋ ਫਿਲਮਾਂ ‘ਚ ਪੈਸਾ ਲਾਉਣ ਤੋਂ ਬਾਅਦ ਪੰਜਾਬੀ ਫਿਲਮਾਂ ਤੋਂ ਕਿਨਾਰਾ ਕਰਦੇ ਨਜ਼ਰ ਆਉਂਦੇ ਹਨ ਕਿਉਂਕਿ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਜੇਕਰ ਹੋਰ ਫਿਲਮਾਂ ‘ਚ ਪੈਸਾ ਰੋੜਾਂਗੇ ਤਾਂ ਸਾਨੂੰ ਲੋਕਾਂ ਨੇ ਗਾਲ•ਾਂ ਕੱਢਣੀਆਂ ਤਾਂ ਵੱਖਰੀਆਂ ਤੇ ਅੱਗੋਂ ਕਿਸੇ ਨੇ ਸਾਡੀ ਬਾਤ ਨਹੀਂ ਪੁੱਛਣੀ। ਪੰਜਾਬ ‘ਚ ਹੀ ਨਹੀਂ ਬਲਕਿ ਬਾਹਰਲੇ ਮੁਲਕਾਂ ਤੋਂ ਆਏ ਲੋਕ ਨਿਰਮਾਤਾ ਬਣ ਨਾ-ਸਮਝੀ ਨਾਲ ਫਿਲਮਾਂ ‘ਤੇ ਪੈਸਾ ਤਾਂ ਰੋੜ ਦਿੰਦੇ ਹਨ ਪਰ ਮੁੜ ਕੰਨਾਂ ਨੂੰ ਹੱਥ ਲਗਾ ਤੌਬਾ ਕਰਦੇ ਹੋਏ ਇੱਥੋਂ ਨੌ ਦੋ ਗਿਆਰ੍ਰਾਂ ਹੋ ਜਾਂਦੇ ਹਨ, ਬਈ ਜੇ ਤੁਸੀਂ ਫਿਲਮਾਂ ਦਾ ਨਿਰਮਾਣ ਕਰਨ ਹੀ ਲੱਗੇ ਹੋ ਤਾਂ ਪਹਿਲਾਂ ਕਿਸੇ ਚੰਗੇ ਨਿਰਮਾਤਾ/ ਨਿਰਦੇਸ਼ਕ ਦੀ ਸਲਾਹ ਲੈ ਲਉ, ਜਿਨ•ਾਂ ਨੇ ਫਿਲਮਾਂ ਬਣਾ ਦੋਹਰੀ ਮਾਰ ਖਾਂਦੀ ਹੈ ਪਰ ਲੱਗਦਾ ਹੈ ਕਿ ਇਹਨਾਂ ਗੱਲਾਂ ਦਾ ਅਸਰ ਸ਼ਾਇਦ ਹੀ ਕਿਸੇ ਤੇ ਹੋਵੇ ਕਿਉਂਕਿ ਪੰਜਾਬ ‘ਚ ਇਸ ਸਮੇਂ ਵੱਡੀ ਗਿਣਤੀ ‘ਚ ਫਿਲਮਾਂ ਬਣ ਚੁੱਕੀਆਂ ਅਤੇ ਬਣ ਰਹੀਆਂ ਹਨ। ਜੇਕਰ ਇੰਟਰਨੈੱਟ ‘ਤੇ ਸਰਚ ਕਰੋ ਤਾਂ ਤੁਹਾਨੂੰ ਸੌ ਤੋਂ ਵੀ ਵੱਧ ਪੰਜਾਬੀ ਫਿਲਮਾਂ ਦੇ ਨਾਮ ਦਿਸ ਪੈਣਗੇ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੰਜਾਬੀ ਫਿਲਮਾਂ ਦਾ ਬੇੜਾ ਡੋਬਣ ‘ਚ ਨਿਰਮਾਤਾ/ਨਿਰਦੇਸ਼ਕ ਕੋਈ ਘਾਟ ਨਹੀਂ ਛੱਡ ਰਹੇ । ਕਈ ਨਿਰਮਾਤਾ/ਨਿਰਦੇਸ਼ਕ ਨੂੰ ਪਤਾ ਵੀ ਹੁੰਦਾ ਹੈ ਕਿ ਉਨ•ਾਂ ਦੁਆਰਾ ਬਣਾਈ ਫਿਲਮ ਦਾ ਵਿਸ਼ਾ ਚੰਗਾ ਨਹੀਂ ਪਰ ਫਿਰ ਵੀ ਉਹ ਕਰੋੜਾਂ ਰੁਪਏ ਲਗਾ ਚੋਖੇ ਮੁਨਾਫੇ ਦੀ ਆਸ ਕਰਦੇ ਹੈ। ਮਣਾਂ-ਮੂੰਹੀਂ ਡਿੱਗ ਰਿਹਾ ਪੰਜਾਬੀ ਸਿਨੇਮਾ ਜੇਕਰ ਇਕ ਮਹੀਨੇ ‘ਚ 6 ਤੋਂ 7 ਫਿਲਮਾਂ ਪਰਦਾ ਪੇਸ਼ ਕਰੇਗਾ ਤਾਂ ਉਹ ਦਰਸ਼ਕਾਂ ਤੋਂ ਚੰਗੇ ਰਿਸਪਾਂਸ ਦੀ ਆਸ ਰੱਖਣ ਦੇ ਕਾਬਲ ਨਹੀਂ। ਹੋਰ ਸਿਆਣਪ ਨਿਰਮਾਤਾ/ਨਿਰਦੇਸ਼ਕ ਉਦੋਂ ਦਿਖਾਉਂਦੇ ਹਨ ਜਦੋਂ ਇਕੋਂ ਦਿਨ 2 ਪੰਜਾਬੀ ਫਿਲਮਾਂ ਰਿਲੀਜ਼ ਕਰਨ ਦੀ ਮੂਰਖਤਾ ਕਰਦੇ ਹਨ। ਇਹ ਗੱਲ ਤਾਂ ਸਮਝ ਤੋਂ ਪਰ੍ਰੇ ਹੈ ਕਿ ਨਿਰਮਾਤਾ/ਨਿਰਦੇਸ਼ਕ ਇਸ ਗੱਲ ਨੂੰ ਆਪਣੀ ਸਿਆਣਪ ਦੱਸਦੇ ਜਾਂ ਆਪਣੀ ਮੂਰਖਤਾ ਦਾ ਸਬੂਤ ਦਿੰਦੇ ਹਨ।

ਪੰਜਾਬ ‘ਚ ਕਈ ਢੇਰ ਸਾਰੀਆਂ ਫਿਲਮਾਂ ਬਣ ਕੇ ਤਿਆਰ ਹਨ, ਕਈ ਸੂਝਵਾਨ ਨਿਰਮਾਤਾ/ਨਿਰਦੇਸ਼ਕ ਇਹ ਆਖਦੇ ਹਨ ਕਿ ਅੱਗੋਂ ਜੇ ਰਸ਼ ਘਟੇਗਾ ਤਾਂ ਹੀ ਫਿਲਮ ਰਿਲੀਜ਼ ਕਰਾਂਗੇ ਪਰ ਅੱਗੋਂ ਰਸ਼ ਘੱਟਣ ਦੀ ਬਜਾਏ ਵੱਧਦਾ ਜਾ ਰਿਹਾ ਹੈ। 40 ਤੋਂ 50 ਦਿਨਾਂ ਦੀ ਸ਼ੂਟਿੰਗ ਕਰ ਫਿਲਮਾਂ ਨੂੰ ਤਿਆਰ ਕਰਨ ਵਾਲੇ ਨਿਰਮਾਤਾ/ਨਿਰਦੇਸ਼ਕ ਜਲਦੀ ਤੋਂ ਜਲਦੀ ਫਿਲਮ ਰਿਲੀਜ਼ ਕਰਨ ਦੀ ਮੂਰਖਤਾ ਦਿਖਾ ਰਹੇ ਹਨ।

ਉੱਧਰ ਸ਼ੈਸਰ ਬੋਰਡ ਵੀ ਧੜਾਧੜ ਸਹਿਮਤੀ ਸਰਟੀਫਿਕੇਟ ਦੇ ਕੇ ਇਹਨਾਂ ਫਿਲਮਾਂ ਨੂੰ ਮਨਜ਼ੂਰੀ ਦੇ ਰਿਹਾ ਹੈ। ਬੇਸ਼ਕ ਕਈਆਂ ਨੇ ਸ਼ੈਸਰ ਬੋਰਡ ਦੀ ਕਾਰਗੁਜ਼ਾਰੀ ਤੇ ਸਵਾਲੀਆ ਚਿਨ• ਲਗਾਇਆ ਹੈ ਪਰ ਪੈਸਿਆਂ ਦੀ ਚਮਕ ਇਨ•ਾਂ ਸਾਰੇ ਸਵਾਲਾਂ ਦਾ ਜਵਾਬ ਬਣ ਜਾਂਦੀ ਹੈ।

ਪੰਜਾਬੀ ਸਿਨੇਮਾ ਜਗਤ ਬੜੀ ਮਿਹਨਤ ਤੋਂ ਬਾਅਦ ਆਪਣੇ ਪੈਰਾਂ ‘ਤੇ ਖੜਾ ਹੋਇਆ ਹੈ, ਐਵੇਂ ਹੀ ਬਿਨਾਂ ਸਿਰ ਪੈਰ ਵਾਲੀਆਂ ਫਿਲਮਾਂ ਬਣਾ ਨਿਰਮਾਤਾ/ਨਿਰਦੇਸ਼ਕ ਕਿੱਥੋਂ ਤੀਕ ਸਿਆਣਪ ਵਾਲੀ ਗੱਲ ਕਰਦੇ ਹਨ, ਸਮਝ ਤੋਂ ਪਰੇ ਹੈ। ਬੇਸ਼ਕ ਕਈ ਨਿਰਮਾਤਾ/ਨਿਰਦੇਸ਼ਕ ਭੇੜ ਚਾਲ ‘ਚ ਫਸ ਕੇ ਇੱਕੋ ਤਰ੍ਰਾਂ ਦੀ ਫਿਲਮਾਂ ਦਰਸ਼ਕਾਂ ਦੀ ਝੋਲੀ ਪਾ ਰਹੇ ਹਨ,ਉੱਥੇ ਹੀ ਕਈ ਅਜਿਹੇ ਸਾਊ ਤੇ ਸੂਝਵਾਨ ਨਿਰਮਾਤਾ/ਨਿਰਦੇਸ਼ ਵੀ ਹਨ ਜੋ ਦਰਸ਼ਕਾਂ ਦੀ ਨਬਜ਼ ਨੂੰ ਪਛਾਣਦੇ ਹੋਏ ਨਵੇਂ ਤੇ ਵੱਖੋ-ਵੱਖਰੇ ਵਿਸ਼ੇ ਦੀਆਂ ਪੰਜਾਬੀ ਫਿਲਮਾਂ ਬਣਾ ਰਹੇ ਹਨ।

ਜੇਕਰ ਪਿਛਲੇ ਵਰ੍ਰੇ ਦੇ ਅੰਕੜੇ ਫਰੋਲੇ ਜਾਣ ਤਾਂ ਕੁਝ ਕੁ ਫਿਲਮਾਂ ਹੀ ਹਨ ਜੋ ਬਾਕਸ ਆਫਿਸ ‘ਤੇ ਆਪਣਾ ਕਮਾਲ ਦਿਖਾ ਸਕੀਆਂ,ਬਾਕੀ ਸਾਰੀਆਂ ਫਿਲਮਾਂ ਨਿਰਮਾਤਾ ਲਈ ਘਾਟੇ ਦਾ ਸੌਦਾ ਸਾਬਤ ਹੋਈਆਂ ਸਨ। ਸੋਚਿਆ ਸੀ ਕਿ ਸ਼ਾਇਦ ਇਸ ਬੀਤੇ ਵਰ੍ਰੇ ਤੋਂ ਸਬਕ ਸਿਖ ਕੇ ਨਿਰਮਾਤਾ/ਨਿਰਦੇਸ਼ਕ ਇਹੋ ਜਿਹੀ ਮੂਰਖਤਾ ਨਹੀਂ ਦਿਖਾਉਣਗੇ ਪਰ ਹਰ ਮਹੀਨੇ ਰਿਲੀਜ਼ ਹੋ ਰਹੀਆਂ ਫਿਲਮਾਂ ਤੋਂ ਇਹ ਜਾਪਦਾ ਹੈ ਕਿ ਸ਼ਾਇਦ ਇਸ ਗੱਲ ਵੱਲ ਬਾਰੇ ਕੋਈ ਵੀ ਧਿਆਨ ਨਾਲ ਸੋਚਦਾ ਨਹੀਂ।

ਦਰਸ਼ਕ ਇਹ ਨਹੀਂ ਚਾਹੁੰਦੇ ਕਿ ਪੰਜਾਬੀ ਫਿਲਮਾਂ ਨਾ ਬਣਨ ਬਲਕਿ ਉਹ ਚਾਹੁੰਦੇ ਹਨ ਕਿ ਫਿਲਮਾਂ ਬਣਨ ,ਖੂਬ ਬਣਨ ਪਰ ਚੰਗਾ ਵਿਸ਼ਾ ,ਚੰਗੀ ਸਟੋਰੀ, ਵਧੀਆ ਪਰਿਪੱÎਕ ਸਕਰੀਨ ਪਲੇਅ ,ਹੰਢੇ ਹੋਏ ਕਲਾਕਾਰ,ਦਿਲ ਟੂੰਬਵਾਂ ਸੰਗੀਤ ਉਸ ਫਿਲਮ ‘ਚ ਜ਼ਰੂਰ ਹੋਵੇ ਤਾਂ ਜੋ ਦਰਸ਼ਕ ਸਿਨੇਮਾ ਘਰਾਂ ‘ਚ ਫਿਲਮ ਦੇਖਣ ਤੋਂ ਬਾਅਦ ਇਹ ਨਾ ਕਹਿਣ ਕਿ ਉਹਨਾਂ ਦੇ ਪੈਸੇ ਵਸੂਲ ਨਹੀਂ ਹੋਏ।  ਉੱਥੇ ਇਹ ਵੀ ਗੱਲ ਕਰੀਦੀ ਕਿ ਨਿਰਮਾਤਾ ਨੂੰ ਉਸਦੇ ਖਰਚੇ ਪੈਸੇ ਦਾ ਪੂਰਾ-ਪੂਰਾ ਲਾਭ ਮਿਲ ਸਕੇ।

ਸੁਣਨ ‘ਚ ਇਹ ਵੀ ਆਇਆ ਹੈ ਕਿ ਕਈ ਅਦਾਕਾਰ ਹੁਣ ਆਪ ਨਿਰਮਾਤਾ ਬਣ ਗਏ ਹਨ ਤੇ ਆਪਣਾ ਪ੍ਰੋਡਕਸ਼ਨ ਹਾਊਸ ਖੋਲ ਫਿਲਮਾਂ ਦਾ ਨਿਰਮਾਣ ਕਰਨ ਲੱਗੇ ਹਨ। ਆਪਣੀ ਫਿਲਮੀ ਐਕਟਿੰਗ ਤੋਂ ਕੀਤੀ ਕਮਾਈ ਉਹ ਹੁਣ ਫਿਲਮਾਂ ਬਣਾਉਣ ‘ਚ ਲਗਾਉਣਗੇ।

ਬੇਸ਼ਕ ਪੰਜਾਬੀ ਫਿਲਮਾਂ ਨਾਲ ਜੁੜੇ ਕਈ ਲੋਕ ਹੁਣ ਦੇ ਸਮੇਂ ਨੂੰ ਪੰਜਾਬੀ ਸਿਨੇਮਾ ਦਾ ਸੁਨਹਿਰੀ ਯੁੱਗ ਦੱਸਦੇ ਹਨ ਪਰ ਪੰਜਾਬੀ ਫਿਲਮਾਂ ਦੀ ਇਹੋ ਜਿਹੀ ਕਾਰਗੁਜ਼ਾਰੀ ਸੁਨਹਿਰੀ ਯੁੱਗ ਦੀ ਥਾਂ —— ਯੁੱਗ ਨਾ ਬਣ ਜਾਵੇ। ਬੇਸ਼ਕ ਮੈਂ ਇੱਥੇ ਕੁਝ ਲਿਖ ਸਕਦਾ ਸੀ ਪਰ ਮੈਨੂੰ ਵੀ ਪਾਲੀਵੁੱਡ ਕੁਝ ਆਸ ਹੈ, ਸ਼ਾਇਦ ਕੋਈ ਸਮਾਂ ਆਵੇਗਾ ਜਦ ਸੱਚ ‘ਚ ਹੀ ਪੰਜਾਬੀ ਸਿਨੇਮਾ ਦਾ ਸੁਨਹਿਰੀ ਯੁੱਗ ਨਜ਼ਰੀ ਪਵੇਗਾ ਤੇ ਦਰਸ਼ਕ ਪਹਿਲਾਂ ਵਾਂਗ ਪੰਜਾਬੀ ਫਿਲਮਾਂ ਨੂੰ ਚੰਗਾ ਹੁੰਗਾਰਾ ਦੇਣਗੇ ਨਾ ਕਿ ਨਿਰਮਾਤਾ/ਨਿਰਦੇਸ਼ਕ ਨੂੰ ਗਾਲਾਂ ਕੱਢਣਗੇ। ਕਈ ਆਲੋਚਕ ਸਮੇਂ-ਸਮੇਂ ਤੇ ਨਿਰਮਾਤਾ/ਨਿਰਦੇਸ਼ਕਾਂ ਨੂੰ ਸੁਚੇਤ ਕਰਦੇ ਹਨ ਪਰੰਤੂ ਉਹਨਾਂ ਦੇ ਕਹੇ ਤੇ ਲਿਖੇ ‘ਤੇ ਕਿਸੇ ਵੀ ਨਿਰਮਾਤਾ/ਨਿਰਦੇਸ਼ਕ ਦੇ ਕੰਨਾਂ ‘ਤੇ ਜੂੰ ਨਹੀਂ ਸਰਕਦੀ ।

ਅਖੀਰ ਵਿਚ ਪੰਜਾਬੀ ਸਿਨੇਮਾ ਜਗਤ ‘ਤੋਂ ਚੰਗੇ ਤੇ ਸੰਜੀਦਾ ਵਿਸ਼ੇ ‘ਤੇ ਬਣੀ ਫਿਲਮਾਂ ਦੀ ਆਸ  ਕਰਦੇ ਹਾਂ । ਪਰਮਾਤਮਾ ਅੱਗੇ ਇਹੀ ਅਰਦਾਸ ਕਰਾਂਗੇ ਕਿ ਫਿਲਮਾਂ ਨਾਲ ਜੁੜੇ ਹਰ ਇਕ ਵਿਅਕਤੀ ਨੂੰ ਚੋਖੀ ਸੋਚ ਪ੍ਰਦਾਨ ਕਰੇ।

ਲਖਨ ਪਾਲ
ਮੋ. – 96462-55302
ਪਤਾ: ਪਵਾਰ ਨਿਵਾਸ
ਮਕਾਨ ਨੰਬਰ ਈ. ਏ. 157
ਕਾਜ਼ੀ ਮੁਹੱਲਾ ਨਜ਼ਦੀਕ ਕੈਂਚੀ ਬਾਜ਼ਾਰ,ਜਲੰਧਰ 144001

Install Punjabi Akhbar App

Install
×