ਕੱਟੜਤਾ ਅਤੇ ਸਿਆਸੀ ਸਾਜਿਸ਼ ਦਾ ਹਿੱਸਾ ਹੈ ਭੇਖੀ ਉਦਾਸੀ ਦੀ ਵਾਇਰਲ ਵੀਡੀਓ: ਪੰਥਕ ਤਾਲਮੇਲ ਸੰਗਠਨ

panthak-talmel-committee

ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਸੰਸਥਾਂਵਾਂ ਤੇ ਸਿੱਖ ਸੰਗਤਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਨੇ ਭੇਖੀ ਸਾਧ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਿਕਤਾ ਪ੍ਰਤੀ ਦਿੱਤੀ ਚੁਣੌਤੀ ਦਾ ਸਖ਼ਤ ਨੋਟਿਸ ਲਿਆ ਹੈ। ਸੰਗਠਨ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਕਿਹਾ ਕਿ ਭੇਖੀ ਸਾਧ ਦੀ ਬੋਲੀ ਵਿਚੋਂ ਸਪੱਸ਼ਟ ਕੱਟੜਤਾ ਤੇ ਸਿਆਸੀ ਸਾਜਿਸ਼ ਦੀ ਬੋਅ ਆਉਂਦੀ ਹੈ। ਗੁਰੂ ਸਾਹਿਬਾਨਾਂ ਨੂੰ ਗਊ ਪੂਜਕ ਅਤੇ ਮੂਰਤੀ ਪੂਜਕ ਵਜੋਂ ਪੇਸ਼ ਕਰਨ ਲਈ ਛਪ ਰਹੀਆਂ ਪੁਸਤਕਾਂ ਇਸ ਕੜੀ ਦਾ ਵੱਡਾ ਸਬੂਤ ਹਨ। ਅੱਜ ਦੇਸ਼ ਭਰ ਦੇ ਨਾਨਕ ਨਾਮ ਲੇਵਾ ਅਤੇ ਘੱਟ-ਗਿਣਤੀਆਂ ਦੇ ਆਪਸੀ ਸਬੰਧ ਗੂੜ੍ਹੇ ਹੋ ਰਹੇ ਹਨ। ਜੋ ਕਿ ਕੱਟੜ ਧਿਰਾਂ ਲਈ ਚਿੰਤਾ ਪੈਦਾ ਕਰ ਰਹੇ ਹਨ। ਜਿਸ ਕਰਕੇ ਲਗਾਤਾਰ ਸਿੱਖ ਧਰਮ ਅਤੇ ਇਤਿਹਾਸ ਉੱਪਰ ਪੂਰੀ ਵਿਉਂਤਬੰਦੀ ਨਾਲ ਹਮਲੇ ਹੋ ਰਹੇ ਹਨ। ਗੁਰੂਆਂ ਅਤੇ ਭਗਤਾਂ ਦੀ ਰੂਹਾਨੀ ਰੱਬੀ ਸਾਂਝ ਨੂੰ ਤੋੜ ਕੇ ਪੈਰੋਕਾਰਾਂ ਨੂੰ ਵੰਡਣ ਲਈ ਚਾਲਾਂ ਚੱਲੀਆਂ ਜਾ ਰਹੀਆਂ ਹਨ।

ਸੰਗਠਨ ਨੇ ਚਿਤਾਵਨੀ ਦਿੱਤੀ ਕਿ ਬਿਨਾਂ ਸ਼ੱਕ ਸਿੱਖ ਧਰਮ ਦੀਆਂ ਸਿਰਮੌਰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਤਖਤ ਸਾਹਿਬਾਨ ਪੰਥ-ਦੋਖੀਆਂ ਦੀ ਕਮਾਨ ਹੇਠ ਹਨ ਪਰ ਸਿੱਖ ਸੰਗਤਾਂ ਹਮਲਿਆਂ ਨੂੰ ਬਰਦਾਸ਼ਤ ਨਹੀਂ ਕਰਨਗੀਆਂ। ਭੇਖੀ ਸਾਧ ਤੇ ਉਸ ਦੇ ਆਕਾਵਾਂ ਨੂੰ ਖੁੱਲ੍ਹਾ ਸੱਦਾ ਹੈ ਕਿ ਉਹ ਆਪਣੇ ਸਵਾਲਾਂ ਦਾ ਜਵਾਬ ਜਦੋਂ ਮਰਜ਼ੀ ਜਨਤਕ ਇਕੱਠ ਵਿਚ ਲੈ ਸਕਦੇ ਹਨ। ਪਰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਗੁਰੂ ਅਰਜਨ ਦੇਵ ਜੀ ਗੁਰੂ ਸ਼ਹੀਦ-ਪ੍ਰੰਪਰਾ ਦੇ ਮੋਢੀ ਹਨ ਅਤੇ ਸ਼ਹੀਦਾਂ ਦੇ ਸਿਰਤਾਜ ਹਨ। ਕਿਉਂਕਿ ਮਰਨਾ-ਮਾਰਨਾ ਭਾਰਤੀਆਂ ਦੀ ਧਾਰਨਾ ਨਹੀਂ ਸੀ। ਸਗੋਂ ਪ੍ਰਾਚੀਨ ਜੋਗੀ-ਜਤੀ, ਸਿਧ-ਸਾਧਿਕ, ਰਿਸ਼ੀ-ਮੁਨੀ ਤੇ ਪ੍ਰਾਣਾਯਾਮੀ ਸਮਾਧੀਆਂ ਰਾਹੀਂ ਮੌਤ ਨੂੰ ਟਾਲਣ ਲਈ ਯਤਨਸ਼ੀਲ ਰਹਿੰਦੇ ਸਨ। ਸ਼ਹੀਦੀ ਸਿਧਾਂਤ ਤਾਂ ਭਾਰਤ ਵਿਚ ਖੰਭ ਮਾਰਨ ਜੋਗਾ ਵੀ ਨਹੀਂ ਸੀ। ਇਸ ਸਿਧਾਂਤ ਦੀ ਧੁਨੀ ਗੁਰੂ ਨਾਨਕ ਦੇਵ ਜੀ ਦੀ ਰੱਬੀ ਆਵਾਜ਼ ਵਿਚੋਂ ਹੀ ਪੈਦਾ ਹੋਈ ਸੀ। ਇਸ ਧੁਨੀ ਵਿਚ ਸਮੂਹ ਮਾਨਵਤਾ ਦੀਆਂ ਸੁਰਾਂ ਦਾ ਸੁਮੇਲ ਹੈ ਅਤੇ ਅਲਾਪ ਹੈ। ਗੁਰੂ ਸਾਹਿਬਾਨਾਂ ਅਤੇ ਸਿੱਖਾਂ ਦੀਆਂ ਸ਼ਹੀਦੀਆਂ ਕਦੇ ਬੇਬਸੀ ਜਾਂ ਕਿਸੇ ਸਰਾਪ ਅਧੀਨ ਨਹੀਂ ਹੋਈਆਂ ਬਲਕਿ ਪੂਰੇ ਚਾਉ ਨਾਲ ਸੂਰੇ ਬਣ ਮੈਦਾਨ ਵਿਚ ਨਿੱਤਰ ਕੇ ਅੱਤਿਆਚਾਰ ਵਿਰੁੱਧ ਸੱਤਿਆਚਾਰ ਲਈ ਹੋਈਆਂ ਹਨ।

Install Punjabi Akhbar App

Install
×