ਜਨਤਕ ਕਚਿਹਰੀ ਵਿੱਚ ਚੱਲ ਰਹੀ ਚੁੰਝ ਚਰਚਾ ਬਾਦਲਕਿਆਂ ਵਿਰੋਧੀ

  • ਬਾਦਲ ਪਰਿਵਾਰ ਦਾ ਪਿੱਛਾ ਨਹੀਂ ਛੱਡ ਰਿਹਾ ਕਮਿਸਨ ਦੇ ਖੁਲਾਸਿਆਂ ਦਾ ਭੂਤ

badals and commission report

ਬਠਿੰਡਾ/ 29 ਅਗਸਤ/  — ਵਿਧਾਨ ਸਭਾ ‘ਚ ਬਹਿਸ ਮੁਕੰਮਲ ਹੋਣ ਦੇ ਬਾਵਜੂਦ ਜਸਟਿਸ ਰਣਜੀਤ ਸਿੰਘ ਕਮਿਸਨ ਦੇ ਖੁਲਾਸਿਆਂ ਦਾ ਭੂਤ ਬਾਦਲ ਪਰਿਵਾਰ ਦਾ ਪਿੱਛਾ ਛੱਡਣ ਨੂੰ ਤਿਆਰ ਨਹੀਂ ਜਾਪਦਾ। ਇੱਕ ਪਾਸੇ ਸਿਆਸੀ ਤੇ ਧਾਰਮਿਕ ਆਗੂਆਂ ਵੱਲੋਂ ਕੀਤੇ ਤਾਬੜਤੋੜ ਹਮਲਿਆਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ, ਦੂਜੇ ਪਾਸੇ ਜਨਤਕ ਕਚਹਿਰੀ ਵਿੱਚ ਚੱਲ ਰਹੀ ਚੁੰਝ ਚਰਚਾ ਵੀ ਖਿਲਾਫਤ ਵਾਲੀ ਹੈ।
ਪੰਜਾਬ ਵਿਧਾਨ ਸਭਾ ਵਿੱਚ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ ਤੇ ਹੋਈ ਬਹਿਸ ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਅਕਾਲੀ ਦਲ ਅਮ੍ਰਿਤਸਰ ਦੇ ਪ੍ਰਧਾਨ ਸ੍ਰ: ਸਿਮਰਨਜੀਤ ਸਿੰਘ ਮਾਨ ਨੇ ਵਿਚਾਰ ਪ੍ਰਗਟ ਕੀਤਾ ਕਿ ਇਹ ਦਾਗ਼ੀ ਅਤੇ ਦੋਸ਼ੀ ਜਮੀਰ ਦਾ ਹੀ ਨਤੀਜਾ ਹੈ ਕਿ ਬਾਈਕਾਟ ਦਾ ਰਾਹ ਅਪਨਾ ਕੇ ਬਾਦਲਦਲੀਆਂ ਨਾਲ ਸਬੰਧਤ ਅਕਾਲੀ ਦਲ ਨੂੰ ਗੈਰ ਪੰਥਕ ਧਿਰਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਮਾਰ ਸਹਿਣ ਲਈ ਮਜਬੂਰ ਹੋਣਾ ਪਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਇੱਕ ਬੱਜਰ ਅਪਰਾਧ ਕਰਾਰ ਦਿੰਦਿਆਂ ਉਹਨਾਂ ਕਿਹਾ ਕਿ ਹੁਣ ਜਦੋਂ ਦੋਸ਼ ਸਪਸਟ ਹੋ ਚੁੱਕੇ ਹਨ ਤਾਂ ਪ੍ਰਕਾਸ ਸਿੰਘ ਬਾਦਲ ਤੋਂ ਲੈ ਕੇ ਇਸ ਲਈ ਜੁਮੇਵਾਰ ਸਬੰਧਤ ਅਫ਼ਸਰਾਂ ਖਿਲਾਫ ਨਾਜੀਆਂ ਵਾਂਗ ਨਿਊਰਮਬਰਗ ਟਰਾਇਲ ਦੀ ਤਰਜ਼ ਤੇ ਵਿਸੇਸ਼ ਅਦਾਲਤਾਂ ਵਿਖੇ ਮੁਕੱਦਮੇ ਚੱਲਣੇ ਚਾਹੀਦੇ ਹਨ।

ਆਪਣੇ ਆਲੋਚਕਾਂ ਨੂੰ ਸੁਖਬੀਰ ਬਾਦਲ ਵੱਲੋਂ ਪਾਕਿਸਤਾਨੀ ਖ਼ੁਫੀਆ ਏਜੰਸੀ ਆਈ ਐੱਸ ਆਈ ਦੇ ਏਜੰਟ ਕਰਾਰ ਦੇਣ ਤੇ ਟਿੱਪਣੀ ਕਰਦਿਆਂ ਸ੍ਰ: ਮਾਨ ਨੇ ਕਿਹਾ ਕਿ ਇਸ ਲਿਹਾਜ਼ ਨਾਲ ਤਾਂ ਉਹਨਾਂ ਦੇ ਦੁਸਮਣਾਂ ਦੀ ਤਾਦਾਦ ਲੱਖਾਂ ਤੱਕ ਵਧ ਜਾਂਦੀ ਹੈ, ਅਜਿਹੀ ਸੂਰਤ ਵਿੱਚ ਸਰਕਾਰ ਨੂੰ ਚਾਹੀਦਾ ਹੈ ਕਿ ਅਕਾਲੀ ਸਰਪੰਚਾਂ ਤੋਂ ਲੈ ਕੇ ਉਹਨਾਂ ਦੇ ਪ੍ਰਧਾਨ ਤੱਕ ਨੂੰ ਪੈਰਾ ਬ੍ਰਿਗੇਡ ਕਮਾਂਡੋ ਤੇ ਬਖਤਰਬੰਦ ਗੱਡੀਆਂ ਦੀ ਸੁਰੱਖਿਆ ਮੁਹੱਈਆਂ ਕਰਵਾਏ। ਉਹਨਾਂ ਇਹ ਵੀ ਮੰਗ ਕੀਤੀ ਕਿ 1947 ਤੱਕ ਜੋ ਬਾਦਲ ਖਾਨਦਾਨ ਇੱਕ ਸਧਾਰਨ ਪਰਿਵਾਰ ਵਜੋਂ ਵਿਚਰਿਆ ਕਰਦਾ ਸੀ, ਉਸ ਵੱਲੋਂ ਦੇਸ਼ ਵਿਦੇਸ਼ ਵਿੱਚ ਬਣਾਈਆਂ ਸੈਂਕੜੇ ਖਰਬਾਂ ਮੁੱਲ ਦੀਆਂ ਜਾਇਦਾਦਾਂ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ। ਸ੍ਰ: ਮਾਨ ਨੇ ਸਮੁੱਚੇ ਬਾਦਲ ਪਰਿਵਾਰ ਦੇ ਪਾਸਪੋਰਟ ਜਬਤ ਕਰਨ ਤੇ ਵੀ ਜੋਰ ਦਿੱਤਾ ਤਾਂ ਕਿ ਜਾਂਚ ਏਜੰਸੀਆਂ ਨੂੰ ਭਵਿੱਖ ਵਿੱਚ ਵਿਜੈ ਮਾਲੀਆ ਤੇ ਨੀਰਵ ਮੋਦੀ ਦੇ ਕੇਸਾਂ ਵਾਂਗ ਸਰਮਿੰਦਗੀ ਦਾ ਸਾਹਮਣਾ ਨਾ ਕਰਨਾ ਪਵੇ।

ਸੁਖਬੀਰ ਬਾਦਲ ਵੱਲੋਂ ਉਸਦੇ ਖਾਤਿਆਂ ਵਿੱਚ ਜਮਾਂ ਹੋਏ 16 ਕਰੋੜ ਰੁਪਏ ਦੇ ਦੋਸਾਂ ਨੂੰ ਅਧਾਰਹੀਣ ਕਰਾਰ ਦਿੰਦਿਆਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੁਤਬਾਜੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਉਹਨਾਂ ਦੀ ਹਕੂਮਤ ਦੌਰਾਨ ਦਰਜ ਹੋਏ ਮੁਕੱਦਮਿਆਂ ਵਿੱਚ ਵੀ ਅਜਿਹੇ ਹੀ ਦੋਸ ਮੜ੍ਹੇ ਗਏ ਸਨ, ਉਹ ਸਾਰੇ ਦੇ ਸਾਰੇ ਬੇਬੁਨਿਆਦ ਸਾਬਤ ਹੋਏ। ਖ਼ੁਦ ਨੂੰ 20 ਲੱਖ ਰੁਪਏ ਦਾ ਬੈਂਕ ਕਰਜਈ ਦਸਦਿਆਂ ਭਾਈ ਦਾਦੂਵਾਲ ਨੇ ਕਿਹਾ ਕਿ ਉਸਦੇ ਖਾਤੇ ਵਿੱਚ ਪੰਜ ਸੱਤ ਲੱਖ ਰੁਪਏ ਤੋਂ ਵੱਧ ਦੀ ਰਕਮ ਨਹੀਂ। ਇਹ ਇੰਕਸਾਫ਼ ਕਰਦਿਆਂ ਕਿ ਚੱਬਾ ਦੇ ਸਰਬੱਤ ਖਾਲਸਾ ਵਿੱਚ ਸ਼ਾਮਲ ਨਾ ਹੋਣ ਲਈ ਸੁਖਬੀਰ ਅਤੇ ਮਜੀਠੀਆ ਨੇ 6 ਨਵੰਬਰ 2015 ਦੇ ਦਿਨ10 ਤੋਂ 11 ਵਜੇ ਦੇ ਦਰਮਿਆਨ ਕੀਤੀ ਮੁਲਾਕਾਤ ਰਾਹੀਂ ਉਹਨਾਂ ਨੂੰ ਪੰਜਾਬ ਦੇ ਤਿੰਨਾਂ ਚੋਂ ਕਿਸੇ ਇੱਕ ਤਖ਼ਤ ਸਾਹਿਬ ਦਾ ਜਥੇਦਾਰ ਬਣਾਉਣ ਦੀ ਪੇਸਕਸ਼ ਕੀਤੀ ਸੀ।

ਸੁਖਬੀਰ ਮਜੀਠੀਆ ਵੱਲੋਂ ਲਾਏ ਇਹਨਾਂ ਦੋਸ਼ਾਂ ਕਿ ਵਿਧਾਨ ਸਭਾ ਸੈਸਨ ਦੇ ਸੁਰੂ ਹੋਣ ਤੋਂ ਕੁਝ ਸਮਾਂ ਪਹਿਲਾਂ ਉਹ ਮੁੱਖ ਮੰਤਰੀ ਨਿਵਾਸ ਗਏ ਸਨ, ਨੂੰ ਝੂਠਾਂ ਦਾ ਪੁਲੰਦਾ ਕਰਾਰ ਦਿੰਦਿਆਂ ਦਾਦੂਵਾਲ ਨੇ ਕਿਹਾ ਕਿ ਬੇਅਦਬੀ ਸਬੰਧੀ 30 ਜੂਨ ਨੂੰ ਪੇਸ਼ ਕੀਤੀ ਰਿਪੋਰਟ ਤਾਂ ਪਹਿਲਾਂ ਹੀ ਜਨਤਕ ਹੋ ਚੁੱਕੀ ਸੀ, ਇਸ ਲਈ ਉਹਨਾਂ ਤੇ ਕੀਤੀ ਦੂਸਣਬਾਜ਼ੀ ਬੇਸਮਝੀ ਤੋਂ ਵੱਧ ਕੁੱਝ ਵੀ ਨਹੀਂ। ਦਾਦੂਵਾਲ ਅਨੁਸਾਰ ਕੁੱਝ ਹੋਰ ਲੋਕਾਂ ਸਮੇਤ ਕੈਪਟਨ ਅਮਰਿੰਦਰ ਸਿੰਘ ਨਾਲ ਉਹਨਾਂ ਦੀ ਜਿਹੜੀ ਤਸਵੀਰ ਸੁਖਬੀਰ ਬਾਦਲ ਨੇ ਪੱਤਰਕਾਰਾਂ ਨੂੰ ਦਿਖਾਈ ਹੈ ਅਸਲ ਵਿੱਚ ਉਹ ਬਰਗਾੜੀ ਮੋਰਚਾ ਦੇ ਸਬੰਧ ਵਿੱਚ ਚੰਡੀਗੜ੍ਹ ਦੇ ਪੰਜਾਬ ਭਵਨ ਵਿਖੇ 6 ਜੂਨ ਨੂੰ ਮੁੱਖ ਮੰਤਰੀ ਨਾਲ ਇੱਕ ਵਫ਼ਦ ਦੀ ਹੋਈ ਮੀਟਿੰਗ ਵੇਲੇ ਦੀ ਹੈ।

ਸਿਆਸੀ ਤੇ ਧਾਰਮਿਕ ਆਗੂਆਂ ਦੇ ਹਮਲਿਆਂ ਤੋਂ ਇਲਾਵਾ ਪੰਜਾਬ ਦੇ ਹਰ ਕੋਨੇ ਤੇ ਵਿਦੇਸ਼ਾਂ ਚੋਂ ਮਿਲ ਰਹੀਆਂ ਸੂਚਨਾਵਾਂ ਅਨੁਸਾਰ ਪਾਰਕਾਂ ਸੈਰਗਾਹਾਂ ਸਰਕਾਰੀ ਦਫ਼ਤਰਾਂ ਕਚਿਹਰੀਆਂ ਬੱਸ ਅੱਡਿਆਂ ਤੇ ਰੇਲਵੇ ਸਟੇਸਨਾਂ ਵਿਖੇ ਅੱਜ ਕੱਲ੍ਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ, ਬਰਗਾੜੀ ਕੋਟਕਪੂਰਾ ਅਤੇ ਬਹਿਬਲ ਕਲਾਂ ਕਾਂਡਾਂ ਦੇ ਸਬੰਧ ਵਿੱਚ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ ਦੀ ਹੀ ਚਰਚਾ ਹੋ ਰਹੀ ਹੈ। ਸਥਿਤੀ ਇਸ ਕਦਰ ਨਾਜੁਕ ਹੈ ਕਿ ਅਕਾਲੀ ਦਲ ਖਾਸਕਰ ਬਾਦਲ ਪਰਿਵਾਰ ਦੀ ਹੋ ਰਹੀ ਨੁਕਤਾਚੀਨੀ ਦਾ ਅਕਾਲੀ ਵਰਕਰਾਂ ਨੂੰ ਵੀ ਵਿਰੋਧ ਕਰਨ ਦਾ ਹੀਆ ਨਹੀਂ ਪੈ ਰਿਹਾ।
ਰਣਜੀਤ ਸਿੰਘ ਕਮਿਸਨ ਦੀ ਰਿਪੋਰਟ ਤੇ ਹੋਈ ਬਹਿਸ ਦੇ ਨਾਂਹ ਪੱਖੀ ਅਸਰ ਨੂੰ ਠੱਲ੍ਹ ਪਾਉਣ ਦੇ ਇਰਾਦੇ ਨਾਲ ਹਾਲਾਂਕਿ ਬਾਦਲ ਪਰਿਵਾਰ ਦੇ ਕਰੀਬੀ ਨੈੱਟਵਰਕ ਫਾਸਟਵੇਅ ਨੇ ਵਿਧਾਨ ਸਭਾ ਦੇ ਸੈਸਨ ਨੂੰ ਲਾਈਵ ਦਿਖਾਉਣ ਵਾਲੇ ਚੈਨਲਾਂ ਵਿੱਚ ਵਾਰ ਵਾਰ ਵਿਘਨ ਪਾਇਆ, ਲੇਕਿਨ ਇਹ ਯਤਨ ਵੀ ਪੁੱਠਾ ਹੀ ਪਿਆ, ਕਿਉਂਕਿ ਆਮ ਲੋਕਾਂ ਵਿੱਚ ਇਹ ਪ੍ਰਭਾਵ ਘਰ ਕਰ ਗਿਆ ਕਿ ਅਜਿਹਾ ਤਾਂ ਹੀ ਕੀਤਾ ਜਾ ਰਿਹੈ ਕਿਉਂਕਿ ਦਾਲ ਵਿੱਚ ਕੁੱਝ ਕਾਲਾ ਹੈ। ਇਸ ਦੀ ਪੂਰਤੀ ਉਹਨਾਂ ਸਮਾਰਟ ਫੋਨ ਜ਼ਰੀਏ ਪੂਰੀ ਕੀਤੀ।

(ਬੀ ਐੱਸ ਭੁੱਲਰ)

bhullarbti@gmail.com

Welcome to Punjabi Akhbar

Install Punjabi Akhbar
×
Enable Notifications    OK No thanks