ਫਿਲਮ ‘ਪੰਜਾਬ-2016’ : ਨਸ਼ਿਆਂ ਦੀ ਤਰਾਸਦੀ ਦਾ ਮਾਰਮਿਕ ਚਿਤਰਣ   

g s gurdit article 160717 ਫਿਲਮ ‘ਪੰਜਾਬ-2016’   00123

ਪੰਜਾਬ ਵਿੱਚ ਕਿਸੇ ਮਹਾਂਮਾਰੀ ਵਾਂਗੂੰ ਫੈਲ ਚੁੱਕੀ ਨਸ਼ਿਆਂ ਦੀ ਬਿਮਾਰੀ ਬਾਰੇ, ਹੁਣ ਬਹੁਤ ਕੁਝ ਲਿਖਿਆ ਅਤੇ ਸਿਰਜਿਆ ਜਾਣ ਲੱਗਾ ਹੈ। ਜਿਹੜੀ ਧਰਤੀ ਕਦੇ ਬਹਾਦਰੀ, ਉੱਚੇ ਕਿਰਦਾਰ, ਦੇਸ਼ ਪਿਆਰ, ਸਫਲ ਖੇਤੀ, ਖੇਡਾਂ ਅਤੇ ਸਰੀਰਕ ਤਾਕਤ ਲਈ ਪ੍ਰਸਿੱਧ ਸੀ, ਉਹ ਹੁਣ ਨਸ਼ਿਆਂ ਦੀ ਧਰਤੀ ਵਜੋਂ ਜਾਣੀ ਜਾ ਰਹੀ ਹੈ। ਕਿਸੇ ਵੇਲੇ ਦੇਸ਼ ਨੂੰ ਸਭ ਤੋਂ ਵੱਧ ਫੌਜੀ ਅਤੇ ਖੇਡ ਮੈਡਲ ਦਿਵਾਉਣ ਵਾਲਾ ਪੰਜਾਬ ਹੁਣ ਨਸ਼ੇੜੀਆਂ ਦਾ ਪੰਜਾਬ ਬਣਦਾ ਜਾ ਰਿਹਾ ਹੈ। ਭਾਵੇਂ ਕਿ ਮੌਜੂਦਾ ਸਰਕਾਰ ਦਾ ਕਹਿਣਾ ਹੈ ਕਿ ਨਸ਼ਿਆਂ ਨੂੰ ਇੱਕ ਸਿਆਸੀ ਹਥਿਆਰ ਵਜੋਂ ਵਰਤ ਕੇ ਵਿਰੋਧੀ ਪਾਰਟੀਆਂ ਚੋਣਾਂ ਜਿੱਤਣੀਆਂ ਚਾਹੁੰਦੀਆਂ ਹਨ ਅਤੇ ਆਪਣੇ ਸਿਆਸੀ ਮੁਫਾਦ ਵਾਸਤੇ ਪੰਜਾਬ ਨੂੰ ਬਦਨਾਮ ਕਰ ਰਹੀਆਂ ਹਨ। ਪਰ ਫਿਰ ਵੀ ਇਹ ਸਮਝ ਲੈਣ ਦੀ ਲੋੜ ਹੈ ਕਿ ਜੇਕਰ ਇੰਨਾ ਧੂੰਆਂ ਫੈਲਿਆ ਹੋਇਆ ਹੈ ਤਾਂ ਅੱਗ ਦੀ ਤੀਬਰਤਾ ਵੀ ਘੱਟ ਨਹੀਂ ਹੋਣੀ।  ਇਸ ਤੀਬਰਤਾ ਨੂੰ ਪੇਸ਼ ਕਰਨ ਬਾਰੇ ਪਿਛਲੇ ਦਿਨੀਂ ਆਈ ਇੱਕ ਫਿਲਮ ‘ਉੜਤਾ ਪੰਜਾਬ’ ਨਾਲ ਕਾਫੀ ਵਿਵਾਦ ਹੋਇਆ ਸੀ। ਹੁਣ ਉਸਦੀ ਇੱਕ ਹੋਰ ਕੜੀ ਵਜੋਂ ਇੱਕ ਹੋਰ ਗੈਰ-ਵਪਾਰਕ ਫਿਲਮ ‘ਪੰਜਾਬ-2016’ ਆ ਰਹੀ ਹੈ।

ਦੋ ਸਾਲ ਪਹਿਲਾਂ ਹੋਂਦ ਵਿੱਚ ਆਇਆ ਥੀਏਟਰ ਗਰੁੱਪ ਰੈੱਡ ਆਰਟਸ ਪੰਜਾਬ ਉਹਨਾਂ ਨੌਜਵਾਨਾਂ ਦੀ ਮਿਹਨਤ ਦਾ ਨਤੀਜਾ ਹੈ ਜਿੰਨ੍ਹਾਂ ਨੇ ਵਿਖਾ ਦਿੱਤਾ ਕਿ ਨੁੱਕੜ ਨਾਟਕਾਂ ਵਿੱਚ ਬਹੁਤ ਗੰਭੀਰ ਮੁੱਦੇ ਛੋਹੇ ਜਾ ਸਕਦੇ ਹਨ ਅਤੇ ਲੋਕਾਂ ਨੂੰ ਬੰਨ੍ਹ ਕੇ ਬਿਠਾਇਆ ਜਾ ਸਕਦਾ ਹੈ। ਇਸ ਗਰੁੱਪ ਦਾ ਇੱਕ ਨਾਟਕ ‘ਆਖਰ ਕਦੋਂ ਤੱਕ’ ਹੁਣ ਤੱਕ ਕੋਈ 5500 ਵਾਰੀ ਖੇਡਿਆ ਜਾ ਚੁੱਕਾ ਹੈ। ਜਦੋਂ ਕਿਤੇ ਵੀ ਉਸ ਨਾਟਕ ਦਾ ਮੰਚਨ ਕੀਤਾ ਜਾਂਦਾ ਸੀ ਤਾਂ ਵੱਡੀ ਗਿਣਤੀ ਵਿੱਚ ਦਰਸ਼ਕ ਆਪ-ਮੁਹਾਰੇ ਪਹੁੰਚ ਜਾਂਦੇ ਸਨ। ਰੈੱਡ ਆਰਟਸ ਗਰੁੱਪ ਦੇ ਮੁਢਲੇ ਮੈਂਬਰਾਂ ਇੰਦਰਜੀਤ ਮੋਗਾ ਅਤੇ ਦੀਪ ਜਗਦੀਪ ਦੇ ਦੱਸਣ ਅਨੁਸਾਰ, ਹੁਣ ਉਸੇ ਹੀ ਨਾਟਕ ਨੂੰ ਵਿਸਥਾਰ ਦੇ ਕੇ ‘ਪੰਜਾਬ-2016’ ਫਿਲਮ ਦਾ ਨਿਰਮਾਣ ਕੀਤਾ ਗਿਆ ਹੈ ਜੋ ਕਿ ਇੱਕ ਗੰਭੀਰ ਸਮਾਜਿਕ ਸਮੱਸਿਆ ਨੂੰ ਰੂਪਮਾਨ ਕਰਦੀ ਹੈ। ਫਿਲਮ ਨਾਲ ਜੁੜੀਆਂ ਵੱਡੀਆਂ ਹਸਤੀਆਂ ਵਿੱਚ ਰਾਣਾ ਰਣਬੀਰ, ਗੁਰਚੇਤ ਚਿੱਤਰਕਾਰ, ਜਸਬੀਰ ਜੱਸੀ, ਰਾਜ ਬਰਾੜ, ਕੰਵਰ ਗਰੇਵਾਲ, ਰਾਹੁਲ ਜੁੰਗਰਾਲ, ਬਾਬਾ ਬੇਲੀ, ਗੁਰਜੀਤ ਜੀਤੀ, ਹਰਸ਼ਦੀਪ ਕੌਰ, ਅਨੀਤਾ ਮੀਤ, ਗੁਰਪ੍ਰੀਤ ਭੰਗੂ ਅਤੇ ਮਲਕੀਤ ਰੌਣੀ ਵਰਗੇ ਨਾਮ ਸ਼ਾਮਲ ਹਨ। ਬਲਰਾਜ ਸਾਗਰ ਅਤੇ ਇੰਦਰਜੀਤ ਮੋਗਾ ਦੁਆਰਾ ਨਿਰਦੇਸ਼ਤ ਇਸ ਫਿਲਮ ਨੂੰ ਪੂਰਾ ਕਰਨ ਲਈ ਸਹਿਯੋਗ ਕਰਨ ਵਾਲੇ ਵੀ ਉਹ ਆਮ ਪੰਜਾਬੀ ਹਨ ਜਿੰਨ੍ਹਾਂ ਨੇ ਆਪਣੇ ਪਰਿਵਾਰ ਜਾਂ ਨੇੜਲੇ ਦੋਸਤਾਂ ਵਿੱਚ ਕਿਸੇ ਨਾ ਕਿਸੇ ਤਰਾਂ ਨਸ਼ਿਆਂ ਦਾ ਸੰਤਾਪ ਭੁਗਤਿਆ ਹੈ। ਫਿਲਮ ਦੇ ਨਿਰਮਾਤਾ ਸ. ਸੁਰਜੀਤ ਸਿੰਘ ਸਿੱਧੂ ਹਨ ਜੋ ਬਾਬਾ ਕੁੰਦਨ ਸਿੰਘ ਕਾਲਜ ਮੁਹਾਰ (ਫਿਰੋਜ਼ਪੁਰ) ਦੇ ਪ੍ਰਿੰਸੀਪਲ ਹਨ ਅਤੇ ਨਸ਼ਿਆਂ ਦੇ ਹੜ੍ਹ ਵਿੱਚ ਆਪਣਾ ਇੱਕ ਕਬੱਡੀ ਚੈਂਪੀਅਨ ਭਤੀਜਾ ਗੁਆ ਚੁੱਕੇ ਹਨ। ਇਸ ਤੋਂ ਇਲਾਵਾ, ਥੀਏਟਰ ਅਤੇ ਟੈਲੀਵਿਜ਼ਨ ਵਿੱਚ ਡਾਕਟਰੇਟ ਕਰਨ ਵਾਲੇ ਅਤੇ ਹਾਲੀਵੁੱਡ ਫਿਲਮਾਂ ਵਿੱਚ ਕੰਮ ਕਰ ਚੁੱਕੇ ਨਵਦੀਪ ਸਿੰਘ ਦੀ ਪ੍ਰੇਰਨਾ ਵੀ ਫਿਲਮ ਲਈ ਇੱਕ ਵੱਡੀ ਵਜਾਹ ਹੈ।

ਫਿਲਮ ਵਿੱਚ ਮੁੱਖ ਤੌਰ ਉੱਤੇ ਪੰਜਾਬ ਦੇ ਇੱਕ ਕਾਲਜ ਦੀ ਕਹਾਣੀ ਹੈ ਕਿ ਕਿਵੇਂ ਉੱਥੇ ਚੰਗੇ ਘਰਾਂ ਦੇ ਪੜ੍ਹਾਈ ਵਿੱਚ ਹੁਸ਼ਿਆਰ ਨੌਜਵਾਨਾਂ ਨੂੰ ਪਹਿਲਾਂ ਮੁਫਤ ਵਿੱਚ ਨਸ਼ਾ ਦੇ ਕੇ ਇਸ ਦੀ ਆਦਤ ਪਾਈ ਜਾਂਦੀ ਹੈ ਅਤੇ ਫਿਰ ਜਦੋਂ ਉਹ ਇਸ ਦੇ ਆਦੀ ਹੋ ਜਾਂਦੇ ਹਨ ਤਾਂ ਉਹਨਾਂ ਨੂੰ ਨਸ਼ੇ ਵੇਚਣ ਲਈ ਮਜ਼ਬੂਰ ਕੀਤਾ ਜਾਂਦਾ ਹੈ। ਇਸ ਤਰਾਂ ਨਸ਼ਿਆਂ ਦਾ ਜਾਲ ਫੈਲਾ ਕੇ ਬਹੁਤ ਸਾਰੇ ਨੌਜਵਾਨਾਂ ਨੂੰ ਇਸਦੇ ਸ਼ਿਕਾਰ ਬਣਾਇਆ ਜਾਂਦਾ ਹੈ। ਵੱਖ-ਵੱਖ ਸਿਆਸੀ ਪਾਰਟੀਆਂ ਦੇ ਵਿਦਿਆਰਥੀ ਵਿੰਗਾਂ ਦੇ ਨੇਤਾ ਵੀ ਨਸ਼ਾ ਤਸਕਰਾਂ ਦੀ ਭੂਮਿਕਾ ਨਿਭਾਉਂਦੇ ਹਨ ਅਤੇ ਸਿੱਖਿਆ ਸੰਸਥਾਨਾਂ ਵਰਗੀ ਮੁਕੱਦਸ ਜਗਾਹ ਨੂੰ ਨਸ਼ਿਆਂ ਦੀ ਦਲਦਲ ਬਣਾ ਦਿੱਤਾ ਜਾਂਦਾ ਹੈ। ਫਿਲਮ ਵਿੱਚ ਉਹਨਾਂ ਨੌਜਵਾਨਾਂ ਦੇ ਪਰਿਵਾਰ ਉੱਤੇ ਬੀਤਣ ਵਾਲੀ ਹੋਣੀ ਦਾ ਵੀ ਬਹੁਤ ਮਾਰਮਿਕ ਚਿਤਰਣ ਹੈ। ਉਮੀਦ ਕਰਨੀ ਚਾਹੀਦੀ ਹੈ ਕਿ ਇਹ ਫਿਲਮ ਨੌਜਵਾਨ ਵਰਗ ਨੂੰ ਠੀਕ ਸੇਧ ਦੇਣ ਅਤੇ ਪੰਜਾਬ ਦੇ ਬੁੱਕਲ ਦੇ ਸੱਪਾਂ ਨੂੰ ਪਛਾਨਣ ਲਈ ਇੱਕ ਮੀਲ ਪੱਥਰ ਦਾ ਕੰਮ ਕਰੇਗੀ।

Install Punjabi Akhbar App

Install
×