ਲੁਧਿਆਣਾ ਦੀਆਂ ਲੜਕੀਆਂ ਨੇ ਜਿੱਤੀ ਪੰਜਾਬ ਰਾਜ ਮਹਿਲਾ ਗੱਤਕਾ ਚੈਂਪੀਅਨਸ਼ਿਪ

DSC03221
ਪੰਜਾਬ ਗੱਤਕਾ ਐਸੋਸੀਏਸ਼ਨ ਵੱਲੋਂ ਸਥਾਨਕ ਸ਼ਾਹੀ ਫ਼ਿਜ਼ੀਕਲ ਕਾਲਜ ਵਿਖੇ ਆਯੋਜਤ ਦੋ ਰੋਜਾ ਪੰਜਾਬ ਰਾਜ ਮਹਿਲਾ ਗੱਤਕਾ ਚੈਂਪੀਅਨਸ਼ਿਪ ਦੀ ਓਵਰ ਆਲ ਟਰਾਫ਼ੀ ਲੁਧਿਆਣਾ ਜਿਲੇ ਦੀਆਂ ਲੜਕੀਆਂ ਨੇ 79 ਅੰਕ ਹਾਸਲ ਕਰਕੇ ਜਿੱਤ ਲਈ ਜਦਕਿ ਗੁਰਦਾਸਪੁਰ ਨੇ 33 ਅੰਕਾਂ ਪ੍ਰਾਪਤ ਕਰਕੇ ਦੂਜਾ ਸਥਾਨ ਅਤੇ ਪਟਿਆਲਾ ਜਿਲਾ 27 ਅੰਕ ਹਾਸਲ ਕਰਕੇ ਤੀਜੇ ਸਥਾਨ ‘ਤੇ ਰਿਹਾ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਸਾਬਕਾ ਹਲਕਾ ਵਿਧਾਇਕ ਜਗਜੀਵਨਪਾਲ ਸਿੰਘ ਖੀਰਨੀਆਂ, ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ, ਗੱਤਕਾ ਐਸੋਸੀਏਸ਼ਨ ਦੇ ਜਨਰਲ ਸਕੱਤਰ ਹਰਜੀਤ ਸਿੰਘ ਗਰੇਵਾਲ ਡਿਪਟੀ ਡਾਇਰੈਕਟਰ ਅਤੇ ਸ਼ਾਹੀ ਫ਼ਿਜ਼ੀਕਲ ਕਾਲਜ ਦੇ ਡਾਇਰੈਕਟਰ ਗੁਰਬੀਰ ਸਿੰਘ ਸ਼ਾਹੀ ਨੇ ਸਾਂਝੇ ਰੂਪ ਵਿੱਚ ਕੀਤੀ।

ਅੱਜ ਸਮਾਪਤੀ ਸਮਾਗਮ ਮੌਕੇ ਬੋਲਦਿਆਂ ਅਕਾਲੀ ਨੇਤਾ ਖੀਰਨੀਆਂ ਨੇ ਕਿਹਾ ਕਿ ਗੱਤਕਾ ਸਿੱਖਾਂ ਦੀ ਵਿਰਾਸਤੀ ਤੇ ਪਰਾਤਨ ਖੇਡ ਹੋਣ ਕਾਰਨ ਇਸ ਨੂੰ ਵੱਡੀ ਪੱਧਰ ‘ਤੇ ਪ੍ਰਫੁੱਲਤ ਕੀਤੇ ਜਾਣ ਦੀ ਲੋੜ ਹੈ ਤਾਂ ਜੋ ਇਹ ਮਾਣਮੱਤੀ ਖੇਡ ਘਰ-ਘਰ ਦੀ ਖੇਡ ਬਣ ਸਕੇ। ਉਨਾਂ ਗੱਤਕਾ ਐਸੋਸੀਏਸ਼ਨ ਵੱਲੋਂ ਗੱਤਕੇ ਨੂੰ ਰਾਸ਼ਟਰੀ ਪੱਧਰ ‘ਤੇ ਮਾਨਤਾ ਦਿਵਾਉਣ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਇਸ ਖੇਡ ਜਥੇਬੰਦੀ ਨੂੰ ਹਰ ਕਿਸਮ ਦਾ ਸਹਿਯੋਗ ਦਿੰਦੇ ਰਹਿਣਗੇ।

ਆਪਣੇ ਸੰਬੋਧਨ ਵਿੱਚ ਬਲਬੀਰ ਸਿੰਘ ਰਾਜੇਵਾਲ ਨੇ ਸਮੂਹ ਲੜਕੀਆਂ ਨੂੰ ਸੱਦਾ ਦਿੱਤਾ ਕਿ ਸਮੇਂ ਦੀ ਲੋੜ ਹੈ ਕਿ ਸਵੈ-ਰੱਖਿਆ ਵਜੋਂ ਉਹ ਇਸ ਪਰਖੀ ਹੋਈ ਅਤੇ ਵਿਰਾਸਤੀ ਖੇਡ ਨੂੰ ਅਪਣਾ ਕੇ ਪਰਾਤਨ ਵਿਰਸੇ ਅਤੇ ਸੱਭਿਆਚਾਰ ਦੀ ਰਾਖੀ ਲਈ ਯਤਨਸ਼ੀਲ ਹੋਣ ਤਾਂ ਜੋ ਇਹ ਖੇਡ ਪਿੰਡ-ਪਿੰਡ ਤੱਕ ਪਹੁੰਚ ਸਕੇ। ਉਨਾਂ ਗੱਤਕਾ ਖਿਡਾਰੀਆਂ ਦੇ ਉਜਲ ਭਵਿੱਖ ਦੀ ਕਾਮਨਾ ਕਰਦਿਆਂ ਆਸ ਪ੍ਰਗਟ ਕੀਤੀ ਕਿ ਰਾਜ ਸਭਾ ਮੈਂਬਰ ਤੇ ਸੀਨਅਰ ਅਕਾਲੀ ਨੇਤਾ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਚੱਲ ਰਹੀ ਇਹ ਖੇਡ ਲਾਜ਼ਮੀ ਹੀ ਜਲਦ ਉਲੰਪਿਕ ਖੇਡਾਂ ਦਾ ਹਿੱਸਾ ਬਣੇਗੀ।

ਹਰਜੀਤ ਸਿੰਘ ਗਰੇਵਾਲ ਨੇ ਗੱਤਕਾ ਖੇਡ ਦੀ ਪ੍ਰਫੁੱਲਤਾ ਲਈ ਗੱਤਕਾ ਫ਼ੈਡਰੇਸ਼ਨ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਰੂਪ-ਰੇਖਾ ਦੱਸਦਿਆਂ ਕਿਹਾ ਕਿ ਭਵਿੱਖ ਵਿੱਚ ਕੰਪਿਊਟਰੀਕ੍ਰਿਤ ਗੱਤਕਾ ਮੈਨੇਜਮੈਂਟ ਸਿਸਟਮ ਦੇ ਲਾਗੂ ਹੋਣ ਨਾਲ ਸਾਰੇ ਗੱਤਕਾ ਟੂਰਨਾਮੈਂਟ ਕਾਗਜ਼ ਰਹਿਤ ਹੋ ਜਾਣਗੇ ਅਤੇ ਸਾਰਾ ਖੇਡ ਪ੍ਰਬੰਧ ਕੰਪਿਊਟਰ ਰਾਹੀਂ ਹੀ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਗੱਤਕਾ ਖੇਡ ਨੂੰ ਉਲੰਪਿਕ ਪੱਧਰ ‘ਤੇ ਲਿਜਾਣ ਦੇ ਮਨੋਰਥ ਨਾਲ ਗੱਤਕਾ ਫ਼ੈਡਰੇਸ਼ਨ ਵੱਲੋਂ ਭਵਿੱਖ ਦਾ ”ਵਿਜ਼ਨ ਡਾਕੂਮੈਂਟ” ਤਿਆਰ ਕੀਤਾ ਜਾ ਚੁੱਕਾ ਹੈ ਜਿਸ ਤਹਿਤ ਅਗਲੇ 20 ਸਾਲਾਂ ਵਿੱਚ ਮਿਥੇ ਟੀਚਿਆਂ ਦੀ ਪ੍ਰਾਪਤੀ ਲਈ ਪੜਾਅ ਵਾਰ ਰਣਨੀਤੀ ਤਿਆਰ ਕੀਤੀ ਗਈ ਹੈ।

ਇਸ ਮੌਕੇ ਸਟੇਜ਼ ਦੀ ਕਾਰਵਾਈ ਗੱਤਕਾ ਐਸੋਸੀਏਸ਼ਨ ਦੇ ਕੋਆਰਡੀਨੇਟਰ ਪ੍ਰਿੰਸੀਪਲ ਬਲਜਿੰਦਰ ਸਿੰਘ ਤੂਰ ਨੇ ਬਾਖੂਬੀ ਨਿਭਾਈ ਅਤੇ ਐਲਾਨ ਕੀਤਾ ਕਿ ਅਗਲੇ ਸਾਲ 2015 ਦੀ ਤੀਜੀ ਜੂਨੀਅਰ ਅਤੇ ਸਬ-ਜੂਨੀਅਰ ਕੌਮੀ ਗੱਤਕਾ ਚੈਂਪੀਅਨਸ਼ਿਪ ਸ਼ਾਹੀ ਫ਼ਿਜ਼ੀਕਲ ਕਾਲਜ ਸਮਰਾਲਾ ਵਿਖੇ ਹੀ ਆਯੋਜਤ ਕੀਤੀ ਜਾਵੇਗੀ।

ਅੱਜ ਹੋਏ ਫਾਈਨਲ ਮੁਕਾਬਲਿਆਂ ਵਿੱਚ ਅੰਡਰ-25 ਸੋਟੀ ਫੱਰੀ (ਟੀਮ ਇਵੈਂਟ) ਵਿੱਚ ਹੁਸ਼ਿਆਰਪੁਰ ਨੇ ਲੁਧਿਆਣਾ ਨੂੰ ਹਰਾ ਕੇ ਪਹਿਲਾ ਸਥਾਨ ਜਦਕਿ ਗੁਰਦਾਸਪੁਰ ਦੀ ਟੀਮ ਤੀਜੇ ਸਥਾਨ ‘ਤੇ ਰਹੀ। ਇਸੇ ਵਰਗ ਦੇ ਸਿੰਗਲ ਸੋਟੀ (ਵਿਅਕਤੀਗਤ) ਮੁਕਾਬਲੇ ਵਿੱਚ ਲੁਧਿਆਣਾ ਨੇ ਪਹਿਲਾ ਸਥਾਨ, ਗੁਰਦਾਸਪੁਰ ਨੇ ਦੂਜਾ ਅਤੇ ਅੰਮ੍ਰਿਤਸਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-22 ਸੋਟੀ ਫੱਰੀ (ਟੀਮ ਇਵੈਂਟ) ਵਿੱਚ ਗੁਰਦਾਸਪੁਰ ਨੇ ਸੰਗਰੂਰ ਨੂੰ ਹਰਾ ਕੇ ਪਹਿਲਾ ਸਥਾਨ ਜਦਕਿ ਅੰਮ੍ਰਿਤਸਰ ਨੂੰ ਤੀਜਾ ਸਥਾਨ। ਇਸੇ ਵਰਗ ਦੇ ਸਿੰਗਲ ਸੋਟੀ (ਟੀਮ ਇਵੈਂਟ) ਮੁਕਾਬਲੇ ਵਿੱਚ ਪਟਿਆਲਾ ਪਹਿਲੇ, ਗੁਰਦਾਸਪੁਰ ਦੂਜੇ ਅਤੇ ਸੰਗਰੂਰ ਤੀਜੇ ਸਥਾਨ ‘ਤੇ ਰਿਹਾ। ਅੰਡਰ-19 ਸੋਟੀ ਫੱਰੀ (ਟੀਮ ਇਵੈਂਟ) ਵਿੱਚ ਲੁਧਿਆਣਾ ਪਹਿਲਾ ਸਥਾਨ, ਅੰਮ੍ਰਿਤਸਰ ਨੇ ਦੂਜਾ ਅਤੇ ਐਸ.ਏ. ਐਸ. ਨਗਰ ਤੀਜੇ ਸਥਾਨ ‘ਤੇ ਰਿਹਾ। ਇਸੇ ਵਰਗ ਦੇ ਸਿੰਗਲ ਸੋਟੀ (ਟੀਮ ਇਵੈਂਟ) ਮੁਕਾਬਲੇ ਵਿੱਚ ਪਟਿਆਲਾ ਪਹਿਲੇ, ਲੁਧਿਆਣਾ ਦੂਜੇ ਅਤੇ ਗੁਰਦਾਸਪੁਰ ਤੀਜੇ ਸਥਾਨ ‘ਤੇ ਰਿਹਾ।

ਅੰਡਰ-17 ਸੋਟੀ ਫੱਰੀ ਅਤੇ ਸਿੰਗਲ ਸੋਟੀ ਦੇ (ਟੀਮ ਇਵੈਂਟ) ਮੁਕਾਬਲਿਆਂ ਵਿੱਚ ਲੁਧਿਆਣਾ ਪਹਿਲਾ, ਪਟਿਆਲਾ ਨੇ ਦੂਜਾ ਅਤੇ ਹੁਸ਼ਿਆਰਪੁਰ ਤੀਜੇ ਸਥਾਨ ‘ਤੇ ਰਿਹਾ। ਅੰਡਰ-17 ਸ਼ਸ਼ਤਰ ਪ੍ਰਦਰਸ਼ਨੀ (ਟੀਮ ਇਵੈਂਟ) ਮੁਕਾਬਲਿਆਂ ਵਿੱਚ ਲੁਧਿਆਣਾ ਪਹਿਲਾ, ਗੁਰਦਾਸਪੁਰ ਨੇ ਦੂਜਾ ਅਤੇ ਰੂਪਨਗਰ ਤੀਜੇ ਸਥਾਨ ‘ਤੇ ਰਿਹਾ। ਅੰਡਰ-14 ਸ਼ਸ਼ਤਰ ਪ੍ਰਦਰਸ਼ਨੀ (ਟੀਮ ਇਵੈਂਟ) ਮੁਕਾਬਲਿਆਂ ਵਿੱਚ ਗੁਰਦਾਸਪੁਰ ਪਹਿਲਾ, ਲੁਧਿਆਣਾ ਨੇ ਦੂਜਾ ਅਤੇ ਹੁਸ਼ਿਆਰਪੁਰ ਤੀਜੇ ਸਥਾਨ ‘ਤੇ ਰਿਹਾ।

PUNJAB GATKA ASSOCIATION

punjabgatkaassociation@gmail.com