ਪੂਜਾ ਕਟਾਰੀਆ ਬਣੀ ਮਾਓਰੀ ਭਾਸ਼ਾ ’ਚ ‘ਬੈਚਲਰ ਆਫ ਟੀਚਿੰਗ’ ਕਰਨ ਵਾਲੀ ਪਹਿਲੀ ਪੰਜਾਬਣ

ਇਕ ਸਾਲ ਦਾ ਅਰਲੀ ਚਾਇਲਡਹੁੱਡ ਡਿਪਲੋਮਾ ਕਰਨ ਬਾਅਦ ਕੁਝ ਨਵਾਂ ਕਰਨ ਦਾ ਸੋਚਿਆ ਅਤੇ ਮਾਓਰੀ ਭਾਸ਼ਾ ਵਿਚ ਇਤਿਹਾਸਕ ਮਾਅਰਕਾ ਮਾਰਿਆ

(ਔਕਲੈਂਡ):-ਕਿਸੇ ਵਿਦਵਾਨ ਨੇ ਬਹੁਤ ਸੋਹਣਾ ਲਿਖਿਆ ਹੈ ਕਿ ਜੇਕਰ ਦੀਵੇ ਨੇ ਰੋਸ਼ਨੀ ਵੰਡਣੀ ਹੋਵੇ ਤਾਂ ਉਸਨੂੰ ਚਮਕ ਨਾਲ ਬਲਣਾ ਹੋਏਗਾ (“Let your lamp burn brightly to give light.”)। ਦੀਵਾ ਆਪ ਭਾਵੇਂ ਦੁਖਦ ਵਾਤਾਵਰਣ ਦੇ ਮਾਹੌਲ ਵਿਚ ਬਲਦਾ ਰਹੇ, ਪਰ ਆਪਣੀ ਚਮਕ ਦੇ ਨਾਲ ਜਿਨ੍ਹਾਂ ਦੇ ਲਈ ਰੋਸ਼ਨੀ ਪੈਦਾ ਕਰ ਜਾਂਦਾ ਹੈ, ਉਸ ਨਾਲ ਦਾ ਸੁੱਖ ਨਹੀਂ। ਕੁਝ ਕਰਨ ਲਈ ਲੀਕ ਤੋਂ ਜ਼ਰਾ ਹੱਟ ਕੇ ਕੰਮ ਕਰਨਾ ਹੁੰਦਾ ਹੈ ਅਤੇ ਪ੍ਰਵਾਸੀ ਪੰਜਾਬੀ ਇਸ ਨੂੰ ਹਮੇਸ਼ਾਂ ਚਿਤ ਚੇਤਿਆਂ ਵਿਚ ਰੱਖ ਕੇ ਅੱਗੇ ਵਧਣਾ ਕਦੇ ਨਹੀਂ ਹੱਟਦੇ ਚਾਹੇ ਓਹ ਕੋਈ ਪੁਰਸ਼ ਹੋਵੇ ਜਾਂ ਮਹਿਲਾ। ਅਜਿਹੀ ਇਕ ਕਹਾਣੀ ਸਾਂਝੀ ਕਰ ਰਿਹਾ ਨਿਊਜ਼ੀਲੈਂਡ ਨੂੰ ਆਪਣਾ ਘਰ ਬਣਾ ਚੁੱਕੀ ਪੰਜਾਬੀ ਕੁੜੀ ਪੂਜਾ ਕਟਾਰੀਆ ਦੀ।
ਜ਼ਿਲ੍ਹਾ ਨਵਾਂਸ਼ਹਿਰ ਪਿੰਡ ਰਾਜੂ ਮਾਜਰਾ ਦੀ ਇਹ ਧੀਅ ਧਿਆਣੀ  ਹੁਸ਼ਿਆਰਪੁਰ ਵਿਖੇ ਸ੍ਰੀ ਪਵਨਵੀਰ ਕਟਾਰੀਆ ਨਾਲ ਵਿਆਹੀ ਹੋਈ ਹੈ। ਇਸ ਨੇ ਨਿਊਜ਼ੀਲੈਂਡ ਰਹਿੰਦਿਆ ਪੜ੍ਹਾਈ ਅਤੇ ਘਰ ਗ੍ਰਹਿਸਥੀ ਹੀ ਨਹੀਂ ਚਲਾਈ ਸਗੋਂ ਇਕ ਕਦਮ ਅੱਗੇ ਹੁੰਦਿਆ ਅਤੇ ਜ਼ਰਾ ਹੱਟ ਕੇ ਕੁਝ ਕਰਨ ਦੀ ਤਮੰਨਾ ਨਾਲ ਉਹ ਕਰ ਵਿਖਾਇਆ ਜਿਹੜਾ ਸ਼ਾਇਦ ਨਿਊਜ਼ੀਲੈਂਡ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ। ਪੂਜਾ ਕਟਾਰੀਆ (30)  ਸੰਨ 2010 ਦੇ ਵਿਚ ਇਥੇ ਉਚੇਰੀ ਪੜ੍ਹਾਈ ਲਈ ਆਈ, ਲੈਵਲ 6 ਬਿਜ਼ਨਸ ਦੀ ਪੜ੍ਹਾਈ ਕੀਤੀ, ਘਰ ਗ੍ਰਹਿਸਥੀ ਵਿਚ ਪੈ ਗਈ ਅਤੇ ਫਿਰ ਪੜ੍ਹਾਈ ਵੱਲ ਮੁੱਖ ਮੋੜਿਆ ਅਤੇ ਐਮ. ਆਈ. ਟੀ. ਓਟਾਰਾ ਤੋਂ ਇਕ ਸਾਲ ਦਾ ‘ਅਰਲੀ ਚਾਇਲਡਹੁੱਡ ਐਜੂਕੇਸ਼ਨ’ ਦਾ ਡਿਪਲੋਮਾ ਕੀਤਾ। ਪਾਪਾਟੋਏਟੋਏ ਵਿਖੇ ਇਕ ਕਿੰਡਰਗਾਰਟਨ ਵਿਖੇ ਪੜ੍ਹਾਉਣਾ ਸ਼ੁਰੂ ਕੀਤਾ ਤਾਂ ਵੇਖਿਆ ਕਿ ਇਥੇ ਦੇ ਮੂਲ ਬਾਸ਼ਿੰਦੇ ਮਾਓਰੀਆਂ ਦੇ ਬੱਚੇ ਜੋ ਕਿ ਘਰਾਂ ਵਿਚ ਮਾਓਰੀ ਬੋਲਦੇ ਹਨ, ਨੂੰ ਜਿਆਦਾ ਕੁਝ ਮਾਓਰੀ ਭਾਸ਼ਾ ਵਿਚ ਨਹੀਂ ਪੜ੍ਹਾਇਆ ਜਾ ਸਕਦਾ ਸੀ, ਕਿਉਂਕਿ ਟੀਚਰ ਟ੍ਰੇਨਿੰਗ (ਤੀਓ ਰੀਓ ਮਾਓਰੀ) ਦੌਰਾਨ ਕੁਝ ਹੀ ਸ਼ਬਦ ਸਿਖਾਏ ਜਾਂਦੇ ਹਨ।
ਪੂਜਾ ਕਟਾਰੀਆ ਨੇ ਇਸ ਤੋ ਅੱਗੇ ਸੋਚਿਆ ਕਿ ਕਿਉਂਨਾ ਜੇਕਰ ਇਸੇ ਸਿਖਿਆ ਖੇਤਰ ਵਿਚ ਰਹਿਣਾ ਹੈ ਤਾਂ ਮਾਓਰੀ ਭਾਸ਼ਾ ਦੇ ਸਿਲੇਬਸ ਵਿਚ ਬੈਚਲਰ ਕਰਕੇ ਸਕੂਲਾਂ ਦੇ ਵਿਚ ਬਾਕੀ ਭਾਸ਼ਾਵਾਂ ਦੇ ਨਾਲ-ਨਾਲ ਮਾਓਰੀ ਮੂਲ ਦੇ ਬੱਚਿਆਂ ਨੂੰ ਮਾਓਰੀ ਵੀ ਸਿਖਾਈ ਜਾਵੇ। ਇਸ ਦੇ ਲਈ ਉਸਨੇ ਖੁਦ ਹੀ ‘ਤੇਅ ਵਾਨਾਂਗਾ ਓ ਰੋਕਾਵਾ ਓਟਾਕੀ’ (ਨੇੜੇ ਵਲਿੰਗਟਨ) ਟ੍ਰੀਚਰ ਟ੍ਰੇਨਿੰਗ ਕਾਲਜ ਦੇ ਵਿਚ ਦਾਖਲਾ ਲੈ ਲਿਆ, ਭਾਵੇਂ ਉਸ ਵੇਲੇ ਇਸਨੂੰ ਗਿਣਤੀ ਦੇ ਮਾਓਰੀ ਸ਼ਬਦ ਹੀ ਪੜ੍ਹਨੇ ਅਤੇ ਬੋਲਣੇ ਆਉਂਦੇ ਸਨ।
ਤਿੰਨ ਸਾਲਾਂ ਦੇ ਇਸ ਕੋਰਸ ਦੌਰਾਨ ਪੂਜਾ ਨੇ ਔਖਿਆਂ-ਸੌਖਿਆਂ ਮਾਓਰੀ ਭਾਸ਼ਾ ਵਾਲੇ ਕਾਇਦੇ ਪੜ੍ਹ-ਪੜ੍ਹ ਐਨੀ ਸਮਝ ਬਣਾ ਲਈ ਕਿ ਉਹ ਹੁਣ ਬੈਚਲਰ ਦੀ ਡਿਗਰੀ ਪ੍ਰਾਪਤ ਕਰਕੇ ਦੂਜਿਆਂ ਨੂੰ ਸਮਝਾਉਣ ਦੇ ਸਮਰੱਥ ਹੋ ਗਈ ਹੈ। ਨਿਊਜ਼ੀਲੈਂਡ ਦੇ ਵਿਚ ਮਾਓਰੀ ਭਾਸ਼ਾ ਦੇ ਸਿਲੇਬਸ ਵਿਚ ਕਿਤਾਬਾਂ ਪੜ੍ਹ ਕੇ ਟੀਚਰ ਟ੍ਰੇਨਿੰਗ ਕਰਨ ਵਾਲੀ ਇਹ ਪਹਿਲੀ ਪੰਜਾਬੀ ਕੁੜੀ ਬਣ ਗਈ ਹੈ। 2019 ਤੋਂ ਲੈ ਕੇ 2022 ਤੱਕ ਇਸਨੇ ਆਨ ਲਾਈਨ ਅਤੇ ਵਲਿੰਗਟਨ ਵਿਖੇ ਜਾ ਕੇ ਪੜ੍ਹਾਈ ਪੂਰੀ ਕੀਤੀ। ਬੀਤੇ ਦਿਨੀਂ ਕਾਲਜ ਦੀ ਗ੍ਰੈਜੂਏਸ਼ਨ ਹੋਈ ਅਤੇ ਇਸ ਕੁੜੀ ਨੇ ਵਲਿੰਗਟਨ ਵਿਖੇ ਜਾ ਕੇ ਆਪਣੀ ਡਿਗਰੀ ਪ੍ਰਾਪਤ ਕੀਤੀ।  300 ਕੁੜੀਆਂ ਦੇ ਇਸ ਗ੍ਰੈਜੂਏਸ਼ਨ ਸਮਾਗਮ ਦੇ ਵਿਚ ਇਹ ਇਕੋ-ਇਕ ਭਾਰਤੀ ਕੁੜੀ ਸੀ, ਜਿਸ ਨੇ ਇਹ ਡਿਗਰੀ ਹਾਸਲ ਕੀਤੀ। ਇਸ ਡਿਗਰੀ ਤੋਂ ਬਾਅਦ ਇਸਦੀ ਰਜਿਟ੍ਰੇਸ਼ਨ ਪੂਰੀ ਹੋ ਚੁੱਕੀ ਹੈ ਅਤੇ ਹੁਣ ਇਹ ਕਿਸੇ ਪ੍ਰਾਇਮਰੀ ਸਕੂਲ ਦੇ ਵਿਚ ਮਾਓਰੀ ਭਾਸ਼ਾ ਤੱਕ ਪੜ੍ਹਾ ਸਕਦੀ ਹੈ। ਮਾਓਰੀ ਭਾਸ਼ਾ ਦੇ ਵਿਚ ਅਰਲੀ ਚਾਇਲਡਹੁੱਡ ਸੈਂਟਰ ਨੂੰ ‘ਕੋਹਾਂਗਾ ਰਿਓ’ ਕਿਹਾ ਜਾਂਦਾ ਹੈ ਅਤੇ ਅਜਿਹੇ ਸਕੂਲ ਅਲੱਗ ਤੋਂ ਵੀ ਹਨ। ਮਾਓਰੀ ਭਾਸ਼ਾ ਦੇਸ਼ ਦੀ ਦਫਤਰੀ ਭਾਸ਼ਾ ਵੀ ਹੈ। ਖਾਸ ਗੱਲ ਹੈ ਕਿ ਪੂਜਾ ਨੂੰ ਇਕ ਸਾਲ ਬਾਅਦ ਪੜ੍ਹਾਈ ਲਈ ਸਕਾਲਰਸ਼ਿੱਪ ਲਈ ਚੁਣਿਆ ਗਿਆ ਅਤੇ ਫਿਰ ਡਿਗਰੀ ਮਿਲਣ ਉਤੇ ਉਦਾਹਰਣ ਵਜੋਂ ਮਿਸਾਲੀ ਵਿਦਿਆਰਥੀ ਉਤੇ ਵੀ ਚੁਣਿਆ ਗਿਆ ਤਾਂ ਕਿ ਬਾਕੀ ਬੱਚਿਆਂ ਨੂੰ ਵੀ ਪ੍ਰੇਰਨਾ ਮਿਲ ਸਕੇ ਕਿ ਜੇਕਰ ਕਿਸੇ ਦੂਜੇ ਦੇਸ਼ ਦਾ ਵਸਨੀਕ ਮਾਓਰੀ ਭਾਸ਼ਾ ਵਿਚ ਡਿਗਰੀ ਕਰ ਸਕਦਾ ਹੈ ਤਾਂ ਉਹ ਕਿਉਂ ਨਹੀਂ। ਅੰਤ ਕਹਿ ਸਕਦੇ ਹਾਂ ਕਿ ਪੂਰੀ ਪੰਜਾਬ ਕਮਿਊਨਿਟੀ ਨੂੰ ਇਸ ਕੁੜੀ ਉਤੇ ਮਾਣ ਰਹੇਗਾ।
ਧੰਨਵਾਦ
ਪੂਜਾ ਕਟਾਰੀਆ ਨੇ ਇਸ ਆਪਣੀ ਪ੍ਰਾਪਤੀ ਉਤੇ ਪਹਿਲਾ ਧੰਨਵਾਦ ਮੈਨੁਰੇਵਾ ਮਾਰਾਏ ਦੇ ਮੁਖੀ ਸ੍ਰੀ ਰੰਗੀ ਮੈਕਲੀਨ ਦਾ ਕੀਤਾ ਹੈ, ਜਿਨ੍ਹਾਂ ਦੀ ਰਹਿਨੁਮਾਈ ਅਤੇ ਸਲਾਹ ਦੇ ਨਾਲ ਉਹ ਕਾਲਜ ਤੱਕ ਪਹੁੰਚੀ।  ਇਸ ਤੋਂ ਇਲਾਵਾ ਕਾਲਜ ਦੇ ਟੀਚਰਾਂ ਦਾ ਉਹ ਸਮੂਹਿਕ ਧੰਨਵਾਦ ਕਰਨਾ ਚਾਹੁੰਦੀ ਹੈ, ਜਿਹੜੇ ਕਿ ਏਅਰਪੋਰਟ ਤੋਂ ਵੀ ਉਨ੍ਹਾਂ ਲੈ ਜਾਂਦੇ ਹੁੰਦੇ ਸਨ। ਪਰਿਵਾਰ ਦੇ ਵਿਚੋਂ ਉਨ੍ਹਾਂ ਆਪਣੇ ਪਤੀ ਸ੍ਰੀ ਪਵਨ ਕਟਾਰੀਆ ਅਤੇ ਆਪਣੇ ਤਿੰਨ ਬੱਚਿਆਂ ਦਾ, ਜਿਨ੍ਹਾਂ ਨੇ ਔਖੇ-ਸੌਖੇ ਰਹਿ ਕੇ ਮੈਨੂੰ ਪੜ੍ਹਾਈ ਦਾ ਸਮਾਂ ਦਿੱਤਾ ਅਤੇ ਇਹ ਡਿਗਰੀ ਕਰ ਸਕੀ, ਦਾ ਧੰਨਵਾਦ ਕਰਨਾ ਚਾਹੁੰਦੀ ਹੈ। ਪੂਜਾ ਦਾ ਸਹੁਰਾ ਪਰਿਵਾਰ ਅਤੇ ਪੇਕਾ ਪਰਿਵਾਰ ਉਸਦੀ ਇਸ ਪ੍ਰਾਪਤੀ ਉਤੇ ਬਹੁਤ ਖੁਸ਼ ਹੈ।