ਪੰਜਾਬ ਦੇ ਭਵਿੱਖ ਲਈ ਸ਼ੁਭ ਸੰਕੇਤ ਨਹੀ ਰਾਜ ਸਤਾ ਤਬਦੀਲੀ ਦੇ ਆਸਾਰ ਬਣਦਿਆਂ ਹੀ ਪੁਲਿਸ ਨੂੰ ਬੰਬਾਂ ਦੇ ਜਖੀਰੇ ਮਿਲਣਾ: ਆਉਣ ਵਾਲੀ ਨਵੀਂ ਸਰਕਾਰ ਲਈ ਬੀਜੇ ਜਾ ਸਕਦੇ ਹਨ ਨਵੇਂ ਕੰਡੇ

ammunition ludhianaਸੰਨ 1969,70 ਵਿੱਚ ਜਦੋ ਸਰੋਮਣੀ ਅਕਾਲੀ ਦਲ ਦੇ ਤਤਕਾਲੀ ਮੁਖੀ ਸ੍ਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਨਕਸਲਬਾੜੀ ਲਹਿਰ ਨੂੰ ਕੁਚਲਣ ਲਈ ਪੰਜਾਬ ਵਿੱਚ ਨੌਜਵਾਨਾਂ ਤੇ ਅਣਮਨੁੱਖੀ ਤਸੱਦਦ ਕਰਨ ਦੇ ਨਾਲ ਝੂਠੇ ਮੁਕਾਬਲਿਆਂ ਦੀ ਪਿਰਤ ਪਾਈ ਸੀ ਤਾਂ ਸਾਇਦ ਉਹ ਪਹਿਲਾ ਮੌਕਾ ਹੋਵੇਗਾ ਜਦੋਂ ਪੰਜਾਬ ਪੁਲਿਸ ਨੇ ਆਪਣੇ ਵੱਧ ਅਧਿਕਾਰ ਬਣਾਈ ਰੱਖਣ ਲਈ ਸਮਾਜ ਵਿਰੋਧੀ ਘਟਨਾਵਾਂ ਕਰਵਾਉਂਦੇ ਰਹਿਣ ਦਾ  ਸੋਚਿਆ ਹੋਵੇਗਾ। ਕਹਿੰਦੇ ਨੇ ਕਿ ਜੇਕਰ ਕੁੱਤੇ ਦੇ ਇੱਕ ਵਾਰੀ ਖੂੰਨ ਮੂੰਹ ਲੱਗ ਜਾਵੇ ਤਾਂ ਬਾਰ ਬਾਰ ਹੱਡਾਂ ਰੋੜੀ ਦੇ ਚੱਕਰ ਕਟਦਾ ਰਹਿੰਦਾ ਹੈ। ਸੋ ਪੰਜਾਬ ਪੁਲਿਸ ਨੂੰ ਬਾਦਲ ਸਰਕਾਰ ਨੇ ਲੋਕਾਂ ਤੇ ਗੈਰ ਮਨੁੱਖੀ ਅਤਿਆਚਾਰ ਕਰਨ ਦੇ ਐਨੇ ਮੌਕੇ ਪ੍ਰਦਾਨ ਕੀਤੇ ਕਿ ਹੁਣ ਇਹ ਉਹਨਾਂ ਦੀ ਆਦਤ ਦਾ ਹਿੱਸਾ ਬਣ ਗਿਆ।

ਉਸ ਤੋਂ ਬਾਅਦ ਆਈਆਂ ਕਾਂਗਰਸ ਸਰਕਾਰਾਂ ਨੇ ਵੀ ਬਾਦਲ ਵਾਲੀ ਪਿਰਤ ਨੂੰ ਜਾਰੀ ਹੀ ਨਹੀ ਰੱਖਿਆ ਬਲਕਿ 1992 ਵਿੱਚ ਆਈ ਬੇਅੰਤ ਸਿੰਘ ਦੀ ਸਰਕਾਰ ਨੇ ਤਾਂ ਸਾਰੀਆਂ ਹੱਦਾਂ ਬੰਨੇ ਹੀ ਤੋੜ ਦਿੱਤੇ।ਉਹ ਪਹਿਲਾ ਵੱਡਾ ਮੌਕਾ ਸੀ ਜਦੋਂ ਸਿੱਖ ਖਾੜਕੂ ਲਹਿਰ ਵਿੱਚ ਅਜੰਸੀਆਂ ਨੇ ਆਪਣੇ ਆਦਮੀ ਫਿੱਟ ਕਰਕੇ ਜਿੱਥੇ ਬੇਗੁਨਾਹਾਂ ਦੇ ਅੰਨੇਵਾਹ ਕਤਲ ਕਰਕੇ ਸਿੱਖ ਲਹਿਰ ਨੂੰ ਬਦਨਾਮ ਕੀਤਾ ਉਥੇ ਪੰਜਾਬ ਪੁਲਿਸ ਦੇ ਪਰਿਵਾਰਾਂ ਦੇ ਕਤਲ ਕਰਵਾਕੇ ਪੰਜਾਬ ਪੁਲਿਸ ਅਤੇ ਖਾੜਕੂ ਨੌਜਵਾਨਾਂ ਦੀ ਆਪਸੀ ਦੁਸ਼ਮਣੀ ਪੈਦਾ ਕਰਕੇ ਪੁਲਿਸ ਨੂੰ ਮਨ ਮਰਜੀਆਂ ਕਰਨ ਦੀ ਖੁੱਲ ਦੇ ਦਿੱਤੀ। ਪੰਜਾਬ ਪੁਲਿਸ ਨੇ ਤਾਕਤ ਦੇ ਨਸ਼ੇ ਵਿੱਚ ਅਜਿਹਾ ਕਹਿਰ ਪੰਜਾਬ ਦੀ ਧਰਤੀ ਵਰਤਾਇਆ ਕਿ ਆਪਣੀ ਹੀ ਇੱਕ ਪੀੜ੍ਹੀ ਦਾ ਬਿਲਕੁਲ ਸਫਾਇਆ ਕਰ ਦਿੱਤਾ, ਘਰਾਂ ਦੇ ਘਰ ਉਜਾੜ ਦਿੱਤੇ। ਪੁਲਿਸ ਵੱਲੋਂ ਨੌਜਵਾਨਾਂ ਦੀਆਂ ਪੱਚੀ ਹਜਾਰ ਅਣਪਸਾਤੀਆਂ ਲਾਸਾਂ ਸਾੜਨ ਦਾ ਪਤਾ ਲਗਾਉਣ ਵਾਲਾ ਸਰੋਮਣੀ ਅਕਾਲੀ ਦਲ ਦੇ ਮਨੁਖੀ ਅਧਿਕਾਰ ਵਿੰਗ ਦਾ ਜਸਵੰਤ ਸਿੰਘ ਖਾਲੜਾ ਖੁਦ ਵੀ ਅਣਪਸਾਤੀਆਂ ਲਾਸਾਂ ਵਿੱਚ ਸੁਮਾਰ ਕਰ ਦਿੱਤਾ।

ਸੋ ਲਿਖਣ ਤੋਂ ਭਾਵ ਇਹ ਹੈ ਕਿ ਐਨੀਆਂ ਮਨ ਮਰਜੀਆਂ ਕਰਨ ਗਿੱਝ ਚੁੱਕੀ ਪੰਜਾਬ ਦੀ ਪੁਲਿਸ ਗਾਹੇ ਬਗਾਹੇ ਅਜਿਹਾ ਕੁੱਝ ਕਰਵਾਉਣ ਲਈ ਜੁੰਮੇਵਾਰ ਸਮਝੀ ਜਾਂਦੀ ਰਹੀ ਹੈ ਜਿਸ ਨਾਲ ਉਹਨਾਂ ਨੂੰ ਮਨ ਮਰਜੀਆਂ ਕਰਨ ਦੀ ਖੁੱਲ ਮਿਲ ਸਕੇ। ਸਿੱਖ ਖਾੜਕੂ ਲਹਿਰ ਨੂੰ ਕੁਚਲਣ ਸਮੇ ਜਿੱਥੇ ਅੰਨੇ ਅਤਿਆਚਾਰ ਦੀ ਖੁਲ ਨੇ ਪੁਲਿਸ ਨੂੰ ਬੇਮੁਹਾਰੀ ਕਰ ਦਿੱਤਾ ਸੀ ਉਥੇ ਰਿਸ਼ਵਤਖੋਰੀ ਨੇ ਪੁਲਿਸ ਨੂੰ ਇਸ ਕਦਰ ਭਰਿਸਟ ਕਰ ਦਿੱਤਾ ਕਿ ਅੱਜ ਜੇਕਰ ਪੰਜਾਬ ਦਾ ਕੋਈ ਮਹਿਕਮਾ ਰਿਸ਼ਵਤਖੋਰੀ ਵਿੱਚ ਸਭ ਤੋਂ ਵੱਧ ਬਦਨਾਮ ਹੈ ਉਹ ਪੰਜਾਬ ਪੁਲਿਸ ਹੀ ਹੈ, ਜਿਹੜੀ ਅੱਜ ਵੀ ਪੈਸੇ ਖਾਤਰ ਕੁੱਝ ਵੀ ਕਰ ਜਾਂ ਕਰਵਾ ਸਕਣ ਲਈ ਬਦਨਾਮ ਹੈ। ਹਾਲੇ ਕੱਲ੍ਹ ਦੀਆਂ ਗੱਲਾਂ ਨੇ ਜਦੋਂ ਪੰਜਾਬ ਪੁਲਿਸ ਵਿੱਚ ਡੀ ਐਸ ਪੀ ਦੇ ਆਹੁਦੇ ਤੇ ਤਾਇਨਾਤ ਜਗਦੀਸ਼ ਭੋਲਾ ਨਸ਼ਿਆਂ ਦੀ ਵੱਡੇ ਪੱਧਰ ਤੇ ਤਸਕਰੀ ਕਰਦਾ ਫੜਿਆ ਗਿਆ ਸੀ। ਉਸ ਤੋਂ ਬਾਅਦ ਪੰਜਾਬ ਪੁਲਿਸ ਦੇ ਇੱਕ ਐਸ ਪੀ ਰੈਂਕ ਦੇ ਅਫਸਰ ਨੇ ਸਾਰੇ ਹੱਦਾਂਬੰਨੇ ਤੋੜ ਕੇ ਗੱਲ ਸਿਰੇ ਹੀ ਲਾ ਦਿੱਤੀ ਜਿਸ ਨੂੰ ਕਲੀਨ ਚਿਟ ਦੇਕੇ ਨਾਲ ਦੀ ਨਾਲ ਬਹਾਲ ਵੀ ਕਰ ਦਿੱਤਾ ਗਿਆ ਸੀ। ਅਜਿਹਾ  ਕਿਰਦਾਰ ਬਣਾ ਲੈਣ ਵਾਲੀ ਪੰਜਾਬ ਦੀ ਪੁਲਿਸ ਕਦੋਂ ਚਾਹੇਗੀ ਕਿ ਸਾਂਤੀ ਬਣੀ ਰਹੇ। ਜਿੰਨੀ ਦੇਰ ਸਾਂਤੀ ਬਣੀ ਰਹਿੰਦੀ ਹੈ ਪੁਲਿਸ ਦੀ ਕੋਈ ਬਹੁਤੀ ਪੁੱਛਦੱਸ ਨਹੀ ਹੁੰਦੀ, ਖਾਸ ਕਰਕੇ ਜੇ ਲੰਘੇ ਬਾਦਲ ਸਰਕਾਰ ਦੇ ਦਸ ਸਾਲਾਂ ਦੀ ਗੱਲ ਕਰੀਏ ਤਾਂ ਪੰਜਾਬ ਪੁਲਿਸ ਨੂੰ ਅਕਾਲੀ ਦਲ ਦੀ ਗੋਲੀ ਬਣਕੇ ਕੰਮ ਕਰਨਾ ਪਿਆ ਹੈ, ਜਿਸ ਨੇ ਕੁੱਝ ਗੈਰਤ ਰੱਖਣ ਵਾਲੇ ਪੁਲਿਸ ਮੁਲਾਜਮਾਂ ਤੇ ਅਫਸਰਾਂ ਨੂੰ ਮਾਨਸਿਕ ਤੌਰ ਤੇ ਬੇਹੱਦ ਪਰੇਸਾਨ ਵੀ ਕੀਤਾ ਹੈ।

ਇਸ ਸਾਰੇ ਘਟਨਾਕਰਮ ਤੇ ਝਾਤ ਮਾਰਦਿਆਂ ਇਹ ਸਪੱਸਟ ਹੋ ਜਾਂਦਾ ਹੈ ਕਿ ਪੰਜਾਬ ਪੁਲਿਸ ਪੈਸੇ ਅਤੇ ਆਪਣੀ ਪੈਂਹਠ ਬਣਾਈ ਰੱਖਣ ਲਈ ਅਜਿਹੀਆਂ ਸਮਾਜ ਵਿਰੋਧੀ ਕਾਰਵਾਈਆਂ ਵਿੱਚ ਹਿੱਸੇਦਾਰ ਬਣ ਸਕਦੀ ਹੈ, ਜਿਹੜੀਆਂ ਉਹਨਾਂ ਨੂੰ ਕੁੱਝ ਵਾਧੂ ਅਧਿਕਾਰ ਦਿਵਾ ਦੇਣ ਦੇ ਸਮਰੱਥ ਹੋਣ। ਪਿਛਲੇ  ਦੋ ਦਿਨ ਤੋਂ ਲੁਧਿਆਣਾ ਜਿਲ੍ਹੇ ਦੇ ਗੁਰਦੁਆਰਾ ਆਲਮਗੀਰ ਸਹਿਬ ਦੇ ਕੋਲੋਂ ਭਾਰੀ ਮਾਤਰਾ ਵਿੱਚ ਬੰਬ ਅਤੇ ਹੋਰ ਵਿਸਫੋਟਕ ਸਮੱਗਰੀ ਦਾ ਮਿਲਦੇ ਰਹਿਣਾ ਵੀ ਕੁੱਝ ਦਾਲ ਵਿੱਚ ਕਾਲਾ ਹੋਣ ਵੱਲ ਇਸ਼ਾਰਾ ਕਰਦਾ ਹੈ। ਪਹਿਲੇ ਦਿਨ ਵੱਡੀ ਮਾਤਰਾ ਵਿੱਚ ਵਿਸਫੋਟਕ ਸਮੱਗਰੀ ਗੁਰਦੁਆਰਾ ਸਹਿਬ ਦੇ ਨਜਦੀਕ ਖਾਲੀ ਪਲਾਟਾਂ ਵਿੱਚੋਂ ਪਈ ਮਿਲੀ , ਦੂਸਰੇ ਦਿਨ ਫਿਰ ਖਬਰ ਆਈ ਕਿ ਉਥੋਂ ਹੀ 33 ਬੰਬ ਤੇ ਹੋਰ ਗੋਲੀ ਸਿੱਕਾ ਫਿਰ ਸੁੱਟਿਆ ਹੋਇਆ ਮਿਲਿਆ ਹੈ। ਇਹ ਸਾਰਾ ਹੀ ਜੰਗਾਲਿਆ ਹੋਇਆ ਦੱਸਿਆ ਗਿਆ ਹੈ।

ਇਹ ਬਰੂਦ ਦਾ ਮਿਲਣਾ ਮੁੜ ਸਿੱਖ ਨੌਜਵਾਨਾਂ ਨੂੰ ਬਲੀ ਦੇ ਬੱਕਰੇ ਬਨਾਉਣ ਲਈ ਪੁੱਟਿਆ ਗਿਆ ਸ਼ਾਜਸੀ ਕਦਮ ਹੀ ਸਮਝਣਾ ਚਾਹੀਂਦਾ ਹੈ।  ਇਸ ਘਟਨਾਂ ਨੂੰ ਪੁਲਿਸ ਦੇ ਦੱਸਣ ਮੁਤਾਬਕ ਸਹੀ ਨਹੀ ਮੰਨ ਲੈਣਾ ਚਾਹੀਂਦਾ, ਬਲਕਿ ਇਹ ਗੱਲ ਗਹਿਰਾਈ ਨਾਲ ਸੋਚਣ ਵਾਲੀ ਹੈ ਕਿ ਜਿਸਨੇ ਵੀ ਹੁਣ ਤੱਕ ਇਹ ਵਿਸਫੋਟਕ ਸਮੱਗਰੀ ਸੰਭਾਲਕੇ ਰੱਖੀ ਹੋਈ ਸੀ ਜੇਕਰ ਉਹਨੇ ਉਹ ਕਿਤੇ ਸੁੱਟਣੀ ਹੀ ਸੀ ਤਾਂ ਕਿਸੇ ਖੂਹ, ਟੋਭੇ ਵਿੱਚ ਕਿਉਂ ਨਹੀ ਸੁੱਟੀ ? ਇਹ ਤਾਂ ਬੇਸਮਝ ਵਿਅਕਤੀ ਵੀ ਸੌਖਿਆਂ ਸਮਝ ਸਕਦਾ ਹੈ ਕਿ ਜੇ ਕਿਸੇ ਨੇ 20  ਸਾਲ ਦਾ ਇਹ ਗੋਲੀ ਸਿੱਕਾ ਦਵਾ ਕੇ ਵੀ ਰੱਖਿਆ ਸੀ ਤਾਂ ਹੁਣ ਕਿਹੜੀ ਅਜਿਹੀ ਨੌਵਤ ਆ ਗਈ ਕਿ ਉਹ ਧਰਤੀ ਚੋਂ ਕੱਢ ਕੇ ਬਾਹਰ ਖਾਲੀ ਪਲਾਟਾਂ ਵਿੱਚ, ਉਹ ਵੀ ਗੁਰਦੁਆਰਾ ਸਹਿਬ ਦੇ ਨਜਦੀਕ ਨਿਰਾਲੀ ਜਗ੍ਹਾ ਤੇ ਸੁੱਟ ਗਿਆ। ਕਿਹੜਾ ਭੱਦਰਪੁਰਸ਼ ਮਰਿਆ ਸੱਪ ਆਪਣੇ ਹੀ ਗਲ ਪਾਉਣ ਦੀ ਗੁਸ਼ਤਾਖ਼ੀ ਕਰੇਗਾ?

ਹੁਣੇ ਹੁਣੇ ਪੰਜਾਬ ਵਿੱਚ ਚੋਣਾਂ ਹੋ ਕੇ ਹਟੀਆਂ ਹਨ। ਪਿਛਲੇ ਦਸ ਸਾਲਾਂ ਤੋਂ ਸਤਾ ਵਿੱਚ ਚੱਲ ਰਹੀ ਬਾਦਲ ਸਰਕਾਰ ਨੂੰ ਇਸ ਵਾਰ ਲੋਕਾਂ ਦੇ ਗੁੱਸੇ ਦਾ ਬੁਰੀ ਤਰਾਂ ਸ਼ਿਕਾਰ ਹੋਣਾ ਪਿਆ ਹੈ। ਪੰਜਾਬ ਅੰਦਰ ਕਾਂਗਰਸ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੇ ਚਰਚੇ ਚੱਲ ਰਹੇ ਹਨ । ਲੋਕ ਚਰਚਾ ਮੁਤਾਬਿਕ ਅਕਾਲੀ ਦਲ ਭਾਜਪਾ ਗੱਠਜੋੜ ਨੂੰ ਲੋਕਾਂ ਨੇ ਨਿਕਾਰ ਦਿੱਤਾ ਹੈ।ਕੇਂਦਰ ਵਿੱਚ ਅਕਾਲੀ ਦਲ ਦੀ ਭਾਈਵਾਲੀ ਵਾਲੀ ਮੋਦੀ ਸਰਕਾਰ ਹੈ ਜਿਹੜੀ ਪਹਿਲਾਂ ਹੀ ਕੱਟੜਵਾਦੀ ਗਤੀਵਿਧੀਆਂ ਲਈ ਬੁਰੀ ਤਰਾਂ ਬਦਨਾਮ ਹੈ। ਹੁਣ ਜਦੋਂ ਪੰਜਾਬ ਵਿੱਚ ਸਤਾ ਬਦਲੀ ਦੇ ਦਿਨ ਚੱਲ ਰਹੇ ਹਨ ਤੇ ਕੇਦਰ ਵੀ ਪੰਜਾਬ ਵਿੱਚ ਆ ਰਹੇ ਬਦਲਾਅ ਤੋਂ ਚੰਗੀ ਤਰਾਂ ਜਾਣੂ ਹੈ, ਫਿਰ ਅਜਿਹੀਆਂ ਘਟਨਾਵਾਂ ਦਾ ਵਾਪਰਨਾ ਕੋਈ ਹੈਰਾਨੀ ਵਾਲੀ ਗੱਲ ਨਹੀ।

ਜੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ  ਦੀ ਸਰਕਾਰ ਬਣਦੀ ਹੈ ਤਾਂ ਵੀ ਕੇਂਦਰ ਅਤੇ ਸ੍ਰ ਪ੍ਰਕਾਸ਼ ਸਿੰਘ ਬਾਦਲ ਕੋਈ ਨਾ ਕੋਈ ਅਜਿਹੀ ਸ਼ਾਜਿਸ ਜਰੂਰ ਰਚ ਸਕਦੇ ਹਨ, ਜਿਹੜੀ ਪੰਜਾਬ ਨੂੰ ਮੁੜ ਬਰਬਾਦੀ ਵੱਲ ਧਕਦੀ ਹੋਵੇ। ਜੇਕਰ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਕੇਂਦਰ ਕਦੇ ਵੀ ਨਹੀ ਚਾਹੇਗਾ ਕਿ ਆਪ ਦੀ ਸਰਕਾਰ ਆਪਣਾ ਪੰਜ ਸਾਲ ਦਾ ਕਾਰਜਕਾਲ ਪੂਰਾ ਕਰੇ। ਜਿਸ ਤਰਾਂ ਦਿੱਲੀ ਵਿੱਚ ਕੇਜਰੀਵਾਲ ਦੀ ਸਰਕਾਰ ਨੂੰ ਕੇਂਦਰ ਨੇ ਪਰੇਸਾਨ ਕਰਕੇ ਰੱਖਿਆ ਹੈ,ਠੀਕ ਉਸੇ ਹੀ ਤਰਜ ਤੇ ਪੰਜਾਬ ਵਿੱਚ ਵੀ ਸਰਕਾਰ ਨੂੰ ਨਾ ਚੱਲਣ ਦੇਣ ਲਈ ਕੇਂਦਰ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ। ਪੰਜਾਬ ਅਤੇ ਦਿੱਲੀ ਵਿੱਚ ਬਹੁਤ ਅੰਤਰ ਹੈ। ਦਿੱਲੀ ਪੂਰਾ ਸੂਬਾ ਨਾ ਹੋਣ ਕਰਕੇ ਕੇਂਦਰ ਸਰਕਾਰ ਨੇ ਪਹਿਲਾਂ ਹੀ ਦਿੱਲੀ ਸਰਕਾਰ ਨੂੰ ਅੰਗਹੀਣ ਕਰਕੇ ਰੱਖਿਆ ਹੋਇਆ ਹੈ। ਇੱਧਰ ਪੰਜਾਬ ਮੁੱਢੋਂ ਹੀ ਕੇਂਦਰ ਦੀਆਂ ਨਜਰਾਂ ਵਿੱਚ ਰੜਕਦਾ ਹੋਣ ਕਰਕੇ ਪੰਜਾਬੀਆਂ ਨੂੰ ਸਿਰ ਚੁੱਕਣ ਨਹੀ ਦਿੰਦਾ।

ਹੁਣ ਜਦੋਂ ਪੰਜਾਬ ਦੇ ਲੋਕ ਅਕਾਲੀ ਦਲ ਭਾਜਪਾ ਨੂੰ ਨਿਕਾਰ ਚੁੱਕੇ ਹਨ ਤਾਂ ਕੇਂਦਰ ਕੋਈ ਨਾ ਕੋਈ ਨਵੀਂ ਸਾਜ਼ਸ਼ੀ ਖੇਡ ਜਰੂਰ ਖੇਡੇਗਾ, ਜਿਸ ਨਾਲ ਜਿੱਥੇ ਪੰਜਾਬ ਿਵੱਚ ਬਣਨ ਵਾਲੀ ਨਵੀਂ ਸਰਕਾਰ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ, ਉਥੇ ਪੰਜਾਬ ਪੁਲਿਸ ਨੂੰ ਅਜਿਹੀਆਂ ਵਾਰਦਾਤਾਂ ਦੇ ਸਹਾਰੇ ਵੱਧ ਅਧਿਕਾਰ ਦੇ ਕੇ ਜਿੱਥੇ ਸੂਬਾ ਸਰਕਾਰ ਤੋਂ ਬੇਮੁਹਾਰੀ ਕਰਨ ਦੀ ਸਾਜ਼ਸ਼ ਹੋ ਸਕਦੀ ਹੈ, ਉਥੇ ਮੁੜ ਕੰਨ ਚੱਕ ਰਹੀ ਸਿੱਖ ਜੁਆਨੀ ਨੂੰ ਸਬਕ ਸਿਖਾਉਂਣ ਦੀ ਖਤਰਨਾਕ ਚਾਲ ਵੀ ਹੋ ਸਕਦੀ ਹੈ। ਸੋ ਉਪਰੋਕਤ ਖਦਸ਼ੇ ਦੇ ਸੰਦਰਭ ਵਿੱਚ ਜਿੱਥੇ ਖੱਖੜੀਆਂ ਕਰੇਲੇ ਹੋਈਆਂ ਪੰਥਕ ਧਿਰਾਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਂਦਾ ਹੈ ਉਥੇ ਪੰਜਾਬ ਸਮੂਹ ਇਨਸਾਫ ਤੇ ਜਮਹੂਰੀਅਤ ਪਸੰਦ ਜਥੇਵੰਦੀਆਂ ਨੂੰ ਵੀ ਆਉਣ ਵਾਲੇ ਇਸ ਖਤਰਨਾਕ ਸਮੇ ਦਾ ਮੁਕਾਬਲਾ ਕਰਨ ਲਈ ਹੁਣ ਤੋਂ ਹੀ ਲਾਮਬੰਦ ਹੋਣਾ ਹੋਵੇਗਾ।ਤਾਂ ਕਿ ਪੰਜਾਬ ਨੂੰ ਮੁੜ ਬਰਬਾਦ ਹੋਣ ਤੋਂ ਬਚਾਇਆ ਜਾ ਸਕੇ।

Install Punjabi Akhbar App

Install
×