ਮੁੜ ਆਉਣ ਲੱਗੇ ‘ਸੁਫ਼ਨੇ’ ਕੈਲੇਫੋਰਨੀਆ ਦੇ!

160322 Ninder Ghugianvi  california copyਇਹਨੀਂ ਦਿਨੀਂ ਸੋਸ਼ਲ ਸਾਈਟਾਂ ਉੱਤੇ ਇਕ ਚੁਟਕਲੇ ਵਰਗੀ ਗੱਲ ਖਾਸਾ ਉੱਛਲ਼ੀ ਹੋਈ ਹੈ, ਕੀ ਗੱਲ ਹੈ ਭਲਾ? ਲਓ, ਪਹਿਲਾਂ ਸੁਣ ਹੀ ਲਓ ਕਿ ਕੀ ਗੱਲ ਹੈ! ਕਿਸੇ ਨੇ ਲਿਖਿਐ ਕਿ *ਨੌਂ ਸਾਲ ਹੋ ਗਏ ਨੇ ਤੇ ਇਕ ਸਾਲ ਬਾਕੀ ਰਹਿ ਗਿਐ, ਦਸ ਸਾਲ ਪਹਿਲਾਂ ਕੀਤੇ ਵਾਅਦੇ ਮੁਤਾਬਿਕ ਪੰਜਾਬ ਹੁਣ ਅਗਲੇ ਸਾਲ ਕੈਲੇਫੋਰਨੀਆ ਬਣ ਜਾਏਗਾ, ਸ਼ੋ ਸਭ ਮਾਈ-ਭਾਈ ਨੂੰ ਅਰਜ਼ ਹੈ ਕਿ ਆਪੋ-ਆਪਣੇ ਇੰਡੀਅਨ ਨੋਟਾਂ ਨੂੰ ਛੇਤੀ-ਛੇਤੀ ਅਮਰੀਕਨ ਡਾਲਰਾਂ ‘ਚ ਵਟਾ ਲਓ, ਫੇਰ ਨਾ ਕਹਿਣਾ ਕਿ ਏਥੇ ਇਹ ਨੋਟ ਚੱਲਦੇ ਨਹੀਂ।*
ਸੋਸ਼ਲ ਸਾਈਟਾਂ ਉੱਤੇ ਆਈ ਇਹ ਗੱਲ ਤਾਂ ਕੋਈ ਚਾਹੇ ਬਹੁਤੀ ਵੱਡੀ ਨਹੀਂ ਹੈ ਪਰ ਹੈ ਪੂਰੀ ਤਰਾਂ ਗੰਭੀਰਤਾ ਪੂਰਨ। ਜੇਕਰ ਇਸ ਗੱਲ ਦੀ ਡੂੰਘਾਈ ਤੀਕ ਜਾਈਏ ਤਾਂ ਹਾਸਾ ਵੀ ਆਉਂਦੇ ਕਿ ਅਸੀਂ ਸੱਚਮੁੱਚ ਹੀ ਸ਼ੇਖ਼ਚਿਲੀ ਦੇ ਸੁਪਨੇ ਜਿਹੇ ਸੁਪਨੇ ਲੈ ਰਹੇ ਹਾਂ ਤੇ ਉਦਾਸੀ ਵੀ ਹੁੰਦੀ ਹੈ ਕਿ ਸਾਡੀ ਕਿਸਮਤ ‘ਚ ਕਿਹੜੇ ਰੱਬ ਨੇ ਲਿਖ ਦਿੱਤਾ ਕੈਲੇਫੋਰਨੀਆ ਬਣੇਗਾ ਪੰਜਾਬ? ਲਗਦੈ ਕਿ ਸੁਫ਼ਨਾ …. ਸੁਫ਼ਨਾ … ਸੁਫ਼ਨਾ! 9 ਸਾਲ ਪਹਿਲਾਂ ਜਦੋਂ ਸਾਡੇ ਰਾਜ ਦੇ ਨੇਤਾਵਾਂ ਨੇ ਆਖਿਆ ਸੀ ਕਿ ਪੰਜਾਬ ਨੂੰ ਕੈਲੇਫੋਰਨੀਆ ਬਣਾ ਦਿਆਂਗੇ, ਫ਼ਿਕਰ ਨਾ ਕਰੋ ਏਥੇ ਲਹਿਰਾਂ-ਬਹਿਰਾਂ ਲੱਗ ਜਾਣਗੀਆਂ ਤੇ ਧੰਨ-ਧੰਨ ਹੋ ਜਾਵੇਗੀ। ਉਦੋਂ ਸਾਡੇ ਵੱਡੇ-ਵੱਡੇ ਕਾਲਮ-ਨਵੀਸਾਂ ਨੇ ਖ਼ੂਬ ਠਹਾਕੇ ਲਗਾਏ ਤੇ ਉਨ੍ਹਾਂ ਦੀ ਕਲਮ ਨੱਚ ਉੱਠੀ ਸੀ ਤੇ ਉਨ੍ਹਾਂ ਲਿਖਿਆ, *ਪੰਜਾਬ-ਬਨਾਮ-ਕੈਲੀਫੋਰਨੀਆ।* ਕਿਸੇ ਨੇ ਲਿਖਿਆ, *ਕਦ ਤਕ ਬਣੇਗਾ ਪੰਜਾਬ ਕੈਲੇਫੋਰਨੀਆ?* ਇਹ ਵੀ ਲਿਖਿਆ ਗਿਆ ਕਿ, *ਪੰਜਾਬ ਨੂੰ ਪੰਜਾਬ ਹੀ ਰਹਿਣ ਦਿਓ, ਇਹਦੀ ਕੈਲੇਫੋਰਨੀਆ ਨਾਲੋਂ ਕਿਤੇ ਹੈ ਵੱਧ ਅਨੂਠੀ ਪਛਾਣ , ਕੀ ਲੈਣਾ ਕੈਲੇਫੋਰਨੀਆ ਬਣਾ ਕੇ?* ਹੁਣ ਜਦ ਰਾਜ ਦੇ ਨੇਤਾਵਾਂ ਵੱਲੋਂ ਆਖੀ ਇਸ ਗੱਲ ਨੂੰ ਦਸ ਸਾਲ ਦਾ ਸਮਾਂ ਨੇੜੇ ਆਉਣ ਲੱਗਿਐ ਤਾਂ ਹੁਣ ਇਕ ਵਾਰੀ ਫਿਰ ‘ਕੈਲੇਫੋਰਨੀਆ’ ਦਾ ਨਾਂ ਪੰਜਾਬੀਆਂ ਦੀ ਜ਼ੁਬਾਨ ‘ਤੇ ਟਪਕਣ ਲੱਗਿਆ ਹੈ।
ਮੈਂ ਕੈਲੇਫੋਰਨੀਆ ਚੰਗੀ ਤਰ੍ਹਾਂ ਦੇਖਿਆ ਹੋਇਆ ਹੈ। ਪੰਜਾਬ ਦੇ ਕੋਨੇ-ਕੋਨੇ ‘ਚੋਂ ਗਏ ਪੰਜਾਬੀਆਂ ਨੇ ਉੱਥੇ ਆਪਣੇ ਖ਼ੂਬ ਝੰਡੇ ਗੱਡੇ ਹਨ। ਸੈਂਕੜੇ ਏਕੜਾਂ ‘ਚ ਫੈਲੇ ਕਿੰਨੂਆਂ, ਅੰਗੂਰਾਂ, ਰਸ-ਬੇਰੀਆਂ, ਬਦਾਮਾਂ, ਸੌਗੀਆਂ, ਸੇਬਾਂ, ਮਿਰਚਾਂ ਤੇ ਹੋਰ ਕਈ ਕੁੱਝ ਫਾਰਮਾਂ ਦੇ ਮਾਲਕ ਸਾਡੇ ਪੰਜਾਬੀ। ਵੱਡੀਆਂ-ਵੱਡੀਆਂ ਟਰੱਕਿੰਗ ਤੇ ਟੈਕਸੀ ਕੰਪਨੀਆਂ ਦੇ ਮਾਲਕ ਪੰਜਾਬੀ। ਟੈਕਸੀਆਂ ਦੇ ਚਾਲਕ ਵੀ ਤੇ ਪੈਟਰੋਲ ਪੰਪਾਂ ਦੇ ਮਾਲਕ ਵੀ ਪੰਜਾਬੀ। ਕੈਲੇਫੋਰਨੀਆ ਵਿਚ ਥਾਂ-ਥਾਂ ਗੁਰਦਵਾਰਿਆਂ ਤੇ ਸਾਹਿੱਤ ਸਭਾਵਾਂ ਦੇ ਪ੍ਰਧਾਨ ਵੀ ਪੰਜਾਬੀ। ਪਾਠਕੋ ਪਿਆਰਿਓ ਤੇ ਜਾਨੋਂ ਵੱਧ ਪਿਆਰਿਓ……. ਕੀ ਲਿਖਾਂ ਤੇ ਕੀ ਛੱਡਾਂ ਮੈਂ? ਬ੍ਰਿਟਿਸ਼ ਕੋਲੰਬੀਆ ਦੇ ਸਰੀ, ਟੋਰਾਂਟੋ ਤੇ ਬਰੈਂਪਟਨ ਤੇ ਲੰਡਨ ਦੇ ਸਾਊਥਾਲ ਵਾਂਗ ਕੈਲੇਫੋਰਨੀਆ ਵੀ ‘ਮਿੰਨੀ ਪੰਜਾਬ’ ਹੀ ਹੈ।ਉੱਥੇ ਪੰਜਾਬੀ ਜੱਟ ਖ਼ੂਬ ਮੌਜਾਂ ਕਰਦੇ ਨੇ ਤੇ ਏਥੇ ਨਿੱਤ ਗਲ਼ਾਂ ‘ਚ ਫਾਹੇ ਪਾ ਕੇ ਤੇ ਸਲਫ਼ਾਸ ਖਾ ਕੇ ਮਰਦੇ ਨੇ। ਕੈਂਸਰ ਤੇ ਕਾਲਾ ਪੀਲੀਆ ਕਹਿਰ ਢਾਅ ਰਿਹਾ ਹੈ। ਏਥੇ ਸੜਕ ਹਾਦਸੇ ਜਾਨਾਂ ਦਾ ਖੌਅ ਬਣੇ ਹੋਏ ਨੇ। ਮੰਡੀਆਂ ‘ਚ ਫ਼ਸਲਾਂ ਰੁਲਦੀਆਂ ਨੇ। ਏਥੇ ਧਰਨੇ-ਮੁਜ਼ਾਹਰੇ, ਨਾਹਰੇ, ਅਰਥੀਆਂ ਤੇ ਪੁਤਲੇ ਫੂਕਣ ਤੋਂ ਵਿਹਲ ਨਹੀਂ ਲੱਭਦੀ। ਏਥੇ ਉੱਚ-ਡਿੱਗਰੀਆਂ ਹਾਸਲ ਕਰੀ ਫਿਰਦੇ ਪੰਜਾਬ ਦੇ ਗੱਭਰੂ ਸੜਕਾਂ ਉੱਤੇ ਡਾਂਗਾਂ ਖਾਂਦੇ, ਪੱਗਾਂ ਲਹਾਉਂਦੇ ਤੇ ਡੌਲ਼ੇ ਭਨਾਉਂਦੇ ਫਿਰਦੇ ਨੇ ਤੇ ਏਥੇ ਬੇਰੁਜ਼ਗਾਰ ਧੀਆਂ ਦੀਆਂ ਗੁੱਤਾਂ ਪੁੱਟਣ ਤੇ ਚੁੰਨੀਆਂ ਲੱਥਣ ਦੀਆਂ ਖ਼ਬਰਾਂ ਤੇ ਤਸਵੀਰਾਂ ਕਿਸੇ ਤੋਂ ਛੁਪੀਆਂ ਨਹੀਂ ਹਨ। ਮੇਰੇ ਦਿਲ ‘ਚੋਂ ਇਕ ਅਰਦਾਸ ਲਈ ਹੂਕ ਉੱਠੀ ਹੈ ਕਿ ਹੇ ਮੇਰੇ ਰੱਬਾ, ਤੇਰੀ ਦਇਆ ਨਾਲ ਕਾਸ਼! ਕਿ ਕਿਤੇ ਸਾਡੇ ਨੇਤਾਵਾਂ ਦੇ ਕਹੇ ਹੋਏ ਬੋਲ ਸੱਚਮੁੱਚ ਹੀ ‘ਸੱਚੇ’ ਸਿੱਧ ਹੋ ਜਾਣ ਕਿ ਪੰਜਾਬ ‘ਸੱਚਮੁੱਚ’ ਹੀ ਕੈਲੇਫੋਰਨੀਆ ਬਣ ਜਾਵੇ।
ਇਸੇ ਸਾਲ ਦੇ ਮਈ-ਜੂਨ ਮਹੀਨੇ ਪਾਣੀ ਵਿਚ ਬਸ ਤਾਂ ਚੱਲਣ ਲੱਗ ਪੈਣੀ ਹੈ ਹਰੀਕੇ ਪੱਤਣ ਵਿਖੇ। ਇਸ ਵਾਸਤੇ ਸਾਢੇ ਚਾਰ ਕਰੋੜ ਰੁਪੈ ਦਾ ਬਜਟ ਰੱਖਿਆ ਗਿਆ ਹੈ। ਪਾਣੀ ਵਿਚ ਭੱਜਣ ਵਾਲੀ ਇਸ ਬੱਸ ਦੀ ਬਾਡੀ ਇਸ ਵੇਲੇ ਸਵੀਡਸ਼ ਆਟੋਮੋਟਿਵ ਕੰਪਨੀ ਸਕੈਨੀਆਂ ਵੱਲੋਂ ਤਿਆਰ ਕੀਤੀ ਜਾ ਰਹੀ ਹੈ। ਸਾਲ 2015 ਵਿਚ ਇਸ ਬੱਸ ਦਾ ਟੈਂਡਰ ਵੀ ਲੱਗ ਗਿਆ ਸੀ ਤੇ ਵਾਤਾਵਰਣ ਵਿਭਾਗ ਨੇ ਆਪਣੇ ਵੱਲੋਂ ਇਸ ਨੂੰ ‘ਹਰੀ ਝੰਡੀ’ ਵੀ ਦੇ ਦਿੱਤੀ ਸੀ, ਪਰੰਤੂ ਪਾਠਕੋ ਸੋਚੋ ਜ਼ਰਾ ਕਿ ਮਾਨਸਾ, ਬਠਿੰਡਾ ਤੇ ਸੰਗਰੂਰ ਜ਼ਿਲਿਆਂ ਦੇ ਕਰਜ਼ੇ ਮਾਰੇ ਕਿਸਾਨਾਂ ਦੇ ਗਲ਼ਾਂ ‘ਚੋਂ ਫਾਹੇ ਪਤਾ ਨੀ ਕਦੋਂ ਲੱਥਣਗੇ? ਜਾਂ ਲੱਥਣਗੇ ਵੀ ਕਿ ਨਹੀਂ? ਕਿਸਾਨ ਦੇ ਮਰਨ ਦਾ ਮੁਆਵਜ਼ਾ ਦੇਣ ਦੀ ਥਾਂ ਜੇਕਰ ਉਸ ਦੀ ਮਰ ਗਈ ਫ਼ਸਲ ਦਾ ਮੁਆਵਜ਼ਾ ਦੇਣ ਲੱਗ ਪਏ ਸਰਕਾਰ ਤਾਂ ਕੀ ਮਾੜਾ ਹੈ?
ਹਾਂ ਸੱਚ ਯਾਦ ਆਇਆ। ਪੰਜਾਬ ਨੂੰ ‘ਪੈਰਿਸ’ ਵਰਗਾ ਬਣਾਉਣ ਦਾ ਇਕ ਨਾਹਰਾ ਵੀ ਨੇਤਾਵਾਂ ਵੱਲੋਂ ਆਇਆ ਸੀ, ਸਭ ਨੂੰ ਚੰਗੀ ਤਰ੍ਹਾਂ ਯਾਦ ਹੋਣਾ ਇਹ ਵੀ। ਸੋ, ਪਾਠਕ ਜੀ ਜਦ ਨੂੰ ਅਸੀਂ ‘ਕਿਸੇ ਵਰਗੇ’ ਬਣਾਂਗੇ, ਸਮਾਂ ਬਹੁਤ ਬੀਤ ਚੁੱਕਿਆ ਹੋਵੇਗਾ। ਇਹ ਲਿਖਦੇ ਵੇਲੇ ਕਈ ਸੁਆਲ ਮੇਰੇ ਮਨ ਮਸਤਕ ਵਿਚ ਸ਼ੋਰ ਪਾ ਰਹੇ ਹਨ ਕਿ ਅਸੀਂ ‘ਕਿਸੇ ਵਰਗੇ’ ਕਿਉਂ ਬਣੀਏ? ਅਸੀਂ ‘ਆਪਣੇ ਵਰਗੇ’ ਹੀ ‘ਆਪ’ ਕਿਉਂ ਨਾ ਬਣੀਏ? ਕੋਈ ‘ਸਾਡੇ ਵਰਗਾ’ ਕਿਉਂ ਨਾ ਬਣੇ? ਜਿਸ ਦਿਨ ਤੋਂ ਸੋਸ਼ਲ ਸਾਈਟਾਂ ਉੱਤੇ ‘ਕੈਲੇਫੋਰਨੀਆ ਕੈਲੇਫੋਰਨੀਆ’ ਹੋਣ ਲੱਗੀ ਹੈ, ਤਾਂ ਸਾਲ 2003 ਵਿਚ ਚੱਪਾ-ਚੱਪਾ ਗਾਹ ਕੇ ਨੇੜਿਉਂ ਦੇਖਿਆ ਕੈਲੇਫੋਰਨੀਆ ਨਿੱਤ ਮੇਰੇ ਸੁਫ਼ਨੇ ‘ਚ ਆਉਣ ਲੱਗਿਆ ਹੈ। ਹੇ ਪੰਜਾਬ ਤੇਰਾ ਰੱਬ ਰਾਖਾ! ਕਦ ਹੋਵੇਗਾ ਸੁਫ਼ਨਾ ਪੂਰਾ ਤੇਰਾ………… ਕੈਲੇਫੋਰਨੀਆ ਬਣਨ ਦਾ?

-ਨਿੰਦਰ ਘੁਗਿਆਣਵੀ
ninder_ghugianvie@yahoo.com

Install Punjabi Akhbar App

Install
×