ਪੁਆਧ ਖਿੱਤੇ ਦੇ ਲੋਕਾਂ ਵਲੋਂ ‘ਪੁਆਧੀ ਕਿਸਾਨ ਮਜਦੂਰ ਸਭਾ’ ਦਾ ਗਠਨ

ਚੰਡੀਗੜ – ਅੱਜ ਮੋਹਾਲੀ ਦੇ ਇਤਿਹਾਸਕ ਗੁਰਦੁਆਰਾ ਸੋਹਾਣਾ ਵਿਖੇ ਪੁਆਧ ਖਿੱਤੇ ਦੇ ਕਿਸਾਨ, ਮਜਦੂਰ, ਇਸਤਰੀ ਅਤੇ ਬੁੱਧੀਜੀਵੀ ਵਰਗ ਵਲੋਂ ਸਰਬਸੰਮਤੀ ਨਾਲ ਪੁਆਧੀ ਕਿਸਾਨ ਮਜਦੂਰ ਸਭਾ ਦਾ ਗਠਨ ਕੀਤਾ ਗਿਆ। ਇਸ ਮੌਕੇ ਇਕੱਤਰ ਹੋਏ ਇਲਾਕੇ ਦੇ ਵੱਖ ਵੱਖ ਵਰਗਾ ਵਿਚੋਂ ਆਏ ਬੁਲਾਰਿਆਂ ਨੇ ਇਸ ਸੰਸਥਾ ਨੂੰ ਗੈਰ ਸਿਆਸੀ ਰੱਖਦਿਆਂ 3 ਖੇਤੀ ਕਾਨੂੰਨਾਂ ਵਿਰੁੱਧ ਵਿੱਢੀ ਲੜਾਈ ਵਿਚ ਹਰ ਪੱਖੋ ਯੋਗਦਾਨ ਪਾਉਣ ਦਾ ਅਹਿਦ ਲਿਆ ਗਿਆ ਅਤੇ ਨਾਲ ਹੀ ਪੁਆਧੀ ਬੋਲੀ ਅਤੇ ਪੁਆਧੀ ਸੱਭਿਆਚਾਰ ਨੂੰ ਇਸਦੇ ਮੂਲ ਰੂਪ ਵਿਚ ਬਚਾਉਣ ਅਤੇ ਸੰਭਾਲਣ ਦੀ ਲੋੜ .ਤੇ ਜੋਰ ਦਿੱਤਾ ਗਿਆ।
ਗੁਰੂ ਘਰ ਵਿਚ ਭਰਵੀਂ ਗਿਣਤੀ ਵਿਚ ਪੁੱਜੀ ਸੰਗਤ ਨੂੰ ਸੰਬੋਧਨ ਕਰਦਿਆਂ ਪੰਜਾਬੀ ਦੇ ਪ੍ਰਸਿੱਧ ਪੱਤਰਕਾਰ ਅਤੇ ਲੇਖਕ ਸ. ਗੁਰਪ੍ਰੀਤ ਸਿੰਘ ਨਿਅਗਮੀਆਂ ਨੇ ਆਖਿਆ ਕਿ ਬੜੇ ਦੁੱਖ ਦੀ ਗੱਲ ਹੈ ਕਿ ਪੁਆਧ ਦੇ ਏਡੇ ਵਿਸ਼ਾਲ ਅਤੇ ਮਹੱਤਵੂਰਨ ਖਿੱਤੇ ਅਤੇ ਪੁਆਧੀ ਸੱਭਿਆਚਾਰ ਤੇ ਬੋਲੀ ਨੂੰ ਸੰਭਾਲਣ ਵਾਲੇ ਇਲਾਕੇ ਨੂੰ ਅਜੇ ਤੱਕ ਮਾਲਵੇ ਦਾ ਹਿੱਸਾ ਹੀ ਮੰਨਿਆ ਜਾਂਦਾ ਰਿਹਾ ਹੈ।
ਸ. ਨਿਆਮੀਆਂ ਜੋ ਸਿੱਖ ਇੱਿਤਹਾਸ ਅਤੇ ਵਿਰਸੇ ਦੇ ਖੋਜਕਾਰ ਵੀ ਹਨ, ਨੇ ਆਖਿਆ ਕਿ ਇਸ ਪੁਆਧੀ ਖਿੱਤੇ ਵਿਚ ਜਥੇਦਾਰ ਸ੍ਰੀ ਹਨੂੰਮਾਨ ਸਿੰਘ, ਚਾਰ ਸਾਹਿਬਜਾਦੇ, ਮਾਤਾ ਗੁਜਰੀ ਜੀ ਅਤੇ ਜੈ ਸਿੰਘ ਖਲਕਟ ਸਿੱਖ ਧਰਮ ਲਈ ਸ਼ਹੀਦ ਹੋਏ ਹਨ। ਉਨਹਾਂ ਪੁਆਧੀ ਜਥੇਬੰਦੀ ਵਿਚ ਕਲਾਕਾਰਾਂ ਸਮੇਤ ਹਰ ਵਰਗ ਦੀ ਸ਼ਮੂਲੀਅਤ ਦੀ ਲੋੜ ‘ਤੇ ਜੋਰ ਦਿੱਤਾ।
ਪ੍ਰਵਿੰਦਰ ਸਿੰਘ ਸੋਹਾਣਾ ਨੇ ਆਖਿਆ ਕਿ ਕਿਸਾਨਾਂ ਦੀ ਜਿੱਤ ਲਈ ਸਭ ਵਰਗਾਂ ਦਾ ਇਕੱਠੇ ਹੋ ਕੇ ਚੱਲਣਾ ਸਮੇਂ ਦੀ ਲੋੜ ਹੈ। ਕਿਸਾਨ ਆਗੂ ਨਛੱਤਰ ਸਿੰਘ ਅਤੇ ਕੁਲਵੰਤ ਸਿੰਘ ਤ੍ਰਿਪੜੀ ਨੇ ਵੀ ਵਿਚਾਰਾਂ ਦੀ ਸਾਂਝ ਪਾਈ। ਇਲਾਕੇ ਦੇ ਉੱਘੇ ਪੱਤਰਕਾਰ ਕਰਮਜੀਤ ਸਿੰਘ ਚਿੱਲਾ ਨੇ ਆਖਿਆ ਕਿ ਅਸੀਂ ਪੁਆਧ ਦੇ ਲੋਕ ਜਿਨ੍ਹਾ ਚੰਡੀਗੜ੍ਹ ਕਰਕੇ ਆਪਣਾ ਉਜਾੜਾ ਕਰਵਾਇਆ, ਹੁਣ ਤੱਕ ਸਮਾਜਿਕ ਸਮਾਗਮਾਂ ਲਈ ਇਕ ਪੁਆਧੀ ਭਵਨ ਨਹੀਂ ਬਣਵਾ ਸਕੇ ਲਿਹਾਜਾ ਸਾਨੂੰ ਆਪਣੇ ਵਿਆਹ-ਸ਼ਾਦੀਆਂ ਦੇ ਸਮਾਗਮ ਮਹਿੰਗੇ ਮੈਰਿਜ ਪੈਲਿਸਾਂ ਵਿਚ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਆਪ ਆਗੂ ਸੋਨੀਆ ਮਾਨ ਨੇ ਹਾਜਰ ਔਰਤਾਂ ਨੂੰ ਕਿਸਾਨ ਮੋਰਚੇ ਵਿਚ ਵੱਧ ਚੜ੍ਹ ਕੇ ਯੋਗਦਾਨ ਪਾਉਣ ਲਈ ਅੱਗੇ ਆਉਣ ਲਈ ਕਿਹਾ ਉਨਹਾਂ ਕਿਹਾ ਕਿ ਸਾਨੂੰ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਲਈ ਇਕ ਜੁਟ ਹੋ ਕੇ ਪ੍ਰਦਰਸ਼ਨ ਕਰਨਾ ਚਾਹੀਦਾ ਹੈ।
ਇਸ ਮੌਕੇ ਬੀਤੇ ਸਮੇਂ ਵਿਚ ਕਿਸਾਨੀ ਸੰਘਰਸ਼ ਵਿਚ ਸ਼ਹੀਦ ਹੋਏ ਜਤਿੰਦਰ ਸਿੰਘ ਰਾਏਪੁਰ ਦੇ ਪਰਿਵਾਰ ਨੂੰ 51 ਹਜਾਰ ਦੀ ਰਾਸ਼ੀ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਅੱਜ ਦੇ ਇਕੱਠ ਵਿਚ ਪੁੱਜੇ ਆਗੂਆਂ ਵਿਚ ਅਕਾਲੀ ਆਗੂ ਅਤੇ ਸ੍ਰੋਮਣੀ ਕਮੇਟੀ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾਂ, ਉੱਘੇ ਖੇਡ ਪ੍ਰਮੋਟਰ ਪ੍ਰਮਿੰਦਰ ਸਿੰਘ ਸੋਹਾਣਾ ਅਤੇ ਸ. ਦਵਿੰਦਰ ਸਿੰਘ ਬਾਜਵਾ, ਸ. ਕ੍ਰਿਪਾਲ ਸਿੰਘ ਸਿਆਓ (ਸਿੱਧੂਪੁਰ), ਲਖਵਿੰਦਰ ਸਿੰਘ (ਸਿੱਧੂਪੁਰ), ਗੁਰਪ੍ਰੀਤ ਸਿੰਘ ਤੇ ਅੰਗਰੇਜ ਸਿੰਘ (ਡਕੌਂਦਾ ਗਰੁੱਪ) ਅਤੇ ਲੱਖੋਵਾਲ ਯੂਨੀਅਨ ਤੋਂ ਗੁਰਮੀਤ ਸਿੰਘ, ਜਸਪਾਲ ਸਿੰਘ ਅਤੇ ਨਛੱਤਰ ਸਿੰਘ ਹਾਜਰ ਸਨ। ਮੋਹਾਲੀ ਤੋਂ ਕੌਂਸਲਰ ਕਰਮਾ ਧਨੋਆ ਅਤੇ ਜਗਦੀਪ ਸਿੰਘ ਸਰਾਓ, ਕੁਲਦੀਪ ਕੰਗ ਅਤੇ ਬਾਬਾ ਸੁਰਿੰਦਰ ਸਿੰਘ ਅਤੇ ਬਾਬਾ ਸਿਕੰਦਰ ਸਿੰਘ ਵੀ ਹਾਜਰ ਸਨ। ਸਭਾ ਦਾ ਆਰਜੀ ਦਫਤਰ ਅਜੇ ਗੁਰਦੁਆਰਾ ਸਾਹਿਬ ਵਿਖੇ ਚੱਲ ਰਹੇ ਧਰਨਾ ਸਥਲ ਨੁੰ ਰੱਖਣ ਦਾ ਫੈਸਲਾ ਕੀਤਾ ਗਿਆ। ਜਲਦੀ ਹੀ ਸਭਾ ਦੀ ਅਗਲੀ ਮੀਟਿੰਗ ਬੁਲਾ ਕੇ ਕਾਰਜਕਾਰਨੀ ਦਾ ਗਠਨ ਕਰਨ ਦਾ ਵੀ ਫੈਸਲਾ ਕੀਤਾ ਗਿਆ। ਸੋਹਾਣਾ ਗੁਰਦੁਆਰਾ ਸਾਹਿਬ ਦੇ ਬਾਹਰ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਿਹਾ ਧਰਨਾ ਅਤੇ ਲੜੀਵਾਰ ਭੁੱਖ ਹੜਤਾਲ ਅੱਜ 101ਵੈ ਦਿਨ ਵੀ ਜਾਰੀ ਰਹੀ।

(ਪਰਮਜੀਤ ਸਿੰਘ ਬਾਗੜੀਆ)
paramjit.bagrria@gmail.coਮ

Install Punjabi Akhbar App

Install
×