ਪੰਜਾਬ ਵਿਚੋਂ ਨੌਜਵਾਨਾਂ ਦਾ ਪਰਵਾਸ ਅਤੇ ਚੰਗੇ ਰੁਜਗਾਰ ਦੇ ਖ਼ਾਤਮੇ ਦਾ ਮਸਲਾ

Surjit Singh dr pbi uni pta 180802 Decent Employment and Migration Issusss

 

ਪੰਜਾਬ ਦੇ ਅਕਾਦਿਮ ਹਲਕਿਆਂ ਵਿਚ ਇਹ ਗੱਲ ਚਰਚਾਦਾ ਵਿਸ਼ਾ ਹੈ ਕਿ ਇਸ ਸਾਲ ਕਾਲਜਾਂ ਅਤੇ ਯੂਨੀਵਰਸਟੀਆਂ ਵਿਚ ਪਿਛਲੇ ਸਾਲ ਦੀ ਤਰ੍ਹਾਂ ਹੀ ਦਾਖ਼ਲਿਆਂ ਵਿਚ ਭਾਰੀ ਕਮੀ ਆਈ ਹੈ। ਬਹੁਤ ਸਾਰੇ ਕਾਲਜਾਂ ਵਿਚ ਹੁਣ ਤਕ ਦਾਖ਼ਿਲ ਹੋਏ ਵਿਦਿਆਰਥੀਆਂ ਦੀ ਗਿਣਤੀ ਏਨੀ ਨਿਗੂਣੀ ਹੈ ਕਿ ਉਨ੍ਹਾਂ ਦਾ ਭਵਿੱਖ ਵਿਚ ਬੰਦ ਹੋਣਾ ਤੈਅ ਹੈ। ਇਹ ਗੱਲ ਸਿਰਫ਼ ਸਧਾਰਣ ਡਿਗਰੀ ਕਾਲਜਾਂ ਬਾਰੇ ਹੀ ਸੱਚ ਨਹੀਂ ਸਗੋਂ ਪ੍ਰੋਫ਼ੈਸ਼ਨਲ ਕਾਲਜਾਂ ਬਾਰੇ ਵੀ ਸੱਚ ਹੈ ਜਿੱਥੇ ਇੰਜਨੀਅਰਿੰਗ, ਮੈਡੀਕਲ, ਮੈਨੇਜਮੈਂਟ ਅਤੇ ਪ੍ਰੋਫ਼ੈਸ਼ਨਕ ਕਮਰਸ ਵਰਗੇ ਵਿਸ਼ੇ ਪੜ੍ਹਾਏ ਜਾਂਦੇ ਹਨ। ਇਨ੍ਹਾਂ ਕਾਲਜਾਂ ਵਿਚ ਅਸਥਾਈ ਤੌਰ ਉੱਤੇ ਜਾਂ ਠੇਕੇ ਉੱਤੇ ਕੰਮ ਕਰ ਰਹੇ ਅਧਿਆਪਕਾਂ ਉੱਤੇ ਛਾਂਟੀ ਦੀ ਤਲਵਾਰ ਲਟਕ ਗਈ ਹੈ ਅਤੇ ਬਹੁਤ ਸਾਰੇ ਕਾਲਜਾਂ ਵਿਚ ਸਾਲ ਦਰ ਸਾਲ ਨੌਕਰੀ ਉੱਤੇ ਰੱਖੇ ਜਾਂਦੇ ਬਹੁਤ ਸਾਰੇ ਅਧਿਆਪਕਾਂ ਨੂੰ ਜਵਾਬ ਮਿਲ ਗਿਆ ਹੈ। ਇਸ ਵਰਤਾਰੇ ਦਾ ਫ਼ੌਰੀ ਤੌਰ ਉੱਤੇ ਕਾਰਣ ਇਹ ਹੈ ਕਿ ਇਨ੍ਹਾਂ ਕਾਲਜਾਂ ਵਿਚ ਚੱਲਦੇ ਵੱਖ ਵੱਖ ਕੋਰਸਾਂ ਵਿਚ ਦਾਖ਼ਿਲ ਹੋਣ ਦੀ ਬਜਾਏ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਹਜ਼ਾਰਾਂ-ਲੱਖਾਂ ਦੀ ਗਿਣਤੀ ਵਿਚ ਆਈਲਟਸ ਦੇ ਇਮਤਿਹਾਨ ਦੀ ਟਰੇਨਿੰਗ ਦੇਣ ਵਾਲੇ ਸੈਂਟਰਾਂ ਵਿਚ ਦਾਖ਼ਿਲ ਹੋ ਰਹੇ ਹਨ। ਇਸ ਇਮਤਿਹਾਨ ਵਿਚ ਲੋੜੀਂਦੇ ਬੈਡ ਆਉਣ ਨਾਲ ਉਨ੍ਹਾਂ ਦੀ ਵਿਦੇਸ਼ ਜਾਣ ਦੀ ਦੂਜੀ ਸ਼ਰਤ ਪੂਰੀ ਹੋ ਜਾਂਦੀ ਹੈ ਜਿਸ ਨਾਲ ਉਹ 12ਵੀਂ (ਪਹਿਲੀ ਸ਼ਰਤ) ਤੋਂ ਬਾਅਦ ਵੱਖ ਵੱਖ ਮੁਲਕਾਂ ਵਿਚ ਵਿਦਿਆਰਥੀ ਵੀਜ਼ੇ ‘ਤੇ ਜਾਣ ਦੇ ਕਾਬਿਲ ਹੋ ਜਾਂਦੇ ਹਨ।  ਇਸ ਤਰ੍ਹਾਂ ਜ਼ਿਆਦਾਤਰ ਨੌਜਵਾਨ ਵੱਖ ਵੱਖ ਮੁਲਕਾਂ ਵਿਚ ਵਿਦਿਆਰਥੀ ਵੀਜ਼ੇ ਉੱਤੇ ਜਾਂਦੇ ਹਨ ਪਰ ਉਨ੍ਹਾਂ ਦਾ ਮਕਸਦ ਉੱਥੇ ਪੜ੍ਹਾਈ ਕਰਨ ਦੀ ਬਜਾਏ ਕਿਰਤ ਕਮਾਈ ਕਰਨਾ ਅਤੇ ਪੈਸੇ ਕਮਾਉਣਾ ਹੁੰਦਾ ਹੈ। ਇਸ ਤਰ੍ਹਾਂ ਪਿੱਛਲੇ 2-3 ਸਾਲਾਂ ਤੋਂ ਇਹ ਰੁਝਾਨ ਲਗਾਤਾਰ ਵਧ ਰਿਹਾ ਹੈ ਜਿਸ ਦੇ ਸਿੱਟੇ ਵਜੋਂ  ਪੰਜਾਬ ਦੇ ਨੌਜਵਾਨ ਵੱਡੀ ਗਿਣਤੀ ਵਿਚ ਵਿਦੇਸ਼ਾਂ ਵਿਚ ਜਾ ਰਹੇ ਹਨ।

ਪਿਛਲੇ ਸਾਲ ਦੌਰਾਨ ਨੌਜਵਾਨਾਂ ਦੇ ਪਰਵਾਸ ਬਾਰੇ ਮੌਜੂਦ ਅੰਦਾਜ਼ਿਆਂ ਮੁਤਾਬਿਕ 1 ਲੱਖ ਨੌਜਵਾਨ/ਵਿਦਿਆਰਥੀ ਵਿਦੇਸ਼ਾਂ ਵਿਚ ਵਿਦਿਆਰਥੀ ਵੀਜ਼ਿਆਂ ਉੱਤੇ ਗਿਆ ਹੈ। ਸਾਡੇ ਵਿਦਿਆਰਥੀ ਮੁੱਖ ਤੌਰ ‘ਤੇ ਕੈਨੇਡਾ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚ ਖੁੱਲ੍ਹੀਆਂ ਅਨੇਕਾਂ ਯੂਨੀਵਰਸਿਟੀਆਂ ਵਿਚ ਅਨੇਕਾਂ ਕੋਰਸਾਂ ਵਿਚ ਦਾਖ਼ਲ ਹੁੰਦੇ ਹਨ। ਇਸ ਤੋਂ ਇਲਾਵਾ ਕੁਝ ਨੌਜਵਾਨ ਅਮਰੀਕਾ, ਇੰਗਲੈਂਡ ਅਤੇ ਯੂਰਪੀ ਮੁਲਕਾਂ ਵਿਚ ਵੀ ਜਾਂਦੇ ਹਨ ਪਰ ਉਨ੍ਹਾਂ ਦੀ ਗਿਣਤੀ ਕੋਈ ਬਹੁਤੀ ਜ਼ਿਆਦਾ ਨਹੀਂ ਹੈ। ਕੈਨੇਡਾ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚ ਬਹੁਤ ਸਾਰੀਆਂ ਅਜਿਹੇ ਵਿੱਦਿਅਕ ਸੰਸਥਾਨ ਖੁੱਲ੍ਹੇ ਹੋਏ ਹਨ ਜਿਨ੍ਹਾਂ ਦਾ ਮਕਸਦ ਏਸ਼ੀਆਈ-ਅਫ਼ਰੀਕੀ ਮੁਲਕਾਂ ਦੀ ਇਨ੍ਹਾਂ ਦੇਸ਼ਾਂ ਵਿਚ ਵੱਸਣ ਦੀ ਚਾਹਤ ਨੂੰ ਪੂਰਾ ਕਰਨਾ ਹੈ, ਇਸ ਲਈ ਉਨ੍ਹਾਂ ਕੋਲ ਨਾ ਪੜ੍ਹਾਈ ਕਰਵਾਉਣ ਲਈ ਲੋੜੀਂਦਾ ਇਨਫ਼ਰਾਸਟ੍ਰਕਚਰ ਹੈ ਅਤੇ ਨਾ ਹੀ ਕੋਈ ਸਥਾਈ ਅਧਿਆਪਨ ਅਮਲਾ ਹੈ। ਉਹ ਵੀ ਭਾਰਤ ਵਿਚ ਡਿਗਰੀਆਂ ਦੇਣ ਲਈ ਖੁੱਲ੍ਹੀਆਂ ਦੁਕਾਨਨੁਮਾ ਯੂਨੀਵਰਸਟੀਆਂ ਵਾਂਗ ਹੀ ਕੰਮ ਚਲਾਉਂਦੇ ਹਨ। ਪਰ ਇਸ ਸਭ ਨਾਲ ਉਹ ਆਪਣੇ ਮੁਲਕ ਨੂੰ ਚੰਗਾ ਸਰਮਾਇਆ ਕਾਮ ਕੇ ਦਿੰਦੇ ਹਨ ਅਤੇ ਸਸਤੀ ਕਿਰਤ ਸ਼ਕਤੀ ਮੁਹੱਈਆ ਕਰਵਾਉਣ ਵਿਚ ਮੱਦਦਗਾਰ ਹੁੰਦੇ ਹਨ।

ਪੰਜਾਬ ਇਸ ਸਮੇਂ ਇਨ੍ਹਾਂ ਵਿਕਸਿਤ ਮੁਲਕਾਂ ਨੂੰ ਸਸਤੀ ਕਿਰਤ ਸ਼ਕਤੀ ਮੁਹੱਈਆ ਕਰਵਾਉਣ ਵਾਲਾ ਮੁੱਖ ਸੂਬਾ ਬਣ ਗਿਆ ਹੈ। ਰੌਚਕ ਗੱਲ ਇਹ ਵੀ ਹੈ ਕਿ ਪੰਜਾਬ ਦੇ ਪ੍ਰੋਫ਼ੈਸ਼ਨਲ ਕਾਲਜਾਂ ਵਿਚ ਭਾਂਤ ਭਾਂਤ ਦੀਆਂ ਡਿਗਰੀਆਂ ਕਰਨ ਵਾਲੇ ਵਿਦਿਆਰਥੀਆਂ ਕੋਲ ਡਿਗਰੀਆਂ ਤਾਂ ਹੁੰਦੀਆਂ ਹਨ ਪਰ ਉਹ ਪ੍ਰੋਫ਼ੈਸ਼ਨਲ ਯੋਗਤਾ ਤੋਂ ਸੱਖਣੇ ਹੋਣ ਕਰਕੇ ਉਨ੍ਹਾਂ ਪ੍ਰੋਫ਼ੈਸ਼ਨਾਂ ਵਿਚ ਨੌਕਰੀ ਕਰਨ ਦੇ ਯੋਗ ਨਹੀਂ ਹੁੰਦੇ। ਇਹ ਵਿਦਿਆਰਥੀ ਵੀ ਵੱਡੀ ਗਿਣਤੀ ਵਿਚ ਵਿਦੇਸ਼ਾਂ ਵਿਚ ਜਾਂਦੇ ਹਨ। ਇਸ ਤਰ੍ਹਾਂ ਇਹ ਡਿਗਰੀ ਧਾਰੀ ਨੌਜਵਾਨ ਵਿਦੇਸ਼ਾਂ ਵਿਚ ਮਜਦੂਰਾਂ ਦੀ ਮੰਗ ਪੂਰੀ ਕਰਦੇ ਹਨ।

ਇਨ੍ਹਾਂ ਦੇਸ਼ਾਂ ਵਿਚ ਵੱਖ ਵੱਖ ਕੋਰਸਾਂ ਵਿਚ ਦਰਜਾ-ਬਾ-ਦਰਜਾ 12 ਲੱਖ ਤੋਂ 30-35 ਲੱਖ ਰੁਪਏ ਦਾ ਮੁੱਢਲਾ ਖ਼ਰਚਾ ਆਉਂਦਾ ਹੈ। ਕਈ ਕੋਰਸਾਂ ਵਿਚ 40 ਤੋਂ 50 ਲੱਖ ਰੁਪਏ ਫ਼ੀਸ ਵੀ ਹੈ। ਇਸ ਹਿਸਾਬ ਨਾਲ ਪ੍ਰਤਿ ਵਿਦਿਆਰਥੀ ਪਹਿਲੀ ਵਾਰ ਔਸਤਨ 16 ਲੱਖ ਰੁਪਏ ਵੀ ਸਾਡੇ ਪੰਜਾਬੀਆਂ ਵਿਦਿਆਰਥੀਆਂ ਨਾਲ ਵਿਦੇਸ਼ਾਂ ਵਿਚ ਚਲੇ ਜਾਂਦੇ ਹਨ। ਇਸ ਦਾ ਮਤਲਬ ਇੱਕ ਸਾਲ ਵਿਚ ਹੀ ਪੰਜਾਬ ਦਾ 16 ਹਜ਼ਾਰ ਕਰੋੜ ਰੁਪਿਆ ਇਨ੍ਹਾਂ ਰਾਹੀਂ ਬਾਹਰ ਚਲਾ ਗਿਆ। ( ਅੰਗਰੇਜ਼ੀ ਟ੍ਰਿਬਿਊਨ ਦੀ ਰਿਪੋਰਟ ਮੁਤਾਬਿਕ 67 ਹਜ਼ਾਰ ਕਰੋੜ ਰੁਪਿਆ) ਇਸ ਤੋਂ ਪਿਛਲੇ ਸਾਲ ਦਾ ਅਨੁਮਾਨ 70 ਹਜ਼ਾਰ ਕਰੋੜ ਰੁਪਿਆ ਸੀ। ਇਸ ਤੋਂ ਇਲਾਵਾ ਹਰ ਸਾਲ ਪ੍ਰਤਿ ਵਿਦਿਆਰਥੀ ਹੋਰ ਵੀ ਲੱਖਾਂ ਰੁਪਏ ਬਾਹਰ ਜਾਂਦੇ ਹਨ। ਇਸ ਨਾਲ ਪੰਜਾਬ ਦੀ ਬੌਧਿਕਤਾ, ਕਿਰਤ ਸ਼ਕਤੀ ਅਤੇ ਸਰਮਾਏ ਦਾ ਵੱਡੀ ਪੱਧਰ ‘ਤੇ ਵਿਦੇਸ਼ਾਂ ਨੂੰ ਨਿਕਾਸ ਹੋ ਰਿਹਾ ਹੈ। ਇਸ ਨਾਲ ਪੰਜਾਬ ਦੇ ਹੋਰ ਬਹੁਤ ਸਾਰੇ ਛੋਟੇ ਵੱਡੇ ਕਾਰੋਬਾਰ ਵੀ ਪ੍ਰਭਾਵਿਤ ਹੋ ਰਹੇ ਹਨ। ਪਰਵਾਸ ਦੇ ਪੱਖ ਵਿਚ ਦਲੀਲ ਇਹ ਵੀ ਦਿੱਤੀ ਜਾਂਦੀ ਹੈ ਕਿ ਪੰਜਾਬ ਵਿਚ ਵਿਦੇਸ਼ਾਂ ਤੋਂ ਪੈਸਾ ਆਉਂਦਾ ਵੀ ਹੈ, ਇਸ ਲਈ ਇਹ ਪੰਜਾਬ ਦੀ ਆਰਥਿਕਤਾ ਲਈ ਘਾਟੇਵੰਦਾ ਸੌਦਾ ਨਹੀਂ ਹੈ। ਉਪਲਬਧ ਜਾਣਕਾਰੀਆਂ ਅਨੁਸਾਰ 90 ਹਜ਼ਾਰ ਕਰੋੜ ਰੁਪਏ ਹਰ ਸਾਲ  ਵਿਦੇਸ਼ਾਂ ਵਿਚੋਂ ਪੰਜਾਬ/ ਭਾਰਤ ਆਉਂਦਾ ਹੈ। ਪਹਿਲੀ ਗੱਲ ਤਾਂ ਇਹ ਉਹ ਪੈਸਾ ਹੈ ਜੋ ਜ਼ਿਆਦਾਤਰ ਚਿਰ-ਸਥਾਪਿਤ ਪਰਵਾਸੀਆਂ ਵੱਲੋਂ ਦੇਰ ਤੋਂ ਭੇਜਿਆ ਜਾ ਰਿਹਾ ਹੈ ਜਿਹੜੇ ਆਪਣੇ ਸਕੇ-ਸੰਬੰਧੀਆਂ ਨੂੰ ਜਾਂ ਦਾਨ-ਪੁੰਨ ਦੇ ਕਾਰਜਾਂ ‘ਤੇ ਖ਼ਰਚ ਕਰਨ ਲਈ ਅਤੇ ਵਿੱਦਿਅਕ ਸੰਸਥਾਵਾਂ ਜਾਂ ਹਸਪਤਾਲਾਂ ਉੱਤੇ ਖ਼ਰਚ ਕਰਨ ਲਈ ਭੇਜਦੇ ਹਨ। ਵਿਦਿਆਰਥੀ ਵੀਜ਼ੇ ਉੱਤੇ ਜਾਣ ਵਾਲੇ ਨੌਜਵਾਨਾਂ ਦੇ ਪ੍ਰਵਾਸ ਕਾਰਣ ਇਸ ਪੈਸੇ ਦਾ ਪੰਜਾਬ ਦੀ ਕੁਲ ਆਰਥਿਕਤਾ ਉੱਤੇ ਸਾਕਾਰਤਮਕ ਪ੍ਰਭਾਵ ਦਿਨੋ ਦਿਨੀ ਘਟ ਰਿਹਾ ਹੈ। ਇਹ ਵੀ ਧਿਆਨ ਵਿਚ ਰੱਖਣ ਵਾਲਾ ਤੱਥ ਹੈ ਕਿ ਬਾਹਰ ਭੇਜੇ ਜਾ ਰਹੇ ਸਰਮਾਏ ਦਾ ਬਹੁਤ ਸਾਰਾ ਹਿੱਸਾ ਕਾਨੂੰਨੀ ਤੌਰ ‘ਤੇ ਰਿਕਾਰਡ ਕਰਨਯੋਗ ਤਰੀਕਿਆਂ ਤੋਂ ਬਿਨਾ ਵੀ ਬਾਹਰ ਜਾ ਰਿਹਾ ਹੈ। ਜਾਇਦਾਦਾਂ ਦੀ ਵੇਚ-ਵੱਟ ਅਤੇ ਲੋਕਾਂ ਦੀ ਕੁਲ ਜਮ੍ਹਾਂ ਪੂੰਜੀ ਦਾ ਬਹੁਤ ਸਾਰਾ ਹਿੱਸਾ ਹਵਾਲੇ ਦੇ ਮਾਧਿਅਮ ਰਾਹੀਂ ਵੀ ਬਾਹਰ ਜਾਂਦਾ ਹੈ ਜੋ ਇਨ੍ਹਾਂ ਅੰਕੜਿਆਂ ਵਿਚ ਗਿਣਿਆਂ ਨਹੀਂ ਜਾਂਦਾ। ਇਸ ਲਈ ਪੰਜਾਬ ਤੋਂ ਵਿਦੇਸ਼ਾਂ ਵੱਲ ਨਿਕਾਸ ਕਰ ਰਹੇ ਸਰਮਾਏ ਦੀ ਮਿਕਦਾਰ ਅਸਲ ਵਿਚ ਬਹੁਤ ਜ਼ਿਆਦਾ ਹੈ।

ਅਰਥਸ਼ਾਸਤਰੀ ਵਧੇਰੇ ਅੰਕੜਿਆਂ ਨਾਲ ਦੱਸ ਸਕਦੇ ਹਨ ਕਿ ਜਦੋਂ ਕਿਸੇ ਖਿੱਤੇ ਦਾ ਕਰੋੜਾਂ ਰੁਪਏ ਆਏ ਸਾਲ ਉੱਡ ਜਾਂਦਾ ਹੈ ਤਾਂ ਉਸ ਖਿੱਤੇ ਦੀ ਆਰਥਿਕਤਾ ਬਰਬਾਦੀ ਵੱਲ ਯਾਤਰਾ ਸ਼ੁਰੂ ਕਰ ਲੈਂਦੀ ਹੈ ਜਿਸ ਦਾ ਖ਼ਮਿਆਜ਼ਾ ਸਮਾਜ ਦੇ ਸਭ ਵਰਗਾਂ ਨੂੰ ਭੁਗਤਣਾਂ ਪੈਂਦਾ ਹੈ। ਪੰਜਾਬ ਵਿਚ ਨੌਜਵਾਨਾਂ ਦੇ ਪੰਜਾਬ ਦੇ ਸਰਮਾਏ ਦੇ ਬਾਹਰ ਜਾਣ ਨਾਲ ਬਹੁਤ ਸਾਰੇ ਛੋਟੇ ਵੱਡੇ ਕਾਰੋਬਾਰ ਵੀ ਪ੍ਰਭਾਵਿਤ ਹੋ ਰਹੇ ਹਨ। ਪੰਜਾਬ ਦੀਆਂ ਕਿਤਾਬਾਂ-ਕਾਪੀਆਂ ਦੀਆਂ ਦੁਕਾਨਾਂ ਤੋਂ ਲੈ ਕੇ ਚਾਹ-ਸਮੋਸੇ ਵੇਚਣ ਵਾਲਿਆਂ ਦਾ ਕਾਰੋਬਾਰ ਨਿਘਾਰ ਵੱਲ ਜਾ ਰਿਹਾ ਹੈ। ਪੰਜਾਬ ਵਿਚ ਵਿਆਪਕ ਪੱਧਰ ‘ਤੇ ਗਰੀਬੀ ਅਤੇ ਭੁੱਖਮਰੀ ਪੈਦਾ ਹੋਣ ਦੀਆਂ ਸੰਭਾਵਨਾਵਾਂ ਵਧ ਰਹੀਆਂ ਹਨ।  ਇਸ ਸਭ ਨੇ ਪੰਜਾਬ ਦੀ ਸਮੁੱਚੀ ਆਰਥਿਕਤਾ ਨੂੰ ਜਲਦੀ ਹੀ ਆਪਣੀ ਜਕੜ ਵਿਚ ਲੈ ਲੈਣਾ ਹੈ ਕਿ ਇਸ ਵਿਚ ਬਾਹਰ ਨਿੱਕਲਣਾ ਬਹੁਤ ਮੁਸ਼ਕਿਲ ਹੋ ਜਾਵੇਗਾ।

ਅਸੀਂ ਇਸ ਵਰਤਾਰੇ ਬਾਰੇ ਅਕਸਰ ਫ਼ਿਕਰ ਕਰਦੇ ਹਾਂ ਪਰ ਇਹ ਸਮਝਣ ਦੀ ਕੋਸ਼ਿਸ਼ ਘੱਟ ਕਰਦੇ ਹਾਂ ਕਿ ਅਜਿਹਾ ਕਿਉਂ ਹੋ ਰਿਹਾ ਹੈ। ਇਸ ਦਾ ਸਿੱਧਾ ਕਾਰਣ ਹੈ ਕਿ ਪੰਜਾਬ ਸਰਕਾਰ ਦੀਆ ਨੀਤੀਆਂ ਨੇ ਪੰਜਾਬ ਵਿਚ ‘ਵਧੀਆ ਰੁਜਗਾਰ’ ਦੇ ਮੌਕੇ ਲੱਗਭਗ ਖ਼ਤਮ ਕਰ ਦਿੱਤੇ ਗਏ ਹਨ। ਪੰਜਾਬ ਦਾ ਨੌਜਵਾਨ ਪੜ੍ਹ ਲਿਖ ਕੇ ਚੰਗੀ ਉਜਰਤ ਵਾਲੇ ਰੁਜਗਾਰ ਦੇ ਸੁਪਨੇ ਦੇਖਦਾ ਹੈ। ਇਸ ਸਮੇਂ ਪੰਜਾਬ ਦੀਆਂ ਸਾਰੀਆਂ ਸਰਕਾਰੀ/ਅਰਧ ਸਰਕਾਰੀ ਨੌਕਰੀਆਂ ਵਿਚ ਬੰਦੇ ਨੂੰ ਮੂਲ ਤਨਖ਼ਾਹ ‘ਤੇ (ਪਹਿਲੇ ਤਿੰਨ ਸਾਲਾਂ ਲਈ ਬਿਨਾ ਕਿਸੇ ਵਾਧੇ ਤੋਂ) ਰੱਖਿਆ ਜਾਂਦਾ ਹੈ। ਇਸ ਦਾ ਮਤਲਬ ਪੰਜਾਬ ਵਿਚ ਡਾਕਟਰ/ਇੰਜਨੀਅਰ/ ਪੁਲਿਸ ਅਫ਼ਸਰ/ਅਸਿਸਟੈਂਟ ਪ੍ਰੋਫ਼ੈਸਰ ਅਤੇ ਹੋਰ ਸਾਰੀਆਂ ਪਹਿਲੇ ਦਰਜੇ ਦੀਆਂ ਅਸਾਮੀਆਂ ਉੱਤੇ 15600/ਰੁਪਏ (ਇਸ ਵਿਚੋਂ 1560/-ਰੁਪਏ ਸੀਪੀਐਫ਼. ਦੇ ਕੱਟੇ ਜਾਂਦੇ ਹਨ, ਮਤਲਬ ਅਸਲ ਤਨਖ਼ਾਹ 14540/- ਹੀ ਹੈ।) ਮਹੀਨਾਵਾਰ ਤਨਖ਼ਾਹ ਦਿੱਤੀ ਜਾਂਦੀ ਹੈ। ਇਹ ਹਾਲ ਪਹਿਲੇ ਦਰਜੇ ਦੀਆਂ ਅਸਾਮੀਆਂ ਦੀ ਹੈ ਜਿਸ ਵਿਚ ਪੀਸੀਐੱਸ ਅਫ਼ਸਰ ਵੀ ਆਉਂਦੇ ਹਨ, ਡੀਐੱਸਪੀ ਵੀ ਅਤੇ ਹੋਰ ਪ੍ਰਸ਼ਾਸਕੀ ਅਹੁਦਿਆਂ ਉੱਤੇ ਕੰਮ ਕਰਦੇ ਅਧਿਕਾਰੀ ਵੀ। ਇਸ ਵਿਚ ਅਧਿਆਪਕ ਵੀ ਆਉਂਦੇ ਹਨ, ਦਰਜਾ ਦੋ ਦੇ ਅਨੇਕਾਂ ਅਧਿਕਾਰੀ ਵੀ ਅਤੇ ਵੱਖ ਵੱਖ ਸਕੀਮਾਂ ਵਿਚ ਕੰਮ ਕਰਦੇ ਹਜ਼ਾਰਾਂ ਅਧਿਆਪਕ ਵੀ ਜਿਨ੍ਹਾਂ ਨੂੰ ਪੱਕੇ ਨਹੀਂ ਕੀਤਾ ਜਾ ਰਿਹਾ। ਸਵਾਲ ਪੈਦਾ ਹੁੰਦਾ ਹੈ ਕਿ ਕੀ ਵੱਡੀਆਂ ਵੱਡੀਆਂ ਡਿਗਰੀਆਂ ਕਰਨ, ਮੁਕਾਬਲੇ ਦੇ ਇਮਤਿਹਾਨ ਪਾਸ ਕਰਨ ਅਤੇ ਕੋਰਸਾਂ ਉੱਤੇ ਲੱਖਾਂ ਰੁਪਏ ਖ਼ਰਚ ਕਰਨ ਉਪਰੰਤ ਸਾਡੇ ਮਿਹਨਤੀ ਅਤੇ ਪੜ੍ਹੇ ਲਿਖੇ ਨੌਜਵਾਨ ਬੱਸ ਇਹੀ ਹੱਕ ਰੱਖਦੇ ਹਨ? ਇਹ ਵੀ ਜਾਣ ਲਿਆ ਜਾਵੇ ਕਿ ਤਨਖ਼ਾਹ ਦਾ ਇਹ ਸਿਸਟਮ ਪੰਜਾਬ ਤੋਂ ਬਾਹਰ ਕਿਸੇ ਵੀ ਸੂਬੇ ਵਿਚ ਨਹੀਂ ਹੈ। ਬਾਕੀ ਸਭ ਰਾਜਾਂ ਵਿਚ ਪਹਿਲੇ ਦਰਜੇ ਦੀਆਂ  ਨੌਕਰੀਆਂ ਉੱਤੇ ਮੁੱਢ ਵਿਚ ਹੀ 50 ਤੋਂ 60 ਹਜ਼ਾਰ ਮਹੀਨਾਵਾਰ ਤਨਖ਼ਾਹ ਦਿੱਤੀ ਜਾਂਦੀ ਹੈ। ਇਸ ਹਾਲਤ ਵਿਚ ਪੰਜਾਬ ਦਾ ਨੌਜਵਾਨ ਕਿੱਥੇ ਜਾਵੇ?

ਇਸ ਸਭ ਦੇ ਚੱਲਦਿਆਂ ਇਹ ਵੀ ਹੋਣਾ ਹੈ ਕਿ ਜਿਹੜੇ ਬਾਹਰ ਨਹੀਂ ਜਾ ਸਕਦੇ ਪਰ ਉਂਝ ਲਾਇਕ ਅਤੇ ਸਮਰੱਥ ਹਨ, ਉਹ ਭਾਰਤ ਦੇ ਹੋਰ ਸੂਬਿਆਂ ਵਿਚ ਜਾਣ ਲਈ ਮਜਬੂਰ ਹੋਣ ਗੇ ਅਤੇ ਪੰਜਾਬ ਦਾ ਬੌਧਿਕ ਅਤੇ ਵਿੱਤੀ ਦਿਵਾਲਾ ਨਿੱਕਲ ਜਾਵੇਗਾ। ਇਨ੍ਹਾਂ ਸਾਰੇ ਤੱਥਾਂ ਨੂੰ ਜੋੜ ਕੇ ਦੇਖੀਏ ਤਾਂ ਇਸ ਦਾ ਸਿੱਟਾ ਇਹ ਨਿੱਕਲੇਗਾ ਕਿ ਪੰਜਾਬ ਵਿਚੋਂ ਥੋੜ੍ਹੇ ਬਹੁਤ ਸਰੋਤਾਂ ਵਾਲਾ ਬੰਦਾ ਆਪਣੀ ਮੌਜੂਦਾ ਧੰਨ-ਸੰਪਤੀ ਸਮੇਤ ਵਿਦੇਸ਼ਾਂ ਵਿਚ ਚਲੇ ਜਾਵੇਗਾ, ਪੰਜਾਬ ਵਿਚ ਲਿਆਕਤ ਅਤੇ ਸਮਰੱਥਾ ਵਾਲਾ ਬੰਦਾ ਪੰਜਾਬ ਤੋਂ ਬਾਹਰ ਹੋਰ ਸੂਬਿਆਂ ਵਿਚ ਮੁਕਾਬਲਤਾ ਵਧੇਰੇ ਰੁਜਗਾਰ ਦੇ ਮੌਕਿਆਂ ਅਤੇ ਵਧੇਰੇ ਤਨਖ਼ਾਹਾਂ ਕਰਕੇ ਪੰਜਾਬ ਤੋਂ ਬਾਹਰ ਪਰ ਭਾਰਤ ਦੇ ਅੰਦਰ ਅੰਦਰ ਪਰਵਾਸ ਕਰ ਜਾਵੇਗਾ ਅਤੇ ਬਾਕੀ ਬਚੇ ਲੋਕ ਜਿਹੜੇ ਇਹ ਨਹੀਂ ਕਰ ਪਾਉਣਗੇ ਉਹ ਹੀ ਸਿਰਫ਼ ਪੰਜਾਬ ਵਿਚ ਵੱਸਣਗੇ। ਪਰ ਸਵਾਲ ਪੈਦਾ ਹੁੰਦਾ ਹੈ ਕਿ ਕੀ ਪੰਜਾਬ ਉਨ੍ਹਾਂ ਲਈ ਇਹ ਜੀਣ ਦੀ ਥਾਂ ਬਣਿਆ ਰਹਿ ਸਕੇਗਾ ਕਿ ਮਰਨ ਦੀ ਥਾਂ ਬਣ ਜਾਵੇਗਾ। (ਭਗਵਾਨ ਜੋਸ਼ ਨੇ  ਪੰਜਾਬੀ ਸਾਹਿਤਕ ਰਸਾਲੇ ‘ਹੁਣ’ ਵਿਚ ਛਲੇ ਆਪਣੇ ਇਕ ਆਲੇਖ ਵਿਚ ਇਹ ਵੀ ਲਿਖਿਆ ਸੀ ਕਿ ਪੰਜਾਬ ਅੱਜਕੱਲ੍ਹ ਜਿਉਣ ਦੀ ਥਾਂ ਨਹੀਂ ਮਰਨ ਦੀ ਥਾਂ ਬਣ ਗਿਆ ਹੈ)

ਇਹ ਪੰਜਾਬ ਦੇ ਲੋਕਾਂ ਨਾਲ ਸਰਾਸਰ ਧੋਖਾ ਹੈ। ਇਹ ਪੰਜਾਬ ਨੂੰ ਬਰਬਾਦ ਕਰਨ ਅਤੇ ਦਰ ਦਰ ਦਾ ਭਿਖਾਰੀ ਬਣਾਉਣ ਦੀ ਸਾਜਿਸ਼ ਹੈ। ਇਹ ਸਬੂਤ ਹੈ ਇਸ ਗੱਲ ਦਾ ਕਿ ਪੰਜਾਬ ਦੀ ਰਾਜਨੀਤੀ ਵਿਚ ਭਾਈਵਾਲ ਧਿਰਾਂ ਪੰਜਾਬ ਅਤੇ ਪੰਜਾਬੀਆਂ ਦੀਆਂ ਕੁੱਝ ਨਹੀਂ ਲੱਗਦੀਆ ਕਿਉਂਕਿ ਇਨ੍ਹਾਂ ਮਸਲਿਆਂ ਬਾਰੇ ਇਨ੍ਹਾਂ ਦੀ ਪਹੁੰਚ/ਨੀਤੀ ਵਿਚ ਏਕਤਾ ਹੈ। ਪਿੱਛਲੀ ਕਾਂਗਰਸ ਸਰਕਾਰ ਨੇ ਪੰਜਾਬ ਵਿਚ ਸਰਕਾਰੀ ਸਹਾਇਤਾ ਪ੍ਰਾਪਤ ਪ੍ਰਾਈਵੇਟ ਕਾਲਜਾਂ ਦੀਆਂ ਗਰਾਂਟਾਂ ਉੱਤੇ ਕੱਟ ਲਾਉਣੇ ਸ਼ੁਰੂ ਕੀਤੇ ਗਏ ਸਨ ਅਤੇ ਉੱਥੇ 95%ਗਰਾਂਟ ਇਨ ਏਡ ਦੀਆਂ ਪੋਸਟਾਂ ਭਰਨ ਉੱਤੇ ਪਾਬੰਦੀ ਲਗਾ ਦਿੱਤੀ ਸੀ। ਇਸ ਤੋਂ ਬਾਅਦ ਅਕਾਲੀ ਸਰਕਾਰ ਨੇ ਪੰਜਾਬ ਦੀਆਂ ਸਾਰੀਆਂ ਸਰਕਾਰੀ ਨੌਕਰੀਆਂ ਉੱਤੇ ਠੇਕੇ ‘ਤੇ ਭਰਤੀ ਕਰਨ ਦਾ ਸਿਸਟਮ ਬਣਾ ਕਿ ਇਸ ਨੂੰ ਵਿਧਾਨ ਸਭਾ ਵਿਚ ਪਾਸ ਕਰਵਾ ਕੇ ਪੜ੍ਹੇ ਲਿਖੇ ਨੌਜਵਾਨਾਂ ਦਾ ਵਧੀਆ ਰੁਜਗਾਰ ਦੇ ਸੁਪਨੇ ਨੂੰ ਖੇਰੂੰ ਖੇਰੂੰ ਕਰਨ ਦਾ ਵਿਧਾਨਕ ਤਰੀਕਾ ਅਪਣਾ ਲਿਆ ਸੀ। ਸਾਰੇ ਤੱਥਾਂ ਨੂੰ ਆਪਸ ਵਿਚ ਜੋੜ ਕੇ ਸਮਝ ਵਿਚ ਆ ਜਾਂਦਾ ਹੈ ਕਿ ਇਸ ਠੇਕੇਦਾਰੀ ਪ੍ਰਣਾਲੀ ਰਾਹੀਂ ਪੰਜਾਬ ਵਿਚ ਨਿੱਜੀ (ਪ੍ਰਾਈਵੇਟ) ਕਾਲਜ/ਯੂਨੀਵਰਸਿਟੀਆਂ, ਹਸਪਤਾਲ ਅਤੇ ਹੋਰ ਕੰਪਨੀਆਂ ਚਲਾ ਰਹੇ ਵਪਾਰੀਆਂ/ਧਨਾਡਾਂ ਨੂੰ ਕਰੋੜਾਂ ਰੁਪਏ ਦਾ ਮੁਨਾਫ਼ਾ ਦਿੱਤਾ ਜਾ ਰਿਹਾ ਹੈ। ਇਹ ਉਨ੍ਹਾਂ ਦੀ ਸਹੂਲਤ ਲਈ ਹੀ ਕੀਤਾ ਗਿਆ ਹੈ ਕਿ ਉਨ੍ਹਾਂ ਨੂੰ ਸਰਕਾਰੀ ਪ੍ਰਵਾਣਿਤ ਸਕੇਲਾਂ ਉੱਤੇ ਕਰਮਚਾਰੀ/ਅਧਿਕਾਰੀ ਨਾ ਰੱਖਣੇ ਪੈਣ। ਇਸ ਪ੍ਰਣਾਲੀ ਦੇ ਸ਼ੁਰੂ ਹੋਣ ਤੋਂ ਬਾਅਦ ਪੰਜਾਬ ਵਿਚ ਇਕਦਮ ਨਿੱਜੀ ਕਾਲਜਾਂ/ਯੂਨੀਵਰਸਿਟੀਆਂ, ਹਸਪਤਾਲਾਂ, ਵਪਾਰਕ ਕੰਪਨੀਆਂ, ਸਰਵਿਸ ਪ੍ਰੋਵਾਈਡਰ ਕੰਪਨੀਆਂ  ਦੀ ਗਿਣਤੀ ਵਿਚ ਇਕਦਮ ਵਾਧਾ ਹੋਇਆ ਦੇਖਿਆ ਜਾ ਸਕਦਾ ਹੈ। ਇਹ ਸਾਰੇ ਨਿੱਜੀ ਅਦਾਰੇ ਪੰਜਾਬ ਦੀ ਕਿਰਤ ਸ਼ਕਤੀ, ਬੌਧਕ ਸ਼ਕਤੀ ਅਤੇ ਕੀਮਤੀ ਮਨੁੱਖੀ ਸਰੋਤਾਂ ਦੀ ਲੁੱਟ ਕਰ ਰਹੇ ਹਨ ਅਤੇ ਦਿਨੋਂ ਦਿਨ ਅਮੀਰ ਹੋ ਰਹੇ ਹਨ। ਇਨ੍ਹਾਂ ਦੀ ਤੁਲਨਾਂ ਵਿਚ ਪੰਜਾਬ ਦਿਨੋ ਦਿਨ ਗ਼ਰੀਬ ਅਤੇ ਕੰਗਾਲ  ਹੁੰਦਾ ਜਾ ਰਿਹਾ ਹੈ। ਇਸ ਲਈ ਇਹ ਸਭ ਪੰਜਾਬ ਦੇ ਲੋਕਾਂ ਦੀ ਹੋਣੀ ਨੂੰ ਵੇਚ ਵੱਟ ਕੇ ਆਪਣੇ ਘਰ ਭਰਨ ਦੀ ਯੋਜਨਾਬੰਦੀ ਹੈ। ਪੰਜਾਬ ਦਾ ਸਿਆਸਤਦਾਨ ਰਾਜ ਦੇ ਲੋਕਾਂ ਪ੍ਰਤਿ ਆਪਣੀ ਵਿਧਾਨਕ ਅਤੇ ਨੈਤਿਕ ਜ਼ਿੰਮੇਵਾਰੀ ਨਿਭਾਉਣ ਦੀ ਬਜਾਏ ਆਪਣੇ ਨਿੱਜੀ ਹਿੱਤਾਂ ਨਾਲ ਇਸ ਕਦਰ ਜਕੜਿਆ ਹੋਇਆ ਹੈ ਕਿ ਉਸ ਨੂੰ ਇਹ ਵੀ ਸਮਝ ਨਹੀਂ ਆ ਰਿਹਾ ਕਿ ਇਸ ਸਭ ਦੇ ਸਿੱਟੇ ਏਨੇ ਖ਼ਤਰਨਾਕ ਹੋਣਗੇ ਕਿ ਉਨ੍ਹਾਂ ਦੀ ਪੰਜਾਬ ਵਿਚ ਸੁਰੱਖਿਅਤ ਜ਼ਿੰਦਗੀ ਦੀ ਗਾਰੰਟੀ ਨਹੀਂ ਰਹੇਗੀ।

ਪੰਜਾਬ ਵਿਚ ਵਧੀਆ ਰੁਜਗਾਰ ਨੂੰ ਖ਼ਤਮ ਕਰਨ ਦੀ ਪ੍ਰਕਿਰਿਆ ਨੂੰ ਠੱਲ੍ਹਣ ਲਈ ਕਾਲਜਾਂ ਦੀਆਂ ਪ੍ਰਬੰਧਕੀ ਕਮੇਟੀਆਂ, ਪ੍ਰਿੰਸੀਪਲਾਂ ਅਤੇ ਅਧਿਆਪਕਾਂ ਦੀਆਂ ਜੱਥੇਬੰਦੀਆਂ ਦੁਆਰਾ ਅਦਾਲਤ ਵਿਚ ਪਹੁੰਚ ਕੀਤੀ ਗਈ। ਅਦਾਤਲ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਅਤੇ ਪੰਜਾਬ ਸਰਕਾਰ ਵੱਲੋਂ ਹਲਫ਼ਨਾਮਾ ਦੇਣ ਉਪਰੰਤ ਸਰਕਾਰੀ ਸਹਾਇਤਾ ਪ੍ਰਾਪਤ ਪ੍ਰਾਈਵੇਟ ਕਾਲਜਾਂ ਵਿਚ  ਫ਼ਰੀਜ਼ ਕੀਤੀਆਂ ਗਈਆਂ 1928 ਪੋਸਟਾਂ ਉੱਤੇ ਪੰਜਾਬ ਸਰਕਾਰ ਨੇ ਮੁੱਢਲੇ ਤੌਰ ‘ਤੇ 3 ਸਾਲ ਦੇ ਠੇਕੇ ਉੱਤੇ ਅਧਿਆਪਕਾਂ ਦੀ ਭਰਤੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ। (ਹੁਣ ਭਰਤੀ ਕੀਤੇ ਗਏ ਇਨ੍ਹਾਂ ਅਧਿਆਪਕਾਂ ਦੇ ਤਿੰਨ ਸਾਲ ਪੂਰੇ ਹੋ ਗਏ ਹਨ ਪਰ ਇਨ੍ਹਾਂ ਨੂੰ ਪੱਕੇ ਕਰਨ ਦੀ ਕੋਈ ਨੀਅਤ ਨਜ਼ਰ ਨਹੀਂ ਆ ਰਹੀ।  ਪਿਛਲੀਆਂ ਚੋਣਾਂ ਦੌਰਾਨ ਕਾਂਗਰਸ ਨੇ ਆਪਣੇ ਚੋਣ ਮਨੋਰਥ ਪੱਤਰ ਵਿਚ ਲਿਖਿਆ ਸੀ ਕਿ ਸਾਰੀਆਂ ਨੌਕਰੀਆਂ ਵਿਚ ਠੇਕੇ ਉੱਤੇ ਭਰਤੀ ਕਰਨ ਦੀ ਪ੍ਰਣਾਲੀ ਖ਼ਤਮ ਕੀਤੀ ਜਾਵੇਗੀ ਅਤੇ ਸਾਰੀਆਂ ਭਰਤੀਆਂ ਪੱਕੇ ਤੌਰ ‘ਤੇ ਬਾਕਾਇਦਾ ਤਨਖ਼ਾਹ ਸਕੇਲਾਂ ਵਿਚ ਕੀਤੀਆਂ ਜਾਣਗੀਆਂ।  ਇਨ੍ਹਾਂ ਸਤਰਾਂ ਦੇ ਲੇਖਕ ਨੇ ਵੀ ਚੋਣਾਂ ਤੋਂ ਪਹਿਲਾਂ ‘ਉਚੇਰੀ ਸਿੱਖਿਆ ਬਚਾਉ ਮੰਚ’ ਦਾ ਇੱਕ ਵੱਡਾ ਡੈਲੀਗੇਸ਼ਨ ਲੈ ਕੇ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਕੀਤੀ ਸੀ, ਜਿਸ ਵਿਚ ਉਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਕਾਲਜਾਂ/ਯੂਨੀਵਰਸਿਟੀਆਂ ਵਿਚ ਅਧਿਆਪਕਾਂ ਨੂੰ ਠੇਕੇ ਉੱਤੇ ਰੱਖਣ ਦੀ ਬਜਾਏ ਪੱਕੀਆਂ ਨਿਯੁਕਤੀਆਂ ਕੀਤੀਆਂ ਜਾਣਗੀਆਂ ਅਤੇ ਯੂਨੀਵਰਸਿਟੀਆਂ ਨੂੰ 250-300 ਰੁਪਏ ਦੀਆਂ ਸਾਲਾਨਾਂ ਗਰਾਂਟਾਂ ਦਿੱਤੀਆਂ ਜਾਣਗੀਆਂ ਅਤੇ ਕਾਲਜਾਂ ਵਿਚ ਵਿਦਿਆਰਥੀਆਂ ਦੀ ਮੌਜੂਦਾ ਗਿਣਤੀ ਦੇ ਆਧਾਰ ‘ਤੇ ਨਵੀਆਂ ਪੋਸਟਾਂ ਦਿੱਤੀਆਂ ਜਾਗੀਆਂ। ਪਰ ਚੋਣਾਂ ਤੋਂ ਬਾਅਦ ਉਹੀ ਹੋਇਆ ਜੋ ਸਾਰੀਆਂ ਪਾਰਟੀਆਂ ਚੋਣਾਂ ਤੋਂ ਪਹਿਲਾਂ ਕੀਤੇ ਆਪਣੇ ਵਾਅਦਿਆਂ ਦਾ ਕਰਦੀਆਂ ਹਨ। ਮੌਜੂਦਾ ਕਾਂਗਰਸ ਸਰਕਾਰ ਨੇ ਲੱਖਾਂ ਰੁਜਗਾਰ ਦੇਣ ਦੇ ਵਾਅਦੇ ਪ੍ਰਤੀ ਵੀ ਕੋਈ ਬਹੁਤੀ ਤੱਤਪਰਤਾ ਨਹੀਂ ਦਿਖਾਈ ਅਤੇ ਅਕਾਲੀਆਂ ਵੱਲੋਂ ਅਪਣਾਈਆਂ ਗਈਆਂ ਨੀਤੀਆਂ ਨੂੰ ਜਿਉਂ ਦਾ ਤਿਉਂ ਜਾਰੀ ਰੱਖਿਆ ਹੋਇਆ ਹੈ।

ਕੀ ਅਸੀਂ ਪੰਜਾਬ ਦੀ ਨਿੱਘਰੀ ਜਾ ਰਹੀ ਹਾਲਤ ਬਾਰੇ ਚਰਚਾ-ਕਚੀਰਾ ਕਰਕੇ, ਰੋ ਧੋ ਕੇ, ਇਵੇਂ ਹੀ ਹੱਥ ‘ਤੇ ਹੱਥ ਧਰ ਕੇ ਬੈਠੈ ਰਹਾਂਗੇ ਕਿ ਕੋਈ ਅਜਿਹੀ ਲਹਿਰ ਖੜ੍ਹੀ ਕਰਨ ਦੀ ਚਾਰਾਜੋਈ ਕਰਾਂਗੇ ਕਿ ਪੰਜਾਬ ਦਾ ਨੌਜਵਾਨ ਪੰਜਾਬ ਵਿਚ ਹੀ ਮਾਣਮੱਤੀ ਅਤੇ ਭਰੀਪੂਰੀ ਜ਼ਿੰਦਗੀ ਜਿਉਂ ਸਕੇ ਅਤੇ ਪੰਜਾਬ ਨੂੰ ਹਰ ਪੱਖੋਂ ਕੰਗਾਲ ਹੋਣ ਤੋਂ ਬਚਾਇਆ ਜਾ ਸਕੇ? ਕਈ ਮੰਨਦੇ ਹਨ ਕਿ ਪੰਜਾਬ ਵਿਚ ਮਰਨ ਨਾਲੋਂ ਤਾਂ ਬਾਹਰ ਜਾਣਾ ਜ਼ਿਆਦਾ ਚੰਗਾ ਹੈ। ਪਰ ਸਵਾਲ ਹੈ ਕਿ ਕੀ ਪੰਜਾਬ ਦੀ ਸਾਰੀ ਵੱਸੋਂ ਵਿਦੇਸ਼ਾਂ ਵਿਚ ਜਾ ਸਕਦੀ ਹੈ? ਕੀ ਪੰਜਾਬ ਦੀ ਦੁਖਾਂਤਕ ਹੋਣੀ ਦਾ ਹੱਲ ਪਰਵਾਸ ਹੈ? ਮੇਰੀ ਜਾਚੇ ਪਰਵਾਸ ਇਕ ਹੱਦ ਤਕ ਵਿਅਕਤੀਆਂ ਦੀਆਂ ਸਮੱਸਿਆਂਵਾਂ ਦਾ ਸੀਮਿਤ ਜਿਹਾ ਹੱਲ ਤਾਂ ਹੈ ਪਰ ਇਹ ਪੂਰੀ ਕੌਮ ਦਾ ਰਸਤਾ ਨਹੀਂ ਹੋ ਸਕਦਾ। ਇਹ ਵੀ ਧਿਆਨ ਵਿਚ ਰੱਖਣ ਦੀ ਲੋੜ ਹੈ ਕਿ ਬਹੁਤ ਸਾਰੇ ਮੁਲਕਾਂ ਵਿਚ ਵੱਡੇ ਪੱਧਰ ‘ਤੇ ਪਰਵਾਸੀਆਂ ਦੇ ਪਹੁੰਚਣ ਨਾਲ ਬੇਰੁਜਗਾਰੀ ਦੀ ਸਮੱਸਿਆ ਉੱਥੇ ਵੀ ਪੈਦਾ ਹੋ ਰਹੀ ਹੈ ਅਤੇ ਪੰਜਾਬੀਆਂ ਨੂੰ ਉੱਥੇ ਸਥਾਈ ਠਾਹਰ ਮਿਲਣ ਤੋਂ ਬਾਅਦ ਉੱਥੇ ਵੀ ਬੇਰੁਜਗਾਰੀ, ਅਰਧ-ਰੁਜਗਾਰੀ, ਅਲਪ-ਰੁਜਗਾਰੀ ਅਤੇ ਹੀਣ-ਰੁਗਾਰੀ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਹ ਵਰਤਾਰਾ ਦਿਨੋਂ ਦਿਨ ਵਧ ਰਿਹਾ ਹੈ। ਇਸ ਲਈ ਪਰਵਾਸ ਸਾਡੀਆਂ ਸਮੱਸਿਆਵਾਂ ਦਾ ਸਥਾਈ ਅਤੇ ਸਦੀਵੀ ਹੱਲ ਨਹੀਂ ਹੋ ਸਕਦਾ। ਸਾਡੀਆਂ ਸਮੱਸਿਆਵਾਂ ਦਾ ਸਦੀਵੀਂ ਅਤੇ ਸਥਾਈ ਹੱਲ ਪੰਜਾਬ ਵਿਚ ਹੀ ਹੋਣਾ ਹੈ ਅਤੇ ਇਹ ਅਸੀਂ ਕਰਨਾ ਹੈ ਅਤੇ ਇਹ ਸਾਡੇ ਪ੍ਰਤਿਨਿਧ ਸਿਆਸਤਦਾਨਾਂ ਨੇ ਕਰਨਾ ਹੈ ਅਤੇ ਇਹ ਸਾਡੀਆਂ ਸਰਕਾਰਾਂ ਨੇ ਕਰਨਾ ਹੈ। ਪੰਜਾਬ ਦੇ ਲੋਕ ਬੇਰੁਜਗਾਰੀ/ਬੌਧਿਕ ਕੰਗਾਲੀ/ ਨਸ਼ੇਖ਼ੋਰੀ/ਖ਼ੁਦਕਸ਼ੀ/ ਹਿੰਸਾ ਅਤੇ ਜ਼ੁਰਮ ਤੋਂ ਤਾਂ ਬਚ ਸਕਦੇ ਹਨ ਜੇ ਉਨ੍ਹਾਂ ਨੂੰ ਉਤਪਾਦਕੀ-ਸਿਰਜਣਾਤਮਕ ਕੰਮਾਂ ਉੱਤੇ ਲਾਇਆ ਜਾਵੇਗਾ ਅਤੇ ਉਨ੍ਹਾਂ ਨੂੰ ਪੰਜਾਬ ਵਿਚ ਹੀ ਮਾਣਯੋਗ ਜ਼ਿੰਦਗੀ ਜਿਉਣ ਦੇ ਕਾਬਿਲ ਬਣਾਉਣ ਲਈ ਉਨ੍ਹਾਂ ਨੂੰ ਕੁਸ਼ਲ ਬਣਾਇਆ ਜਾਵੇਗਾ ਅਤੇ ਉਨ੍ਹਾਂ ਨੂੰ ਆਪਣੀ ਕੁਸ਼ਲਤਾ /ਯੋਗਤਾ ਮੁਤਾਬਿਕ ਨੌਕਰੀਆਂ ਦਿੱਤੀਆਂ ਜਾਣਗੀਆਂ ਅਤੇ ਉਨ੍ਹਾਂ ਨੂੰ ਵਾਜਿਬ ਤਨਖ਼ਾਹਾਂ ਉੱਤੇ ਸਥਾਈ ਨਿਯੁਕਤੀਆਂ ਦਿੱਤੀਆਂ ਜਾਣਗੀਆਂ। ਜੇ ਪੰਜਾਬ ਦੇ ਸਿਆਸਤਦਾਨਾਂ, ਬੁਧੀਮਾਨਾਂ ਅਤੇ ਹੋਰ ਸੰਵੇਦਨਸ਼ੀਲ ਲੋਕਾਂ ਨੇ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਵੱਲ ਪਿੱਠ ਕੀਤੀ ਰੱਖੀ ਤਾਂ ਇਸ ਦੇ ਜੋ ਸਿੱਟੇ ਨਿੱਕਲਣੇ ਉਸ ਦੀ ਕਲਪਨਾ ਵੀ ਦਿਲ ਨੂੰ ਕੰਬਾ ਕੇ ਰੱਖ ਦਿੱਤੀ ਹੈ।

ਸਵਾਲਾਂ ਦਾ ਸਵਾਲ! ਇਹ ਸਭ ਕਿਵੇਂ ਹੋਵੇਗਾ? ਇਸ ਨਾਲ ਹੀ ਸਾਡੇ ਤੁਹਾਡੇ ਸਾਹਮਣੇ ਇਹ ਸਵਾਲ ਵੀ ਹੈ ਕਿ ਸੰਵੇਦਨਸ਼ੀਲ ਅਤੇ ਵੱਡੇ ਸੁਪਨੇ ਦੇਖਣ ਵਾਲੇ ਪੰਜਾਬੀਓ! ਅਸੀਂ ਹੋਰ ਬਹੁਤ ਸਾਰੇ ਮਸਲਿਆਂ ਉੱਤੇ ਗਰਮੀ/ ਸਰਗਰਮੀ ਦਿਖਾਉਂਦੇ ਹਾਂ, ਕੀ ਅਸੀਂ ਪੰਜਾਬ ਅਤੇ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਲਈ ਕੋਈ ਪਹਿਲਕਦਮੀ ਨਹੀਂ ਕਰ ਸਕਦੇ?

ਡਾ. ਸੁਰਜੀਤ ਸਿੰਘ

(surjitpbiu@yahoo.co.in)

ਪ੍ਰੋਫ਼ੈਸਰ, ਪੰਜਾਬੀ ਵਿਭਾਗ – ਪੰਜਾਬੀ ਯੂਨੀਵਰਸਿਟੀ, ਪਟਿਆਲਾ

Install Punjabi Akhbar App

Install
×