ਨਿਊਜ਼ੀਲੈਂਡ ‘ਚ 10 ਸਾਲ ਪਹਿਲਾਂ ਆਪਣੀ ਪਤਨੀ ਦਾ ਕਤਲ ਕਰਨ ਵਾਲਾ 55 ਸਾਲਾ ਮਨੋਰੋਗੀ ਭਾਰਤੀ ‘ਇੰਡੀਆ’ ਖਿਸਕਿਆ

ਇਥੋਂ ਲਗਪਗ 480 ਕਿਲੋਮੀਟਰ ਦੂਰ ਸ਼ਹਿਰ ਵਾਇਪੂਕੂਰਾਊ (ਸੈਂਟਰਲ ਹਾਕਸ ਬੇਅ) ਵਿਖੇ 20 ਮਾਰਚ 2004 ਦੀ ਸਵੇਰ ਨੂੰ ਇਕ ਭਾਰਤੀ ਚੰਦਰ ਸਿੰਘ ਰਾਠੋਰ (55) ਨੇ ਆਪਣੀ ਪਤਨੀ ਸੂਗੂਨਾ ਚਿਲਮਾਕੂਰੂ ਨੂੰ ਇਸ ਕਰਕੇ ਕਤਲ ਕਰ ਦਿੱਤਾ ਸੀ ਕਿ ਉਸ ਨੂੰ ਸ਼ੱਕ ਸੀ ਕਿ ਉਸਦੀ ਪਤਨੀ ਦਾ ਕੋਈ ਪ੍ਰੇਮੀ ਹੈ। ਇਕ ਰਾਤ ਉਸਨੇ ਸੁਣਿਆ ਕਿ ਉਸਦੀ ਪਤਨੀ ਦੇ ਕਮਰੇ ਦੀ ਕੋਈ ਬਾਰੀ ਖੜਕਾ ਰਿਹਾ ਹੈ, ਤਾਂ ਉਸ ਨੇ ਆਪਣੀ ਪਤਨੀ ਨੂੰ ਮਾਰ-ਮਾਰ ਕੇ ਪੁੱਛਣਾ ਸ਼ੁਰੂ ਕੀਤਾ ਕਿ ਉਸਦਾ ਨਾਂਅ ਦੱਸ। ਪਹਿਲਾਂ ਉਸਨੇ ਉਸਦੀਆਂ ਲੱਤਾਂ ਭੰਨੀਆ ਅਤੇ ਫਿਰ ਸਿਰ ਉਤੇ ਬੇਸਬਾਲ ਨਾਲ ਹਮਲਾ ਕਰ ਦਿੱਤਾ। ਉਸ ਨੇ ਆਪਣੀ ਪਤਨੀ ਉਤੇ 45 ਵਾਰ ਕੀਤੇ ਸਨ। ਹੁਣ ਕੁਝ ਮਹੀਨੇ ਪਹਿਲਾਂ ਉਹ ਨਵਾਂ ਪਾਸਪੋਰਟ ਬਣਾ ਇੰਡੀਆ ਖਿਸਕ ਗਿਆ ਹੈ, ਜਿਸ ਦੀ ਚਰਚਾ ਇਥੇ ਦੇ ਅਖਬਾਰਾਂ ਵਿਚ ਹੋ ਰਹੀ ਹੈ ਅਤੇ ਸੁਰੱਖਿਆ ਦੇ ਨਵੇਂ ਕਾਇਦੇ ਕਾਨੂੰਨ ਬਨਣ ਲੱਗੇ ਹਨ।
ਇਸ ਤੋਂ ਪਹਿਲਾਂ ਸੰਨ 2000 ਦੇ ਵਿਚ ਜਦੋਂ ਇਸ ਨੇ ਉਥੇ ਡੇਅਰੀ ਸ਼ਾਪ ਖਰੀਦੀ ਸੀ ਤਾਂ ਇਕ ਵਾਰ ਲੁੱਟ ਦੀ ਵਾਰਦਾਤ ਹੋਈ ਸੀ। ਇਸ ਤੋਂ ਬਾਅਦ ਉਹ ਪ੍ਰੇਸ਼ਾਨ ਰਹਿਣ ਲੱਗ ਪਿਆ ਸੀ। ਜਦੋਂ ਇਸ ਵਿਅਕਤੀ ਦਾ ਕੇਸ ਹਾਈ ਕੋਰਟ ਨੇਪੀਅਰ ਵਿਖੇ ਚੱਲਿਆ ਤਾਂ ਪਾਇਆ ਗਿਆ ਕਿ ਇਹ ਮਨੁੱਖ ਮਨੋਰੋਗੀ ਹੈ। ਉਸ ਉਤੇ ਲੱਗੇ ਕਤਲ ਦੇ ਦੋਸ਼ਾਂ ਨੂੰ ਨਕਾਰ ਦਿੱਤਾ ਗਿਆ ਸੀ ਜਦ ਕਿ ਇਸ ਨੇ ਆਪਣੀ ਪਤਨੀ ਦਾ ਕਤਲ ਕਰਕੇ ਖੁਦ ਪੁਲਿਸ ਨੂੰ ਸੂਚਿਤ ਕੀਤਾ ਸੀ। ਕਤਲ ਦੀ ਵਾਰਦਾਤ ਤੋਂ ਤਿੰਨ ਮਹੀਨੇ ਪਹਿਲਾਂ ਇਸਨੇ ਆਪਣੇ ਦੋ ਬੱਚੇ ਇਕ ਲੜਕਾ ਅਤੇ ਲੜਕੀ ਇੰਡੀਆ ਭੇਜ ਦਿੱਤੇ ਸਨ। ਇਸ ਤੋਂ ਬਾਅਦ ਚੰਦਰ ਸਿੰਘ ਨੂੰ ਮਨੋਰੋਗੀ ਮਨਦਿਆਂ ਹਸਪਤਾਲ ਦੇ ਵਿਚ ਰੱਖਿਆ ਜਾ ਰਿਹਾ ਸੀ ਪਰ ਇਸ ਉਤੇ ਕਿਸੀ ਪ੍ਰਕਾਰ ਦੀ ਇਹ ਸ਼ਰਤ ਲਾਗੂ ਨਹੀਂ ਕੀਤੀ ਗਈ ਕਿ ਉਹ ਦੇਸ਼ ਤੋਂ ਬਾਹਰ ਨਹੀਂ ਜਾ ਸਕਦਾ। ਦਸੰਬਰ 2009 ਦੇ ਵਿਚ ਵਲਿੰਗਟਨ ਸਥਿਤ ਹਾਈ ਕਮਿਸ਼ਨ ਨੇ ਚੰਦਰ ਸਿੰਘ ਰਾਠੋਰ ਨੂੰ ਨਵਾਂ ਪਾਸਪੋਰਟ ਜਾਰੀ ਕਰ ਦਿੱਤਾ। ਇਸ ਸਬੰਧੀ ਹਾਈ ਕਮਿਸ਼ਨ ਕੋਲ ਅਜਿਹੀ ਕੋਈ ਸੂਚਨਾ ਨਹੀਂ ਸੀ ਕਿ ਇਸ ਉਤੇ ਕਤਲ ਦਾ ਦੋਸ਼ ਹੈ ਅਤੇ ਇਹ ਵਾਪਿਸ ਭਾਰਤ ਨਹੀਂ ਪਰਤ ਸਕਦਾ। ਕਾਫੀ ਸਮਾਂ ਹਸਪਤਾਲ ਦੇ ਵਿਚ ‘ਵਿਸ਼ੇਸ਼ ਮਨੋਰੋਗੀ’ ਦੇ ਤੌਰ ‘ਤੇ ਰਹਿਣ ਬਾਅਦ ਇਸ ਨੂੰ ਕਮਿਊਨਿਟੀ ਦੇ ਵਿਚ ਦੁਬਾਰਾ ਰਹਿਣ ਦੀ ਆਗਿਆ ਦਿੱਤੀ ਗਈ ਸੀ। ਪਿਛਲੇ ਸਾਲ ਜਦੋਂ ਜਿਊਰੀ ਇਸਦਾ ਕੇਸ ਸੁਣ ਰਹੀ ਸੀ ਤਾਂ ਇਹ ਅਦਾਲਤ ਦੇ ਵਿਚ ਡਿਗ ਪਿਆ ਸੀ, ਡਾਕਟਰਾਂ ਨੇ ਚੈਕਅਪ ਕੀਤਾ ਅਤੇ ਇਸ ਨੂੰ ਅਦਾਲਤੀ ਕਾਰਵਾਈ ਦੇ ਲਈ ਡਾਕਟਰੀ ਤੌਰ ‘ਤੇ ਆਯੋਗ ਐਲਾਨ ਦਿੱਤਾ ਗਿਆ। ਪਿਛਲੇ ਸਾਲ ਅਕਤੂਬਰ ਦੇ ਵਿਚ ਇਹ ਚੰਦਰ ਸਿੰਘ ਰਾਠੋਰ ਨਵੇਂ ਬਣਾਏ ਇੰਡੀਅਨ ਪਾਸਪੋਰਟ ਉਤੇ ਇੰਡੀਆ ਖਿਸਕ ਗਿਆ ਹੈ। ਇਸ ਸਬੰਧੀ ਸੈਂਸੀਬਲ ਸੈਨਟੈਂਸਿੰਗ ਟਰੱਸਟ ਦਾ ਕਹਿਣ ਹੈ ਕਿ ਉਹ ਕਦੇ ਵੀ ਨਿਊਜ਼ੀਲੈਂਡ ਤੋਂ ਬਾਹਰ ਨਹੀਂ ਸੀ ਭੱਜਣਾ ਚਾਹੀਦਾ, ਸਗੋਂ ਉਸ ਨੂੰ ‘ਰੈਡ ਫਲੈਗ’ ਕਰ ਦੇਣਾ ਚਾਹੀਦਾ ਸੀ।

Install Punjabi Akhbar App

Install
×