ਅੱਤਵਾਦੀ ਕਾਰਵਾਈ ਨੂੰ ਕਿਸੇ ਧਰਮ ਜਾਂ ਸਮਾਜ ਨਾਲ ਜੋੜਨਾ ਬੌਧਿਕ ਕੰਗਾਲੀ: ਪੰਥਕ ਤਾਲਮੇਲ ਸੰਗਠਨ

001 a panthak-talmel-committee

(ਨਿਰਦੋਸ਼ ਨਾਗਰਿਕਾਂ ਨੂੰ ਪਰੇਸ਼ਾਨ ਕਰਨਾ ਸੰਵਿਧਾਨ ਦੀ ਤੌਹੀਨ)

20 ਨਵੰਬਰ: ਸਿੱਖ ਸੰਸਥਾਵਾਂ ਅਤੇ ਸ਼ਖ਼ਸੀਅਤਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਰਾਜਾਸਾਂਸੀ ਵਿਖੇ ਹੋਏ ਅੱਤਵਾਦੀ ਹਮਲੇ ਪ੍ਰਤੀ ਪ੍ਰਤੀਕਰਮ ਕਰਦਿਆਂ ਕਿਹਾ ਕਿ ਅਜਿਹੀਆਂ ਘਿਨਾਉਣੀਆਂ ਕਾਰਵਾਈਆਂ ਲਈ ਕਿਸੇ ਧਰਮ ਜਾਂ ਸਮਾਜ ਨੂੰ ਦੋਸ਼ੀ ਠਹਿਰਾਉਣਾ ਬੌਧਿਕ ਕੰਗਾਲੀ ਦੀ ਨਿਸ਼ਾਨੀ ਹੈ। ਉਹਨਾਂ ਪੀੜ੍ਹਤਾਂ ਦੀ ਪੀੜ੍ਹਾ ਨੂੰ ਮਹਿਸੂਸ ਕਰਦਿਆਂ ਕਿਹਾ ਕਿ ਸਰਕਾਰਾਂ ਅਤੇ ਏਜੰਸੀਆਂ ਦੀ ਲਿਆਕਤ ਇਸ ਵਿਚ ਹੈ ਕਿ ਉਹ ਪੰਜਾਬ ਦੀ ਅਮਨ-ਸ਼ਾਂਤੀ ਨੂੰ ਅੱਗ ਲਾਉਣ ਵਾਲੇ ਅਸਲ ਦੋਸ਼ੀਆਂ ਦੀ ਹੀ ਪੈੜ ਨੂੰ ਨੱਪਣ। ਨਾ ਕਿ ਇਸ ਦੁਖਦਾਈ ਘੜੀਆਂ ਮੌਕੇ ਨਿੱਜੀ ਹਿੱਤਾਂ ਲਈ ਦਾਗੇ ਜਾਂਦੇ ਸਿਆਸੀ ਬਿਆਨਾਂ ਨੂੰ ਆਧਾਰ ਬਣਾਉਣ।

ਉਹਨਾਂ ਰੋਸ ਜ਼ਾਹਰ ਕੀਤਾ ਕਿ ਅਜਿਹੀਆਂ ਘਟਨਾਵਾਂ ਤੋਂ ਬਾਅਦ ਸਿੱਖ ਕੌਮ ਦਾ ਕਿਰਦਾਰ ਇਸ ਤਰ੍ਹਾਂ ਫਿਲਮਾਇਆ ਜਾਂਦਾ ਹੈ ਕਿ ਜਿਵੇਂ ਉਹ ਫਿਰਕਾਪ੍ਰਸਤ ਕੌਮ ਹੋਵੇ ਅਤੇ ਸਿੱਖ ਨੌਜਵਾਨੀ ਨੂੰ ਪਰੇਸ਼ਾਨ ਕਰਨ ਦਾ ਸਿਲਸਲਾ ਸ਼ੁਰੂ ਹੋ ਜਾਂਦਾ ਹੈ। ਜਿਸ ਨਾਲ ਕੌਮ ਅੰਦਰ ਬੇਗਾਨਗੀ ਦਾ ਅਹਿਸਾਸ ਪੈਦਾ ਹੁੰਦਾ ਹੈ।ਜਦ ਕਿ ਦੇਸ਼ ਦੀ ਆਜ਼ਾਦੀ ਅਤੇ ਮਨੁੱਖੀ ਕਦਰਾਂ-ਕੀਮਤਾਂ ਦੀ ਰਾਖੀ ਲਈ ਸਿੱਖ ਕੌਮ ਆਪਣਾ ਆਪ ਕੁਰਬਾਨ ਕਰਦੀ ਆ ਰਹੀ ਹੈ।ਨਿਰਦੋਸ਼ ਨਾਗਰਿਕਾਂ ਨੂੰ ਉਲਝਾਉਣਾ ਆਪਣੇ ਆਪ ਵਿਚ ਵੱਡਾ ਗੁਨਾਹ ਹੈ ਅਤੇ ਸੰਵਿਧਾਨ ਦੀ ਤੌਹੀਨ ਹੈ। ਜਿਸ ਲਈ ਬਿਨਾਂ ਠੋਸ ਤੱਥਾਂ ਦੇ ਨਾ ਹੀ ਕੋਈ ਬਿਆਨਬਾਜ਼ੀ ਸਮਾਜ ਦੇ ਹਿਤ ਵਿਚ ਹੈ ਅਤੇ ਨਾ ਹੀ ਕੋਈ ਕਾਰਵਾਈ।

ਸੰਗਠਨ ਸਰਕਾਰਾਂ ਤੋਂ ਮੰਗ ਕਰਦਾ ਹੈ ਕਿ ਸਿਆਸੀ ਸਾਜਿਸ਼ਾਂ ਦੀ ਡੂੰਘੀ ਘੋਖ ਕਰ ਕੇ ਦੋਸ਼ੀਆਂ ਨੂੰ ਬੇਕਨਾਬ ਕੀਤਾ ਜਾਵੇ ਤਾਂ ਕਿ ਭਾਈਚਾਰਕ ਸਾਂਝਾਂ ਨੂੰ ਤੋੜਨ ਲਈ ਯਤਨਸ਼ੀਲ ਲੋਕਾਂ ਨੂੰ ਮੂੰਹ ਤੋੜਵਾਂ ਜਵਾਬ ਮਿਲ ਸਕੇ।

Welcome to Punjabi Akhbar

Install Punjabi Akhbar
×
Enable Notifications    OK No thanks