ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਵਾਲਾ ਹੈ ਪੰਜਾਬ ਦੇ ਪੁਲਿਸ ਮੁਖੀ ਦਾ ਬਿਆਨ

ਪੰਜਾਬ ਦੇ ਪੁਲਿਸ ਮੁਖੀ ਵੱਲੋਂ ਦਿੱਤਾ ਗਿਆ ਵਿਵਾਦਿਤ ਬਿਆਨ ਸਿੱਖ ਕੌਮ ਸਮੇਤ ਸਮੁੱਚੇ ਸ੍ਰੀ ਗੁਰੂ ਨਾਨਕ ਨਾਮ ਲੇਵਾ ਨੂੰ ਨਿਰਾਸ ਕਰਨ ਵਾਲਾ ਹੈ। ਪੁਲਿਸ ਮੁਖੀ ਵੱਲੋਂ ਇਹ ਕਿਹਾ ਗਿਆ ਹੈ ਕਿ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਹੁਣ ਤਕ ਇਸ ਕਰਕੇ ਨਹੀਂ ਖੋਲ੍ਹਿਆ ਗਿਆ ਕਿਉਂਕਿ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਕਰਤਾਰਪੁਰ ਸਾਹਿਬ ਦੇ ਸਵੇਰੇ ਦਰਸ਼ਨ ਕਰਨ ਗਿਆ ਕੋਈ ਸ਼ਰਧਾਲੂ ਸ਼ਾਮ ਨੂੰ ਵਾਪਸ ਆਉਣ ਤੱਕ ਸਿੱਖਿਅਤ ‘ਅੱਤਵਾਦੀ’ ਬਣ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਹੈ ਕਿ 6 ਘੰਟੇ ਵਿਚ ਕਿਸੇ ਨੂੰ ਵੀ ਬੰਬ ਬਣਾਉਣ ਅਤੇ ਅੱਤਵਾਦੀ ਬਣਨ ਦੀ ਟਰੇਨਿੰਗ ਦਿੱਤੀ ਜਾ ਸਕਦੀ ਹੈ। ਉਨ੍ਹਾਂ ਪਾਕਿਸਤਾਨ ਦੇ ਵੀਜ਼ਾ ਮੁਕਤ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਨ ਦੇ ਸੁਝਾਅ ਬਾਰੇ ਟਿੱਪਣੀ ਕਰਦਿਆਂ ਕਿਹਾ ਹੈ ਕਿ ”ਦਹਿਸ਼ਤਗਰਦੀ ਦੀਆਂ ਸੰਭਾਵਨਾਵਾਂ ਦੇ ਨਜ਼ਰੀਏ ਤੋਂ ਸੁਰੱਖਿਆ ਬਲਾਂ ਵਾਸਤੇ ਇਹ ਬੜੀ ਵੱਡੀ ਚੁਣੌਤੀ ਹੈ।” ਉਨ੍ਹਾਂ ਦਾ ਬਿਆਨ ਇਹ ਵੀ ਸਪਸ਼ਟ ਕਰਦਾ ਹੈ ਕਿ ਭਾਰਤੀ ਖ਼ੁਫ਼ੀਆ ਏਜੰਸੀਆਂ ਦੇ ਇਸ ਖ਼ਦਸ਼ੇ ਕਾਰਨ ਹੀ ਹੁਣ ਤਕ ਏਨੇ ਸਾਲ ਇਹ ਲਾਂਘਾ ਨਹੀਂ ਖੋਲ੍ਹਿਆ ਗਿਆ।
ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿਉਂਕਿ ਉਹ 8 ਸਾਲ ਭਾਰਤ ਦੀ ਖ਼ੁਫ਼ੀਆ ਏਜੰਸੀ ਇੰਟੈਲੀਜੈਂਸ ਬਿਉਰੋ ਵਿਚ ਰਿਹਾ ਹੈ, ਇਸ ਲਈ ਅਜਿਹੇ ਕੇਸਾਂ ਨਾਲ ਨਜਿੱਠਣ ਦਾ ਤਜਰਬਾ ਹੈ। ਉਨ੍ਹਾਂ ਇਹ ਦੱਸਿਆ ਹੈ ਕਿ ਪਿਛਲੇ ਹਫ਼ਤੇ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਦਿਲੀ ਵਿਚ ਹੋਈ ਇੱਕ ਵਿਸ਼ੇਸ਼ ਮੀਟਿੰਗ ਵਿਚ ਪਾਕਿਸਤਾਨ ਵਿਚਲੇ ਕੁੱਝ ਤੱਤਾਂ ਵੱਲੋਂ ਸਿੱਖ ਸ਼ਰਧਾਲੂਆਂ ਨੂੰ ਖਾੜਕੂ ਬਣਨ ਲਈ ਪ੍ਰੇਰਨ ਦੀ ਜਾਣਕਾਰੀ ਮਿਲੀ ਹੈ। ਸੋ ਡੀ ਜੀ ਪੀ ਦੇ ਉਪਰੋਕਤ ਬਿਆਨ ਦੀ ਰੌਸ਼ਨੀ ਵਿਚ ਜੇਕਰ ਵਿਚਾਰ ਕੀਤਾ ਜਾਵੇ ਤਾਂ ਇਹ ਸਪਸ਼ਟ ਹੁੰਦਾ ਦਿਖਾਈ ਦੇ ਰਿਹਾ ਹੈ ਕਿ ਭਾਰਤੀ ਤੰਤਰ ਕਿਸੇ ਵੀ ਹੀਲੇ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਬੰਦ ਕਰਨਾ ਚਾਹੁੰਦਾ ਹੈ। ਦੂਸਰਾ ਉਨ੍ਹਾਂ ਵੱਲੋਂ ਇਹ ਸਪਸ਼ਟ ਕਰਨਾ ਕਿ ਹੁਣ ਤੱਕ ਦਹਿਸ਼ਤਗਰਦੀ ਦੇ ਖ਼ਤਰੇ ਕਾਰਨ ਹੀ ਇਸ ਲਾਂਘੇ ਨੂੰ ਖੋਲ੍ਹਣ ਦੀਆਂ ਤਜਵੀਜ਼ਾਂ ਨੂੰ ਰੱਦ ਕੀਤਾ ਜਾਂਦਾ ਰਿਹਾ ਹੈ, ਇਹ ਸੱਚ ਅਕਾਲੀ ਦਲ ਬਾਦਲ ਦੇ ਕੇਂਦਰ ਦੀ ਕਠਪੁਤਲੀ ਬਣ ਕੇ ਬੋਲੇ ਜਾਂਦੇ ਝੂਠ ਅਤੇ ਦੋਸ਼ਾਂ ਦਾ ਪਰਦਾ ਵੀ ਫਾਸ਼ ਕਰਦਾ ਹੈ, ਜਿਹੜੇ ਉਹ ਭਾਰਤ ਸਰਕਾਰ ਨੂੰ ਖ਼ੁਸ਼ ਕਰਨ ਲਈ ਪਾਕਿਸਤਾਨ ਦੇ ਸਿਰ ਮੜ੍ਹਦੇ ਰਹੇ ਹਨ।
ਇਹ ਵੀ ਸੋਚਣਾ ਬਣਦਾ ਹੈ ਕਿ ਡੀ ਜੀ ਪੀ ਵੱਲੋਂ ਅਜਿਹਾ ਬਿਆਨ ਕੀਹਦੇ ਕਹਿਣ ਤੇ ਜਾਂ ਕੀਹਦੇ ਇਸ਼ਾਰੇ ਤੇ ਦਿੱਤਾ ਗਿਆ ਹੈ, ਕਿਉਂਕਿ ਇਹ ਤਾਂ ਸਪਸ਼ਟ ਹੈ ਕਿ ਇਹ ਬਿਆਨ ਉਨ੍ਹਾਂ ਆਪਣੇ ਵੱਲੋਂ ਨਹੀਂ ਦਿੱਤਾ, ਬਲਕਿ ਉਨ੍ਹਾਂ ਨੇ ਕਿਸੇ ਦੇ ਵਿਸ਼ੇਸ਼ ਬੁਲਾਰੇ ਵਜੋਂ ਹੀ ਇਤਨਾ ਵੱਡਾ ਵਿਵਾਦਿਤ ਬਿਆਨ ਦਿੱਤਾ ਹੈ, ਜਿਹੜਾ ਸਿੱਖ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚਾਉਣ ਵਾਲਾ ਹੈ। ਜਿਸ ਤਰਾਂ ਉਨ੍ਹਾਂ ਵੱਲੋਂ ਦਿੱਲੀ ਵਿਚ ਮੀਟਿੰਗ ਦਾ ਜ਼ਿਕਰ ਕੀਤਾ ਗਿਆ ਹੈ ਉਸ ਤੋ ਜਾਪਦਾ ਹੈ ਕਿ ਇਹ ਕੇਂਦਰ ਦੀ ਸਾਜ਼ਿਸ਼ ਹੈ, ਜਿਸ ਤਹਿਤ ਜਿੱਥੇ ਉਹ ਲਾਂਘਾ ਮੁੜ ਤੋ ਬੰਦ ਕਰਵਾਉਣ ਲਈ ਤਰਲੋਮੱਛੀ ਹੋ ਰਹੇ ਹਨ, ਓਥੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਅੰਦਰ ਡਰ ਅਤੇ ਦਹਿਸ਼ਤ ਪੈਦਾ ਕਰਨ ਲਈ ਵੀ ਅਜਿਹੀਆਂ ਸਾਜ਼ਿਸ਼ਾਂ ਦਾ ਰਚਿਆ ਜਾਣਾ ਸੁਭਾਵਿਕ ਹੈ, ਇਹ ਬਿਆਨ ਪੰਜਾਬ ਦੇ ਮੁੱਖ ਮੰਤਰੀ ਦੇ ਬੁਲਾਰੇ ਵਜੋਂ ਤਾਂ ਇਸ ਕਰਕੇ ਸੰਭਵ ਨਹੀਂ ਜਾਪਦਾ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਤਾਂ ਖ਼ੁਦ ਹੀ ਕੇਂਦਰ ਦੀਆਂ ਖ਼ੁਸ਼ੀਆਂ ਹਾਸਲ ਕਰਨ ਲਈ ਅਜਿਹੇ ਬਿਆਨ ਉਸ ਦਿਨ ਤੋ ਹੀ ਦਿੰਦੇ ਆ ਰਹੇ ਹਨ, ਜਿਸ ਦਿਨ ਤੋ ਇਮਰਾਨ ਖ਼ਾਨ ਦੀ ਹਕੂਮਤ ਵੱਲੋਂ ਨਵਜੋਤ ਸਿੱਧੂ ਦੀ ਹਾਜ਼ਰੀ ਵਿਚ ਲਾਂਘਾ ਖੋਲ੍ਹਣ ਦੀ ਗੱਲ ਸ਼ੁਰੂ ਕੀਤੀ ਗਈ ਸੀ।
ਲਾਂਘਾ ਖੁੱਲਣ ਤੱਕ ਕੈਪਟਨ ਸਾਹਬ ਦੇ ਅਜਿਹੇ ਬਿਆਨ ਆਉਂਦੇ ਰਹੇ ਹਨ, ਜਿੰਨਾ ਦੀ ਸਿੱਖਾਂ ਸਮੇਤ ਸਮੁੱਚੇ ਪੰਜਾਬੀ ਭਾਈਚਾਰੇ ਵੱਲੋਂ ਨਿਖੇਧੀ ਕੀਤੀ ਜਾਂਦੀ ਰਹੀ ਹੈ। ਹੁਣ ਅਜਿਹਾ ਬਿਆਨ ਪੰਜਾਬ ਦੇ ਪੁਲਿਸ ਮੁਖੀ ਵੱਲੋਂ ਆਉਣਾ ਸਿੱਖਾਂ ਲਈ ਬੇਹੱਦ ਹੀ ਚਿੰਤਾਜਨਕ ਇਸ ਕਰਕੇ ਵੀ ਹੈ, ਕਿਉਂਕਿ ਅਜੇ ਤਾਂ ਪਹਿਲਾਂ ਹੀ ਸਿੱਖ ਹਿਤਾਂ ਦੀ ਗੱਲ ਕਰਨ ਦੇ ਜੁਰਮ ਵਿਚ ਪੱਚੀ ਪੱਚੀ ਤੀਹ ਤੀਹ ਸਾਲਾਂ ਤੋ ਜੇਲ੍ਹਾਂ ਵਿਚ ਸੜ ਰਹੇ ਸਿੱਖ ਬੰਦੀਆਂ ਦੀ ਰਿਹਾਈ ਲਈ ਵੀ ਭਾਰਤੀ ਕਾਨੂੰਨ ਹਾਮੀ ਭਰਨ ਲਈ ਤਿਆਰ ਨਹੀਂ ਹੋਇਆ, ਜਦੋਂ ਕਿ ਕੇਂਦਰੀ ਤਾਕਤਾਂ ਨੇ ਸਿੱਖਾਂ ਨੂੰ ਦੁਬਾਰਾ ਸਬਕ ਸਿਖਾਉਣ ਦਾ ਇਹ ਇੱਕ ਨਵਾਂ ਰਾਹ ਹੋਰ ਕੱਢ ਲਿਆ ਜਾਪਦਾ ਹੈ। ਜੇਕਰ ਦੇਸ਼ ਦਾ ਕਾਨੂੰਨ ਮੰਦਰ ਸੱਚਮੁੱਚ ਹੀ ਇਨਸਾਫ਼ ਦੇਣ ਦਾ ਹਾਮੀ ਹੈ ਤਾਂ ਬਿਨਾ ਦੇਰੀ ਕੀਤਿਆਂ ਪੁਲਿਸ ਮੁਖੀ ਖ਼ਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਵਿਚ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ ਅਤੇ ਸੂਬਾ ਸਰਕਾਰ ਨੂੰ ਵੀ ਆਪਣੇ ਲੋਕਾਂ ਦੀਆਂ ਭਾਵਨਾਵਾਂ ਦਾ ਧਿਆਨ ਰੱਖਦੇ ਹੋਏ ਪੁਲਿਸ ਮੁਖੀ ਨੂੰ ਤੁਰੰਤ ਅਹੁਦੇ ਤੋ ਪਾਸੇ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਜੇਕਰ ਕੈਪਟਨ ਸਰਕਾਰ ਅਜਿਹਾ ਨਹੀਂ ਕਰਦੀ ਤਾਂ ਹੁਣ ਤੱਕ ਉਨ੍ਹਾਂ ਤੇ ਕੇਂਦਰ ਨਾਲ ਰਲੇ ਹੋਣ ਦੇ ਲੱਗਦੇ ਆ ਰਹੇ ਦੋਸ਼ਾਂ ਨੂੰ ਸੱਚ ਸਮਝਿਆ ਜਾਵੇਗਾ।
ਪੁਲਿਸ ਮੁਖੀ ਦੇ ਇਸ ਮੰਦਭਾਗੇ ਬਿਆਨ ਦੇ ਖ਼ਿਲਾਫ਼ ਅਕਾਲੀ ਦਲ (ਬਾਦਲ)ਦੇ ਮੁਖੀ ਅਤੇ ਸਰਪ੍ਰਸਤ ਵੱਲੋਂ ਜ਼ੁਬਾਨ ਤੱਕ ਨਾ ਖੋਲ੍ਹਣਾ ਦਰਸਾਉਂਦਾ ਹੈ ਕਿ ਉਨ੍ਹਾਂ ਦਾ ਸਿੱਖ ਹਿਤਾਂ ਨਾਲ ਕੋਈ ਸਰੋਕਾਰ ਨਹੀਂ , ਬਲਕਿ ਉਹ ਤਾਂ ਸੱਤਾ ਦੀ ਸ਼ਰਤ ਤੇ ਹੋਰ ਵੀ ਨਿਘਾਰ ਦੀ ਹੱਦ ਤੱਕ ਜਾ ਸਕਦੇ ਹਨ। ਦੂਜੇ ਪਾਸੇ ਪੁਲਿਸ ਮੁਖੀ ਖ਼ਿਲਾਫ਼ ਉੱਠ ਰਹੀ ਆਵਾਜ਼ ਇਸ ਗੱਲ ਦੀ ਗਵਾਹ ਹੈ ਕਿ ਪੰਜਾਬ ਦੀ ਗ਼ੈਰਤ ਕਦੇ ਵੀ ਜਬਰ ਜ਼ੁਲਮ ਅੱਗੇ ਗੋਡੇ ਟੇਕਣਾ ਮਨਜ਼ੂਰ ਨਹੀਂ ਕਰ ਸਕਦੀ। ਇਸ ਲਈ ਸ੍ਰੀ ਕਰਤਾਰਪੁਰ ਸਾਹਿਬ ਵਰਗੇ ਪਵਿੱਤਰ ਅਸਥਾਨ ਅਤੇ ਸਮੁੱਚੀ ਸਿੱਖ ਕੌਮ ਨੂੰ ਅੱਤਵਾਦੀ ਗਰਦਾਨਣ ਵਾਲੇ ਪੁਲਿਸ ਮੁਖੀ ਨੂੰ ਇਹ ਜ਼ਰੂਰ ਸਮਝਣਾ ਚਾਹੀਦਾ ਹੈ ਕਿ ਧਾਰਮਿਕ ਭਾਵਨਾਵਾਂ ਸਿਰਫ਼ ਬਹੁ ਗਿਣਤੀ ਦੀਆਂ ਹੀ ਨਹੀਂ ਹੁੰਦੀਆਂ, ਬਲਕਿ ਘੱਟ ਗਿਣਤੀਆਂ ਦੇ ਅੰਦਰ ਇਹ ਭਾਵਨਾ ਇਸ ਕਰਕੇ ਜ਼ਿਆਦਾ ਪ੍ਰਬਲ ਹੁੰਦੀ ਹੈ, ਕਿਉਂਕਿ ਨਸਲੀ ਵਿਤਕਰੇਬਾਜ਼ੀ ਦੀ ਦਹਿਸ਼ਤ ਉਨ੍ਹਾਂ ਨੂੰ ਪ੍ਰਮਾਤਮਾ ਦੇ ਨੇੜੇ ਕਰ ਦਿੰਦੀ ਹੈ, ਜਿੱਥੋਂ ਉਨ੍ਹਾਂ ਨੂੰ ਇਸ ਜਬਰ ਜ਼ੁਲਮ ਦਾ ਟਾਕਰਾ ਕਰਨ ਦੀ ਹਿੰਮਤ ਵੀ ਮਿਲਦੀ ਹੈ। ਸਿੱਖ ਕੌਮ ਲਈ ਆਪਣੇ ਪਵਿੱਤਰ ਅਸਥਾਨ ਜਿੱਥੇ ਆਪਣੀ ਜਾਨ ਤੋ ਪਿਆਰੇ ਹਨ, ਓਥੇ ਉਨ੍ਹਾਂ ਦੇ ਹਿੰਮਤ, ਹੌਸਲੇ ਅਤੇ ਆਤਮਿਕ ਤਾਕਤ ਦੇ ਸਰੋਤ ਵੀ ਹਨ, ਇਹ ਇਤਿਹਾਸਿਕ ਸਚਾਈ ਹੈ ਕਿ ਸਿੱਖ ਕੌਮ ਕਦੇ ਵੀ ਆਪਣੇ ਧਰਮ ਤੇ ਹਮਲੇ ਬਰਦਾਸ਼ਤ ਨਹੀਂ ਕਰਦੀ। ਜਿਸ ਤਰਾਂ ਬਾਦਲ ਪਰਿਵਾਰ ਨੂੰ ਬੇਅਦਬੀ ਦਾ ਦੋਸ਼ੀ ਸਮਝਿਆ ਜਾਂਦਾ ਹੈ ਉਸ ਤਰਾਂ ਹੀ ਗੁਰੂ ਸਾਹਿਬਾਨਾਂ ਦੀ ਬਖ਼ਸ਼ਿਸ਼ ਵਾਲਾ ਕੈਪਟਨ ਪਰਿਵਾਰ ਸ੍ਰੀ ਗੁਰੂ ਨਾਨਕ ਸਾਹਿਬ ਦੇ ਘਰ ਦਾ ਭਾਵ ਕਰਤਾਰਪੁਰ ਸਾਹਿਬ ਦਾ ਦੋਸ਼ੀ ਨਾ ਬਣ ਜਾਵੇ, ਇਸ ਲਈ ਸੂਬਾ ਸਰਕਾਰ ਨੂੰ ਪੁਲਿਸ ਮੁਖੀ ਦੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਵਾਲੇ ਬਿਆਨ ਸਬੰਧੀ ਬਿਨਾ ਦੇਰੀ ਕੀਤਿਆਂ ਸਪਸ਼ਟ ਕਰ ਦੇਣਾ ਚਾਹੀਦਾ ਹੈ।

Install Punjabi Akhbar App

Install
×