ਪੰਜਾਬ ਭਵਨ ਵੱਲੋਂ ਪੰਜਾਬੀ ਭਾਈਚਾਰੇ ਨੂੰ ਮਰਦਮਸ਼ੁਮਾਰੀ ਵਿਚ ਵਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ

ਸਰੀ – ਪੰਜਾਬ ਭਵਨ ਸਰੀ ਵੱਲੋਂ ਕੈਨੇਡਾ ਦੇ ਸਮੂਹ ਪੰਜਾਬੀ ਭਾਈਚਾਰੇ ਨੂੰ ਅਪੀਲ ਕੀਤੀ ਗਈ ਹੈ ਕਿ ਸਾਲ 2021 ਦੀ ਮਰਦਮਸ਼ੁਮਾਰੀ ਲਈ ਫਾਰਮ ਭਰਨ ਦੀ ਆਖਰੀ ਤਰੀਕ 11 ਮਈ ਹੈ, ਇਸ ਲਈ ਵੱਧ ਤੋਂ ਵੱਧ ਗਿਣਤੀ ਵਿਚ ਮਰਦਮਸ਼ੁਮਾਰੀ ਵਿਚ ਸ਼ਮੂਲੀਅਤ ਕੀਤੀ ਜਾਵੇ।

ਪੰਜਾਬ ਭਵਨ ਦੇ ਸੰਸਥਾਪਕ ਸੁੱਖੀ ਬਾਠ ਵੱਲੋਂ ਇਸ ਸਬੰਧ ਵਿਚ ਪੰਜਾਬੀ ਭਾਈਚਾਰੇ ਨੂੰ ਭੇਜੇ ਖਾਸ ਸੁਨੇਹੇ ਵਿਚ ਕਿਹਾ ਗਿਆ ਹੈ ਕਿ ਕੈਨੇਡਾ ਵਿਚ ਹੋ ਰਹੀ ਮਰਦਮਸ਼ੁਮਾਰੀ ਦੇ ਫਾਰਮ ਹਰ ਘਰ ਵਿਚ ਡਾਕ ਰਾਹੀਂ ਭੇਜੇ ਜਾ ਰਹੇ ਹਨ ਅਤੇ ਬਹੁਤੇ ਘਰਾਂ ਵਿਚ ਪੁੱਜ ਵੀ ਗਏ ਹਨ। ਇਨ੍ਹਾਂ ਫਾਰਮਾਂ ਵਿਚ ਹਰ ਪਰਿਵਾਰ ਲਈ ਇਕ ਕੋਡ ਦਿੱਤਾ ਹੁੰਦਾ ਹੈ ਅਤੇ ਮਰਦਮਸ਼ੁਮਾਰੀ ਦੀ ਵੈਂਬਸਾਈਟ ਤੇ ਜਾ ਕੇ ਇਸ ਕੋਡ ਦੀ ਵਰਤੋਂ ਕਰਕੇ ਆਪਣੀ ਜਾਣਕਾਰੀ ਭਰਨੀ ਹੁੰਦੀ ਹੈ। ਇਸ ਵਿਚ ਦੋ ਫਾਰਮ ਹੁੰਦੇ ਹਨ-ਇਕ ਛੋਟਾ ਫਾਰਮ ਹੈ ਜਿਸ ਨੂੰ ਭਰਨਾ ਬਹੁਤ ਆਸਾਨ ਹੈ ਅਤੇ ਦੂਜਾ ਵੱਡਾ ਫਾਰਮ ਹੈ ਜਿਸ ਨੂੰ ਭਰਨ ਲਈ 15-20 ਮਿੰਟ ਲੱਗਦੇ ਹਨ। ਵੱਡੇ ਫਾਰਮ ਵਿਚ ਪਰਿਵਾਰ, ਧਰਮ, ਬੋਲੀ, ਕੰਮ, ਆਮਦਨ, ਖਰਚੇ ਸਬੰਧੀ ਕੁਝ ਸਵਾਲ ਪੁੱਛੇ ਜਾਂਦੇ ਹਨ।

ਉਨ੍ਹਾਂ ਕਿਹਾ ਕਿ ਪੰਜ ਸਾਲ ਪਹਿਲਾਂ 2016 ਵਿਚ ਹੋਈ ਮਰਦਮਸ਼ੁਮਾਰੀ ਵਿਚ ਤਕਰੀਬਨ 6 ਲੱਖ ਲੋਕਾਂ ਨੇ ਆਪਣੀ ਮਾਂ ਬੋਲੀ ਪੰਜਾਬੀ ਦਰਜ ਕਰਵਾਈ ਸੀ ਅਤੇ ਜਿਸ ਤਰ੍ਹਾਂ ਅਸੀਂ ਸਾਰੇ ਜਾਣਦੇ ਹਾਂ ਕਿ ਪਿਛਲੇ ਪੰਜ ਸਾਲਾਂ ਦੌਰਾਨ ਵੱਡੀ ਗਿਣਤੀ ਵਿਚ ਸਟੂਡੈਂਟਸ ਅਤੇ ਪੰਜਾਬੀ ਭਾਈਚਾਰੇ ਦੇ ਹੋਰ ਲੋਕ ਕੈਨੇਡਾ ਵਿਚ ਆਏ ਹਨ, ਇਸ ਲਈ ਸਭ ਨੂੰ ਇਸ ਮਰਦਮਸ਼ੁਮਾਰੀ ਵਿਚ ਸ਼ਾਮਲ ਹੋ ਕੇ ਪੰਜਾਬੀ ਪ੍ਰਤੀ ਆਪਣੇ ਫਰਜ਼ ਦੀ ਪਾਲਣਾ ਕਰਨੀ ਚਾਹੀਦੀ ਹੈ ਕਿਉਂਕਿ ਮਰਦਮਸ਼ੁਮਾਰੀ ਦੇ ਆਧਾਰ ਤੇ ਹੀ ਸਰਕਾਰ ਵੱਲੋਂ ਕਿਸੇ ਭਾਸ਼ਾ ਦੇ ਵਿਕਾਸ ਲਈ ਯੋਜਨਾਵਾਂ ਅਤੇ ਹੋਰ ਪ੍ਰੋਗਰਾਮ ਉਲੀਕੇ ਜਾਂਦੇ ਹਨ। ਸ੍ਰੀ ਬਾਠ ਨੇ ਕਿਹਾ ਕਿ ਸਾਡੀ ਹਰ ਇਕ ਦਾ ਇਹ ਜ਼ਿੰਮੇਂਵਾਰੀ ਬਣਦੀ ਹੈ ਕਿ ਇਸ ਕਾਰਜ ਲਈ ਅਅਪਣੇ ਮਿੱਤਰਾਂ, ਰਿਸ਼ਤੇਦਾਰਾਂ, ਕਿਰਾਏਦਾਰਾਂ ਨੂੰ ਵੀ ਪ੍ਰੇਰਿਤ ਕਰੀਏ।

(ਹਰਦਮ ਮਾਨ) +1 604 308 6663
maanbabushahi@gmail.com

Install Punjabi Akhbar App

Install
×