ਯੂਕੇ: ਲੇਬਰ ਨੇਤਾ ਕੀਰ ਸਟਾਰਮਰ ਨੂੰ ਮਾਲਕ ਨੇ ਕੱਢਿਆ ਆਪਣੇ ਪੱਬ ਤੋਂ ਬਾਹਰ

ਗਲਾਸਗੋ/ਲੰਡਨ -ਲੇਬਰ ਪਾਰਟੀ ਲੀਡਰ ਕੀਰ ਸਟਾਰਮਰ ਨੂੰ ਇੱਕ ਪੱਬ ਮਾਲਕ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਿਆ। ਸਿੱਟੇ ਵਜੋਂ ਪੱਬ ਮਾਲਕ ਨੇ ਕੀਰ ਨੂੰ ਪੱਬ ਤੋਂ ਬਾਹਰ ਕੱਢ ਕੇ ਦਮ ਲਿਆ। ਬਾਥ ਵਿੱਚ “ਦ ਰੈਵਨ” ਪੱਬ ਚਲਾਉਂਦਾ ਰੋਡ ਹੰਫ੍ਰਿਸ ਦੇਸ਼ ‘ਚ ਤਾਲਾਬੰਦੀ ਪਾਬੰਦੀਆਂ ਖਿਲਾਫ ਲੇਬਰ ਪਾਰਟੀ ਦੇ ਰਵੱਈਏ ਤੋਂ ਦੁਖੀ ਸੀ। ਰੋਡ ਦਾ ਕਹਿਣਾ ਹੈ ਕਿ ਉਹ ਲੰਮੇ ਸਮੇਂ ਤੋਂ ਲੇਬਰ ਪਾਰਟੀ ਦਾ ਹਮਾਇਤੀ ਹੈ। ਪਰ ਲੇਬਰ ਪਾਰਟੀ ਲੀਡਰ ਦੇ ਕਾਰਜਾਂ ਤੋਂ ਸੰਤੁਸ਼ਟ ਨਹੀਂ। ਪੱਬ ਮਾਲਕ ਇੰਨਾ ਭੜਕਾਹਟ ਵਿੱਚ ਸੀ ਕਿ ਉਸਨੂੰ ਸੁਰੱਖਿਆ ਗਾਰਡਾਂ ਦੁਆਰਾ ਫੜਨਾ ਪਿਆ। ਪੱਬ ਮਾਲਕ ਨੇ ਦੱਸਿਆ ਕਿ ਉਹ ਲੇਬਰ ਨੇਤਾ ਤੋਂ ਤਾਲਾਬੰਦੀ ਦੇ ਸੰਬੰਧ ਵਿੱਚ ਨਾਰਾਜ਼ ਹੈ, ਕਿਉਂਕਿ ਉਹ ਸਰਕਾਰ ਵੱਲੋਂ ਥੋਪੀ ਤਾਲਾਬੰਦੀ ਬਾਰੇ ਇਹ ਪੁੱਛਣ ਵਿੱਚ ਅਸਫਲ ਰਿਹਾ ਹੈ ਕਿ ਤਾਲਾਬੰਦੀ ਕਿਵੇਂ ਅਸਰਦਾਇਕ ਰਹੀ ਹੈ? ਕੀਰ ਨੇ ਕਾਲੇ ਰੰਗ ਦਾ ਮਾਸਕ ਪਾਇਆ ਹੋਇਆ ਸੀ ਤੇ ਟਕਰਾਅ ਤੋਂ ਬਚਣ ਲਈ ਉਹ ਆਪਣੀ ਟੀਮ ਦੇ ਮੈਂਬਰਾਂ ਨਾਲ ਪੱਬ ਛੱਡ ਗਿਆ ਸੀ। ਕੀਰ ਸਟਾਰਮਰ ਅਗਾਮੀ ਚੋਣਾਂ ਤੋਂ ਪਹਿਲਾਂ ਉਹ ਵੈਸਟ ਆਫ ਇੰਗਲੈਂਡ ਦੇ ਮੈਟਰੋ ਮੇਅਰ ਦੇ ਉਮੀਦਵਾਰ ਡੈਨ ਨੌਰਿਸ ਦਾ ਸਮਰਥਨ ਕਰਨ ਲਈ ਬਾਥ ਵਿੱਚ ਮੁਹਿੰਮ ‘ਤੇ ਸੀ। ਇਸ ਸੰਬੰਧੀ ਕੀਰ ਨੇ ਦਲੀਲ ਦਿੱਤੀ ਕਿ  ਐਨ ਐਚ ਐਸ ਸਟਾਫ ਜਨਤਕ ਸਿਹਤ ਦੀ ਰੱਖਿਆ ਲਈ ਅਣਥੱਕ ਮਿਹਨਤ ਕਰ ਰਿਹਾ ਹੈ ਅਤੇ ਇਹ ਤਾਲਾਬੰਦੀ ਪਾਬੰਦੀਆਂ ਜਾਨਾਂ ਬਚਾਉਣ ਲਈ ਪੂਰੀ ਤਰ੍ਹਾਂ ਜ਼ਰੂਰੀ ਹੋ ਗਈਆਂ ਸਨ।

Install Punjabi Akhbar App

Install
×