ਪ੍ਰਧਾਨ ਮੰਤਰੀ ਮਈ ਵਾਲੇ ਬਜਟ ਵਿੱਚ ਔਰਤਾਂ ਪ੍ਰਤੀ ਉਦਾਰਸੀਨਤਾ ਅਤੇ ਨਾਬਰਾਬਰੀ ਨੂੰ ਖ਼ਤਮ ਕਰਨ -ਨਿਕੋਲਾ ਫੋਰੈਸਟ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਮਿੰਡਾਰੂ ਫਾਊਂਡੇਸ਼ਨ ਦੀ ਚੇਅਰ -ਨਿਕੋਲਾ ਫੋਰੈਸਟ ਅਤੇ ਲੂਸੀ ਟਰਨਬੁਲ ਜੋ ਕਿ ਸਿਡਨੀ ਦੀ ਸਾਬਕਾ ਲਾਰਡ ਮੇਅਰ ਵੀ ਹਨ, ਤੋਂ ਇਲਾਵਾ, ਫੋਰਟੈਸਕਿਊ ਮੈਟਲਜ਼ ਗਰੁੱਪ ਮੁਖੀ ਐਲਿਜ਼ਾਬੈਥ ਗੇਨਜ਼ ਅਤੇ ਸਾਬਕਾ ਆਸਟ੍ਰੇਲਅਨ ਆਫ ਦਾ ਇਅਰ ਰੋਜ਼ੀ ਬੈਟੀ -ਨੇ ਇੱਕ ਖੁੱਲ੍ਹੀ ਚਿੱਠੀ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੂੰ ਲਿੱਖਦਿਆਂ ਕਿਹਾ ਹੈ ਕਿ ਦੇਸ਼ ਅੰਦਰ ਔਰਤਾਂ ਪ੍ਰਤੀ ਨਾ-ਬਰਾਬਰੀ ਵਾਲੀ ਖਾਈ ਦਿਨ ਪ੍ਰਤੀ ਦਿਨ ਵੱਧਦੀ ਹੀ ਜਾ ਰਹੀ ਹੈ ਅਤੇ ਇਸਨੂੰ ਜੇ ਵਕਤ ਰਹਿੰਦਿਆਂ ਪੂਰਿਆ ਨਾ ਗਿਆ ਤਾਂ ਫੇਰ ਸਮਾਂ ਹੱਥ ਨਹੀਂ ਆਉਣਾ ਅਤੇ ਇਹ ਵੱਧਦੀ ਹੋਈ ਖਾਈ ਵਾਲਾ ਵਾੜਾ ਇੰਨਾ ਕੁ ਡੂੰਘਾ ਅਤੇ ਵੱਡਾ ਹੋ ਜਾਵੇਗਾ ਕਿ ਮੁੜ ਤੋਂ ਇਸਨੂੰ ਪੂਰਨਾ ਲੱਗਭਗ ਅਸਫਲ ਹੀ ਹੋ ਜਾਵੇਗਾ।
ਚਿੱਠੀ ਵਿੱਚ ਕਿਹਾ ਗਿਆ ਹੈ ਕਿ ਦੇਸ਼ ਦੇ ਹਰ ਖੇਤਰ -ਭਾਵੇਂ ਕੰਮ ਕਾਰ ਦੇ ਖੇਤਰ, ਆਰਥਿਕ, ਰਾਜਨੀਤਿਕ, ਸਮਾਜਿਕ ਖੇਤਰ ਅਤੇ ਜਾਂ ਫੇਰ ਫੈਡਰਲ ਪਾਰਲੀਮੈਂਟ ਦੇ ਆਂਕੜੇ ਹੀ ਵਾਚ ਲਏ ਜਾਣ ਤਾਂ ਸਾਫ ਜ਼ਾਹਿਰ ਹੈ ਕਿ ਔਰਤਾਂ ਨਾਲ ਨਾ-ਬਰਾਬਰੀ ਹੋ ਰਹੀ ਹੈ ਅਤੇ ਕਿਤੇ ਵੀ ਔਰਤਾਂ ਦੀ ਗਿਣਤੀ ਦੀ ਬਰਾਬਰੀ ਦਾ ਧਿਆਨ ਨਹੀਂ ਰੱਖਿਆ ਜਾ ਰਿਹਾ ਹੈ। ਦੇਸ਼ ਹੁਣ ਕੋਵਿਡ-19 ਦੀ ਮਾਰ ਤੋਂ ਬਾਅਦ ਆਰਥਿਕ ਪੱਖੋਂ ਪਈ ਮਾਰ ਤੋਂ ਉਭਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਹੁਣ ਇਹ ਇੱਕ ਚੰਗਾ ਸਮਾਂ ਅਤੇ ਮੌਕਾ ਹੋ ਸਕਦਾ ਹੈ ਜਦੋਂ ਕਿ ਔਰਤਾਂ ਨੂੰ ਵੀ ਇਸ ਕੰਮ ਵਿੱਚ ਆਜ਼ਮਾਇਆ ਜਾਣਾ ਚਾਹੀਦਾ ਹੈ ਅਤੇ ਔਰਤਾਂ ਦੀ ਸ਼ਮੂਲੀਅਤ ਤੋਂ ਹੋਣ ਵਾਲੇ ਫਾਇਦਿਆਂ ਨੂੰ ਦਰਕਿਨਾਰ ਨਹੀਂ ਕਰਨਾ ਚਾਹੀਦਾ। ਇਸ ਵਾਸਤੇ ਪ੍ਰਧਾਨ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਆਉਣ ਵਾਲੇ ਮਈ ਦੇ ਬਜਟ ਵਿੱਚ ਦੇਸ਼ ਦੀਆਂ ਮਹਿਲਾਵਾਂ ਪ੍ਰਤੀ ਉਸਾਰੂ ਰੁਖ਼ ਅਪਣਾਉਣਾ ਚਾਹੀਦਾ ਹੈ ਅਤੇ ਜੋ ਪਹਿਲਾਂ ਔਰਤਾਂ ਦੇ ਕੰਮਾਂ ਅਤੇ ਉਸਾਰੂ ਫਾਇਦਿਆਂ ਵਾਲੀ ਸਟੇਟਮੈਂਟ (women’s impact statement) ਹਟਾ ਦਿੱਤੀ ਗਈ ਸੀ, ਨੂੰ ਮੁੜ ਤੋਂ ਬਜਟ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ ਅਤੇ ਇਹ ਦੱਸਣਾ ਵੀ ਚਾਹੀਦਾ ਹੈ ਕਿ ਪਹਿਨਾਂ ਇਸ ਸਟੇਟਮੈਂਟ ਨੂੰ ਹਟਾਇਆ ਕਿਉਂ ਗਿਆ ਸੀ….?
ਇਸ ਤੋਂ ਇਲਾਵਾ ਇਹ ਵੀ ਜ਼ਿਕਰਯੋਗ ਹੈ ਕਿ ਸਮੁੱਚੇ ਦੇਸ਼ ਅੰਦਰ ਹੀ ਮਹਿਲਾਵਾਂ ਉਪਰ ਪੈ ਰਹੇ ਮਾਰੂ ਅਸਰ ਦੇ ਕਾਰਨ, ਹਰ ਤਰਫ਼ੋਂ ਆ ਰਹੀਆਂ ਔਰਤਾਂ ਅਗਲੇ ਸੋਮਵਾਰ ਤੋਂ ਕੈਨਬਰਾ ਵਿਚ ਪਾਰਲੀਮੈਂਟ ਹਾਊਸ ਦਾ ਅੱਗੇ, ਮੁਜ਼ਾਹਰੇ ਵੀ ਕਰਨ ਜਾ ਰਹੀਆਂ ਹਨ ਅਤੇ ਦੇਸ਼ ਨੂੰ ਦੱਸਣ ਜਾ ਰਹੀਆਂ ਹਨ ਕਿ ਕਿਵੇਂ ਦੇਸ਼ ਅੰਦਰ ਔਰਤਾਂ ਪ੍ਰਤੀ ਨਾ-ਬਰਾਬਰੀ ਦਾ ਅਹਿਸਾਸ ਵੱਧਦਾ ਜਾ ਰਿਹਾ ਹੈ ਅਤੇ ਦਿਨ ਪ੍ਰਤੀ ਦਿਨ ਹੋਣ ਵਾਲੇ ਅਤਿਆਚਾਰ ਅਤੇ ਸਰੀਰਕ ਸ਼ੋਸ਼ਣ ਦੀਆਂ ਖ਼ਬਰਾਂ ਵੱਧਦੀਆਂ ਹੀ ਜਾ ਰਹੀਆਂ ਹਨ, ਜਿਨ੍ਹਾਂ ਵਿੱਚ ਕਿ ਸਰਕਾਰ ਦੇ ਉਚੇ ਅਹੁਦਿਆਂ ਉਪਰ ਤਾਇਨਾਤ ਮੰਤਰੀ ਅਤੇ ਅਫ਼ਸਰ ਵੀ ਸ਼ਾਮਿਲ ਹਨ ਅਤੇ ਕਿਵੇਂ ਸਕਾਟ ਮੋਰੀਸਨ ਸਰਕਾਰ ਇਨ੍ਹਾਂ ਨੂੰ ਰੋਕਣ ਵਿੱਚ ਨਾ-ਕਾਮਿਯਾਬ ਰਹੀ ਹੈ।

Install Punjabi Akhbar App

Install
×