ਨੀਅਤਨ ਭੁੱਖੇ ਲੀਡਰਾਂ ਤੋਂ ਲੋਕਾਂ ਦੀ ਖ਼ਾਹਿਸ਼ ਪੂਰਤੀ ਦੀ ਉਮੀਦ?

Bagel Singh Dhaliwal 160829 artcle 003

ਜਦੋਂ ਜਦੋਂ ਵੀ ਚੋਣਾਂ ਦਾ ਮੌਸਮ ਆਉਂਦਾ ਹੈ ਉਦੋਂ ਆਪਣੀਆਂ ਪਿਤਰੀ ਪਾਰਟੀਆਂ ਛੱਡ ਕੇ ਵਫ਼ਾਦਾਰੀਆਂ ਬਦਲਣ ਵਾਲੇ ਲੋਕ ਵੀ ਖੁੰਬਾਂ ਵਾਂਗੂੰ ਉੱਗ ਪੈਂਦੇ ਹਨ। ਇਹਨਾਂ ਦਲ ਬਦਲੂ ਲੋਕਾਂ ਨਾਲ ਜਨਤਾ ਦੀ ਘ੍ਰਿਣਾ ਜਾਂ ਹਮਦਰਦੀ ਵੀ ਵਕਤੀ ਹੁੰਦੀ ਹੈ, ਜਿਸ ਦਾ ਚਿਰ ਸਥਾਈ ਅਸਰ ਕਦੇ ਵੀ ਦੇਖਿਆ ਨਹੀਂ ਗਿਆ। ਇਸ ਦੇ ਬਾਵਜੂਦ ਵੀ ਪੰਜਾਬ ਦੇ ਲੋਕਾਂ ਦੀ ਇਹ ਫ਼ਿਤਰਤ ਹੀ ਕਹੀ ਜਾ ਸਕਦੀ ਹੈ ਕਿ ਇਹ ਹਕੂਮਤਾਂ ઠਦੇ ਜਬਰ ਜ਼ੁਲਮ ਨੂੰ ਬਹੁਤ ਜਲਦੀ ਵਿਸਾਰ ਦਿੰਦੇ ਹਨ। ਪੰਜਾਬੀਆਂ ਦੀ ਇਸ ਸਵੈ ਮਾਰੂ ਆਦਤ ਦਾ ਫ਼ਾਇਦਾ ਰਾਜਨੀਤਕ ਪਾਰਟੀਆਂ ਬੜੇ ਲੰਮੇ ਸਮੇਂ ਤੋਂ ਬਦਲ ਬਦਲ ਕੇ ਲੈਂਦੀਆਂ ਆ ਰਹੀਆਂ ਹਨ। ਹੁਣ ਜਦੋਂ ਸੂਬਾ ਸਰਕਾਰ ਤੋਂ ਹਰ ਵਰਗ ਦਾ ਪੂਰੀ ਤਰਾਂ ਮੋਹ ਭੰਗ ਹੋ ਚੁੱਕਿਆ ਹੈ ਤਾਂ ਅਕਾਲੀ ਦਲ ਨੂੰ ਅਲਵਿਦਾ ਕਹਿਣ ਵਾਲੇ ਲੋਕਾਂ ਨੂੰ ਜ਼ਰੂਰ ਕੁੱਝ ਹਮਦਰਦੀ ਨਾਲ ਦੇਖਿਆ ਜਾ ਰਿਹਾ ਹੈ। ਵੱਖ ਵੱਖ ਰਾਸ਼ਟਰੀ ਪਾਰਟੀਆਂ ਦਾ ਨਜ਼ਰੀਆ ਪੰਜਾਬ ਪ੍ਰਤੀ ਤਕਰੀਬਨ ਇੱਕੋ ਜਿਹਾ ਹੀ ਰਿਹਾ ਹੈ।
ਕੋਈ ਵੀ ਰਾਸ਼ਟਰੀ ਪਾਰਟੀ ਪੰਜਾਬ ਦੇ ਭਲੇ ਦੀ, ਪੰਜਾਬ ਦੀ ਬਿਹਤਰੀ ਦੀ ਮੁੱਦਈ ਨਹੀਂ। ਜੇ ਨਵੀਂ ਨਵੀਂ ਹੋਂਦ ਵਿਚ ਆਈ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਇਹਦਾ ਰਵੱਈਆ ਦੂਜਿਆਂ ਪਾਰਟੀਆਂ ਤੋਂ ਵੀ ਮਾੜਾ ਸਾਹਮਣੇ ਆ ਰਿਹਾ ਹੈ। ਪੰਜਾਬ ਵਿਚ ਚਾਰ ਐਮ ਪੀ ਜਿਤਾ ਕੇ ਭੇਜਣ ਵਾਲੇ ਲੋਕਾਂ ਨਾਲ ਇਹਨਾਂ ਨੂੰ ਵੀ ਕੋਈ ਹਮਦਰਦੀ ਨਹੀਂ ਜਦੋਂ ਕਿ ਬਾਕੀ ਪੂਰੇ ਮੁਲਕ ਵਿਚ ਪਾਰਟੀ ਦਾ ਇੱਕ ਵੀ ਉਮੀਦਵਾਰ ਜਿੱਤਣਾ ਤਾਂ ਦੂਰ ਆਪਣੀ ਜ਼ਮਾਨਤ ਬਚਾਉਣ ਵਿਚ ਵੀ ਕਾਮਯਾਬ ਨਹੀਂ ਸੀ ਹੋ ਸਕਿਆ। ਜੇ ਇਹ ਕਿਹਾ ਜਾਵੇ ਕਿ ਪਾਰਟੀ ਦੀ ਹੋਂਦ ਪੰਜਾਬ ਕਰ ਕੇ ਹੈ ਤਾਂ ਵੀ ਕੋਈ ਅੱਤਕਥਨੀ ਨਹੀਂ, ਇਸ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਭਾਵ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਹੀਂ ਚਾਹੁੰਦੇ ਕਿ ਪੰਜਾਬ ਵਿਚ ਪਾਰਟੀ ਦੀ ਕਮਾਂਡ ਪੰਜਾਬੀਆਂ ਦੇ ਹੱਥ ਹੋਵੇ, ਅਤੇ ਨਾ ਹੀ ਪੰਜਾਬ ਦੇ ਹਿਤਾਂ ਤੇ ਗੰਭੀਰਤਾ ਨਾਲ ਪਹਿਰਾ ਦੇਣ ਵਾਲੇ ਕਿਸੇ ਸੁਲਝੇ ਹੋਏ ਵਿਅਕਤੀ ਨੂੰ ਪਾਰਟੀ ਅੱਗੇ ਆਉਣ ਦਾ ਮੌਕਾ ਦਿੰਦੀ ਹੈ, ਇਹ ਵੀ ਚਿੰਤਾ ਦਾ ਵਿਸ਼ਾ ਹੈ।
ਪਾਰਟੀ ਦੀ ਸੂਬੇ ਪ੍ਰਤੀ ਗ਼ਲਤ ਸੋਚ ਦਿੱਲੀ ਵਿਚਲੀ ਲੀਡਰਸ਼ਿੱਪ ਦੀ ਇਮਾਨਦਾਰੀ ਤੇ ਸਵਾਲੀਆ ਚਿੰਨ੍ਹ ਲਾਉਂਦੀ ਹੈ। ਇਹ ਗੱਲ ਵਾਰ ਵਾਰ ਲਿਖੀ ਜਾ ਚੁੱਕੀ ਹੈ ਕਿ ਪੰਜਾਬ ਕੋਲ ਐਨੇ ਸੁਲਝੇ ਹੋਏ ਅਤੇ ਧੜੱਲੇਦਾਰ ਆਗੂ ਹੋਣ ਦੇ ਬਾਵਜੂਦ ਦਿੱਲੀ ਦੇ ਮੁਲਾਜ਼ਮ ਦੁਰਗੇਸ਼ ਪਾਠਕ ਅਤੇ ਸੰਜੇ ਸਿੰਘ ਦੀ ਟੀਮ ਕੋਲ ਹੀ ਪੰਜਾਬ ਦਾ ਸਮੁੱਚਾ ਕੰਟਰੋਲ ਕਿਉਂ ਹੈ? ਸੂਬੇ ਦੀ ਲੀਡਰਸ਼ਿੱਪ ਇਹਨਾਂ ਦੋ ਦੋ ਕੌਡੀ ਦੇ ਮੁਲਾਜ਼ਮਾਂ ਅੱਗੇ ਬੇਬਸ ਹੋ ਕੇ ਰਹਿ ਗਈ ਹੈ। ਪੰਜਾਬ ਦਾ ਸਾਰਾ ਕੰਟਰੋਲ ਦੁਰਗੇਸ਼ ਅਤੇ ਸੰਜੇ ਨੇ ਇੱਕ ਕੰਪਨੀ ਦੀ ਤਰਾਂ ਸਿੱਧਾ ਆਪਣੇ ਕੋਲ ਰੱਖਿਆ ਹੋਇਆ ਹੈ, ਜਿਸ ਦਾ ਵਿਰੋਧ ਦਬਵੀਂ ਆਵਾਜ਼ ਵਿਚ ਤਾਂ ਤਕਰੀਬਨ ਸਾਰੇ ਹੀ ਕਰਦੇ ਹਨ ਪਰ ਡਾ: ਗਾਂਧੀ , ਕਿੰਗਰਾ, ਜਾਂ ਹੁਣ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਦੇ ਹੋਏ ਮਾੜੇ ਹਸ਼ਰ ਤੋਂ ਡਰਦਾ ਕੋਈ ਜ਼ੁਬਾਨ ਨਹੀਂ ਖੋਲ੍ਹਦਾ। ਸੁੱਚਾ ਸਿੰਘ ਦੇ ਮਾਮਲੇ ਵਿਚ ਪੰਜਾਬ ਦੇ ਤਕਰੀਬਨ 20-21 ਆਗੂਆਂ ਵੱਲੋਂ ਹਾਈਕਮਾਂਡ ਨੂੰ ਕਾਰਵਾਈ ਕਰਨ ਲਈ ਲਿਖਣਾ ਹੋਰ ਵੀ ਮੰਦਭਾਗਾ ਹੈ। ਸ਼ਾਇਦ ਪੰਜਾਬ ਦੇ ਆਪ ਆਗੂ ਇਹ ਭੁੱਲ ਚੁੱਕੇ ਹਨ ਕਿ ਉਨ੍ਹਾਂ ਦੀ ਇਹ ਕਾਰਵਾਈ ਉਨ੍ਹਾਂ ਦੇ ਪੈਰਾਂ ਤੇ ਖ਼ੁਦ ਹੀ ਕੁਹਾੜੀ ਮਾਰਨ ਵਾਲੀ ਹੈ, ਜਿਸ ਨਾਲ ਉਨ੍ਹਾਂ ਦੇ ਦਿੱਲੀ ਵਾਲੇ ਕਰਿੰਦਿਆਂ ਦਾ ਵਿਰੋਧ ਕਰਨ ਵਾਲੀ ਆਵਾਜ਼ ਦਮ ਤੋੜ ਜਾਵੇਗੀ ਤੇ ਪੰਜਾਬੀ ਦਿੱਲੀ ਵਾਲੇ ਦੁਰਗੇਸ਼, ਸੰਜੇ ਆਦਿ ਦੀਆਂ ਮਨਮਾਨੀਆਂ ਅੱਗੇ ਲਾਚਾਰ ਤੇ ਮੁਥਾਜ ਹੋ ਕੇ ਰਹਿ ਜਾਣਗੇ।
ਭਾਰਤੀ ਜਨਤਾ ਪਾਰਟੀ ਦਾ ਤਾਂ ਪੰਜਾਬ ਨਾਲ ਕੋਈ ਸਰੋਕਾਰ ਹੀ ਨਹੀਂ ਹੈ, ਕਿਉਂਕਿ ਪੰਜਾਬ ਵਿਚ ਭਾਜਪਾ ਨਾਲ ਉਹ ਵਰਗ ਜੁੜਿਆ ਹੋਇਆ ਹੈ ਜਿਹੜਾ ਆਪਣੇ ਆਪ ਨੂੰ ਪੰਜਾਬੀ ਅਖਵਾਉਣ ਵਿਚ ਹੀ ਆਪਣੀ ਹੇਠੀ ਸਮਝਦਾ ਹੈ। ਇਹਨਾਂ ਲੋਕਾਂ ਨੇ ਤਾਂ ਮਰਦਮ-ਸ਼ੁਮਾਰੀ ਵਿਚ ਵੀ ਆਪਣੀ ਮਾਤ ਭਾਸ਼ਾ ਪੰਜਾਬੀ ਨਹੀਂ ਬਲਕਿ ਹਿੰਦੀ ਲਿਖਵਾਈ ਹੋਈ ਹੈ, ਫਿਰ ਅਜਿਹੇ ਲੋਕਾਂ ਤੋਂ ਪੰਜਾਬ ਦੇ ਭਲੇ ਦੀ ਕੀ ਆਸ ਰੱਖੀ ਜਾ ਸਕਦੀ ਹੈ। ਇਸ ਪਾਰਟੀ ਦੀ ਆਪਣੀ ਵਿਚਾਰਧਾਰਾ ਹੀ ਸਿੱਖ ਵਿਰੋਧੀ ਤੇ ਵਿਸ਼ੇਸ਼ ਕਰ ਕੇ ਘੱਟ ਗਿਣਤੀ ਕੌਮਾਂ ਵਿਰੋਧੀ ਹੈ। ਸਮਾਜ ਦੇ ਕਥਿਤ ਦਲਿਤ ਵਰਗ ਤੇ ਪੂਰੀ ਤਰ੍ਹਾਂ ਟੇਕ ਲਗਾਈ ਰੱਖਣ ਵਾਲੀ ਇਸ ਪਾਰਟੀ ਨੂੰ ਵੈਸੇ ਗ਼ਰੀਬ ਤਾਂ ਸਮਾਜ ਦਾ ਹਿੱਸਾ ਹੀ ਨਜ਼ਰ ਨਹੀਂ ਆਉਂਦੇ। ਇਹ ਵੀ ਕੁਥਾਂ ਨਹੀਂ ਹੋਵੇਗਾ ਕਿ ਵਪਾਰੀਆਂ ਦੀ ਪਾਰਟੀ ਜਾਣ ਵਾਲੀ ਇਹ ਸਿਆਸੀ ਧਿਰ ਅਸਿੱਧੇ ਤੌਰ ਤੇ ਕਿਸਾਨੀ ਦੀ ਬਦਤਰ ਹੋ ਰਹੀ ਹਾਲਤ ਲਈ ਜ਼ਿੰਮੇਵਾਰ ਵੀ ਹੈ।
ਪੰਜਾਬ ਕਾਂਗਰਸ ਤੇ ਅਕਾਲੀ ਦਲ ਬਾਦਲ ਦਾ ਵੀ ਕੋਈ ਬਹੁਤਾ ਫ਼ਰਕ ਨਹੀਂ ਹੈ, ਜਿਹੜੇ ਆਪੋ ਆਪਣੇ ਕੇਂਦਰੀ ਆਕਾਵਾਂ ઠਨੂੰ ਖ਼ੁਸ਼ ਕਰਨ ਲਈ ਕੁੱਝ ਵੀ ਬੋਲ ਜਾਂਦੇ ਹਨ ਇੱਥੋਂ ਤੱਕ ਕਿ ਕੁਰਸੀ ਬਦਲੇ ਪੰਜਾਬ ਦੇ ਹਿਤਾਂ ਦਾ ਸੌਦਾ ਵੀ ਚੁੱਪ ਚੁਪੀਤੇ ਕਰ ਆਉਂਦੇ ਹਨ, ਜਿਸ ਦਾ ਪਤਾ ਵਕਤ ਬਹੁਤ ਪਿੱਛੇ ਰਹਿ ਜਾਣ ਤੋਂ ਬਾਅਦ ਹੀ ਲੱਗਦਾ ਰਿਹਾ ਹੈ। ਮਸਲਨ ਜੇ ਪੰਜਾਬ ਦੇ ਪਾਣੀਆਂ ਦੀ ਗੱਲ ਕਰੀਏ ਤਾਂ ਦੋਨੀ ਹੱਥੀ ਲੁਟਾਉਣ ਵਿਚ ਅਕਾਲੀ ਤੇ ਕਾਂਗਰਸੀ ਬਰਾਬਰ ਦੇ ਦੋਸ਼ੀ ਹਨ। ਇੱਥੇ ਵੱਖ ਵੱਖ ਪਾਰਟੀਆਂ ਦਾ ਕਿਰਦਾਰ ਲਿਖਣ ਤੋਂ ਭਾਵ ਇਹ ਹੈ ਕਿ ਕਿਧਰੇ ਵੀ ਪੰਜਾਬ ਦੇ ਭਾਗਾਂ ਵਿਚ ਸਭ ਅੱਛਾ ਨਹੀਂ ਹੈ। ਰਹੀ ਗੱਲ ਦਲ ਬਦਲੀਆਂ ਦੀ, ਅਜਿਹੇ ਰਾਜਨੀਤਕ ਲੋਕਾਂ ਨੂੰ ਇਮਾਨਦਾਰ ਸਮਝ ਲੈਣਾ ਕਦਾਚਿਤ ਵੀ ਸਿਆਣਪ ਨਹੀਂ, ਕਿਉਂਕਿ ਰਾਜਨੀਤਕ ਦਲ ਬਦਲੀ ਦਾ ਸਿੱਧਾ ਸਿੱਧਾ ਮਤਲਬ ਹੈ, ਖ਼ਾਹਿਸ਼ਾਂ ਦੀ ਪੂਰਤੀ ਨਾਂ ਹੋਣਾ, ਨਿੱਜੀ ਲਾਲਸਾ ਦਾ ਪੂਰਾ ਨਾ ਹੋਣਾ, ਜਿਸ ਕਰ ਕੇ ਉਨ੍ਹਾਂ ਨੂੰ ਆਪਣੀਆਂ ਵਫ਼ਾਦਾਰੀਆਂ ਬਦਲਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਉਦਾਹਰਣ ਦੇ ਤੌਰ ਤੇ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਮੈਂਬਰ ਪਾਰਲੀਮੈਂਟ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਵਿਧਾਇਕਾ ਪਤਨੀ ਤੇ ਸਾਬਕਾ ਚੀਫ਼ ਪਾਰਲੀਮਾਨੀ ਸੈਕਟਰੀ ਪੰਜਾਬ ਬੀਬੀ ਨਵਜੋਤ ਕੌਰ ਸਿੱਧੂ ਦੇ ਭਾਰਤੀ ਜਨਤਾ ਪਾਰਟੀ ਛੱਡਣ ਪਿੱਛੇ ਕੋਈ ਲੋਕ ਪੱਖੀ ਕਾਰਨ ਨਹੀਂ ਬਲਕਿ ਆਮ ਆਦਮੀ ਪਾਰਟੀ ਵਿਚ ਜਾ ਕੇ ਮੁੱਖ ਮੰਤਰੀ ਬਣਨ ਦੀ ਲਾਲਸਾ ਕੰਮ ਕਰ ਰਹੀ ਹੈ ਜਿਹੜੀ ਨਵਜੋਤ ਸਿੱਧੂ ਦੇ ਆਪਣੇ ਅਤੇ ਆਪਣੀ ਪਤਨੀ ਸਮੇਤ ਤਿੰਨ ਦਰਜਨ ਤੋਂ ਵੱਧ ਹਮਾਇਤੀਆਂ ਨੂੰ ਟਿਕਟਾਂ ਦੀ ਮੰਗ ਕਰਨ ਅਤੇ ਪੰਜਾਬ ਵਿਚ ਆਮ ਆਦਮੀ ਪਾਰਟੀ ਵੱਲੋਂ ਸਿੱਧੂ ਦਾ ਤਿੱਖਾ ਵਿਰੋਧ ਕੀਤੇ ਜਾਣ ਕਾਰਨ ਸਿਰੇ ਨਹੀਂ ਚੜ ਸਕੀ। ਏਸੇ ਤਰਾਂ ਕਾਂਗਰਸੀ ਆਗੂ ਜਗਮੀਤ ਸਿੰਘ ਬਰਾੜ ਦੀ ਪੰਜਾਬ ਕਾਂਗਰਸ ਵਿਚ ਅਣਦੇਖੀ ਹੋਣ ਕਾਰਨ ਉਨ੍ਹਾਂ ਨੇ ਕਾਂਗਰਸ ਪਾਰਟੀ ਛੱਡ ਕੇ ਆਪ ਦਾ ਲੜ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਵੀ ਸਫਲ ਨਹੀਂ ਹੋ ਸਕੇ।
ਸੁਖਪਾਲ ਸਿੰਘ ਖਹਿਰਾ ਵੀ ਅਣਦੇਖੀ ਦਾ ਸਤਾਇਆ ਆਪ ਵਿਚ ਸ਼ਾਮਲ ਹੋਇਆ ਪਰ ਇੱਧਰ ਵੀ ਉਸੇ ਮਰਜ਼ ਦਾ ਸ਼ਿਕਾਰ ਹੋ ਕੇ ਰਹਿ ਗਿਆ। ਹੁਣੇ ਹੁਣੇ ਅਕਾਲੀ ਦਲ ਛੱਡ ਕੇ ਆਪ ਵਿਚ ਸ਼ਾਮਲ ਹੋਏ ਅਕਾਲੀ ਦਲ ਦੇ ਵਿਧਾਇਕ ਪਰਗਟ ਸਿੰਘ ਅਤੇ ਇੰਦਰਬੀਰ ਸਿੰਘ ਬੁਲਾਰੀਆਂ ਦੀ ਜੇ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਚੋਂ ਵੀ ਨਿੱਜੀ ਲਾਲਸਾ ਦੀ ਬੋਅ ਹੀ ਆਵੇਗੀ, ਕਿਉਂਕਿ ਲਗਾਤਾਰ ਨੌਂ ਸਾਲ ਸਤਾ ਦਾ ਅਨੰਦ ਮਾਣਨ ਤੋਂ ਬਾਅਦ ਹੁਣ ਜਦੋਂ ਸੂਬਾ ਸਰਕਾਰ ਤੇ ਸੂਬੇ ਦੀ ਆਰਥਿਕ ਹਾਲਤ ਇਨ੍ਹਾਂ ਦੀ ਹਰ ਸੱਲੇ ਤੇ ਜ਼ੁਬਾਨ ਬੰਦ ਰੱਖਣ ਕਾਰਨ ਬਹੁਤ ਹੀ ਪਤਲੀ ਪੈ ਚੁੱਕੀ ਹੈ ਤੇ ਚੋਣਾਂ ਵਿਚ ਕੁੱਝ ਮਹੀਨੇ ਦਾ ਸਮਾ ਹੀ ਬਚਿਆ ਹੈ ਤਾਂ ਅਚਾਨਕ ਹੀ ਇਨ੍ਹਾਂ ਨੂੰ ਲੋਕਾਂ ਦਾ ਹੇਜ/ਦਰਦ ਕਿਉਂ ਜਾਗ ਪਿਆ?
ਪਿਛਲੇ ਸੱਤ ਅੱਠ ਸਾਲਾਂ ਤੋਂ ਹੀ ਸੂਬਾ ਸਰਕਾਰ ਤੇ ਪੰਜਾਬ ਨੂੰ ਨਸ਼ਿਆਂ ਵਿਚ ਰੋੜ੍ਹ ਦੇਣ ਦੇ ਸਿੱਧੇ ਦੋਸ਼ ਲਗਦੇ ਰਹੇ ਹਨ, ਹਰ ਪਾਸੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ, ਹੱਕ ਮੰਗਦੇ ਬੇਰੁਜ਼ਗਾਰਾਂ ਨੂੰ ਸ਼ਰੇਆਮ ਸੜਕਾਂ ਤੇ ਭਜਾ ਭਜਾ ਕੇ ਕੁੱਟਿਆ ਜਾਂਦਾ ਰਿਹਾ ਹੈ, ਔਰਤਾਂ ਦੀ ਸਰੇ ਬਾਜ਼ਾਰ ਬੇਪਤੀ ਕੀਤੀ ਜਾਂਦੀ ਰਹੀ ਹੈ ਕਿਸੇ ਦਾ ਮਨ ਉਦੋਂ ਪਸੀਜਿਆ ਨਹੀਂ ਗਿਆ। ਹਾਲੇ ਪਿਛਲੇ ਸਾਲ ਦੀ ਗੱਲ ਹੈ ਜਦੋਂ ਸਮੁੱਚੀ ਮਾਨਵਤਾ ਦੇ ਅਧਿਆਤਮਿਕ ਅਤੇ ਸਿੱਖ ਕੌਮ ਦੇ ਜਾਗਤਿ ਜੋਤਿ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਥਾਂ ਥਾਂ ਗਲੀਆਂ ਵਿਚ ਰੋਲਿਆ ਗਿਆ ਤਾਂ ਸੂਬਾ ਸਰਕਾਰ ਨੇ ਅਸਲ ਦੋਸ਼ੀਆਂ ਨੂੰ ਫੜਨ ਦੀ ਬਜਾਏ ਸ਼ਾਂਤਮਈ ਰੋਸ ਪ੍ਰਗਟ ਕਰਦੀਆਂ ਸਿੱਖ ਸੰਗਤਾਂ ਤੇ ਅੰਨ੍ਹੇਵਾਹ ਗੋਲੀਆਂ ਚਲਾਕੇ ਦੋ ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਤੇ ਦਰਜਨਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਸੀ, ਉਦੋਂ ਇਹਨਾਂ ਲੋਕਾਂ ਦੀ ਜ਼ੁਬਾਨ ਨੂੰ ਜਿੰਦਰੇ ਕਿਉਂ ਲੱਗੇ ਰਹੇ?
ਉਸ ਮੌਕੇ ਸਰਕਾਰ ਦੀਆਂ ਆਪ ਹੁਦਰੀਆਂ ਜਾਂ ਲੋਕ ਵਿਰੋਧੀ ਕਾਰਵਾਈਆਂ ਤੋਂ ਅਣਜਾਣ ਬਣੇ ਰਹਿਣਾ ਵੀ ਇਹਨਾਂ ਲੋਕਾਂ ਦੀ ਇਮਾਨਦਾਰੀ ਤੇ ਸਵਾਲੀਆ ਚਿੰਨ੍ਹ ਲਾਉਂਦਾ ਹੈ। ਅਜਿਹੇ ਲੋਕਾਂ ਦੇ ਨਾਵਾਂ ਦੀ ਕਤਾਰ ਬਹੁਤ ਲੰਮੀ ਹੈ, ਜਿਹੜੇ ਆਪਣੀਆਂ ਨਿੱਜੀ ਲਾਲਸਾਵਾਂ ਦੀ ਪੂਰਤੀ ਲਈ ਡੁੱਬਦੀ ਬੇੜੀ ਚੋਂ ਛਾਲਾਂ ਮਾਰ ਚੜ੍ਹਦੇ ਸੂਰਜ ਨੂੰ ਸਲਾਮ ਕਰਦੇ ਹਨ। ਸੋ ਏਥੇ ਇਹ ਕਹਿਣਾ ਵੀ ਗ਼ਲਤ ਨਹੀਂ ਹੋਵੇਗਾ ਕਿ ਜਿਨ੍ਹਾਂ ਲੋਕਾਂ ਦੀਆਂ ਆਪਣੀਆਂ ਹੀ ਖ਼ਾਹਿਸ਼ਾਂ ਅਜੇ ਤੀਕ ਪੂਰੀਆਂ ਨਹੀਂ ਹੋਈਆਂ ਉਹ ਜਨਤਾ ਦੀਆਂ ਖ਼ਾਹਿਸ਼ਾਂ ਪੂਰੀਆਂ ਕਰਨ ਲਈ ਕਦੋਂ ਸੁਹਿਰਦ ਕਹੇ ਜਾ ਸਕਦੇ ਹਨ।

Install Punjabi Akhbar App

Install
×