ਪੰਜਾਬ ਤੇ ਬਿਹਾਰ ਦੀ ਗਲਵੱਕੜੀ ਨਹੀਂ ਟੁੱਟ ਸਕਦੀ..

ਸੁਧਾ..

ਸੁਧਾ ਤੇਰਾ ਲਹੂ ਮੁੜ੍ਹਕਾ ਬਣ
ਪੰਜਾਬ ਦੀ ਹਿਕੜੀ ਚ ਸਮਾਇਆ
ਪੰਜਾਬ ਦੀਆਂ ਲਹਿਰਾਂ ਬਹਿਰਾਂ
ਪੰਜਾਬ ਦੇ ਮੁਖੜੇ ਤੇ ਦੀਂਹਦੀ ਲਾਲੀ
ਤੇਰੇ ਲਹੂ ਦੀ ਰੰਗਤ ਦਾ ਅਸਰ ਵੀ ਹੈ
..
ਕੁੱਝ ਚਿਰ ਤੋਂ
ਫਿੱਕੀ ਪੈ ਰਹੀ ਸੀ ਰੰਗਤ
ਲਾਲੀ ਦੀ ਭਾਅ ਤਾਂ ਬੱਸ
ਕਿਤੇ ਕਿਤੇ ਈ ਸੀ
ਅੱਜ ਮਹਿਸੂਸ ਹੋਈ
ਰੰਗਤ ਉੱਡਣ ਦੀ ਵਜਾ
ਸੁਧਾ ਤੇਰਾ ਲਹੂ-ਮੁੜ੍ਹਕਾ ਹੀ ਨਹੀਂ
ਤੇਰੇ ਅੱਥਰੂ ਵੀ ਡੁੱਲ੍ਹੇ
ਪੰਜਾਬ ਦੀ ਹਿੱਕ ਤੇ
ਖਾਰੇਪਣ ਦੀ ਕਾਟ ਤੋਂ
ਬਚੀ ਹੈ ਕਿਹੜੀ ਲਾਲੀ ਭਲਾ..???
ਸੁਧਾ..
ਤੇਰੇ ਤਾਂ ਲਹੂ-ਮੁੜ੍ਹਕੇ ਦਾ ਕਰਜ਼ ਬੜਾ ਸੀ
ਤੇਰੇ ਅੱਥਰੂਆਂ ਦਾ ਕਰਜ਼
ਪੰਜਾਬ ਕਿਵੇਂ ਲਾਹੂ….???????
-ਅਮਨਦੀਪ ਹਾਂਸ

..

ਕਪੂਰਥਲਾ ਦੇ ਬੱਸ ਅੱਡੇ ਦੇ ਬਾਹਰ ਪ੍ਰਸ਼ਾਸਨ ਦੇ ਨਾਕਸ ਪ੍ਰਬੰਧਾਂ ਅਤੇ ਸਿਰਫ਼ ਚੌਧਰਪੁਣੇ ਤੱਕ ਸੀਮਤ ਰਹਿਣ ਵਾਲੇ ਕੁੱਝ ਮੀਡੀਆ ਹਲਕਿਆਂ ਦੀ ਨਾਲਾਇਕੀ ਕਰਕੇ ਦਰਜਨਾਂ ਕਿਰਤੀ ਰੋਂਦੇ ਵਿਲਕਦੇ ਰਹੇ।
ਕਪੂਰਥਲਾ ਜ਼ਿਲ੍ਹੇ ਚ ਹੋਰ ਸੂਬਿਆਂ ਵਾਂਗ ਬਿਹਾਰ ਤੋਂ ਵੀ ਸੈਂਕੜੇ ਕਿਰਤੀ ਰੁਜ਼ਗਾਰ ਖ਼ਾਤਰ ਆਉਂਦੇ ਨੇ। ਇਹਨਾਂ ਵਿਚੋਂ ਕਈ ਖੇਤੀ ਦਾ ਕੰਮ ਕਰਦੇ ਨੇ, ਕਈ ਦਿਹਾੜੀਦਾਰ ਨੇ, ਕਈ ਆਈ ਟੀ ਸੀ ਕੰਪਨੀ ਚ ਕੰਮ ਕਰਦੇ ਨੇ।
ਲੌਕਡਾਊਨ ਕਾਰਨ ਸਾਰੇ ਹੀ ਬੇਰੁਜ਼ਗਾਰ ਹੋ ਗਏ, ਸਾਹਾਂ ਨੂੰ ਛੱਡ ਕੇ ਇਹਨਾਂ ਦਾ ਸਭ ਕੁੱਝ ਲੌਕ ਹੋ ਗਿਆ। ਜੋ ਪੈਸੇ ਸਨ ਹਫ਼ਤੇ ਦਸ ਦਿਨ ਚ ਹੀ ਮੁੱਕ ਗਏ, ਖਾਣ ਦੇ ਲਾਲੇ ਪੈ ਗਏ, ਪ੍ਰਸ਼ਾਸਨ ਨੇ ਦਸ ਕੁ ਦਿਨ ਰਾਸ਼ਨ ਦਿੱਤਾ, ਪਰ ਫੇਰ ਸਾਰ ਨਾ ਲਈ। ਇਹ ਕਿਰਤੀ ਲੋਕ ਨੇ, ਪਰ ਕਰੋਨਾ ਸੰਕਟ ਦੇ ਨਾਮ ਹੇਠ ਮੜ੍ਹ ਦਿੱਤੀ ਗਈ ਮਜਬੂਰੀ ਨੇ ਇਹਨਾਂ ਨੂੰ ਹੱਥ ਅੱਡਣ ਲਾ ਦਿੱਤਾ, ਆਈ ਟੀ ਸੀ ਕੰਪਨੀ ਨੇ ਤਾਂ ਆਪਣੇ ਮਜ਼ਦੂਰਾਂ ਨੂੰ ਹਫ਼ਤੇ ਦਾ ਪੰਜ ਪੰਜ ਸੌ ਰੁਪਿਆ ਖਰਚ ਲਈ ਦਿੱਤਾ, ਪਰ ਲੌਕਡਾਊਨ ਤੋਂ ਪਹਿਲਾਂ ਦੀ ਵੀਹ ਪੱਚੀ ਦਿਨ ਦੀ ਤਨਖ਼ਾਹ ਨਹੀਂ ਦਿੱਤੀ। ਖੇਤੀ ਤੇ ਹੋਰ ਕਿੱਤਿਆਂ ਨਾਲ ਜੁੜੇ ਕਿਰਤੀਆਂ ਲਈ ਮਾਲਕਾਂ ਨੇ, ਜਿਮੀਂਦਾਰਾਂ ਨੇ ਦਰ ਭੇੜ ਲਏ… ਕਿਰਤੀਆਂ ਵਿਚੋਂ ਕੁੱਝ ਨੇ ਆਪਣੇ ਘਰੋਂ ਪੈਸੇ ਮੰਗਵਾਏ, ਬਹੁਤਿਆਂ ਨੇ ਸੜਕਾਂ ਕਿਨਾਰੇ ਖੜ੍ਹ ਕੇ ਲੰਗਰ ਦੀ ਉਡੀਕ ਕੀਤੀ ਤੇ ਸਿਰਫ਼ ਲੰਗਰ ਦੇ ਆਸਰੇ ਵਕਤ ਟਪਾਇਆ.. ਕੀ ਸਿਰਫ਼ ਲੰਗਰ ਜਿਊਣ ਲਈ ਕਾਫ਼ੀ ਹੈ??
ਪਰ ਫੇਰ ਵੀ ਹਰ ਹਾਲ ਕਿਸੇ ਸੁੱਖ-ਸਨੇਹੇ ਦੀ ਸੂਹ ਦੀ ਆਸ ਚ ਇਹ ਕਿਰਤੀ ਪੰਜਾਬ ਦੀ ਹਿੱਕ ਨਾਲ ਲੱਗੇ ਰਹੇ।

ਕੁੱਝ ਦਿਨ ਪਹਿਲਾਂ ਗੱਲ ਤੁਰੀ ਕਿ ਲੌਕਡਾਊਨ ਚ ਢਿੱਲ ਮਿਲੇਗੀ, ਕੰਮਕਾਰ ਕੁੱਝ ਖੁੱਲ੍ਹਣਗੇ, ਪਰ ਨਾਲ ਹੀ ਜੋਰ ਸ਼ੋਰ ਨਾਲ ਪ੍ਰਚਾਰਿਆ ਗਿਆ ਕਿ ਸਰਕਾਰਾਂ ਆਪਣੇ ਹੀ ਮੁਲਕ ਚ ਪਰਵਾਸੀ ਗਰਦਾਨ ਦਿੱਤੇ ਗਏ ਕਿਰਤੀਆਂ ਨੂੰ ਉਨ੍ਹਾਂ ਦੇ ਘਰੀਂ ਭੇਜਣ ਦਾ ਬੰਦੋਬਸਤ ਕਰ ਰਹੀਆਂ ਨੇ.. ਇਹ ਸ਼ੋਰ ਕੰਮਕਾਰ ਖੁੱਲਣ ਵਾਲੀ ਮੱਧਮ ਜਿਹੀ ਆਵਾਜ਼ ਨੂੰ ਨੱਪ ਬੈਠਾ..
ਕਿਰਤੀਆਂ ਨੇ ਬੋਰੀਆ ਬਿਸਤਰਾ ਬੰਨ੍ਹ ਲਿਆ।
ਕਪੂਰਥਲਾ ਦੇ ਵੀ ਦਰਜਨਾਂ ਕਿਰਤੀਆਂ ਨੂੰ 18 ਮਈ ਨੂੰ ਸੁਨੇਹਾ ਮਿਲਿਆ ਕਿ ਰੇਲ ਗੱਡੀ ਚ ਬਿਹਾਰ ਭੇਜ ਰਹੇ ਹਾਂ, ਬੱਸ ਅੱਡੇ ਪੁੱਜੋ, ਜੋ ਵੀ ਪੈਸੇ ਸੀ, ਜਾਂ ਇੱਧਰੋਂ ਉਧਰੋਂ ਜੁਗਾੜ ਕਰਕੇ ਕਿਰਾਏ ਤੇ ਆਟੋ ਲੈ ਕੇ ਸਮਾਨ ਲੱਦ ਕੇ ਕਿਰਤੀ ਬੱਸ ਅੱਡੇ ਤੇ ਆ ਪੁੱਜੇ, ਸਭ ਦਾ ਮੈਡੀਕਲ ਹੋਇਆ, ਬਾਡੀ ਟੈਂਪਰੇਚਰ ਚੈੱਕ ਕਰਕੇ ਫਿੱਟ ਦੀ ਸਲਿੱਪ ਦੇ ਦਿੱਤੀ ਗਈ, ਰਾਤ ਸ਼ਾਲਾਮਾਰ ਬਾਗ਼ ਦੇ ਰੈਣ-ਬਸੇਰੇ ਚ ਠਹਿਰਾਇਆ ਗਿਆ, ਖਾਣ ਲਈ ਰੋਟੀ, ਸੌਣ ਲਈ ਬਿਸਤਰੇ, ਚੰਗਾ ਪ੍ਰਬੰਧ ਕੀਤਾ ਗਿਆ।
19 ਮਈ ਨੂੰ ਸਾਰੇ ਕਿਰਤੀ ਸਾਰਾ ਸਮਾਨ ਸਿਰ, ਮੋਢਿਆਂ ਤੇ ਲੱਦ ਕੇ ਫੇਰ ਬੱਸ ਅੱਡੇ ਆ ਪੁੱਜੇ, ਸਭ ਨੂੰ ਬੱਸ ਅੱਡੇ ਦੇ ਅੰਦਰ ਬਿਠਾ ਕੇ ਸੁਆਰ ਕੇ ਖਾਣਾ ਖਵਾਇਆ ਗਿਆ, ਖ਼ਾਸਮਖ਼ਾਸ ਮੀਡੀਆ ਹਲਕੇ ਸੱਦ ਕੇ ਫ਼ੋਟੋਆਂ, ਵੀਡੀਓ ਬਣਾ ਕੇ ਸੁਨੇਹਾ ਦੇਣ ਦੀ ਰਸਮ ਪੂਰੀ ਕੀਤੀ ਗਈ ਕਿ ਪ੍ਰਸ਼ਾਸਨ ਬੜਾ ਮਿਹਰਬਾਨ ਹੈ..

ਫੇਰ ਇਹਨਾਂ ਵਿਚੋਂ ਸੱਤਰ ਦੇ ਕਰੀਬ ਕਿਰਤੀਆਂ ਨੂੰ ਦੋ ਸਰਕਾਰੀ ਬੱਸਾਂ ਚ ਬਿਠਾ ਕੇ ਜਲੰਧਰ ਲੈ ਜਾਇਆ ਗਿਆ, ਤੇ ਬਾਕੀਆਂ ਨੂੰ ਮੀਡੀਆ ਦੇ ਜਾਣ ਮਗਰੋਂ ਪੁਲਸ ਵੱਲੋਂ ਜੁੱਲੀ-ਤੱਪੜ ਚੁਕਵਾ ਕੇ ਬੱਸ ਅੱਡੇ ਤੋਂ ਬਾਹਰ ਕੱਢ ਦਿੱਤਾ ਗਿਆ। ਸਵੇਰ ਤੋਂ ਦੁਪਹਿਰ 12 ਵਜੇ ਦੇ ਕਰੀਬ ਤੱਕ ਇਹ ਕਿਰਤੀ ਸਮਾਨ ਦੇ ਢੇਰ ਕੋਲ ਰੋਂਦੇ ਵਿਲਕਦੇ ਰਹੇ, ਜਿਨ੍ਹਾਂ ਚ ਔਰਤਾਂ, ਬੱਚੇ ਬੱਚੀਆਂ, ਬਜ਼ੁਰਗ ਵੀ ਸ਼ਾਮਲ ਹਨ, ਇਹਨਾਂ ਨੂੰ ਪਤਾ ਨਹੀਂ ਕਿ ਹੁਣ ਕੀ ਹੋਣਾ ਹੈ, ਕੋਈ ਸੁਣਵਾਈ ਨਹੀਂ।
ਪੇਸ਼ਾਬ ਕਰਨ ਲਈ ਬੱਸ ਅੱਡੇ ਦੇ ਪਖਾਨੇ ਗਏ ਤਾਂ ਪ੍ਰਤੀ ਜੀਅ ਦਸ ਦਸ ਰੁਪਏ ਵਸੂਲੇ ਗਏ, ਜੇਬ ਖ਼ਾਲੀ .. ਕਿਰਤੀ ਇੱਕ ਦੂਜੇ ਤੋਂ ਮੰਗ ਕੇ ਪੈਸੇ ਦਿੰਦੇ, ਤੇ ਕਈਆਂ ਨੇ ਤਾਂ ਪੈਸੇ ਨਾ ਹੋਣ ਕਰਕੇ ਪੇਸ਼ਾਬ ਹੀ ਰੋਕੀ ਰੱਖਿਆ..
ਏਦੂੰ ਵਧ ਹਰਡ-ਅਮਿਊਨਿਟੀ ਹੋਰ ਕੀ ਹੋਊ ਭਲਾ ਸਾਹੇਬ..??
ਇੱਥੇ ਇੱਕ ਭੱਦਰ ਪੁਰਸ਼ ਦੀ ਮਦਦ ਨਾਲ ਸਰਕਾਰੀ ਤੰਤਰ ਤੱਕ ਪਹੁੰਚ ਕੀਤੀ, ਪਤਾ ਲੱਗਿਆ ਕਿ ਜਲੰਧਰ ਵੱਲ ਗਏ ਸੱਤਰ ਕਿਰਤੀਆਂ ਚੋਂ ਕਈ ਵਾਪਸ ਆ ਗਏ, ਰੇਲ ਗੱਡੀ ਚ ਸ਼ਾਇਦ ਜਗਾ ਨਹੀਂ ਸੀ, ਬਾਕੀਆਂ ਨੂੰ ਕੱਲ੍ਹ ਜਾਂ ਪਰਸੋਂ ਭੇਜਿਆ ਜਾਵੇਗਾ। ਫੇਰ ਦੋ ਆਟੋ ਰਿਕਸ਼ਾ ਕਿਰਾਏ ਤੇ ਕਰਕੇ ਸਾਰਾ ਸਮਾਨ ਲਦਾਅ ਕੇ ਸ਼ਾਲਾਮਾਰ ਬਾਗ਼ ਦੇ ਰੈਣ-ਬਸੇਰੇ ਚ ਛਡਵਾ ਕੇ ਆਏ, ਰੋਟੀ ਦਾ ਇੰਤਜ਼ਾਮ ਕੀਤਾ ਹੈ, ਇਹਨਾਂ ਦੇ ਵਾਪਸ ਘਰ ਪੁੱਜਣ ਤੱਕ ਇਹਨਾਂ ਨਾਲ ਸੰਪਰਕ ਰੱਖਿਆ ਜਾਵੇਗਾ। ਜੋ ਵੀ ਮਦਦ ਹੋਈ ਕਰਾਂਗੇ।

ਬੱਸ ਅੱਡੇ ਤੇ ਖੜ੍ਹਿਆਂ ਜਦ ਇਹਨਾਂ ਕਿਰਤੀਆਂ ਨਾਲ ਗੱਲ ਕੀਤੀ ਤਾਂ ਓਥੇ ਭਾਗਲਪੁਰ ਬਿਹਾਰ ਦੀ ਸੁਧਾ ਭੁੱਬਾਂ ਮਾਰ ਕੇ ਰੋ ਰਹੀ ਸੀ, ਉਹ ਪਹਿਲੀ ਵਾਰ ਫਰਵਰੀ ਮਹੀਨੇ ਆਪਣੇ ਘਰਵਾਲੇ ਨਾਲ ਆਲੂਆਂ ਦਾ ਸੀਜ਼ਨ ਲਾਉਣ ਆਈ ਸੀ, ਪਿੱਛੇ ਤਿੰਨ ਛੋਟੇ ਬੱਚੇ, ਬਜ਼ੁਰਗ ਸੱਸ ਸਹੁਰੇ ਕੋਲ ਛੱਡ ਆਈ, ਕਿ ਚਾਰ ਹੱਥ ਰਲ ਕੇ ਕੁੱਝ ਵੱਧ ਕਮਾਈ ਕਰ ਲੈਣਗੇ..
ਪਰ ਸਭ ਕੁੱਝ ਗ਼ਰੀਬ ਦੀ ਸੋਚ ਅਨੁਸਾਰ ਥੋੜਾ ਚੱਲਦਾ ਹੈ..?
ਸੁਧਾ ਨੇ ਰੋਂਦਿਆਂ ਕਿਹਾ -ਹਮਰਾ ਕਸੂਰ ਕਿਆ ਹੈ , ਹਮਰਾ ਕੌਨ ਸਾ ਦੇਸ ਹੈ, ਹਮੇਂ ਬੋਲਤੇ ਹੈਂ ਅਪਨੇ ਦੇਸ ਜਾਓ,
ਹਮੇਂ ਜੋ ਭੀ ਕਾਮ ਦੋ ਹਮ ਕਰਤੇ ਹੈਂ, ਜ਼ਿਮੀਂਦਾਰ ਕੋ ਪੱਠਾ ਉੱਠਾ ਭੀ ਕਾਟਾ ਕੇ ਦੀਆ, ਸਾਫ਼ ਸਫ਼ਾਈ ਭੀ ਕਰਕੇ ਦੀ, ਹੁਸੈਨਪੁਰ ਆਲੂ ਕਾ ਸੀਜ਼ਨ ਲਗਾਇਆ, ਆਲੂ ਤੋ ਆਪ ਭੀ ਖਾਤੇ ਹੋਂਗੇ.. ਆਪ ਲੋਗੋਂ ਨੇ ਹਮੇਂ ਧਕੇਲ ਦੀਆ.. ਅਬ ਹਮ ਕਭੀ ਨਹੀਂ ਪੰਜਾਬ ਆਏਂਗੇ….
ਉਹ ਹੁਬਕੀਂ ਰੋ ਪਈ, ਬਾਕੀ ਕਿਰਤੀ ਵੀ ਰੋ ਰਹੇ ਸਨ, ਮੈਂ ਸੁਧਾ ਨੂੰ ਗਲਵੱਕੜੀ ਚ ਲੈ ਲਿਆ, ਓਹਦੇ ਅੱਥਰੂ ਪੂੰਝੇ, ਮੇਰਾ ਵੀ ਮਨ ਭਰ ਆਇਆ, ਸਿਰਫ਼ ਏਨਾ ਹੀ ਕਹਿ ਸਕੀ- ਸੁਧਾ ਤੁਹਾਡੇ ਬਿਨਾਂ ਪੰਜਾਬ ਅਧੂਰਾ ਹੈ..

ਸਿਰਫ਼ ਏਨਾ ਹੀ ਕਿਹਾ ਸੀ ਮੈਂ, ਸੁਧਾ ਤੇ ਸਾਥੀ ਸਾਥਣਾਂ ਝੱਟ ਮੁੱਕਰ ਗਏ ਆਪਣੀ ਪਹਿਲੀ ਗੱਲ ਤੋਂ, ਕਹਿੰਦੇ- ਦੀਦੀ ਸਭ ਠੀਕ ਹੋ ਜਾਏ, ਤੋ ਹਮ ਫਿਰ ਸੇ ਆ ਜਾਏਂਗੇ.. ਹੁਣ ਸੁਧਾ ਦੀ ਗਲਵੱਕੜੀ ਚ ਮੈਂ ਸੀ..
ਇਹ ਗਲਵੱਕੜੀ ਪੰਜਾਬ-ਬਿਹਾਰ ਦੀ ਹੈ, ਕੌਣ ਤੋੜੂ ਏਸ ਸਾਂਝ ਨੂੰ..??
-ਅਮਨਦੀਪ ਹਾਂਸ


ਸਥਾਨਕ ਮੀਡੀਆ ਕਰਮੀਆਂ ਨਾਲ ਗਿਲਾ ਹੈ, ਕਿ ਪ੍ਰਸ਼ਾਸਨ ਦੇ ਸੱਦੇ ਤੇ ਤਾਂ ਓਥੇ ਜਾ ਅੱਪੜੇ, ਬਾਅਦ ਚ ਕਿਸੇ ਨੇ ਇਹਨਾਂ ਕਿਰਤੀਆਂ ਦੀ ਸਾਰ ਨਾ ਲਈ। ਜਦ ਇਹ ਸਭ ਲਿਖ ਰਹੀ ਹਾਂ ਤਾਂ ਇੱਥੇ ਕਪੂਰਥਲੇ ਚ ਜ਼ੋਰ ਦੀ ਮੀਂਹ ਪੈ ਰਿਹਾ ਹੈ, ਜੇ ਅਸੀਂ ਕਿਰਤੀਆਂ ਨੂੰ ਰੈਣ-ਬਸੇਰੇ ਵਾਪਸ ਭੇਜਣ ਲਈ ਮਦਦ ਨਾ ਕਰਦੇ ਤਾਂ ਕੀ ਬਣਦਾ?
ਕਿਰਤੀਆਂ ਦੇ ਬੇਮੁਖ ਹੋਣ ਦੀ ਮਾਰ ਪੰਜਾਬ ਝੱਲ ਨਹੀਂ ਸਕੇਗਾ..
ਬਾਕੀ ਸਭ ਸਿਆਣੇ ਨੇ..
ਬਹੁਤਾ ਬੋਲਿਆ, ਲਿਖਿਆ ਗਿਆ ਹੋਵੇ ਤਾਂ ਮਾਫ਼ੀ..
19 ਮਈ, 2020, ਕਪੂਰਥਲਾ

Install Punjabi Akhbar App

Install
×