ਡੁੱਬਦੀ ਖੇਤੀ -ਕਰਾਂਤੀ ਆਉਣ ਨੁੰ 50 ਸਾਲ ਲੱਗ ਜਾਂਦੇ ਨੇ

Jaspreet Singh 180723 001
ਅੱਜ ਇੱਕ ਸੱਜਣ ਦਾ ਫੌਨ ਆਇਆ ਕਹਿੰਦਾ ਪੰਜਾਬ ਦੀਆਂ ਦੋ ਪ੍ਰਾਈਵੇਟ ਯੂਨੀਵਰਸਿਟੀਆਂ ਖੇਤੀਬਾੜੀ ਪੜ੍ਹਾਈ ਦਾ ਪੱਕਾ ਸਰਟੀਫਿਕੇਟ ਭਾਵ ਆਈਸੀਏਆਰ ਮੈਂਬਰਸ਼ਿਪ ਲੈਣ ਲਈ ਪੱਬਾ ਭਾਰ ਨੇ। ਇੱਕ ਮਿੱਤਰ ਨਾਲ ਕੱਲ੍ਹ ਗੱਲ੍ਹ ਹੋਈ ਸੀ ਉਹ ਕਹਿੰਦਾ ਜਿਵੇਂ ਇੱਟ ਚੁੱਕੇ ਤੋਂ ਖੇਤੀਬਾੜੀ ਕਾਲਜ ਖੁੱਲ ਰਹੇ ਨੇ, ਓਸ ਹਿਸਾਬ ਨਾਲ ਇਹਨਾਂ ਨੇ ਕੱਲ੍ਹ ਨੂੰ ਆਪਣੇ ਬੀਜ, ਖਾਦ ਵੀ ਲੈ ਆਉਣੇ’ਤੇ ਆਖਣਾ ਇਹੋ ਵਧੀਆ ਝਾੜ ਦੇਵੂ! ਸਾਡਾ ਜਿਵੇਂ ਦਾ ਸਿਸਟਮ ਹੈ ਅਤੇ ਜਿੰਨਾ ਕੁ ਅਵੇਸਲਪੁਣਾ ਅਸੀ ਚਾੜ ਰੱਖਿਆ ਇਹ ਸਭ ਹੋ ਵੀ ਜਾਣਾ ਹੈ।ਪਰ ਦੋਸਤੋ ਯਾਦ ਰੱਖੋ ਇਹਨਾਂ ਪ੍ਰਾਈਵੇਟ ਅਦਾਰਿਆਂ ਨੇ ਪਹਿਲਾਂ ਇੰਜੀਨੀਅਰਿੰਗ ਦੀ ਪੜਾਈ ਦਾ ਇਸ ਕਦਰ ਕਚੂੰਬਰ ਕੱਢਿਆ ਕਿ ਹੁਣ ਕੋਈ ਪੰਜਾਬ ਵਿੱਚ ਕੋਈ ਬੀਟੈੱਕ ਦੀ ਡਿਗਰੀ ਨਹੀਂ ਕਰਨੀ ਚਾਹੁੰਦਾ।ਉਸੇ ਤ੍ਰਾਸਦੀ ਵੱਲ੍ਹ ਹੁਣ ਖੇਤੀਬਾੜੀ ਦੀ ਪੜਾਈ ਅੱਪੜ ਰਹੀ ਹੈ, ਜਿਸਦਾ ਨਮੂਨਾ ਹਰ ਵਰ੍ਹੇ ਮਾਸਟਰ ਡਿਗਰੀ ਦੇ ਲਈ ਪੀਏਯੂ ਵਿੱਚ ਹੁੰਦੇ ਟੈਸਟ ਵਿੱਚ ਵੇਖਣ ਨੂੰ ਮਿਲ ਰਿਹਾ ਹੈ।
ਮੈਨੂੰ ਇਹ ਗੱਲ੍ਹ ਕਹਿਣ ਵਿੱਚ ਕੋਈ ਹਰਜ਼ ਨਹੀ ਹੈ ਕਿ ਇਸ ਵੇਲੇ ਖੇਤੀਬਾੜੀ ਯੂਨੀਵਰਸਿਟੀ ਵਿੱਚ ਪੜ ਰਹੇ ਵਿਦਿਆਰਥੀਆਂ ਨੂੰ ਜੇਕਰ ‘ਗ੍ਰੀਨ ਰੈਵੇਲਿਊਸ਼ਨ’ ਦੇ ਬਾਰੇ ਵਿੱਚ ਪੁੱਛਿਆ ਜਾਵੇ ਤਾਂ 95% ਵਿਦਿਆਰਥੀਆਂ ਨੂੰ ਉਸ ਬਾਰੇ ਕੋਈ ਉੱਗ-ਸੁੱਗ ਨਹੀਂ ਹੋਵੇਗੀ। ਹਰੀ ਕ੍ਰਾਂਤੀ ਦਾ ਤਜਰਬਾ ਦੋ ਹੀ ਸੂਬਿਆਂ’ਤੇ ਲਾਗੂ ਕੀਤਾ ਗਿਆ ਸੀ, ਇੱਕ ਪੰਜਾਬ ਤੇ ਦੂਜਾ ਤਾਮਿਲਨਾਢੂ। ਦੋਵੇਂ ਥਾਵੀਂ ਕਿਸਾਨ ਦਾ ਕੀ ਹਾਲ ਹੈ ਅਸੀ ਭਲੀ ਭਾਂਤ ਜਾਣੂ ਹਾਂ। ਇਸੇ ਹਰੀ ਕ੍ਰਾਂਤੀ ਨੂੰ ਪੰਜਾਬ ਦਾ ਪਾਣੀ ਚੂਸਣ ਤੇ ਕੈਂਸਰ ਦੀ ਆਮਦ ਦੇ ਲਈ ਜਿੰਮੇਵਾਰ ਠਹਿਰਾਇਆ ਜਾਂਦਾ ਹੈ ਪਰ ਪਿਛਲੇ ਦੋ ਦਹਾਕਿਆਂ ਦੇ ਵਿੱਚ ਉਸ ਸਮੱਸਿਆ ਤੋਂ ਮੁੱਕਤ ਕਰਵਾਉਣ ਦੇ ਲਈ ਅਸੀ ਕੀ ਮਾਅਰਕਾ ਮਾਰਿਆ ਹੈ।ਕਿੰਨੀਆਂ ਕੁ ਉਹ ਖੋਜਾਂ ਹੋਈਆਂ ਜੋ ਅੱਤ ਲੋੜੀਂਦੀਆਂ ਸੀ। ਹਾਲੇ ਤੱਕ ਪਰਾਲੀ ਦਾ ਰੌਲਾ ਵੀ ਨਹੀ ਘਟਾ ਪਾਏ, ਨਾ ਕਿਸਾਨ ਤੇ ਖੋਜ ਦੇ ਦਰਮਿਆਨ ਅਸੀ ਸਹੀ ਪੁੱਲ ਬਣ ਪਾਏ ਹਾਂ।
ਬੜੀ ਹੈਰਾਨੀ ਅਤੇ ਪ੍ਰੇਸ਼ਾਨੀ ਦਾ ਸਬੱਬ ਹੈ ਕਿ ਹਰ ਵਰੇ ਖੇਤੀਬਾੜੀ ਮਾਹਿਰ ਪੈਦਾ ਕਰਨ ਵਾਲੀ ਇਹ ਯੂਨੀਵਰਸਿਟੀ ਕਿਸਾਨ ਨਹੀਂ ਅਫਸਰ ਹੀ ਪੈਦਾ ਕਰਦੀ ਹੈ ਜਿਹਨਾਂ ਵਿੱਚੋਂ ਕਈ ਤਾਂ ਬੈਂਕਾ ਵੱਲ੍ਹ ਮੂੰਹ ਕਰਕੇ ਮਰ ਰਹੇ ਕਿਸਾਨ ਦੀ ਹੋਰ ਸੰਘੀ ਘੁੱਟਦੇ ਹਨ। ਇਹ ਦੁਖਾਂਤ ਹੀ ਇੱਕ ਵੱਡਾ ਕਾਰਨ ਬਣਦਾ ਹੈ ਕਿ ਅੱਜ ਸਾਡਾ ਕਿਸਾਨ ਖੁੱਦ ਨੂੰ ਲਾਵਾਰਿਸ ਸਮਝ ਰਿਹਾ ਹੈ। ਕਿਉਂਕਿ ਪੜਿਆ ਲਿਖਿਆ ਨਾਲ ਤਾਂ ਉਹਨਾਂ ਦੀ ਮੋਟਰ ਚਲਾਉਣ ਦੀ ਤਰੀਕ ਦੇ ਬਾਰੇ ਸਹਿਮਤੀ ਵੀ ਨਹੀ ਬਣ ਰਹੀ।ਫਿਰ ਕਿਸਾਨਾਂ ਦਾ ਅੰਦੋਲਨ ਕਿਵੇਂ ਮਿਆਰੀ ਜਾਂ ਗੈਰ-ਸਿਆਸੀ ਹੋ ਜਾਊ? ਪਿਛਲੇ ਦਿਨੀ ਛਿੜਿਆ ਕਿਸਾਨ ਅੰਦੋਲਨ ਏਸੇ ਲਈ ਅੰਨ’ਤੇ ਦੁੱਧ ਦੀ ਬਰਬਾਦੀ ਕਰਦਾ ਠੰਡਾ ਪੈ ਗਿਆ, ਕਿਉਂਕਿ ਉਹਨਾਂ ਦੀ ਅਗਵਾਈ ਕਰਨ ਵਾਲਿਆਂ ਨੂੰ ਤਾਂ ਮਹਿਜ਼ ਦਿੱਲੀ ਜਾਂ ਚੰਡੀਗੜ੍ਹ ਦੇ ਹੁਕਮ ਦੀ ਉਡੀਕ ਹੁੰਦੀ ਹੈ, ਜੋ ਚੁਨਿੰਦਾ ਚੰਗੇ ਕਿਸਾਨ ਆਗੂਆਂ ਦੀ ਵੀ ਵਾਹ ਨਹੀ ਚੱਲਣ ਦਿੰਦਾ।
ਖੇਤੀਬਾੜੀ ਯੂਨੀਵਰਸਿਟੀ ਦੇ ਪੜਿਆਂ ਦਾ ਤਾਂ ਇਹ ਧਰਮ ਹੈ ਪਰ ਜੇ ਤੁਸੀ ਖੁੱਦ ਨੁੰ ਪੜਿਆ-ਲਿਖਿਆ ਕਿਸਾਨ ਦਾ ਪੁੱਤ ਜਾਂ ਕਿਸਾਨੀ ਸੂਬੇ ਦਾ ਵਾਰਿਸ ਦੱਸਦੇ ਹੋ ਤਾਂ ਮੇਰਾ ਇਹ ਲੇਖ ਤੁਹਾਨੁੰ ਵੀ ਬਰਾਬਰ ਹੀ ਗੁਜ਼ਾਰਿਸ਼ਾਂ ਕਰਦਾ ਹੈ। ਖਬਰਾਂ ਪੜ੍ਹ ਕੇ ਟਿੱਪਣੀਆਂ ਕਰ ਦੇਣ ਦੇ ਨਾਲ ਸਮੱਸਿਆ ਹੱਲ ਨਹੀਂ ਹੋਣ ਵਾਲੀ। ਵਿਦੇਸ਼ ਜਾਣਾ ਵੀ ਇੱਕ ਪ੍ਰਾਪਤੀ ਹੈ, ਦੇਸ਼/ਸੂਬੇ ਦੀ ਬਥੇਰੀ ਸੇਵਾ ਬੇਗਾਨੀ ਧਰਤੀ’ਤੇ ਰਹਿ ਕੇ ਵੀ ਕੀਤੀ ਜਾ ਸਕਦੀ ਹੈ। ਡੁੱਬ ਰਹੀ ਕਿਰਸਾਨੀ ਨੂੰ ਉੱਥੌਂ ਵੀ ਬਚਾਇਆ ਜਾ ਸਕਦਾ ਹੈ, ਕਈ ਐਨਆਰਆਈ ਭਰਾ ਮੈਨੂੰ ਫੌਨ ਤੇ ਐਸੀਆਂ ਸਲਾਹਾਂ ਦਿੰਦੇ ਹਨ। ਜੰਗੇ-ਆਜ਼ਾਦੀ ਦਾ ਗਦਰ ਵੀ ਉੱਥੌਂ ਹੀ ਸ਼ੁਰੂ ਹੋਇਆ ਸੀ। ਜੇ ਤੁਸੀ ਜਾਣਾ ਤਾਂ ਜਾਓ, ਪਰ ਯਾਦ ਰੱਖੋ ਅਸੀਂ ਪੂਰੇ ੧੩੫ ਕਰੋੜ ਹਾਂ। ਤੁਸੀ ਚੱਲ ਜਾਉਂਗੇ, ਆਪਣੇ ਘਰ ਦਿਆਂ ਨੂੰ ਲੈ ਜਾਓਗੇ, ਪਰ ਤੁਹਾਡਾ ਇੱਕ ਇੱਕ ਰਿਸ਼ਤੇਦਾਰ ਨਹੀਂ ਜਾ ਸਕਦਾ। ਮੇਰੇ ਵਰਗੇ ਨੇ ਤਾਂ ਚੱਲੋ ਇੱਥੇ ਹੀ ਮਰਣ ਦੀ ਠਾਣ ਲਈ ਹੈ। ਪਰ ਕੈਂਸਰ, ਕਿਸਾਨੀ ਖੁੱਦਕੁਸ਼ੀ ਕੱਲ੍ਹ ਨੂੰ ਤੁਹਾਡੇ ਕਿਸੇ ਅਜ਼ੀਜ਼ ਦੇ ਘਰ ਵੀ ਹੋ ਸਕਦੀ ਹੈ । ਸੋ ਇਸਨੂੰ ਹੱਲ ਕਰਨ ਦੀ ਕੋਸ਼ਿਸ਼ ਕਰੀਏ, ਇਸਤੋਂ ਭੱਜੀਏ ਨਾ।
ਕੋਈ ਕੋਈ ਵਿਦੇਸ਼ਾਂ ਵਿੱਚ ਰਹਿ ਕੇ ਆਇਆ ਜਾਂ ਚੰਗੇ ਪਾਸਿਓ ਪੜ੍ਹ ਕੇ ਆਇਆ ਕਿਸਾਨ ਖੇਤੀਬਾੜੀ ਨੂੰ ਸਿਆਣੇ ਢੰਗ ਨਾਲ ਵਪਾਰ ਵਿੱਚ ਤਬਦੀਲ ਕਰ ਰਿਹਾ ਹੈ ਪਰ ਪਿੰਡ ਦੇ ਰਹਿੰਦੇ ਬੁੱਝੜ ਮੱਤ ਕਿਸਾਨ ਦੇ ਖਾਨੇ ਇਹ ਐਮਬੀਏ ਦੀਆਂ ਗੱਲਾਂ ਨਹੀਂ ਪੈਂਦੀਆਂ। ਇਹ ਚੰਗੇ ਅਫਸਰ ਹੀ ਪਾ ਸਕਦੇ ਹਨ। ਹੁਣ ਵੀ ਨਵੇਂ ਖੇਤੀਬਾੜੀ ਵਿਕਾਸ ਜਾਂ ਸਿੰਚਾਈ ਅਫਸਰ ਦੀ ਭਰਤੀ ਹੋਏ ਹਨ, ”ਸਾਥੀਓ ਤੁਸੀ ਇਹ ਨਾ ਕਿਹੋ ਕਿ ਮਹਿਕਮੇ ਵਿੱਚ ਕੰਮ ਹੀ ਨਹੀਂ ਹੈ। ਪੂਰੇ ਮੁਲਕ ਦੀ ਖੇਤੀਬਾੜੀ ਡੁੱਬਦੀ ਪਈ ਹੈ ਤੇ ਤੁਸੀ ਕਹਿੰਨੇ ਹੋ ਜੋ ਸੂਬਾ ਅੰਨ ਦਾ ਭੰਡਾਰ ਹੈ ਉੱਥੇ ਖੇਤੀਬਾੜੀ ਨੂੰ ਲੈਕੇ ਕੋਈ ਕੰਮ ਹੀ ਨਹੀਂ। ਜੇ ਹੁਕਮ ਨਾ ਆਇਆ ਹੋਇਆ ਤਾਂ ਕਾਗਜ਼ ਪੱਤਰ ਆਪ ਤਿਆਰ ਕਰ ਲਿਓ ਪਰ ਸੂਬੇ ਨੁੰ ਸਾਂਭੋ।
ਇਸ ਸਾਰੇ ਦੇ ਵਿੱਚ ਜੇ ਤੁਸੀ ਕਸੂਰਵਾਰ ਸਰਕਾਰਾਂ ਨੂੰ ਠਹਿਰਾਉਗੇ, ਤਾਂ ਇੱਕ ਵਾਰ ਫੇਰ ਦੁਹਰਾ ਦਿੰਦਾ ਹਾਂ, ਮੈਨੂੰ ਇਹਨਾਂ ਚਿੱਟ ਕੱਪੜੀਆਂ ਤੋਂ ਕੋਈ ਆਸ ਨਹੀ ਹੈ। ਕਰਾਂਤੀ ਆਉਣ ਨੁੰ 50 ਸਾਲ ਲੱਗ ਜਾਂਦੇ ਨੇ, ਪਰ ਕਰਾਂਤੀਆਂ ਲੋਕ ਹੀ ਲੈ ਕੇ ਆਉਂਦੇ ਨੇ, ਜਵਾਨੀ ਲੈ ਕੇ ਆਉਂਦੀ ਹੈ, ਉਹ ਵਿਦਿਆਰਥੀ ਹੀ ਹੁੰਦਾ ਹੈ ਜੋ ਜਨ ਸੈਲਾਬ ਬਣਦਾ ਹੈ।

ਦੇਸ਼ ਦਾ ਚਿੰਤਕ (ਸ਼ਾਇਦ ਸ਼ੁਭ)
ਧੰਨਵਾਦ
ਜਸਪ੍ਰੀਤ ਸਿੰਘ, ਬਠਿੰਡਾ
99988646091
Jaspreetae18@gmail.com

Install Punjabi Akhbar App

Install
×