ਸੰਸਦ ਮੈਂਬਰ ਸ. ਕੰਵਲਜੀਤ ਸਿੰਘ ਬਖਸ਼ੀ ਨੇ ਮੈਨੁਕਾਓ ਈਸਟ ਨੇ ਅੱਜ ਸਵੇਰੇ 10 ਵਜੇ ਤੋਂ 12 ਵਜੇ ਤੱਕ ਪਾਪਾਟੋਏਟੋਏ ਸਪੋਰਟਸ ਸੈਂਟਰ ਵਿਖੇ ਇਕ ਪਬਲਿਕ ਮੀਟਿੰਗ ਸੱਦੀ ਜਿਸ ਦੇ ਵਿਚ ਸਥਾਨਕ ਲੋਕਾਂ ਨੂੰ ਆਪਣੀ ਜਾਇਦਾਦਾਂ ਅਤੇ ਉਨ੍ਹਾਂ ਦੇ ਰੱਖ-ਰਖਾਵ ਸਬੰਧੀ ਆ ਰਹੇ ਕਾਨੂੰਨੀ ਅੜਿੱਕਿਆਂ ਨੂੰ ਵਿਚਾਰਿਆ ਗਿਆ। ‘ਰੂਲਜ ਰਿਡਕਸ਼ਨ ਟਾਸਕ ਫੋਰਸ’ ਦੀ ਇਹ ਮੀਟਿੰਗ ਬੇਲੋੜੇ ਪਾਏ ਜਾ ਰਹੇ ਕਾਨੂੰਨ ਉਤੇ ਨਜ਼ਰਸਾਨੀ ਕਰਦੀ ਹੈ ਅਤੇ ਉਨ੍ਹਾਂ ਦੇ ਵਿਚ ਸੁਧਾਰ ਜਾਂ ਕਾਨੂੰਨ ਖਤਮ ਕਰਨ ਦੇ ਵਿਚ ਸਹਾਇਤਾ ਕਰਦੀ ਹੈ। ਪਾਣੀ, ਵੇਸਟ, ਰੱਬਿਸ਼, ਰੀਸਾਇਕਲਿੰਗ ਅਤੇ ਹੋਰ ਕਈ ਸਬੰਧਿਤ ਮੁੱਦਿਆਂ ਦੇ ਉਤੇ ਲੋਕਾਂ ਨੇ ਆਪਣੀਆਂ ਮੁਸ਼ਕਿਲਾਂ ਰੱਖੀਆਂ। ਸ. ਬਖਸ਼ੀ ਦੇ ਨਾਲ ਵਾਇਟਾਕੀ ਹਲਕੇ ਤੋਂ ਮੈਂਬਰ ਪਾਰਲੀਮੈਂਟ ਮੈਡਮ ਜੈਕੀ ਡੀਨ ਵੀ ਹਾਜ਼ਿਰ ਸਨ ਜਿਨ੍ਹਾਂ ਨੇ ਸਰਕਾਰ ਦੀ ਤਰਫ ਤੋਂ ਬਹੁਤ ਸਾਰੇ ਚਲਾਏ ਜਾ ਰਹੇ ਪ੍ਰਾਜੈਕਟਾਂ ਬਾਰੇ ਦੱਸਿਆ। ਮੌਕੇ ‘ਤੇ ਮੌਜੂਦ ਕੌਂਸਿਲ ਦੇ ਅਧਿਕਾਰੀ ਨੇ ਕਈ ਮੁਸ਼ਕਿਲਾਂ ਦੇ ਹੱਲ ਸਬੰਧੀ ਦੱਸਿਆ। ਸ. ਕੰਵਲਜੀਤ ਸਿੰਘ ਬਖਸ਼ੀ ਨੇ ਪ੍ਰਸ਼ਨਾਂ ਦੇ ਉਤਰ ਵਿਚ ਕਿਹਾ ਕਿ ‘ਲਿਵਿੰਗ ਕੌਸਟ’ ਘਟਾਉਣ ਦੇ ਮੰਤਵ ਨਾਲ ਮਾਰਕੀਟ ਦੇ ਵਿਚ ਜਿਆਦਾ ਮੁਕਾਬਲੇਬਾਜ਼ੀ ਵਾਲੀ ਸਥਿਤੀ ਪੈਦਾ ਕੀਤੀ ਜਾ ਰਹੀ ਹੈ ਜਿਸ ਦੇ ਨਾਲ ਏਕਾਵਿਰੋਧੀ ਕੰਪਨੀਆਂ ਘੱਟ ਲਾਗਤ ਉਤੇ ਪਾਣੀ, ਬਿਜਲੀ ਅਤੇ ਫੋਨ ਵਰਗੀਆਂ ਸਹੂਲਤਾਂ ਪ੍ਰਦਾਨ ਕਰਨ ਲੱਗੀਆਂ ਹਨ। ਇਸ ਮੀਟਿੰਗ ਦੇ ਵਿਚ ਜਿਥੇ ਸਥਾਨਕ ਭਾਰਤੀ ਭਾਈਚਾਰੇ ਦੇ ਲੋਕ ਪਹੁੰਚੇ ਉਥੇ ਕਈ ਦੂਜੀਆਂ ਕੌਮਾਂ ਦੇ ਲੋਕਾਂ ਨੇ ਵੀ ਆਪਣੀਆਂ ਸਮੱਸਿਆਵਾਂ ਰੱਖੀਆਂ। ਇਹ ਮੀਟਿੰਗ ਪਹਿਲੀ ਵਾਰ ਸੱਦੀ ਗਈ ਸੀ ਅਤੇ ਕਿਹਾ ਗਿਆ ਕਿ ਜੇਕਰ ਇਹ ਤਜ਼ਰਬਾ ਸਫਲ ਰਿਹਾ ਤਾਂ ਆਉਣ ਵਾਲੇ ਸਮੇਂ ਵਿਚ ਇਕ ਵੱਡੀ ਮੀਟਿੰਗ ਜਲਦ ਬੁਲਾਈ ਜਾਵੇਗੀ।