ਪੰਜਾਬ ਦੇ ਸਿਆਸੀ ਚੋਣ ਦੰਗਲ ਵਿਚ ਪਰਵਾਸੀ ਪ੍ਰਸੰਗ   

Punjab-784x441

ਪੰਜਾਬ ਸਮੇਤ ਪੂਰੇ ਭਾਰਤ ਵਿਚ ਲੋਕ ਸਭਾ ਚੋਣਾਂ ਦਾ ਸਿਆਸੀ ਪਾਰਾ ਜੇਠ ਦੀ ਤਪਦੀ ਦੁਪਹਿਰ ਵਰਗਾ ਹੋ ਚੁੱਕਿਆ ਹੈ | ਲੋਕ ਸੱਥਾਂ ਵਿਚ ਉਮੀਦਵਾਰਾਂ ਪਾਰਟੀਆਂ ਦੇ ਰੰਗ ਢੰਗਾਂ ਦੀ ਚਰਚਾ ਕਰਨ ਲੱਗੇ ਹਨ | ਪਰ ਪਿਛਲੇ ਦਸ ਸਾਲਾਂ ਦੌਰਾਨ ਪੰਜਾਬ ਦੀ ਵੋਟ ਰਾਜਨੀਤੀ ਵਿਚ ਵਿਸ਼ੇਸ਼ ਦਿਲਚਸਪੀ ਰੱਖਣ ਵਾਲੇ ਪਰਵਾਸੀ ਵਰਗ ਵਿਚ ਅਜੇ ਵੀ ਪੋਹ ਦੀ ਧੁੰਦ ਹੀ ਪੱਸਰੀ ਹੋਈ ਹੈ | ਪ੍ਰਵਾਸੀਆਂ ਦਾ ਮੁਰਾਲ ਇਸ ਸਮੇਂ ਨਿਵਾਣ ਵੱਲ ਹੈ | ਜਿਸਦੇ ਕਾਰਨਾਂ ਦੀ ਪੜਚੋਲ ਕਰਨੀ ਬਣਦੀ ਹੈ | ਪ੍ਰਵਾਸੀਆਂ ਨੇ ਪੰਜਾਬ ਦੀ ਰਾਜਨੀਤੀ ਵਿਚ ਵਿਸ਼ੇਸ਼ ਦਖ਼ਲ ਸ਼ੋਸਲ ਮੀਡੀਆਂ ਦੇ ਸਰਬ ਪ੍ਰਮਾਣਿਤ ਹੋਣ ਤੋਂ ਬਾਅਦ 2010 ਦੇ ਆਸ ਪਾਸ ਉਦੋਂ ਦੇਣਾ ਸ਼ੁਰੂ ਕੀਤਾ ਜਦੋਂ ਬਾਦਲ ਪਰਿਵਾਰ ਦੇ ਇੱਕ ਪੁੱਤ ਮਨਪ੍ਰੀਤ ਬਾਦਲ ਨੇ ਬਗਾਵਤ ਕਰਕੇ ਖਟਕੜ ਕਲਾਂ ਨੂੰ ਮੁਹਾਣ ਕੀਤੀ | ਮੈਨੂੰ ਯਾਦ ਹੈ ਕਿ ਪੀਪਲਜ਼ ਪਾਰਟੀ ਆਫ਼ ਪੰਜਾਬ ਸ਼ੋਸਲ ਮੀਡੀਆ ਤੇ ਲੋਕਾਂ ਦੀ ਇੱਕ ਆਸ ਵਜੋਂ ਪੇਸ਼ ਹੋਈ | ਜਿਸਨੂੰ ਪ੍ਰਦੇਸਾਂ ਵਿਚ ਇੱਕ ਵੱਡਾ ਹੁੰਗਾਰਾ ਹੀ ਨਹੀਂ ਮਿਲਿਆ ਸਗੋਂ ਚੋਣ ਲੜਨ ਲਈ ਲੋਕਾਂ  ਡਾਲਰ ਵੀ ਝੋਲੀ ਪਾਏ | ਪਰ ਕਾਕਿਆਂ ਦੀ ਉਕਤ ਪਾਰਟੀ ਦੇ ਪਤੰਗ ਦੀ ਡੋਰ ਜਲਦ ਹੀ ਕਾਂਗਰਸ ਅਤੇ ਅਕਾਲੀਆਂ ਦੇ ਹੱਥਾਂ ਵਿਚ ਤੁਣਕੇ ਮਾਰਦੀ ਨਜ਼ਰ ਆਈ | ਇਹ ਪਹਿਲੀ ਬਾਰ ਸੀ ਕਿ ਪ੍ਰਦੇਸ਼ੀ ਪਿੰਡਾਂ ਵਿਚ ਆਪਣੇ ਪਿਛਲੇ ਪਰਿਵਾਰਾਂ ਅਤੇ ਜਾਣਕਾਰਾਂ ਨੂੰ ਵੋਟਾਂ ਲਈ ਕਹਿਣ ਲੱਗੇ | ਪੀ.ਪੀ.ਪੀ ਨੇ ਉਸ ਸਮੇਂ ਪੰਜਾਬ ਵਿਚੋਂ ਸਾਢੇ ਪੰਜ ਫ਼ੀਸਦ ਵੋਟਾਂ ਹਾਸਿਲ ਕਰਨ ਵਿਚ ਕਾਮਯਾਬੀ ਵੀ ਹਾਸਿਲ ਕੀਤੀ | ਪਰ ਮਨਪ੍ਰੀਤ ਸਮੇਤ ਉਸਦੇ ਕਿਸੇ ਵੀ ਸਾਥੀ ਦਾ ਵਿਧਾਨ ਸਭਾ ਵਿਚ ਦਾਖਲਾ ਸੰਭਵ ਨਾ ਹੋ ਪਾਇਆ | ਜਿਸਦੇ ਚੱਲਦੇ ਆਖਿਰ ਮਨਪ੍ਰੀਤ ਬਾਦਲ ਕਾਂਗਰਸ ਦੇ ਹੱਥ ਵਿਚ ਹੱਥ ਪਾਕੇ ਤੁਰਨ ਲੱਗੇ |

ਇਸੇ ਦੌਰ ਦੌਰਾਨ ਅੰਨਾ ਹਜ਼ਾਰੇ ਰਾਹੀਂ ਕੌਮੀ ਪੱਧਰ ਤੇ ਇੱਕ ਮੂਵਮੈਂਟ ਚੱਲੀ ਜਿਸ ਵਿਚੋਂ ਅਰਵਿੰਦ ਕੇਜਰੀਵਾਲ ਦੀ ਪਾਰਟੀ ਆਮ ਆਦਮੀ ਪਾਰਟੀ ਦਾ ਉਥਾਨ ਹੋਇਆ | ਭ੍ਰਿਸ਼ਟਾਚਾਰ ਵਿਰੋਧੀ ਨਾਹਰੇ ਨੂੰ ਪ੍ਰਵਾਸੀਆਂ ਨੇ ਆਪਣਾ ਨਾਹਰਾ ਬਣਾ ਲਿਆ ਤੇ ਕੇਜਰੀਵਾਲ ਪੂਰੇ ਸੰਸਾਰ ਭਰ ਦੇ ਪਰਵਾਸੀ ਪੰਜਾਬੀਆਂ ਦਾ ਹੀਰੋ ਬਣਕੇ ਉੱਭਰਿਆ | ਉਸਦੇ ਦਿੱਲੀ ਦੇ ਥੋੜ ਚਿਰੀ ਮੁੱਖ ਮੰਤਰੀ ਬਣਨ ਤੋਂ ਲੈਕੇ ਪੂਰੇ ਮੁੱਖ ਮੰਤਰੀ ਬਣਨ ਦੌਰਾਨ ਪੰਜਾਬ ਵਾਲਿਆਂ ਨੇ ਲੋਕ ਸਭਾ ਚੋਣਾਂ ਦੌਰਾਨ ਕੇਜਰੀਵਾਲ ਦੀ ਪਾਰਟੀ ਆਪ ਦੇ ਚਾਰ ਉਮੀਦਵਾਰ ਮੈਂਬਰ ਪਾਰਲੀਮੈਂਟ ਬਣਾ ਦਿੱਤੇ | ਇਸਤੋਂ ਬਾਅਦ ਇੱਕ ਕਿਸਮ ਨਾਲ ਸ਼ੋਸਲ ਮੀਡੀਆ ਦੇ ਮਾਧਿਅਮ ਰਾਹੀਂ ਕੇਜਰੀਵਾਲ ਦੀ ਚੜਤ ਇੱਕ ਹਨੇਰੀ ਬਣ ਗਈ |

ਪ੍ਰਵਾਸੀਆਂ ਨੇ ਕੇਜਰੀਵਾਲ ਵਿਚੋਂ ਪੰਜਾਬ ਦਾ ਭਵਿੱਖ ਦੇਖਣ ਲੱਗ ਪਏ | ਦੁਨੀਆਂ ਭਰ ਦੇ ਪੰਜਾਬੀਆਂ ਨੇ 2017 ਵਿਧਾਨ ਸਭਾ ਚੋਣਾਂ ਵਿਚ ਆਪ ਦੀ ਪੰਜਾਬ ਵਿਚ ਸਰਕਾਰ ਬਣਾਉਣ ਦਾ ਨਾਹਰਾ ਤੱਕ ਦੇ ਦਿੱਤਾ | ਉਸੇ ਨਾਹਰੇ ਵਿਚ ਪੰਜਾਬ ਵਿਚ ਵਿਧਾਇਕਾਂ ਤੋਂ ਲੈਕੇ ਆਪੇ ਬਣੇ ਮੁੱਖ ਮੰਤਰੀਆਂ ਦੀ ਹੇੜ ਦਾ ਹੜ ਆ ਗਿਆ | ਡਾਲਰਾਂ ਦਾ ਮੀਂਹ ਆਪ ਦੇ ਉੱਪਰ ਵਰਨ ਲੱਗਾ | ਇਸ ਦੌਰ ਦੌਰਾਨ ਸਵਾਲ ਕਰਨ ਵਾਲੇ ਸ਼ੋਸਲ ਮੀਡੀਆ ਦੀ ਮੌਬ ਲਾਂਚਿੰਗ ਦੇ ਸ਼ਿਕਾਰ ਹੋਣ ਲੱਗੇ |ਆਪ ਨਾਲ ਮੁੱਢ ਤੋਂ ਜੁੜੇ ਡਾਕਟਰ ਦਲਜੀਤ ਸਿੰਘ ,ਸੁਮੇਲ ਸਿੱਧੂ ,ਪ੍ਰੋਫੈਸਰ ਮਨਜੀਤ ਸਿੰਘ ,ਡਾਕਟਰ ਧਰਮਵੀਰ ਗਾਂਧੀ ਆਦਿ ਪਾਸੇ ਕੀਤੇ ਜਾਣ ਲੱਗੇ | ਉਹਨਾਂ ਦੀ ਥਾਂ ਦੂਜੇ ਦਰਜੇ ਦੇ ਅਕਾਲੀ ਤੇ ਕਾਂਗਰਸੀ ਟਿਕਟਾਂ ਦੀ ਝਾਕ ਵਿਚ ਆਪ ਦਾ ਝਾੜੂ ਫੜਨ ਲੱਗੇ | ਪਰ ਸਿਆਸੀ ਤੌਰ ਤੇ ਥਿੜਕਦੀ ਆਪ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਆਪਣੇ ਅਸੂਲੀ ਨਾਹਰਿਆਂ ਦੇ ਅਸਾਵੇਪਣ ਵਿਚ ਸਿਰਫ਼ ਵੀਹ ਸੀਟਾਂ ਤੇ ਸਿਮਟ ਗਈ|

ਪਰ ਇਸ ਲੱਕ ਤੋੜਵੀਂ ਹਾਰ ਵਿਚੋਂ ਉਪਜੇ ਦੋਸ਼ਾਂ ਦੇ ਚੱਲਦਿਆਂ ਪਰਵਾਸੀ ਪੰਜਾਬੀਆਂ ਦਾ ਮੋਹ ਸਿਆਸਤ ਤੇ ਤਬਦੀਲੀ ਤੋਂ ਭੰਗ ਹੋਣ ਲੱਗਿਆ | ਉਹ ਵੇਲੇ ਨੂੰ ਪਛਤਾਉਣ ਲੱਗੇ | ਜਿਸਦੇ ਚੱਲਦਿਆਂ 2019 ਦੀਆਂ ਲੋਕ ਸਭਾ ਚੋਣਾਂ ਵੇਲੇ ਪ੍ਰਵਾਸੀਆਂ ਦੀਆਂ ਚੋਣ ਸੱਥਾਂ ਸੁੰਨੀਆਂ ਨਜ਼ਰ ਆ ਰਹੀਆਂ ਹਨ | ਉਹ ਪੰਜਾਬ ਦੀ ਸਿਆਸਤ ਵਿਚ ਆਪਣੀ ਦਿਖਾਈ ਦਿਲਚਸਪੀ ਨੂੰ ਲੁੱਟ ਵਜੋਂ ਦੇਖਣ ਲੱਗੇ ਹਨ | ਪ੍ਰਵਾਸੀਆਂ ਨੂੰ ਇਸ ਮੌਕੇ ਸਮਝ ਨਹੀਂ ਆ ਰਿਹਾ ਕਿ ਉਹ ਆਪਣੇ ਸ਼ੋਸਲ ਮੀਡੀਆ ਅਕਾਊਂਟ ਦੇ ਮਾਧਿਅਮ ਰਾਹੀਂ ਕੀ ਟਿੱਪਣੀ ਕਰਨ?

ਇਸ ਦੌਰ ਨੂੰ ਮੈਂ ਜਦੋਂ ਦੇਖਦਾ ਹਾਂ ਕਿ ਕਿਸੇ ਮੂਵਮੈਂਟ ਦੇ ਜਿੱਥੇ ਨੁਕਸਾਨ ਹੁੰਦੇ ਹਨ | ਉੱਥੇ ਕੁਝ ਅੰਸ਼ਕ ਫ਼ਾਇਦੇ ਵੀ ਹੁੰਦੇ ਹਨ | ਅੱਜ ਸਾਰੀਆਂ ਪਾਰਟੀਆਂ ਲਈ ਕਾਫ਼ੀ ਪੱਧਰ ਤੱਕ ਸਾਫ਼ ਕਿਰਦਾਰ ਵਾਲੇ ਉਮੀਦਵਾਰ ਚੋਣ ਵਿਚ ਉਤਾਰਨੇ ਪੈ ਰਹੇ ਹਨ | ਅੱਜ ਲੋਕ ਚਾਹੇ ਅੰਸ਼ਿਕ ਰੂਪ ਵਿਚ ਹੀ ਸਹੀ ਉਮੀਦਵਾਰ ਤੋਂ ਉਸਦਾ ਪੁਰਾਣਾ ਰਿਪੋਰਟ ਕਾਰਡ ਮੰਗਣ ਲੱਗੇ ਹਨ | ਅੱਜ ਡਾਕਟਰ ਧਰਮਵੀਰ ਗਾਂਧੀ ਵਰਗੇ ਸਮਾਜ ਸੇਵਕ ਡਾਕਟਰ ਸਿਆਸਤ ਵਿਚ ਵੱਡੇ ਘਰਾਣਿਆਂ ਲਈ  ਸਿਰਦਰਦੀ ਬਣੇ ਹੋਏ ਹਨ | ਅੱਜ ਬੀਬੀ ਪਰਮਜੀਤ ਕੌਰ ਖਾਲੜਾ ਦਾ ਖਡੂਰ ਸਾਹਿਬ ਤੋਂ ਚੋਣ ਲੜਨਾ ਟਕਸਾਲੀ ਅਕਾਲੀ ਕਹਾਉਣ ਵਾਲੀਆਂ ਧਿਰਾਂ ਨੂੰ ਪਸੀਨਾ ਲਿਆ ਰਿਹਾ ਹੈ | ਇਹ ਸਭ ਉਸ ਦੌਰ ਦੀ ਪ੍ਰਾਪਤੀ ਹੈ ਕਿ ਸਧਾਰਨ ਨੇਤਾ ਤੋਂ ਗੁਰਜੀਤ ਸਿੰਘ ਔਜਲਾ ਇੱਕ ਮੈਂਬਰ ਪਾਰਲੀਮੈਂਟ ਹੀ ਨਹੀਂ ਬਣਦਾ | ਸਗੋਂ ਆਪਣੇ ਕੰਮ ਕਰਕੇ ਦੁਬਾਰਾ ਲੋਕ ਕਚਹਿਰੀ ਵਿਚ ਦਮ ਅਜ਼ਮਾ ਰਿਹਾ ਹੈ | ਭਗਵੰਤ ਮਾਨ ਨੂੰ ਪਾਰਟੀ ਵਿਚ ਤਾਂ ਉਸਦੀ ਭੂਮਿਕਾ ਤੇ ਸਵਾਲ ਹੋ ਰਹੇ ਹਨ | ਪਰ ਉਸਨੂੰ ਆਪਣਾ ਕੰਮ ਲੋਕਾਂ ਵਿਚ ਨਹੀਂ ਦੱਸਣਾ ਪੈ ਰਿਹਾ |

ਇਹ ਸਾਰਾ ਪਿਛਲੇ ਦਸ ਸਾਲਾਂ ਤੋਂ ਲੋਕਾਂ ਦੇ ਸਿਆਸੀ ਡਾਇਲੌਗ ਵਿਚ ਭਾਗੀਦਾਰ ਹੋਣ ਸਦਕਾ ਹੈ | ਸਮਾਜਿਕ ਤਬਦੀਲੀਆਂ ਇੱਕ ਦਮ ਨਹੀਂ ਹੁੰਦੀਆਂ ਸਗੋਂ ਇਹ ਇੱਕ ਲੰਬੇ ਸਮੇਂ ਵਿਚ ਹੀ ਬੀਜ ਤੋਂ ਬਿਰਖ ਹੁੰਦੀਆਂ ਹਨ | ਇਸ ਸਮੇਂ ਪ੍ਰਵਾਸੀਆਂ ਵਲੋਂ ਦਿਖਾਈ ਜਾ ਰਹੀ ਬੇਰੁਖੀ ਉਹਨਾਂ ਦੁਬਾਰਾ ਮੰਨੀ ਹਾਰ ਦੀ ਪ੍ਰਤੀਕ ਹੈ | ਜਿਸਨੂੰ ਇਸ ਸਮੇਂ ਵਿਚਾਰਕ ਪੁੱਠ ਦੀ ਜਰੂਰਤ ਹੈ , ਜੋ ਪਹਿਲਾ ਜਜ਼ਬਾਤੀ ਤਾਸੀਰ ਦਾ ਹਿੱਸਾ ਸੀ | ਕਿਓਂਕਿ ਇਸ ਮੌਕੇ ਬਣਾਇਆ ਦਬਾਓ ਇੱਕ ਚੰਗੀ ਰਾਜਨੀਤੀ ਦਾ ਮੁੱਢ ਬੰਨ ਸਕਦਾ ਹੈ | ਇਹ ਮੁੱਢ ਕਦੇ ਵੀ ਇੱਕ ਸਿਆਸੀ ਪਾਰਟੀ ਰਾਹੀਂ ਨਹੀਂ ਸਗੋਂ ਸਾਰੀਆਂ ਸਿਆਸੀ ਪਾਰਟੀਆਂ ਦੇ ਮਾਧਿਅਮ ਰਾਹੀਂ ਪ੍ਰਸੰਗਿਕ ਹੋਣਾ ਚਾਹੀਦਾ ਹੈ | ਤਦ ਹੀ ਇਸਦੇ ਅਰਥ ਵਿਸ਼ਾਲ ਅਤੇ ਪ੍ਰਭਾਸ਼ਿਤ ਹੋ ਸਕਦੇ ਹਨ | ਮੈਨੂੰ ਲੱਗਦਾ ਪੰਜਾਬੀ ਦੇ ਅਜੋਕੇ ਦੌਰ ਵਿਚ ਵੱਡੇ ਸ਼ਾਇਰ ਜਸਵਿੰਦਰ ਦਾ ਸ਼ੇਅਰ ਪਰਵਾਸੀ ਨੀਰਸਤਾ ਨੂੰ ਸੀਸ਼ਾ ਦਿਖਾਉਣ ਵਰਗਾ ਹੈ ਕਿ

” ਚਿਰਾਗਾਂ ਮੋਮਬੱਤੀਆਂ ਨੂੰ ਹਵਾ ਨੇ ਖਾ ਹੀ ਜਾਣਾ ਹੈ

ਅਸਾਂ ਲੋਕਾਂ ਦੇ ਅੰਦਰ ਬਾਲਣਾ ਕੁਝ ਸੂਰਜਾਂ ਵਰਗਾ |”
ਤਰਨਦੀਪ ਬਿਲਾਸਪੁਰ (ਨਿਊਜ਼ੀਲੈਂਡ )
ਸੰਪਰਕ – 0064220491964

Install Punjabi Akhbar App

Install
×