ਕਰੋਨਾ ਦੀ ਦੂਸਰੀ ਲਹਿਰ ਨੇ ਹੁਣ ਆਸਟ੍ਰੇਲੀਆ ਦੀ ਦਿਮਾਗੀ ਸਿਹਤ ਉਪਰ ਅਸਰ ਪਾਉਣਾ ਸ਼ੁਰੂ ਕਰ ਦਿੱਤਾ ਹੈ -ਪ੍ਰੋਫੈਸਰ ਪੈਟਰਿਕ ਮੈਕਗਰੀ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਜਾਣੇ ਪਹਿਚਾਣੇ ਵਿਦਵਾਨ ਅਤੇ ਮਨੋਵਿਗਿਆਨਿਕ (ਸਾਈਕਿਟ੍ਰਿਸਟ) ਪ੍ਰੋਫੈਸਰ ਪੈਟਰਿਕ ਮੈਕਗਰੀ ਦਾ ਮੰਨਣਾ ਹੈ ਕਿ ਕਰੋਨਾ ਦੇ ਹਮਲੇ ਸਮੇਂ ਪਹਿਲੇ ਮਹੀਨੇ ਵਿੱਚ ਹੀ ਇਹ ਦਿਖਾਈ ਦੇਣ ਲੱਗ ਪਿਆ ਸੀ ਕਿ ਇਸ ਬਿਮਾਰੀ ਦੀ ਅਸਰ ਲੋਕਾਂ ਦੀ ਦਿਮਾਗੀ ਸਿਹਤ ਉਪਰ ਵੀ ਪੈਣ ਵਾਲਾ ਹੈ ਅਤੇ ਉਹ ਵੀ ਕਾਫੀ ਖ਼ਤਰਨਾਕ ਤਰੀਕਿਆਂ ਦੇ ਨਾਲ। ਜਿਵੇਂ ਜਿਵੇਂ ਕੋਵਿਡ-19 ਦਾ ਅਸਰ ਘਟਿਆ ਹੈ ਤਿਵੇਂ ਤਿਵੇਂ ਹੀ ਪ੍ਰੋਫੈਸਰ ਮੈਕਗਰੀ ਆਪਣੇ ਮਾਡਲਾਂ ਦੀ ਸਹਾਇਤਾ ਨਾਲ ਦੂਰਦ੍ਰਿਸ਼ਟੀ ਤਹਿਤ ਦੇਖਣ ਤੋਂ ਬਾਅਦ ਕਹਿੰਦੇ ਹਨ ਕਿ ਲੋਕਾਂ ਦੀ ਦਿਮਾਗੀ ਸਿਹਤ ਉਪਰ ਇਸ ਦਾ ਅਸਰ ਪੈਣ ਨਾਲ ਲੋਕਾਂ ਅੰਦਰ ਇੰਨਾ ਕੁ ਮਾੜਾ ਪ੍ਰਭਾਵ ਪੈਣਾ ਹੈ ਕਿ ਲੋਕ ਖ਼ੁਦਕਸ਼ੀਆਂ ਵੀ ਕਰ ਸਕਦੇ ਹਨ ਅਤੇ ਉਨ੍ਹਾਂ ਦੀ ਭਵਿੱਖਵਾਣੀ ਮੁਤਾਬਿਕ -ਸਮਾਂ ਆ ਗਿਆ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਹੁਣ ਸਾਨੂੰ ਇੱਕ ਅਜਿਹਾ ਬੁਨਿਆਦੀ ਢਾਂਚਾ ਤਿਆਰ ਕਰਨਾ ਪਵੇਗਾ ਜਿਹੜਾ ਕਿ ਲੋਕਾਂ ਨੂੰ ਦਿਮਾਗੀ ਸਿਹਤ ਬਾਰੇ ਜਾਣਕਾਰੀਆਂ ਮੁਹੱਈਆ ਕਰਵਾਏ ਅਤੇ ਲੋਕਾਂ ਦੀ ਸੋਚਣ-ਸਮਝਣ ਦੀ ਸਮਰੱਥਾ ਨੂੰ ਵੀ ਵਧਾਏ। ਆਉਣ ਵਾਲੇ ਸਮੇਂ ਦੀ ਇਸ ਮਾਰ ਦੀ ਜ਼ਦ ਅੰਦਰ -ਔਰਤਾਂ, ਮਰਦ, ਜਵਾਨ, ਬੁੱਢੇ, ਬੇਰੌਜ਼ਗਾਰ, ਸਮਾਜਿਕ ਜਾਂ ਆਰਥਿਕ ਹਾਸ਼ੀਏ ਤੇ ਪਏ ਲੋਕ, ਕਿਸੇ ਗੱਲੋਂ ਵਾਂਝੇ ਕੀਤੇ ਗਏ ਲੋਕ ਅਤੇ ਨੌਜਵਾਨ ਆਦਿ ਹਰ ਕੋਈ ਅਤੇ ਕਿਸੇ ਵੀ ਵਰਗ ਦਾ ਇਨਸਾਨ ਆ ਸਕਦਾ ਹੈ। ਉਨ੍ਹਾਂ ਉਚੇਚੇ ਤੌਰ ਤੇ ਅਜਿਹੇ ਅਦਾਰਿਆਂ ਅਤੇ ਰਾਜਨੀਤਿਕਾਂ -ਜਿਹੜੇ ਕਿ ਦੇਸ਼ ਦੀਆਂ ਪਾਲਿਸੀਆਂ ਆਦਿ ਨੂੰ ਅੰਜਾਮ ਦਿੰਦੇ ਹਨ, ਨੂੰ ਚੇਤੰਨ ਕਰਦਿਆਂ ਕਿਹਾ ਕਿ ਇਸ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ ਅਤੇ ਸਮਾਂ ਰਹਿੰਦਿਆਂ ਇਸ ਖਤਰੇ ਲਈ ਵੀ ਸਾਹਮਣਾ ਕਰਨ ਲਈ ਭਰਪੂਰ ਤਿਆਰੀ ਕਰਨ ਦੀ ਜ਼ਰੂਰਤ ਹੈ ਤਾਂ ਜੋ ਮੌਕੇ ਉਪਰ ਜਨਤਕ ਸਿਹਤ ਨੂੰ ਸੰਭਾਲਿਆ ਜਾ ਸਕੇ।

Install Punjabi Akhbar App

Install
×