ਸੰਘਰਸ਼ ਸ਼ੀਲ ਲੋਕ ਜਮਹੂਰੀ ਹੱਕਾਂ ਲਈ ਸਦਾ ਲੜਦੇ ਰਹਿਣਗੇ,ਸਾਨੂੰ ਹਮੇਸ਼ਾ ਆਸ਼ਾਵਾਦੀ ਰਹਿਣਾ ਚਾਹੀਦੈ-ਬੂਟਾ ਸਿੰਘ

ਭਾਰਤ ਵਿਚ ਜਮਹੂਰੀ ਅਧਿਕਾਰਾਂ ਦੀ ਮੌਜੂਦਾ ਸਥਿਤੀ ਬਾਰੇ ਵਿਨੀਪੈਗ ( ਕੈਨੇਡਾ ) ‘ਚ ਕਰਵਾਇਆ ਸੈਮੀਨਾਰ
winnipegg 10--2
ਵਿਨੀਪੈਗ — ਪੰਜਾਬੀ ਸਾਹਿਤ ਅਤੇ ਸੱਭਿਆਚਾਰਕ ਸਭਾ ਵਿਨੀਪੈਗ ( ਕੈਨੇਡਾ) ਵਲੋਂ ਭਾਰਤ ਵਿਚ ਜਮਹੂਰੀ ਅਧਿਕਾਰਾਂ ਦੀ ਮੌਜੂਦਾ ਸਥਿਤੀ ਬਾਰੇ ਸੈਮੀਨਾਰ ਕਰਵਾਇਆ ਗਿਆ। ਸਰ ਵਿਲੀਅਮ ਸਟਿਫਨਸਨ ਲਾਇਬ੍ਰੇਰੀ ਵਿਨੀਂਪੈਗ ਵਿਖੇ ਕਰਵਾਏ ਇਸ ਸੈਮੀਨਾਰ ਦੇ ਮੁੱਖ ਬੁਲਾਰੇ ਪੰਜਾਬ ਦੇ ਉਘੇ ਬੁੱਧੀਜੀਵੀ ਅਤੇ ਅਨੁਵਾਦਕ ਸਾਥੀ ਬੂਟਾ ਸਿੰਘ ਸਨ। ਸਟੇਜ ਸਕੱਤਰ ਦੇ ਫਰਜ ਨਿਭਾਉਂਦਿਆਂ ਮੰਗਤ ਸਹੋਤਾ ਨੇ ਸਭ ਤੋਂ ਪਹਿਲਾਂ ਜਸਵੀਰ ਮੰਗੂਵਾਲ ਨੂੰ ਕਵਿਤਾ ਪੜ੍ਹਣ ਦਾ ਸੱਦਾ ਦਿੱਤਾ। ਜਸਵੀਰ ਕੌਰ ਨੇ ਆਪਣੀ ਬਹੁਤ ਹੀ ਭਾਵਪੂਰਤ ਕਵਿਤਾ ‘ ਧਾਰਮਿਕ ਜਨੂੰਨੀਆਂ ਦੇ ਨਾਮ ‘ ਪੜ੍ਹੀ। ਇਸ ਤੋਂ ਬਾਦ ਜਸਦੇਵ ਸਿੰਘ ਲਲਤੋਂ ਵਲੋਂ ਕਵਿਤਾ ਪੜ੍ਹਣ ਤੋਂ ਬੂਟਾ ਸਿੰਘ ਵਲੋਂ ਅਨੁਵਾਦਤ ਤੀਸਤਾ ਸੀਤਲਵਾੜ ਦੀ ਪੁਸਤਕ ‘ ਸੰਵਿਧਾਨ ਕਾ ਜ਼ਾਂਬਾਜ਼ ਮੁਹਾਫਿਜ਼ ‘ ਰਿਲੀਜ ਕੀਤੀ ਗਈ। ਆਪਣੇ ਮੁਖ ਭਾਸ਼ਣ ਦੀ ਸ਼ੁਰੂਆਤ ਕਰਦਿਆਂ ਸਾਥੀ ਬੂਟਾ ਸਿੰਘ ਨੇ ਜੌਹਨ ਕੂਰਨ ਦੀਆਂ ਇਹਨਾਂ ਲਾਈਨਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ –

‘ ਕੁਦਰਤ ਨੇ ਮਨੁੱਖ ਨੂੰ ਇਕੋ ਇਕ ਸ਼ਰਤ ‘ਤੇ ਆਜ਼ਾਦੀ ਦਿਤੀ ਹੈ, ਉਹ ਹੈ ਸਦਾ ਲਈ
ਚੇਤੰਨਤਾ। ਜੇ ਇਹ ਟੁੱਟ ਗਈ, ਤਾਂ ਗੁਲਾਮੀ ਦੀਆਂ ਜ਼ੰਜ਼ੀਰਾਂ ਏਸ ਗੁਨਾਹ ਦੀ ਸਜ਼ਾ ਹੋਣਗੀਆਂ। ‘

ਸੋ ਸਾਡਾ ਅਜਿਹੇ ਸਮਾਗਮ ਕਰਵਾਉਣ ਦਾ ਮਕਸਦ ਆਜਾਦੀ ਦੀ ਇਸ ਚੇਤੰਨਤਾ ਨੂੰ ਸਦਾ ਸਦਾ ਲਈ ਕਾਇਮ ਰੱਖਣ ਦਾ ਜਤਨ ਹੈ। ਸਾਡੇ ਪੰਜਾਬੀ ਦੇ ਇਨਕਲਾਬੀ ਸ਼ਾਇਰ ਲਾਲ ਸਿੰਘ ਦਿਲ ਨੇ ਕਿਹਾ ਹੈ ਕਿ ‘ ਜੋ ਲੜਣਾ ਨਹੀਂ ਜਾਣਦੇ, ਜੋ ਲੜਣਾ ਨਹੀਂ ਚਾਹੁੰਦੇ ,ਉਹ ਅਕਸਰ ਗੁਲਾਮ ਬਣਾ ਲਏ ਜਾਂਦੇ ਹਨ। ‘ ਅੱਜ ਭਾਰਤ ਵਿਚ ਮਿਥਿਹਾਸਕ ਕਾਲ ਦਾ ਪੁਰਾਣਾ ਸਮਾਂ ਦੁਹਰਾ ਕੇ ਇਤਿਹਾਸ ਦੇ ਪਹੀਏ ਨੂੰ ਪੁੱਠਾ ਗੇੜਾ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਆਰ ਐਸ ਐਸ( ਰਾਸ਼ਟਰੀ ਸਵਿਯਮ ਸੇਵਕ ਸੰਘ ) ਅਤਿ ਪਿਛਾਖੜੀ ਗਰੁੱਪ ਹੈ ,ਭਾਜਪਾ ਤਾਂ ਸਿਰਫ ਇਸਦਾ ਮੁਖੌਟਾ ਹੈ ,ਅਸਲ ‘ਚ ਇਸ ਸਮੇਂ ਨੀਤੀਆਂ ਆਰ ਐਸ ਐਸ ਦੀਆਂ ਹੀ ਚਲ ਰਹੀਆਂ ਹਨ ਜੋ ਭਾਰਤ ਨੂੰ ਹਿੰਦੂਤਵ ਦੇ ਨਾਹਰੇ ਹੇਠ ਵੰਡਣਾ ਚਾਹੁੰਦੇ ਹਨ । ਸੰਘ ਹਮੇਸ਼ਾ ਚਾਹੁੰਦਾ ਹੈ ਕਿ ਭਾਰਤ ਇਕ ਹਿੰਦੂ ਰਾਸ਼ਟਰ ਬਣੇ ਇਸ ਵਿਚ ਮੁਸਲਮਾਨਾ ਅਤੇ ਇਸਾਈਆਂ ਆਦਿ ਲਈ ਕੋਈ ਥਾਂ ਨਾ ਹੋਵੇ। ਮੁਸਲਮਾਨਾਂ ਅਤੇ ਇਸਾਈਆਂ ਤੋਂ ਬਾਦ ਸੰਘ ਦੇ ਤੀਜੇ ਦੁਸ਼ਮਣ ਕਮਿਊਨਿਸਟ ਹਨ। ਸੰਘ ਜੋ ਕਿ ਬਾਹਰੋਂ ਆਏ ਆਰੀਅਨ ਧਾੜਵੀਆਂ ਦਾ ਹੀ ਰੂਪ ਹੈ ਹਮੇਸ਼ਾ ਮੂਲ ਭਾਰਤੀ ਦਰਾਵੜਾਂ ਅਤੇ ਦੂਸਰੀਆਂ ਕੌਮਾਂ ਨੂੰ ਜਾਤ ਪਾਤ ਅਤੇ ਧਰਮਾਂ ਦੇ ਨਾਮ ‘ਤੇ ਲੜਾ ਕੇ ਰਾਜ ਕਰਦਾ ਰਿਹਾ ਹੈ। ਇਹ ਭਾਰਤੀ ਸੰਵਿਧਾਨ ਦੀ ਬਜਾਏ ਆਪਣੇ ਗਰੰਥ ‘ ਮੰਨੂ ਸਮਿਰਤੀ ‘ ਨੂੰ ਹੀ ਆਪਣਾ ਸੰਵਿਧਾਨ ਸਮਝਦੇ ਹਨ। ਇਸ ਮਨੂਸਿਮਰਤੀ ਵਿਚ ਦਲਿਤਾਂ ਅਤੇ ਔਰਤਾਂ ਦੇ ਖਿਲਾਫ ਰੱਜ ਕੇ ਭੰਡੀ ਪਰਚਾਰ ਕੀਤਾ ਗਿਆ ਹੈ। ਭਾਰਤ ਦੇ ਪਛੜੇਵੇਂ ਦਾ ਮੁਖ ਕਾਰਨ ਹੀ ਇਹ ਜਾਤ ਵਰਣ ਵਾਲੇ ਅਤੇ ਅੰਧ ਵਿਸ਼ਵਾਸ਼ੀ ਗਰੰਥ ਹਨ। ਇਹਨਾਂ ਗਰੰਥਾਂ ਦੇ ਅਧਾਰ ‘ਤੇ ਹੀ ਇਹ ਲੋਕ ਝੂਠ ਦਰ ਝੂਠ ਬੁੋਲ ਰਹੇ ਹਨ ਕਿ ਭਾਰਤ ਵਿਚ ਇਕ ਲੱਖ ਸਾਲ ਪਹਿਲਾਂ ਜਹਾਜ ਚਲਦੇ ਸਨ। ਉਹਨਾਂ ਕਿਹਾ ਕਿ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਮਨੁੱਖੀ ਸੱਭਿਅਤਾ ਦੀ ਉਮਰ ਅਜੇ ਸਿਰਫ ਦਸ ਹਜਾਰ ਸਾਲ ਦੇ ਕਰੀਬ ਹੈ। ਦੁਨੀਆਂ ਦੇ ਵਿਗਿਆਨ ‘ਚ ਭਾਰਤੀਆਂ ਦਾ ਕੋਈ ਯੋਗਦਾਨ ਨਹੀਂ। ਪਰ ਇਹ ਪਿਛਾਖੜੀ ਪਾਰਟੀਆਂ ਅਤੇ ਸੰਘ ਪਰਿਵਾਰ ਵਿਗਿਆਨ ਰਾਹੀਂ, ਵਿਗਿਆਨ ਦੀ ਨਿੰਦਿਆ ਕਰ ਕੇ ਅੰਧ ਵਿਸ਼ਵਾਸ਼ ਦਾ ਹਨੇਰਾ ਕਾਇਮ ਰੱਖਣਾ ਚਾਹੁੰਦੇ ਹਨ। ਇਸ ਅੰਧ ਵਿਸ਼ਵਾਸ਼ ਕਾਰਨ ਭਾਰਤ ਦੋ ਹਜਾਰ ਸਾਲ ਤੱਕ ਗੁਲਾਮ ਰਿਹਾ ਅਤੇ ਅੱਜ ਵੀ ਜ਼ਿਹਨੀਅਤ ਭਾਰਤੀਆਂ ‘ਤੇ ਭਾਰੂ ਹੈ।
ਭਾਜਪਾ ਦੇ ਮੋਢੀ ਵੀਰ ਸਾਵਰਕਾਰ ਬਾਰੇ ਬੂਟਾ ਸਿੰਘ ਨੇ ਕਿਹਾ ਕਿ ਉਹ ਅੰਗਰੇਜਾਂ ਦਾ ਪਿੱਠੂ ਸੀ ਅਤੇ ਅੰਗਰੇਜੀ ਰਾਜ ਸਮੇਂ ਅਕਸਰ ਕਿਹਾ ਕਰਦਾ ਸੀ ਕਿ ਹਿੰਦੂਆਂ ਨੂੰ ਅੰਗਰੇਜਾਂ ਦੇ ਖਿਲਾਫ ਲੜਣ ਦੀ ਥਾਂ ਆਪਣੀ ਤਾਕਤ ਬਚਾ ਕੇ ਰੱਖਣੀ ਚਾਹੀਦੀ ਹੈ ਤਾਂ ਕਿ ਅੰਗਰੇਜਾਂ ਦੇ ਜਾਣ ਤੋਂ ਬਾਦ ਮੁਸਲਮਾਨਾਂ, ਇਸਾਈਆਂ ਅਤੇ ਕਮਿਊਨਿਸਟਾਂ ਦੇ ਖਿਲਾਫ ਲੜਣ ਲਈ ਵਰਤੀ ਜਾ ਸਕੇ। ਇਸ ਤੋਂ ਇਲਾਵਾ ਔਰਤਾਂ ਦਾ ਜਿਨਸੀ ਸ਼ੋਸ਼ਣ ਵੀ ਇਹਨਾਂ ਦਾ ਸਿਆਸੀ ਏਜੰਡਾ ਹੈ। ਉਹ ਕਹਿੰਦੇ ਹਨ ਕਿ ਸ਼ਿਵਾ ਜੀ ਵਰਗਿਆਂ ਨੇ ਕਬਜੇ ‘ਚ ਆਈਆਂ ਮੁਸਲਿਮ ਔਰਤਾਂ ਨਾਲ ਬਲਾਤਕਾਰ ਨਾ ਕਰਕੇ ਬਹੁਤ ਮਾੜਾ ਕੀਤਾ । ਉਹ ਚਾਹੁੰਦੇ ਹਨ ਕਿ ਮੁਸਲਿਮ ਔਰਤਾਂ ਨਾਲ ਵੱਧ ਤੋਂ ਵੱਧ ਬਲਾਤਕਾਰ ਕੀਤੇ ਜਾਣ। ਭਾਰਤ ਵਿਚ ਕਠੂਆਂ ਅਤੇ ਉਨੂਆ ਵਰਗੀਆਂ ਘਟਨਾਵਾਂ ਸੰਘ ਪਰਿਵਾਰ ਦੀ ਸੋਚੀ ਸਮਝੀ ਚਾਲ ਦਾ ਹੀ ਹਿੱਸਾ ਹਨ। ਆਸਾ ਰਾਮ ਵਰਗੇ ਬਲਾਤਕਾਰੀ ਬਾਬੇ ਇਹਨਾਂ ਦੀ ਛਤਰ ਛਾਇਆ ਹੇਠ ਪਲਦੇ ਰਹੇ ਹਨ । ੳਹਨਾਂ ਕਿਹਾ ਕਿ 1947 ਤੋਂ ਲੈ ਕੇ ਹੁਣ ਤੱਕ ਭਾਰਤੀ ਹਾਕਮਾਂ ( ਸਟੇਟ) ਵਲੋਂ ਅੰਦਰੂਨ ਸੁਰੱਖਿਆ ਦੇ ਨਾ ‘ਤੇ ਫੌਜ ਅਤੇ ਸੁਰੱਖਿਆ ਏਜੰਸੀਆਂ ਦਾ ਦੁਰਉਪਯੋਗ ਕੀਤਾ ਜਾ ਰਿਹਾ ਹੈ। ਸਰਕਾਰਾਂ ਬਦਲਣ ਨਾਲ ਕੋਈ ਫਰਕ ਨਹੀਂ ਪੈਂਦਾ (ਸਾਡੀ ਧੌਣ ‘ਤੇ ਪੰਜਾ ਹੈ ਸਦਾ ਰਹਿੰਦਾ ,ਕਾਂਗਰਸ ਆਈ ਹੋਵੇ ਭਾਵੇਂ ਗਈ ਹੋਵੇ।) ਬੰਗਾਲੀ ਇਨਕਲਾਬੀਆਂ ਦੇ ਖਿਲਾਫ ਈਸਟ ਇੰਡੀਆ ਕੰਪਨੀ ਨੇ ਜਿਹੜੀਆਂ ਦੇਸ਼ ਧਰੋਹ ਦੀਆਂ ਧਾਰਾਵਾਂ ਲਾਈਆਂ ਸਨ , ਅੱਜ ਵੀ ਉਹਨਾਂ ਦੀ ਹੀ ਵਰਤੋਂ ਕੀਤੀ ਜਾ ਰਹੀ ਹੈ ,ਸਗੋਂ ਇਹਨਾਂ ਨੂੰ ਹੋਰ ਵੀ ਖਤਰਨਾਕ ਬਣਾ ਦਿਤਾ ਗਿਆ ਹੈ। 1992 ਤੋਂ ਲੈਕੇ ਹੁਣ ਤੱਕ ਕਾਰਪੋਰੇਟ ਕੰਪਨੀਆਂ ਦੀ ਰਾਖੀ ਅਤੇ ਉਹਨਾਂ ਲਈ ਜਮੀਨ ‘ਤੇ ਕਬਜੇ ਕਰਵਾਉਣ ਲਈ ਸੰਵਿਧਾਨ ਵਿਚ ਅਨੇਕਾਂ ਸੋਧਾਂ ਕੀਤੀਆਂ ਗਈਆਂ ਹਨ। ਜਿਸ ਕਾਰਪੋਰੇਟ ਜਗਤ ਦੀ ਬਦੌਲਤ ਮੋਦੀ ਵਰਗੇ ਪਰਧਾਨ ਮੰਤਰੀ ਬਣਦੇ ,ਇਹ ਉਸੇ ਦੀ ਕਠਪੁਤਲੀ ਬਣਕੇ ਹੀ ਉਹ ਆਪਣਾ ਕੰਮ ਕਰਦੇ ਹਨ। ਮੋਦੀ ਅਤੇ ਮਨਮੋਹਨ ਸਿੰਘ ‘ਚ ਸਿਰਫ ਇਹ ਹੀ ਫਰਕ ਹੈ ਕਿ ਮਨਮੋਹਨ ਸਿੰਘ ਕੋਲ ਹਿੰਦੂਤਵ ਦਾ ਨਾਹਰਾ ਨਹੀਂ ਸੀ ,ਬਾਕੀ ਨੀਤੀਆਂ ਦੋਵਾਂ ਦੀਆਂ ਸਾਰੀਆਂ ਇਕੋ ਹੀ ਹਨ। ਉਹਨਾਂ ਕਿਹਾ ਕਿ ਭਾਰਤ ਦੇ 15ਕਰੋੜ ਆਦਿਵਾਸੀ ਆਪਣੇ ਜਲ ,ਜੰਗਲ ,ਜਮੀਨ ਦੀ ਰਾਖੀ ਲਈ ਆਪਾ ਵਾਰੂ ਲੜਾਈ ਲੜ ਰਹੇ ਹਨ। ਇਹਨਾਂ ਨੂੰ ਦਬਾਉਣ ਲਈ 70 ਹਜਾਰ ਕਰੋੜ ਰੁਪੈ ਭਾਰਤੀ ਦੀ ਅੰਦਰੂਨੀ ਸਰੱਖਿਆ ਦੇ ਨਾਮ ਹੇਠ ਹਰ ਸਾਲ ਖਰਚ ਕੀਤੇ ਜਾ ਰਹੇ ਹਨ। 80 % ਅਪਾਹਜ ਪ੍ਰੋ: ਸਾਈਂ ਬਾਬਾ ਵਰਗੇ ਵਿਅੱਕਤੀਆਂ ਨੂੰ ਉਮਰ ਕੈਦ ਕਰਕੇ ਜੇਲ੍ਹਾਂ ‘ਚ ਸੁੱਟ ਦਿੱਤਾ ਗਿਆ ਹੈ ਤਾਂ ਕਿ ਆਦਿ ਵਾਸੀਆਂ ਦੇ ਹੱਕ ‘ਚ ਆਵਾਜ ਬੁਲੰਦ ਨਾ ਕਰ ਸਕਣ। ਦੂਜੇ ਪਾਸੇ ਸਰਕਾਰ ‘ਚ ਮੁੱਖ ਮੰਤਰੀ ਬਣੇ ਯੋਗੀ ਅਦਿਤਆ ਵਰਗੇ ਆਪਣੇ ਖਿਲਾਫ ਹੋਏ ਕੇਸ ਖੁਦ ਹੀ ਵਾਪਸ ਕਰਵਾ ਰਹੇ ਹਨ। ਉਹਨਾਂ ਕਿਹਾ ਕਿ ਡਾ: ਅੰਬੇਦਕਰ ਨੇ ਵੀ ਸੰਵਿਧਾਨ ਬਣਾਉਣ ਤੋਂ ਬਾਦ ਜਦ ਦੇਖਿਆ ਕਿ ਇਹ ਸੰਵਿਧਾਨ ਦਲਿਤਾਂ ਅਤੇ ਪਛੜੀਆਂ ਸ਼੍ਰੇਣੀਆਂ ਦੀ ਰਾਖੀ ਕਰਨ ‘ਚ ਅਸਮਰੱਥ ਹੈ ਤਾਂ ਉਹਨਾਂ ਕਿਹਾ ਸੀ ਕਿ ਇਹ ਸੰਵਿਧਾਨ ਹੁਣ ਕਿਸੇ ਕੰਮ ਦਾ ਨਹੀਂ ਰਿਹਾ । ਉਹਨਾਂ ਨਹਿਰੂ ਦੀ ਕੈਬਨਿਟ ‘ਚੋਂ ਅਸਤੀਫਾ ਦੇ ਕੇ ਇਸ ਸੰਵਿਧਾਨ ਨੂੰ ਅੱਗ ਲਾਉਣ ਦਾ ਐਲਾਨ ਕਰ ਦਿੱਤਾ ਸੀ। ਆਕਸੀਜਨ ਦੀ ਘਾਟ ਨਾਲ ਮਰ ਰਹੇ ਬੱਚਿਆਂ ਨੂੰ ਬਚਾਊਣ ਵਾਲੇ ਉਤਰ ਪਰਦੇਸ਼ ਦੇ ਡਾ: ਕਤੀਲ ਨੂੰ ਸਿਰਫ ਇਸ ਲਈ ਜੇਲ੍ਹ ‘ਚ ਸੁੱਟ ਦਿਤਾ ਗਿਆ ਕਿਉਂਕਿ ਉਹ ਮੁਸਲਮਾਨ ਸੀ।
ਭਾਰਤ ਦੇ ਮੀਡੀਆ ਬਾਰੇ ਉਹਨਾਂ ਕਿਹਾ ਕਿ ਇਹ ਪੂਰੀ ਤਰ੍ਹਾਂ ਕਾਰਪੋਰੇਟ ਜਗਤ ਦੇ ਅਧੀਨ ਹੈ ਅਤੇ ਇਸਦਾ ਚਿਹਰਾ ਕਦੇ ਵੀ ਲੋਕ ਪੱਖੀ ਨਹੀਂ ਹੋ ਸਕਦਾ। ਇਕ ਕਾਰਪੋਰਟੇ ਘਰਾਣਾ 27 ਟੀ ਵੀ ਚੈਨਲਾਂ ਦਾ ਮਾਲਕ ਹੈ। ਇੰਨਾਂ ਕੁਝ ਹੁੋਣ ਦੇ ਬਾਵਜੂਦ ਅਸੀਂ ਆਸ਼ਾਵਾਦੀ ਹਾਂ। ਪਰਿਵਰਤਣ ਕੁਦਰਤ ਦਾ ਨਿਯਮ ਹੈ। ਇਹ ਕਾਲੇ ਬੱਦਲ ਸਦਾ ਨਹੀਂ ਰਹਿ ਸਕਦੇ। ਜਿੱਤ ਅਖੀਰ ਸੰਘਰਸ਼ੀਲ ਲੋਕਾਂ ਦੀ ਹੀ ਹੋਵੇਗੀ। ਕੈਨੇਡਾ ਅਮਰੀਕਾ ਆਦਿ ਦੇਸ਼ਾਂ ‘ਚ ਬੈਠੇ ਅਗਾਂਹਵਧੂ ਸੋਚ ਵਾਲੇ ਭਾਰਤੀ ( ਪੰਜਾਬੀ) ਜੋ ਇਸ ਤਰਾਂ ਦੇ ਸੰਵਾਦ ਰਚਾਉਦੇ ਹਨ ,ਉਹ ਵਧਾਈ ਦੇ ਪਾਤਰ ਹਨ ਅਤੇ ਅਜਾਦੀ ਦੀ ਚੇਤੰਨਤਾ ਦੀ ਜੋਤ ਜਗਾਉਣ ‘ਚ ਅਹਿਮ ਰੋਲ ਕਰ ਰਹੇ ਹਨ। ਉਹਨਾਂ ਕਿਹਾ ਕਿ ਅਮਰੀਕਾ -ਕੈਨੇਡਾ ਦੀ ਇਸ ਧਰਤੀ ‘ਤੇ ਅਜਾਦੀ ਦੀ ਚਿਣਗ ਲਾਉਣ ਵਾਲੇ ਗਦਰੀ ਬਾਬਿਆਂ ਤੇ ਗਦਰੀ ਸੂਰਬੀਰਾਂ ਦੇ ਤੁਸੀਂ ਸੱਚੇ ਵਾਰਸ ਹੋ। ਇਸ ਮੌਕੇ ਜਮਹੂਰੀ ਹੱਕਾਂ ਦੇ ਅਲੰਬਰਦਾਰ ਮਦੀਹਾ ਗੌਹਰ ਅਤੇ ਜਸਟਿਸ ਰਜਿੰਦਰ ਸੱਚਰ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਥੇ ਔਰਤਾਂ ਦੇ ਜਿਨਸੀ ਸ਼ੋਸ਼ਣ ਰੋਕਣ ,ਕਠੂਆ -ਉਨੂਆ ਵਰਗੀਆਂ ਬਲਾਤਕਾਰ ਦੀਆਂ ਘਟਨਾਵਾਂ ਦੀ ਨਿਖੇਧੀ ਅਤੇ ਪ੍ਰੋ: ਸਾਈਂ ਬਾਬਾ ਨੂੰ ਰਿਹਾ ਕਰਨ ਦੇ ਮਤੇ ਪੇਸ਼ ਕੀਤੇ ਗਏ ,ਜਿਹਨਾਂ ਨੂੰ ਸਾਰੇ ਹਾਜਰ ਸਰੋਤਿਆਂ ਨੇ ਹੱਥ ਖੜ੍ਹੇ ਕਰਦੇ ਪ੍ਰਵਾਨਗੀ ਦਿੱਤੀ । ਇਸ ਮੌਕੇ ਸਾਥੀ ਬੂਟਾ ਸਿੰਘ ਵਲੋਂ ਸਾਰੇ ਹਾਜਰ ਸਰੋਤਿਆਂ ਦੇ ਜਵਾਬ ਵੀ ਦਿੱਤੇ ਗਏ। ਇਸ ਮੌਕੇ ਅਗਾਂਹਵਧੂ ਪੁਸਤਕਾਂ ਦਾ ਸਟਾਲ ਵੀ ਲਾਇਆ ਗਿਆ , ਜਿਸ ਵਿਚ ਤੀਸਤਾ ਸੀਤਲਵਾੜਨ ਦੀ ਪੁਸਤਕ ਸੰਵਿਧਾਨ ਕਾ ਜ਼ਾਂਬਾਜ ਮੁਹਾਫਿਜ ਤੋਂ ਇਲਾਵਾ ਅਮਰਜੀਤ ਢਿੱਲੋਂ ਦਬੜ੍ਹੀਖਾਨਾ ਦੀ ਪੁਸਤਕ ‘ ਜਿਥੇ ਦੁਨੀਆਂ ਮੁਕਦੀ ਹੈ ‘ ਵੀ ਰੱਖੀ ਗਈ। ਅਖੀਰ ਵਿਚ ਜਗਮੋਹਨ ਢੁੱਡੀ ਕੇ ਵਲੋ ਬੂਟਾ ਸਿੰਘ ਅਤੇ ਸਾਰੇ ਹਾਜਰੀਨ ਦਾ ਧੰਨਵਾਦਾ ਕੀਤਾ ਗਿਾਆ। ਇਸ ਮੌਕੇ ਮੁਖਤਿਆਰ ਸਿੰਘ ਢੁੱਡੀ ਕੇ , ਬਲਜਤੀ ਸਿੰਘ ਸਿਧੂ, ਕਮਲ ਜੀ, ਜਸਵਿੰਦਰ ਕੌਰ ,ਹਰਨੇਕ ਧਾਲੀਵਾਲ, ਐਮ ਪੀ ਸਿੰਘ, ਯੋਗ ਰਾਹੀ ਗੁਪਤਾ, ਬੀਰਬਲ ਭਦੌੜ, ਦਰਸ਼ਨ ਸਿੰਘ ਵਾਂਦਰ, ਡਾ: ਜਸਵਿੰਦਰ ਸਿੰਘ ਕਮਲ, ਹਰਿੰਦਰ ਗਿੱਲ ਚੂਹੜਚੱਕ (ਮੋਗਾ), ਅਮਰਜੀਤ ਸਿੰਘ ਨਥਾਣਾ ਅਤੇ 60ਦੇ ਕਰੀਬ ਹੋਰ ਪਤਵੰਤੇ ਹਾਜਰ ਸਨ।

 

(ਅਮਰਜੀਤ ਢਿੱਲੋਂ)

431 336 6656

Install Punjabi Akhbar App

Install
×