- ਪਾਲ ਪ੍ਰੋਡਕਸ਼ਨ ਵੱਲੋਂ ‘ਪੰਜਾਬੀ ਭੰਗੜਾ ਕੰਪੀਟੀਸ਼ਨ’ ਦਾ ਪੋਸਟਰ ਜਾਰੀ-22 ਸਤੰਬਰ ਕਰ ਲਓ ਨੋਟ

ਆਕਲੈਂਡ 18 ਅਗਸਤ -‘ਪਾਲ ਪ੍ਰੋਡਕਸ਼ਨਜ਼ ਨਿਊਜ਼ੀਲੈਂਡ’ ਸਭਿਆਚਾਰਕ ਸਮਾਗਮ ਨਿਊਜ਼ੀਲੈਂਡ ਲਿਆਉਣ ਲਈ ਇਕ ਅਜਿਹੀ ਫੈਕਟਰੀ ਹੈ ਜਿਸ ਨੂੰ ਓਨਾ ਚਿਰ ਚੈਨ ਨਹੀਂ ਆਉਂਦੀ ਜਿੰਨ੍ਹਾ ਚਿਰ ਉਹ ਸਾਲ ਦੇ ਵਿਚ ਕਈ ਵੱਡੇ ਸਭਿਆਚਾਰਕ ਸਮਾਗਮ ਨਾ ਕਰ ਲੈਣ। ਸ. ਹਰਪਾਲ ਸਿੰਘ ਦੇ ਫੋਨ ਨੰਬਰਾਂ ਦੀ ਇਕ ਡਾਇਰੈਕਟਰੀ ਤਾਂ ਸ਼ਾਇਦਾ ਕਲਾਕਾਰਾਂ ਦੀ ਭਰੀ ਹੋਈ ਹੈ, ਜੋ ਕਿ ਵੇਲੇ-ਕੁਵੇਲੇ ਫੋਨ ਦੀ ਘੰਟੀ ਖੜਕਾਉਂਦੇ ਰਹਿੰਦੇ ਹਨ ਅਤੇ ਪਾਲ ਜੀ ਗੁੱਸਾ ਕਰਕੇ ਇਕ ਸਮਾਗਮ ਹੀ ਰੱਖ ਲੈਂਦੇ ਹਨ।
ਕਦੀ-ਕਦੀ ਉਹ ਨਵਾਂ ਨਵੇਲਾ ਵੀ ਕਰਦੇ ਹਨ ਅਤੇ ਕਦੀ-ਕਦੀ ਸਥਾਪਿਤ ਕਲਾਕਾਰਾਂ ਨੂੰ ਵੀ ਬੁਲਾਉਂਦੇ ਰਹਿੰਦੇ ਹਨ। ਹੁਣ ਪਾਲ ਪ੍ਰੋਡਕਸ਼ਨ ਵੱਲੋਂ ਇਕ ਹੋਰ ਨਵਾਂ ਅਧਿਆਇ ਸ਼ੁਰੂ ਕੀਤਾ ਜਾ ਰਿਹਾ ਹੈ। 22 ਸਤੰਬਰ ਦਿਨ ਸ਼ਨੀਵਾਰ ਨੂੰ ਸ਼ਾਮ 6.30 ਵਜੇ ‘ਪੰਜਾਬੀ ਭੰਗੜਾ ਕੰਪੀਟੀਸ਼ਨ-2018’ ਦਾ ਆਯੋਜਨ ‘ਦੇਖ ਧਮਾਲਾਂ ਪੈਂਦੀਆਂ’ ਸਿਰਲੇਖ ਹੇਠ ਵੋਡਾਫੋਨ ਈਵੈਂਟ ਸੈਂਟਰ ਵਿਖੇ ਕਰਵਾਇਆ ਜਾ ਰਿਹਾ ਹੈ। ਦਰਸ਼ਕਾਂ ਦੀਆਂ ਤਾੜੀਆਂ ਅਤੇ ਜੱਜਾਂ ਦੀਆਂ ਬਾਰੀਕੀਆਂ ਦੱਸਣਗੀਆਂ ਕਿ ਕੌਣ ਹੈ ਬੈਸਟ। ਇਸ ਅੰਤਰਰਾਸ਼ਟਰੀ ਭੰਗੜਾ ਮੁਕਾਬਲੇ ਦੇ ਵਿਚ ਭਾਗ ਲੈਣ ਲਈ 31 ਅਗਸਤ ਤੱਕ ਐਂਟਰੀਆਂ ਖੁੱਲ੍ਹੀਆਂ ਹਨ। ਕੁਝ ਦੇਸ਼-ਵਿਦੇਸ਼ ਦੀਆਂ ਟੀਮਾਂ ਦੀ ਰਜਿਸਟ੍ਰੇਸ਼ਨ ਹੋ ਵੀ ਚੁੱਕੀ ਹੈ। ‘ਲੀਗਲ ਐਸੋਸੀਏਸ਼ਨਜ’ ਅਤੇ ‘ਸਾਡੇ ਵਾਲਾ’ ਰੇਡੀਓ ਇਸ ਪ੍ਰੋਗਰਾਮ ਦੇ ਵੱਡੇ ਸਪਾਂਸਰ ਹਨ। ਇਹ ਪ੍ਰੋਗਰਾਮ ਸਿਰਫ ਭੰਗੜੇ ਤੱਕ ਹੀ ਸੀਮਤ ਨਹੀਂ ਰਹੇਗਾ ਸਗੋਂ ਹਾਸਰਸ ਕਲਾਕਾਰ ਵਿਕਾਸ ਮੋਂਗੀਆਂ, ਐਂਕਰ ਰਾਜਨ ਅਤੇ ਗਾਇਕ ਸਤਿੰਦਰ ਲਿਟਲ ਵੀ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨ ਪਹੁੰਚ ਰਹੇ ਹਨ। ਭੰਗੜੇ ਮੁਕਾਬਲੇ ਦੇ ਵਿਚ ਪਹਿਲਾ ਅਤੇ ਦੂਜਾ ਇਨਾਮ ਵੀ ਕੱਢਿਆ ਜਾਵੇਗਾ। ਇਸ ਤੋਂ ਇਲਾਵਾ ਗਿੱਧਾ ਅਤੇ ਮਲਵਈ ਗਿੱਧਾ ਵੀ ਹੋਵੇਗਾ। ਇਸ ਸਾਰੇ ਪ੍ਰੋਗਰਾਮ ਸਬੰਧੀ ਅੱਜ ਰੰਗਦਾਰ ਪੋਸਟਰ ਇਕ ਰਾਤਰੀ ਭੋਜ ਵਿਚ ਜਾਰੀ ਕੀਤਾ ਗਿਆ ਜਿਸ ਦੇ ਵਿਚ ਕਮਿਊਨਿਟੀ ਤੋਂ ਕਈ ਪਤਵੰਤੇ ਸੱਜਣ ਵੀ ਪਹੁੰਚੇ ਅਤੇ ਭਾਰਤੀ ਮੀਡੀਆ ਕਰਮੀ ਵੀ ਹਾਜ਼ਿਰ ਸਨ। ਪਾਲ ਪ੍ਰੋਡਕਸ਼ਨ ਤੋਂ ਸ. ਹਰਪਾਲ ਸਿੰਘ ਲੋਹੀ ਅਤੇ ਰੇਡੀਓ ਪੇਸ਼ਕਾਰ ਸ. ਹਰਮੀਕ ਸਿੰਘ ਨੇ ਸਾਰੇ ਪ੍ਰੋਗਰਾਮ ਦੀ ਰੂਪ ਰੇਖਾ ਦੱਸੀ ਅਤੇ ਆਏ ਸਾਰੇ ਮੀਡੀਆ ਕਰਮੀਆਂ ਦਾ ਧੰਨਵਾਦ ਕੀਤਾ।