ਇਸ ਵਾਰ ਦੀਆਂ ਚੋਣਾਂ – ਫੇਲ੍ਹ ਸਾਬਤ ਹੋਏ ਸਾਰੇ ਸਾਧ, ਡੇਰੇਦਾਰ, ਜੋਤਸ਼ੀ ਤੇ ਤਾਂਤਰਿਕ

ਪੰਜਾਬ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਜਨਤਾ ਦੀ ਜੈ ਹੁੰਦੀ ਹੈ। ਵਿਹਲੜ ਡੇਰੇਦਾਰਾਂ, ਸਾਧਾਂ ਅਤੇ ਬਾਬਿਆਂ ਦੇ ਚੇਲਿਆਂ ਦੀ ਗਿਣਤੀ ਦਾ ਅਨੁਪਾਤ ਲਗਾ ਕੇ ਚੋਣਾਂ ਲੜਨ ਵਾਲੀਆਂ ਸਾਰੀਆਂ ਰਵਾਇਤੀ ਰਾਜਨੀਤਕ ਪਾਰਟੀਆਂ ਮੂਧੜੇ ਮੂੰਹ ਜਾ ਡਿੱਗੀਆਂ ਹਨ। ਬਾਬਿਆਂ ਨੂੰ ਦਿੱਤੀਆਂ ਗਈਆਂ ਜਾਇਜ਼ ਨਜਾਇਜ਼ ਸਹੂਲਤਾਂ ਅਤੇ ਮੁੱਠੀ ਚਾਪੀ ਕਿਸੇ ਕੰਮ ਨਹੀਂ ਆਈ। ਪੰਜਾਬ ‘ਤੇ ਆਪਣਾ ਜੱਦੀ ਪੁਸ਼ਤੀ ਅਧਿਕਾਰ ਸਮਝਣ ਵਾਲੀਆਂ ਰਵਾਇਤੀ ਪਾਰਟੀਆਂ ਨੇ ਗੇੜੇ ਮਾਰ ਮਾਰ ਕੇ ਛੋਟੇ ਵੱਡੇ ਡੇਰਿਆਂ ਦੀਆਂ ਦਹਿਲੀਜ਼ਾਂ ਘਸਾ ਦਿੱਤੀਆਂ ਸਨ ਤੇ ਘੁੱਟ ਘੁੱਟ ਕੇ ਬਾਬਿਆਂ ਦੇ ਗੋਡਿਆਂ ਦੀਆਂ ਚੱਪਣੀਆਂ ਪੀੜ ਕਰਨ ਲਗਾ ਦਿੱਤੀਆਂ, ਪਰ ਕੋਈ ਫਾਇਦਾ ਨਹੀਂ ਹੋਇਆ। ਜਨਤਾ ਨੇ ਬਾਬਿਆਂ ਵੱਲੋਂ ਆਏ ਹੁਕਮ ਮੰਨਣ ਨਾਲੋਂ ਆਪਣੇ ਜ਼ਮੀਰ ਦੀ ਅਵਾਜ਼ ਨੂੰ ਜਿਆਦਾ ਤਰਜ਼ੀਹ ਦਿੱਤੀ। ਬਾਬਿਆਂ ਦੀ ਧਾਰ ਨੂੰ ਖੁੰਢਾ ਕਰਨ ਵਿੱਚ ਸਭ ਤੋਂ ਵੱਡਾ ਯੋਗਦਾਨ ਸ਼ੋਸ਼ਲ ਮੀਡੀਆ ਵੱਲੋਂ ਪਾਇਆ ਗਿਆ ਹੈ। ਜਦੋਂ ਕੁਝ ਬਾਬਿਆਂ ਨੂੰ ਇੱਕ ਬਹੁਤ ਵੱਡੀ ਰਾਜਨੀਤਕ ਹਸਤੀ ਵੱਲੋਂ ਦਿੱਲੀ ਬੁਲਾ ਕੇ ਰਾਸ਼ਨ ਪਾਣੀ ਛਕਾਇਆ ਗਿਆ ਸੀ ਤਾਂ ਨਾਲ ਦੀ ਨਾਲ ਘੋਰ ਵਿਰੋਧ ਵਿੱਚ ਪੋਸਟਾਂ ਪੈਣ ਲੱਗ ਪਈਆਂ ਸਨ ਤੇ ਬਾਬਿਆਂ ਦਾ ਵੱਖ ਵੱਖ ਕਰੜੇ ਅਲੰਕਾਰਾਂ ਨਾਲ ਮਾਨ ਸਨਮਾਨ ਵਧਾਇਆ ਗਿਆ ਸੀ। ਇਸ ਤੋਂ ਇਲਾਵਾ ਸਭ ਤੋਂ ਵੱਧ ਪ੍ਰਸਿੱਧ ਉਹ ਪੋਸਟ ਹੋਈ ਜਿਸ ਵਿੱਚ ਜਨਤਾ ਨੂੰ ਸਮਝਾਇਆ ਗਿਆ ਸੀ ਕਿ ਜੇ ਤੁਸੀਂ ਬਾਬਿਆਂ ਦੇ ਕਹਿਣ ‘ਤੇ ਵੋਟਾਂ ਪਾਉਗੇ ਤਾਂ ਕਲ੍ਹ ਨੂੰ ਆਪਣੇ ਬੱਚਿਆਂ ਵਾਸਤੇ ਨੌਕਰੀਆਂ, ਵਧੀਆ ਸਕੂਲ, ਸੜਕਾਂ ਅਤੇ ਸਿਹਤ ਸਹੂਲਤਾਂ ਵੀ ਬਾਬਿਆਂ ਕੋਲੋਂ ਹੀ ਮੰਗਿਉ।
ਪੰਜਾਬ ਵਿੱਚ ਇਸ ਸਮੇਂ ਛੋਟੇ ਵੱਡੇ ਪਾ ਕੇ ਤਕਰੀਬਨ 10000 ਡੇਰੇ ਹਨ ਜਿਨ੍ਹਾਂ ਦੀਆਂ ਸਵਾ ਲੱਖ ਦੇ ਕਰੀਬ ਸ਼ਾਖਾਵਾਂ ਹਨ ਤੇ ਇਨ੍ਹਾਂ ਨਾਲ ਕਰੀਬ 53 ਲੱਖ ਲੋਕ ਜੁੜੇ ਹੋਏ ਹਨ। ਇਨ੍ਹਾਂ ਡੇਰਿਆਂ ਨੇ ਹਮੇਸ਼ਾਂ ਹੀ ਚੋਣਾਂ ਸਮੇਂ ਵੱਡੀ ਭੂਮਿਕਾ ਨਿਭਾਈ ਹੈ। ਇਨ੍ਹਾਂ ਵਿੱਚੋਂ 25 ૶ 30 ਡੇਰੇ ਤਾਂ ਅਜਿਹੇ ਹਨ ਜੋ ਧਾਰਮਿਕ ਦੀ ਥਾਂ ਰਾਜਨੀਤਕ ਹੀ ਹੋ ਗਏ ਹਨ। ਇਨ੍ਹਾਂ ਡੇਰਿਆਂ ਦੀ ਖੁਸ਼ਨੂਦੀ ਹਾਸਲ ਕਰਨ ਲਈ ਲੀਡਰ ਹਮੇਸ਼ਾਂ ਤਤਪਰ ਰਹਿੰਦੇ ਹਨ। ਸੱਤਾਧਾਰੀਆਂ ਵੱਲੋਂ ਇਨ੍ਹਾਂ ਡੇਰਦਾਰਾਂ ਨੂੰ ਖੁਸ਼ ਕਰਨ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਗੰਨਮੈਨ ਦਿੱਤੇ ਹੋਏ ਹਨ। ਇਹ ਬਾਬੇ ਵੀ ਐਨੇ ਮੂੰਹਜ਼ੋਰ ਹੋ ਗਏ ਹਨ ਕਿ ਗੱਡੀਆਂ ‘ਤੇ ਲਾਲ ਬੱਤੀਆਂ ਲਗਾ ਕੇ ਘੁੰਮਦੇ ਹਨ। ਹਰਿਆਣੇ ਦਾ ਇੱਕ ਡੇਰਾ ਜਿਸ ਦਾ ਪੰਜਾਬ ਦੇ ਮਾਲਵਾ ਖੇਤਰ ਵਿੱਚ ਕਾਫੀ ਪ੍ਰਭਾਵ ਹੈ, ਹਰ ਸਾਲ ਕਿਸੇ ਨਾ ਕਿਸੇ ਵੱਖਰੀ ਪਾਰਟੀ ਨੂੰ ਸਮਰਥਨ ਦਿੰਦਾ ਰਿਹਾ ਹੈ। ਇਸ ਵਾਰ ਵੀ ਉਸ ਨੇ ਦੋ ਵੱਡੀਆਂ ਪਾਰਟੀਆਂ ਦੀ ਹਮਾਇਤ ਕੀਤੀ ਸੀ, ਪਰ ਦੋਵਾਂ ਨੂੰ ਬੁਰੀ ਤਰਾਂ ਮੂੰਹ ਦੀ ਖਾਣੀ ਪਈ। ਇਨ੍ਹਾਂ ਚੋਣਾਂ ਤੋਂ ਪਹਿਲਾਂ ਆਮ ਪ੍ਰਭਾਵ ਸੀ ਕਿ ਪੰਜਾਬ ਦੇ ਡੇਰੇ 93 ਸੀਟਾਂ ‘ਤੇ ਸਿੱਧੀਆਂ ਪੁੱਠੀਆਂ ਪਾਉਣ ਦੀ ਤਾਕਤ ਰੱਖਦੇ ਹਨ, ਪਰ ਇਸ ਵਾਰ ਜਨਤਾ ਜਨਾਰਧਨ ਨੇ ਡੇਰਿਆਂ ਨੂੰ ਇਨ੍ਹਾਂ ਦੀ ਔਕਾਤ ਵਿਖਾ ਦਿੱਤੀ ਹੈ। ਹੁਣ ਇਨ੍ਹਾਂ ਵਿਹਲੜ ਬਾਬਿਆਂ ਨੂੰ ਚਾਹੀਦਾ ਹੈ ਕਿ ਰਾਜਨੀਤਕ ਚੋਲਾ ਲਾਹ ਕੇ ਆਪਣੇ ਆਪ ਨੂੰ ਸਿਰਫ ਧਾਰਮਿਕ ਕੰਮਾਂ ਤੱਕ ਹੀ ਸੀਮਤ ਰੱਖਣ।
ਪਿਛਲੇ ਕੁਝ ਸਾਲਾਂ ਦੌਰਾਨ ਪੰਜਾਬ ਦੀ ਜਨਤਾ ਵਿੱਚ ਬਹੁਤ ਜਾਗ੍ਰਿਤੀ ਆਈ ਹੈ। ਪਹਿਲਾਂ ਪਰਿਵਾਰ ਰਵਾਇਤੀ ਪਾਰਟੀਆਂ ਨਾਲ ਬੱਝੇ ਹੁੰਦੇ ਸਨ। ਘਰ ਦੇ ਅਣਪੜ੍ਹ ਬਜ਼ੁਰਗ ਦੇ ਕਹਿਣ ‘ਤੇ ਸਾਰਾ ਪਰਿਵਾਰ ਅੱਖਾਂ ਮੀਟ ਕੇ ਵੋਟਾਂ ਪਾ ਆਉਂਦਾ ਸੀ। ਜਿਸ ਪਾਰਟੀ ਦਾ ਸਰਪੰਚ ਹੁੰਦਾ ਸੀ, ਉਸ ਦੀਆਂ ਪਿੰਡ ਵਿੱਚੋਂ ਵੋਟਾਂ ਵਧਣ ਦੀ ਗਰੰਟੀ ਮੰਨੀ ਜਾਂਦੀ ਸੀ। ਪਰ ਹੁਣ ਨਵੀਂ ਪੀੜ੍ਹੀ ਦਿਲ ਦੀ ਬਜਾਏ ਦਿਮਾਗ ਨਾਲ ਸੋਚਦੀ ਹੈ ਤੇ ਲੀਡਰਾਂ ਕੋਲੋਂ ਸਵਾਲ ਪੁੱਛਦੀ ਹੈ। ਇਸ ਵਾਰ ਦੀ ਚੋਣ ਵਿੱਚ ਵੇਖਿਆ ਗਿਆ ਹੈ ਕਿ ਆਪਣੇ ਆਪ ਨੂੰ ਫੰਨੇ ਖਾਂ ਸਮਝਣ ਵਾਲੇ ਲੀਡਰ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ ਲੱਗਾ ਮੁੜਕੋ ਮੁੜਕੀ ਹੋ ਜਾਂਦੇ ਸਨ ਜਾਂ ਗੱਡੀ ਵਿੱਚ ਬੈਠ ਕੇ ਖਿਸਕਣ ਦੀ ਕਰਦੇ ਸਨ। ਅੱਜ ਤੋਂ ਪੰਦਰਾਂ ਵੀਹ ਸਾਲ ਪਹਿਲਾਂ ਸ਼ੋਸ਼ਲ ਮੀਡੀਆ ਦੀ ਅਣਹੋਂਦ ਕਾਰਨ ਲੋਕ ਵੱਡੀ ਤੋਂ ਵੱਡੀ ਘਟਨਾ ਨੂੰ ਦੋ ਚਾਰ ਦਿਨ ਵਿੱਚ ਭੁੱਲ ਜਾਂਦੇ ਸਨ। ਕੁਝ ਦਿਨ ਅਖਬਾਰਾਂ ਵਿੱਚ ਚਰਚਾ ਹੋਣ ਤੋਂ ਬਾਅਦ ਗੱਲ ਠੰਡੀ ਪੈ ਜਾਂਦੀ ਸੀ। ਪਰ ਹੁਣ ਤਾਂ ਲੱਗਦਾ ਹੈ ਕਿ ਲੋਕਾਂ ਨੇ ਹਰੇਕ ਲੀਡਰ ਦਾ ਵੱਖਰਾ ਫੋਲਡਰ ਤਿਆਰ ਕੀਤਾ ਹੋਇਆ ਹੈ ਜਿਸ ਵਿੱਚ ਉਸ ਵੱਲੋਂ ਪਿਛਲੀ ਚੋਣ ਵੇਲੇ ਕੀਤੇ ਗਏ ਵਾਅਦੇ ਰਿਕਾਰਡ ਕਰ ਕੇ ਰੱਖੇ ਜਾਂਦੇ ਹਨ। ਜਦੋਂ ਵੀ ਕੋਈ ਲੀਡਰ ਅਗਲੀ ਚੋਣ ਵਿੱਚ ਗੱਪ ਮਾਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਪਿਛਲੀ ਵੀਡੀਉ ਮਿੰਟਾਂ ਸਕਿੰਟਾਂ ਵਿੱਚ ਵਾਇਰਲ ਹੋ ਜਾਂਦੀ ਹੈ। ਇਨ੍ਹਾਂ ਚੋਣਾਂ ਵਿੱਚ ਕਈ ਲੀਡਰਾਂ ਨੂੰ ਇਹ ਪੁਰਾਣੀਆਂ ਵੀਡੀਉ ਹੀ ਲੈ ਕੇ ਬੈਠ ਗਈਆਂ ਹਨ। ਜਿਵੇਂ ਇੱਕ ਵੱਡੇ ਰਾਜਨੀਤਕ ਪਰਿਵਾਰ ਨੂੰ ਕੇਂਦਰ ਸਰਕਾਰ ਦੁਆਰਾ ਬਣਾਏ ਗਏ ਕਿਸਾਨ ਵਿਰੋਧੀ ਕਾਨੂੰਨਾਂ ਦੀ ਤਾਰੀਫ ਕਰਨੀ ਮਹਿੰਗੀ ਪਈ ਹੈ। ਸ਼ੋਸ਼ਲ ਮੀਡੀਆ ‘ਤੇ ਉਨ੍ਹਾਂ ਦੀਆਂ ਇਹ ਵੀਡੀਉ ਵਾਰ ਵਾਰ ਚਲਾਈਆਂ ਗਈਆਂ। ਇਸ ਤੋਂ ਇਲਾਵਾ ਇੱਕ ਲੀਡਰ ਵਲੋਂ ਪਿਛਲੀ ਵਿਧਾਨ ਸਭਾ ਚੋਣ ਜਿੱਤਣ ਲਈ ਬਠਿੰਡਾ ਦੇ ਥਰਮਲ ਪਲਾਂਟ (ਜੋ ਹੁਣ ਢਾਹਿਆ ਜਾ ਰਿਹਾ ਹੈ) ਦੀਆਂ ਚਿਮਨੀਆਂ ਵਿੱਚੋਂ ਦੁਬਾਰਾ ਧੂੰਆਂ ਕੱਢਣ ਦੇ ਕੀਤੇ ਵਾਅਦੇ ਦੀਆਂ ਵੀਡੀਉ ਵੀ ਚਰਚਾ ਵਿੱਚ ਰਹੀਆਂ ਹਨ। ਲੋਕ ਉਸ ਦੇ ਜਲਸੇ ਵਿੱਚ ਹੀ ਉਹ ਵੀਡੀਉ ਵਿਖਾਉਂਦੇ ਵੇਖੇ ਗਏ ਜਦੋਂ ਉਸ ਨੇ ਇੱਕ ਵਿਅਕਤੀ ਦੇ ਇਸ ਸਬੰਧੀ ਕੀਤੇ ਸਵਾਲ ਦੇ ਜਵਾਬ ਵਿੱਚ ਕਹਿ ਦਿੱਤਾ ਕਿ ਮੈਂ ਤਾਂ ਅਜਿਹਾ ਕੋਈ ਵਾਅਦਾ ਕੀਤਾ ਹੀ ਨਹੀਂ ਸੀ।
ਇਨ੍ਹਾਂ ਚੋਣਾਂ ਵਿੱਚ ਬਾਬਿਆਂ ਦੇ ਗਿੱਟੇ ਗੋਡੇ ਫੜ੍ਹਨ ਤੋਂ ਇਲਾਵਾ ਲੀਡਰਾਂ ਦਾ ਸਭ ਤੋਂ ਜਿਆਦਾ ਜੋਰ ਤਾਂਤਰਿਕਾਂ, ਮਾਂਤਰਿਕਾਂ ਅਤੇ ਜੋਤਸ਼ੀਆਂ ਕੋਲੋਂ ਜਿੱਤਣ ਲਈ ਧਾਗੇ ਤਵੀਤ ਅਤੇ ਉਪਾਅ ਕਰਾਉਣ ‘ਤੇ ਲੱਗਾ ਹੋਇਆ ਸੀ। ਹਿਮਾਚਲ ਪ੍ਰਦੇਸ਼ ਦੇ ਇੱਕ ਧਾਰਮਿਕ ਸਥਾਨ ਬਾਰੇ ਪ੍ਰਸਿੱਧ ਹੈ ਕਿ ਉਥੇ ਹਵਨ ਕਰਾਉਣ ਨਾਲ ਦੁਸ਼ਮਣ ਖਤਮ ਹੋ ਜਾਂਦਾ ਹੈ। ਪੰਜਾਬ ਦੇ ਲੀਡਰਾਂ ਨੇ ਐਨੇ ਹਵਨ ਬੁੱਕ ਕਰਵਾ ਲਏ ਕਿ ਵੇਟਿੰਗ ਲਿਸਟ ਕਾਫੀ ਲੰਬੀ ਹੋ ਗਈ। ਲੀਡਰਾਂ ਨੇ ਰੌਲਾ ਪਾ ਲਿਆ ਕਿ ਹਵਨ ਚੋਣਾਂ ਤੋਂ ਪਹਿਲਾਂ ਹੋਣਾ ਚਾਹੀਦਾ ਹੈ, ਅਸੀਂ ਈਦ ਪਿੱਛੋਂ ਤੰਬਾ ਫੂਕਣਾ? ਇਸ ਲਈ ਧਾਰਮਿਕ ਸਥਾਨ ਦੇ ਪੁਜਾਰੀਆਂ ਨੇ ਇੱਕ ਢੰਗ ਲੱਭ ਲਿਆ ਤੇ ਉਹ ਇੱਕ ਹਵਨ ‘ਤੇ ਦੋ – ਦੋ, ਚਾਰ- ਚਾਰ ਲੀਡਰਾਂ ਨੂੰ ਇਕੱਠੇ ਹੀ ਬਿਠਾਉਣ ਲੱਗ ਪਏ। ਪਰ ਉਥੇ ਇੱਕ ਹਾਸੋਹੀਣੀ ਸਥਿੱਤੀ ਪੈਦਾ ਹੋ ਗਈ ਜਦੋਂ ਮਾਲਵੇ ਦੀ ਇੱਕ ਸੀਟ ‘ਤੇ ਚੋਣ ਲੜ ਰਹੇ ਦੋ ਕੱਟੜ ਵਿਰੋਧੀ ਉਮੀਦਵਾਰ ਇੱਕ ਹੀ ਹਵਨ ਕੁੰਡ ‘ਤੇ ਇਕੱਠੇ ਹੋ ਗਏ ਤੇ ਬਹੁਤ ਮੁਸ਼ਕਿਲ ਜੁੱਤੀਉ ਜੁੱਤੀ ਹੋਣ ਤੋਂ ਬਚੇ। ਇਸ ਤਮਾਸ਼ੇ ਤੋਂ ਬਚਣ ਲਈ ਪੁਜਾਰੀਆਂ ਨੇ ਹੱਲ ਲੱਭਿਆ ਕਿ ਅੱਗੇ ਤੋਂ ਇੱਕ ਰਾਜਨੀਤਕ ਪਾਰਟੀ ਦੇ ਉਮੀਦਵਾਰ ਹੀ ਇੱਕ ਹਵਨ ਕੁੰਡ ‘ਤੇ ਬਿਠਾਏ ਜਾਣ। ਕਈ ਸਿਆਣੇ ਬਿਆਣੇ ਉਮੀਦਵਾਰਾਂ ਨੇ ਤਾਂ ਕਮਾਲ ਹੀ ਕਰ ਦਿੱਤੀ। ਜੋਤਸ਼ੀਆਂ ਦੇ ਕਹਿਣ ‘ਤੇ ਕੱਟੇ, ਬੱਕਰੇ ਅਤੇ ਹੋਰ ਜਾਨਵਰ ਬਲੀ ਲਈ ਦਾਨ ਕੀਤੇ ਪਰ ਫਿਰ ਵੀ ਹਾਰ ਗਏ। ਲੱਗਦਾ ਹੈ ਕਿ ਰੱਬ ਵੀ ਹੁਣ ਸ਼ਾਕਾਹਾਰੀ ਹੋ ਗਿਆ ਹੈ ਜਾਂ ਉਸ ਦਾ ਯੂਰਿਕ ਐਸਿਡ ਵਧਿਆ ਹੋਇਆ ਹੈ।
ਸਭ ਤੋਂ ਵੱਧ ਬੁਰੀ ਜੋਤਸ਼ੀਆਂ ਨਾਲ ਹੋਈ ਹੈ। ਕੋਈ ਵੀ ਬ੍ਰਹਮ ਗਿਆਨੀ, ਲਾਲ ਕਿਤਾਬ ਵਾਲਾ ਜਾਂ ਸੁਨਾਮ ਦਾ ਮਸ਼ਹੂਰ ਜੋਤਸ਼ੀ ਇਹ ਅੰਦਾਜ਼ਾ ਨਹੀਂ ਲਗਾ ਸਕਿਆ ਕਿ ਕਿਸ ਪਾਰਟੀ ਨੂੰ ਕਿੰਨੀਆਂ ਸੀਟਾਂ ਮਿਲਣਗੀਆਂ। ਕਈ ਵਹਿਮੀ ਉਮੀਦਵਾਰ ਜੋਤਸ਼ੀਆਂ ਤੋਂ ਸ਼ੁਭ ਘੜੀ ਕਢਵਾ ਕੇ ਗਏ ਸਨ ਕਿ ਕਿੰਨੇ ਵਜੇ ਕਾਗਜ਼ ਦਾਖਲ ਕਰਾਉਣ ਨਾਲ ਜਿੱਤ ਹਾਸਲ ਹੋ ਸਕਦੀ ਹੈ। ਮੁਤਕਸਰ ਜਿਲ੍ਹੇ ਦੇ ਬੁਰੀ ਤਰਾਂ ਹਾਰਨ ਵਾਲੇ ਇੱਕ ਉਮੀਦਵਾਰ ਦੀ ਵੀਡੀਉ ਵਾਇਰਲ ਹੋਈ ਸੀ ਜਿਸ ਵਿੱਚ ਉਹ ਚੋਣ ਅਧਿਕਾਰੀ ਦੇ ਦਫਤਰ ਵਿੱਚ ਖੜ੍ਹਾ ਵਾਰ ਵਾਰ ਆਪਣੀ ਘੜੀ ਵੱਲ ਵੇਖ ਰਿਹਾ ਸੀ ਤੇ ਚੋਣ ਅਧਿਕਾਰੀ ਦੇ ਵਾਰ ਵਾਰ ਮੰਗਣ ‘ਤੇ ਵੀ ਕਾਗਜ਼ ਨਹੀਂ ਸੀ ਦੇ ਰਿਹਾ। ਅਖੀਰ 12 ਵੱਜ ਕੇ 13 ਮਿੰਟਾਂ ‘ਤੇ ਉਸ ਨੇ ਕਾਗਜ਼ ਦਾਖਲ ਕੀਤੇ ਪਰ ਫਾਇਦਾ ਫਿਰ ਵੀ ਨਹੀਂ ਹੋਇਆ। ਪਰ ਲੱਗਦਾ ਹੈ ਕਿ ਇਨ੍ਹਾਂ ਚੋਣਾਂ ਨੇ ਲੀਡਰਾਂ ਅਤੇ ਸਾਧਾਂ ਨੂੰ ਇਹ ਅਕਲ ਸਿਖਾ ਦਿੱਤੀ ਹੈ ਕਿ ਨਵੀਂ ਪੀੜ੍ਹੀ ਨੂੰ ਹੁਣ ਬੇਵਕੂਫ ਨਹੀਂ ਬਣਾਇਆ ਜਾ ਸਕਦਾ। ਲੋਕਾਂ ਦੇ ਧਾਰਮਿਕ ਅਕੀਦੇ ਹੋਰ ਪਾਸੇ ਹੁੰਦੇ ਹਨ ਤੇ ਰਾਜਨੀਤਕ ਅਤੇ ਸਮਾਜਿਕ ਵਿਚਾਰ ਹੋਰ ਪਾਸੇ। ਡੇਰਿਆਂ ਦੇ ਗੇੜੇ ਮਾਰਨ ਦੀ ਬਜਾਏ ਜੇ ਲੀਡਰ ਪਿੰਡਾਂ ਸ਼ਹਿਰਾਂ ਦੀਆਂ ਗੰਦੀਆਂ ਗਲੀਆਂ, ਮੁਸ਼ਕ ਮਾਰਦੇ ਹਸਪਤਾਲਾਂ, ਟੁੱਟੀਆਂ ਸੜਕਾਂ ਅਤੇ ਸਕੂਲਾਂ ਆਦਿ ਦੀ ਹਾਲਤ ਸੁਧਾਰਨ ਵੱਲ ਧਿਆਨ ਦੇਣ ਤਾਂ ਉਨ੍ਹਾਂ ਨੂੰ ਵੱਧ ਵੋਟਾਂ ਹਾਸਲ ਹੋ ਸਕਦੀਆਂ ਹਨ।

Install Punjabi Akhbar App

Install
×