ਪੰਜਾਬੀ ਸੱਭਿਆਚਾਰ ਨੂੰ ਨਿਹਾਰਦੀ ਕਿਤਾਬ ਸੋਨ ਚਿੜੀ

 

harpavitar singh 190911 001

ਮਨੁੱਖ ਭਾਵੇਂ ਰੁਝੇਵਿਆਂ ਭਰੀ ਜ਼ਿੰਦਗੀ ਚ ਭਾਵੇਂ ਨਿਰੰਤਰ ਭੱਜ ਦੌੜ ਕਰ ਰਿਹਾ ਸਮੇਂ ਦੇ ਨਾਲ ਆਧੁਨਿਕ ਯੁੱਗ ਤੋਂ ਅਤਿ ਆਧੁਨਿਕ ਯੁੱਗ ਵੱਲ ਆਪਣਾ ਵੇਗ ਵਧਾਈ ਜਾ ਰਿਹਾ ਹੈ ਪਰ ਫੇਰ ਵੀ ਕਿਧਰੇ ਉਹ ਆਪਣੇ ਅਤੀਤ ਨਾਲ ਜਾਂ ਜੜ੍ਹਾਂ ਨਾਲ ਕਿਧਰੇ ਨਾ ਕਿਧਰੇ ਜੁੜਿਆ ਹੋਇਆ ਮਹਿਸੂਸ ਹੁੰਦਾ ਹੈ।

ਜਿਸ ਵਿਚ ਸੱਭਿਆਚਾਰ,ਧਰਮ,ਰਹਿਣ ਸਹਿਣ,ਰਿਸ਼ਤੇ ਨਾਤੇ,ਇਤਿਹਾਸ ਭਾਵ ਕਿ ਬੀਤੇ ਵਕਤ ਨਾਲ ਇਕ ਸਾਂਝ ਜਹੀ ਜੁੜੀ ਪ੍ਰਤੀਤ ਹੁੰਦੀ ਹੈ।

“ਸੋਨ ਚਿੜੀ” ਲਫਜ਼ ਸੁਣਦਿਆਂ ਈ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਇਸ ਦਾ ਸੰਬੰਧ ਜਰੂਰ ਕਿਸੇ ਕੀਮਤੀ ਚੀਜ਼ ਨਾਲ ਹੋਏਗਾ। ਜਰਖੇਜ਼ ਮਿੱਟੀ,ਯੋਧੇ,ਬਹਾਦਰ,ਸ਼ਹੀਦ,ਇਤਿਹਾਸਕ ਪਿਛੋਕੜ,ਖੁੱਲਾ ਸੁਭਾਅ, ਖੁੱਲਾ ਖਾਣ ਪੀਣ,  ਲੰਮ ਸਲੱਮੇ ਗੱਭਰੂ,ਸੋਹਣੀਆਂ ਮੁਟਿਆਰਾਂ,ਰਿਸ਼ਤੇ,ਚਾਅ,ਸੱਧਰਾਂ,ਪਿਆਰ ਦੀ ਗੱਲ ਸ਼ੁਰੂ ਕਰਦਿਆਂ ਈ ਮਨ ਦੀ ਫੱਟੀ ਤੇ ਆਪਣੇ ਆਪ “ਪੰਜਾਬ” ਦਾ ਨਕਸ਼ਾ ਉਕੇਰਿਆ ਜਾਂਦਾ ਹੈ।

ਪੰਜਾਬ ਤੇ ਪੰਜਾਬੀਅਤ ਨਾਲ ਬਹੁਤ ਹੀ ਪਿਆਰ ਰੱਖਣ ਵਾਲਾ ਨੌਜਵਾਨ ਕਵੀ “ਗੁਰਵਿੰਦਰ ਸਿੰਘ” ਜਿਸ ਨੇ ਪੰਜਾਬ ਦੇ ਮਾਲਵੇ ਇਲਾਕੇ ਦੇ ਪਿੰਡ ਦਿਆਲਪੁਰਾ ਜਿਲ੍ਹਾ ਮਾਨਸਾ ਦੀ ਧਰਤੀ ਤੇ ਸਰਦਾਰ ਪਰਗਟ ਸਿੰਘ ਘਰੇ ਜਨਮ ਲਿਆ। ਨਿੱਕੀ ਉਮਰ ਵਿਚ ਗੋਹਝਮਈ ਗੱਲਾਂ ਇਸ ਕਵੀ ਨੂੰ ਸੂਝਵਾਨ ਤੇ ਅਤਰੀਵ ਭਾਵ ਵਾਲੀ ਸੋਚ ਵਾਲਾ ਸਿਆਣਾ ਕਵੀ ਪ੍ਰਤੀਤ ਕਰਵਾਉਂਦੀਆਂ ਹਨ ਜੋ ਸਪੱਸ਼ਟ ਕਰਦੀਆਂ ਨੇ ਕਿ  ਕਵੀ ਨੂੰ ਆਪਣੀਆਂ ਜੜ੍ਹਾਂ ਜਾਂ ਅਤੀਤ ਰੂਪ ਦੇ ਨਾਲ ਕਿੰਨਾ ਲਗਾਵ ਹੈ ਉਸ ਨੂੰ ਫਿਕਰ ਹੈ ਆਪਣੀ ਬੋਲੀ ਦਾ,ਸੱਭਿਆਚਾਰ ਦਾ, ਰਿਸ਼ਤੇ ਨਾਤਿਆਂ ਦਾ ਉਸ ਦੀਆਂ ਗੱਲਾਂ ਵਿਚ ਜਿਕਰ ਹੈ ਇਤਿਹਾਸ ਦਾ,ਸ਼ਹੀਦਾਂ ਦੇ ਡੁੱਲੇ ਖੂਨ ਦਾ,ਗੁਰੂਆਂ ਪੀਰਾਂ ਫਕੀਰਾਂ ਤੇ ਉਸ ਹਰ ਸੈਅ ਦਾ ਜਿਸ ਦਾ ਸੰਬੰਧ ਸੋਨ ਚਿੜੀ ਪੰਜਾਬ ਨਾਲ ਹੈ।

ਗੁਰਵਿੰਦਰ ਸਿੰਘ ਨੇ ਆਪਣੀ ਸੋਚ ਨੂੰ ਅੱਗੇ ਵਧਾਉਂਦੇ ਹੋਏ ਉਸ ਨੂੰ ਕਲਮਬੱਧ ਕਰਕੇ ਕਾਵਿ ਸੰਗ੍ਰਹਿ ਦਾ ਰੂਪ ਦਿੱਤਾ ਜੋ ਕਿ ਉਹ ਉਹਨਾਂ ਦੀ ਪਲੇਠੀ ਪੁਸਤਕ “ਸੋਨ ਚਿੜੀ” ਦੇ ਰੂਪ ਵਿਚ ਪਾਠਕਾਂ ਦੇ ਸਾਹਮਣੇ ਪੇਸ਼ ਕੀਤੀ।ਇਸ ਕਾਵਿ ਸੰਗ੍ਰਹਿ ਦੀਆਂ ਰਚਨਾਵਾਂ ਤੋਂ ਸਪੱਸ਼ਟ ਹੁੰਦਾ ਜਾਪਦਾ ਹੈ ਕਿ ਕਵੀ ਨੂੰ ਸੱਭਿਆਚਾਰ ਨਾਲ ਕਾਫੀ ਜਿਆਦਾ ਲਗਾਵ ਹੈ ਤੇ ਇੱਥੋਂ ਦੇ ਇਤਿਹਾਸ,ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ ਕਾਫੀ ਪ੍ਰਭਾਵਿਤ ਹੈ,ਸੋਨ ਚਿੜੀ ਆਪਣੇ ਅੰਦਰ ਪੰਜਾਬੀ ਵਿਰਸਾ ਤੇ ਸਭਿਆਚਾਰ  ਦੀ ਤਸਵੀਰ ਪੇਸ਼ ਕਰਦੀ ਹੈ,ਇਸ ਕਿਤਾਬ ਵਿੱਚ ਗੁਰੂਆਂ ਪੀਰਾਂ ਦੀ ਧਰਤੀ ਤੇ ਜੰਗ ਵਿੱਚ ਵੱਜਦੇ ਨਗਾਰੇ ਸੁਣਦੇ ਨੇ, ਮਾਂ ਚਰਖਾ ਲੈ ਕੇ ਬੈਠੀ ਤੇ ਪੇਟੀ ਵਿੱਚ ਪਏ ਭੈਣ ਦੇ ਦਾਜ ਦੇ ਦਰੀਆਂ ਤੇ ਖੇਸ ਨਜਰੀਂ ਪੈਂਦੇ ਨੇ, ਬਾਪੂ ਖੇਤ ਉੱਚੀਆਂ ਟਿੱਬੀਆਂ ਨੂੰ ਖੋਦ-ਖੋਦ ਪਾਣੀ ਚੜਾ ਰਿਹਾ ਤੇ ਕਿਸੇ ਖੇਤ ਦੀ ਟਾਹਲੀ ਨਾਲ ਫਾਹਾ ਲੈ ਕੇ ਮਰਿਆ ਜੱਟ ਦਿੱਸਦਾ ਹੈ, ਕੈਂਠਿਆਂ ਵਾਲੇ ਗੱਭਰੂ ਸਮੈਕ ਦੇ ਧੂਏਂ ਵਿੱਚ ਅਲੋਪ ਹੋ ਗਏ ਲੱਗਦੇ ਨੇ, ਕਾਵਾਂ ਦੀ ਕਾਂ-ਕਾਂ,ਚਿੜੀਆਂ ਦੀ ਚੀਂ-ਚੀਂ ਤੇ ਕੋਇਲਾਂ ਦੀ ਕੂੰਅ-ਕੂੰਅ ਕੰਨੀ ਪੈਂਦੀ ਹੈ, ਤੀਆਂ ਵਿੱਚ ਪੀਂਘਾਂ ਝੂਟਦੀਆਂ ਤੇ ਗਿੱਧੇ ਵਿੱਚ ਨੱਚਦੀਆਂ ਮੁਟਿਆਰਾਂ ਦੇ ਪੈਰੀਂ ਪਾਈਆਂ ਝਾਂਜਰਾਂ ਦੀ ਛਣ-ਛਣ ਸੁਣਦੀ ਹੈ ਤੇ ਪੰਜਾਬ ਦੇ ਹਰੇਕ ਰੰਗ ਨੂੰ ਇਸ ਕਾਵਿ ਸੰਗ੍ਰਹਿ ਵਿਚ ਪੇਸ਼ ਕੀਤਾ ਗਿਆ ਹੈ ਅਤੇ ਜੋ ਅਜੋਕੇ ਪੰਜਾਬ ਦਾ ਹਾਲ ਤੇ ਨੌਜਵਾਨਾਂ ਦਾ ਨਸ਼ਿਆਂ ਵੱਲ ਰੁਝਾਨ ਹੈ ਉਸ ਤਰਾਸਦੀ ਨੂੰ ਵੀ ਪੇਸ਼ ਕੀਤਾ ਗਿਆ ਹੈ।

ਇਸ ਕਾਵਿ ਸੰਗ੍ਰਹਿ ਦੀ ਸ਼ੁਰੂਆਤ ਪਰੰਪਰਾਗਤ ਰੂਪ ਵਿਚ ਮੰਗਲਾਚਰਨ ਦੇ ਨਾਲ ਕੀਤੀ ਹੈ ਜਿਸ ਵਿਚ ਕਵੀ ਇਕ ਗੱਦ ਰਚਨਾ ‘ਪ੍ਰਣਾਮ’ ਵਿਚ ਪਰਮਾਤਮਾ ਨੂੰ ਨਤਮਸਤਕ  ਹੋਇਆ ਕਹਿੰਦਾ ਹੈ ਕਿ ਜੋ ਵੀ ਸਭ ਵਾਪਰ ਰਿਹਾ ਹੈ ਵਾਹਿਗੁਰੂ ਦੀ ਕਿਰਪਾ ਸਦਕਾ ਹੈ ਤੇ ਉਸ ਪਰਮਾਤਮਾ ਦੇ ਰਹੱਸਮਈ ਚਾਨਣ ਨੂੰ ਕਵੀ ਦਾ ਸਦਾ ਹੀ ਪ੍ਰਣਾਮ ਹੈ।

ਪਰਮ ਪਾਤਸ਼ਾਹ ਕਵਿਤਾ ਵਿਚ ਕਵੀ ਗੁਰੂ ਨਾਨਕ ਦੇ ੧ਓ ਦੇ ਉਪਦੇਸ਼,ਦਸਮ ਪਿਤਾ ਦਾ ਜਿਗਰਾ,ਪੰਚਮ ਗੁਰੂ ਦੇ ਤੱਤੀ ਤਵੀ ਤੇ ਅਡੋਲ ਬੈਠਣ ਅਤੇ ਇਕ ਨੂਰ ਚ ਬਲਦੀ ਜੋਤ ਦਾ ਜਿਕਰ ਕਵੀ ਦੀ ਵਿਲੱਖਣ ਸੋਚ ਨੂੰ ਦਰਸਾਉਂਦਾ ਹੈ।

ਇਵੇਂ ਹੀ ਮਰਦ ਅਗੰਮੜਾ,ਅਕਾਲ ਸਹਾਇ,ਗੁਰ ਪ੍ਰਸਾਦਿ,ਕਿਰਪਾਨ,ਖਾਲਸਾਈ ਇਬਾਦਤ ਤੇ ਸਿਦਕਾਂ ਦੇ ਚੋਲੇ ਆਦਿ ਕਵਿਤਾਵਾਂ ਵਿਚ ਸਿੱਖ ਧਰਮ ਦੇ ਇਤਿਹਾਸ,ਸਿਧਾਂਤ ਨੂੰ ਬਾਖੂਬੀ ਪੇਸ਼ ਕੀਤਾ ਹੈ।

ਕਵੀ ਪੰਜਾਬ,ਪੰਜਾਬੀ ਬੋਲੀ,ਕਿਰਸਾਨੀ ਮੁਸ਼ਕਲਾਂ  ਤੇ ਪੰਜਾਬੀ ਨੌਜਵਾਨ ਦੇ ਭਟਕਣ ਨੂੰ ਲੈ ਕੇ ਕਾਫੀ ਚਿੰਤਤ ਹੈ ਤੇ ਉਸ ਨੇ ਆਪਣੀਆਂ ਰਚਨਾਵਾਂ ਵਿਚ ਇਸ ਦੁੱਖ ਨੂੰ ਬੜੇ ਡੂੰਘੇ ਭਾਵਾਂ ਦੇ ਨਾਲ ਪਰਗਟ ਕੀਤਾ ਹੈ।

ਮਾਏ ਨੀ ਮਾਏ,ਸ਼ਗਨਾਂ ਦੇ ਲਹਿੰਗੇ,ਸ਼ਰਮੀਲੀਆਂ  ਧੁੱਪਾਂ , ਚੁੰਨੀ ਦੇ ਗੋਟੇ ਆਦਿ ਕਵਿਤਾਵਾਂ ਵਿਚ ਕੁੜੀਆਂ ਦੇ ਚਾਅ,ਸੱਧਰਾਂ ਰੀਝਾਂ ਨੂੰ ਕਵੀ ਨੇ ਬਾਖੂਬੀ ਤੱਸਵੀ ਵਿਚ ਪਰੋਇਆ ਹੈ।

ਸੋਨ ਚਿੜੀ ਕਾਵਿ ਸੰਗ੍ਰਹਿ ਵਿਚ ਕੁੱਲ 69 ਕਵਿਤਾਵਾਂ ਹਨ ਜੋ ਕਿ ਪੰਜਾਬ ਦੇ ਹਰ ਰੰਗ ਵਿਚ ਰੰਗੀਆਂ ਹੋਈਆਂ ਹਨ ਤੇ ਕਵੀ ਦੀ ਸੂਝ ਨੂੰ ਪੇਸ਼ ਕਰਦੀਆਂ ਦਿੱਸਦੀਆਂ ਹਨ।

ਕਵੀ ਦੀ ਹਰ ਕਵਿਤਾ ਵਿੱਚ ਨਵੀਨਤਾ ਦੀ ਧੂੜ ਜੋ ਸਾਡੀਆਂ ਅੱਖਾਂ ਵਿੱਚ ਪੈ ਗਈ ਹੈ ਉਹਨੂੰ ਪਿਛੋਕੜ ਤੇ ਅਮੀਰ ਵਿਰਸੇ ਨਾਲ ਲਬਰੇਜ਼ ਪਾਣੀ ਦੇ ਛਿੱਟੇ ਮਾਰ ਕੇ ਸਾਫ ਕਰਨ ਦਾ ਸੰਦੇਸ਼ ਹੈ ।ਉਹ ਪੁਰਾਣੀ ਮਿੱਟੀ ਨੂੰ ਫਰੋਲਣਾ ਲੋਚਦਾ ਹੈ ਤੇ ਆਸ ਕਰਦਾ ਹੈ ਕਿ ਲੋਕਾਈ ਅੱਜ ਭਾਵੇਂ ਕੇਸ ਕਟਵਾ ਕੇ ਰਾਹਾਂ ਤੋਂ ਭਟਕ ਚੁੱਕੀ ਹੈ ਪਰ ਕਦੇ ਪੱਗ ਬੰਨਣੀ ਨਹੀਂ ਭੁੱਲ ਸਕਦੀ, ਕਦੇ ਮਾਛੀਵਾੜਾ, ਚਮਕੌਰ ਦੀਆਂ  ਗੜ੍ਹੀਆਂ,ਪੈਂਤੀ ਲਿਖਣੀ, ਵਿਆਹ ਚੋਂ ਭਾਨ ਕੱਠੀ ਕਰਨ ਵਾਲੇ ਦਿਨ, ਗੋਲੀਆਂ ਖੇਡਣੀਆਂ ਤੇ ਕਿਸਾਨੀ ਦੀ ਬਾਤ ਪਾਉਣੀ ਨਹੀਂ ਭੁੱਲ ਸਕਦੀ ।ਇਸ ਕਾਵਿ ਸੰਗ੍ਰਹਿ ਦੇ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਕਵੀ ਭਾਵੁਕ ਵੀ ਹੈ, ਚਿੰਤਤ ਵੀ ਹੈ, ਪਰ ਹੌਸਲੇ ਤੇ ਆਸ ਦਾ ਪੱਲਾ ਫੜੀ ਬੈਠਾ ਹੈ ।ਉਹ ਆਪਣੇ ਸ਼ਬਦਾਂ ਨਾਲ ਗਿਆਨ ਦਾ ਚਾਨਣ ਵੰਡ ਕੇ ਲੋਕਾਈ ਨੂੰ ਜਗਾ ਸਕਦਾ ਹੈ ।ਭਾਸ਼ਾ ਦੀ ਸਾਦਗੀ, ਸਰਲਤਾ ਤੇ ਸਪੱਸ਼ਟਤਾ ਇਸ ਕਾਵਿ ਸੰਗ੍ਰਹਿ ਦੀਆਂ ਖੂਬੀਆਂ ਹਨ।ਇਸ ਸੰਗ੍ਰਹਿ ਦੀ ਹਰ ਕਵਿਤਾ ਪੜ੍ਹਨਯੋਗ ਤੇ ਮਾਨਣਯੋਗ ਹੈ।

(ਹਰਪਵਿੱਤਰ ਸਿੰਘ)

+91 85282 72648

 

Install Punjabi Akhbar App

Install
×