ਪ੍ਰੋ. ਸ਼ੇਰ ਸਿੰਘ ਢਿੱਲੋਂ ਦੇ ਵਿਛੋੜੇ ਤੇ ਗਹਿਰਾ ਸ਼ੋਕ

ਨਿਰਮਲਾ ਵਿਦਿਅਕ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਜਾਗੋ ਇੰਟਰਨੈਸ਼ਨਲ ਦੇ ਪ੍ਰਕਾਸ਼ਕ, ਉੱਘੇ ਚਿੰਤਕ ਅਤੇ ਸਾਬਕਾ ਡੀਨ ਵਿਦਿਆਰਥੀ ਭਲਾਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਪ੍ਰੋ. ਸ਼ੇਰ ਸਿੰਘ ਢਿਲੋਂ ਦੇ ਅਚਾਨਕ ਵਿਛੋੜੇ ਨਾਲ ਧਾਰਮਿਕ, ਸਾਹਿਤਕ, ਸਮਾਜਕ ਅਤੇ ਵਿਦਿਅਕ ਖੇਤਰਾਂ ਵਿੱਚ ਸ਼ੋਕ ਦੀ ਲਹਿਰ ਦੌੜ ਗਈ ਹੈ। ਇਸ ਅਵਸਰ ਤੇ ਦੁੱਖ ਪ੍ਰਗਟ ਕਰਦੇ ਹੋਏ ਡਾ. ਸਵਰਾਜ ਸਿੰਘ ਪ੍ਰਧਾਨ ਗੁਰਮਤਿ ਲੋਕਧਾਰਾ ਵਿਚਾਰਮੰਚ ਨੇ ਕਿਹਾ ਕਿ ਪ੍ਰੋ. ਸ਼ੇਰ ਸਿੰਘ ਢਿੱਲੋਂ ਨੇ ਲੰਮਾਂ ਸਮਾਂ ਵਿਦਿਅਕ ਖੇਤਰ ਵਿੱਚ ਸੇਵਾ ਕੀਤੀ। ਉਨ੍ਹਾਂ ਨੇ ਪਹਿਲਾਂ ਕੁਰੂਕਸ਼ੇਤਰਾ ਯੂਨੀਵਰਸਿਟੀ ਵਿੱਚ ਪੜਾਇਆ ਤੇ ਫਿਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਜੌਗਰਫੀ ਵਿਭਾਗ ਦੇ ਮੁਖੀ ਅਤੇ ਡੀਨ ਵਿਦਿਆਰਥੀ ਭਲਾਈ ਦੇ ਤੌਰ ਤੇ ਕਾਰਜ ਕੀਤਾ। ਉਹ ਬਹੁਤ ਉੱਚੀ ਤੇ ਸੁੱਚੀ ਆਤਮਾ ਦੇ ਸੁਆਮੀ ਸਨ। ਉਨ੍ਹਾਂ ਦੀਆਂ ਪੁਸਤਕਾਂ ਖੋਜਾਰਥੀਆਂ ਦਾ ਮਾਰਗ ਦਰਸ਼ਨ ਕਰਦੀਆਂ ਹਨ। ਖੇਤੀਬਾੜੀ ਜੁਗਰਾਫੀਆ ਉਨਾਂ ਦੀ ਬੁਨਿਆਦੀ ਖੋਜ ਦੀ ਪੁਸਤਕ ਹੈ ਜੋ ਪੰਜਾਬੀ ਯੂਨੀਵਰਸਿਟੀ ਨੇ ਛਾਪੀ ਹੈ। ਉਹ ਲੰਮਾ ਸਮਾਂ ਜਾਗੋ ਇੰਟਰਨੈਸ਼ਨਲ ਤ੍ਰੈਮਾਸਿਕ ਦੇ ਪ੍ਰਕਾਸ਼ਕ ਰਹੇ। ਉਨ੍ਹਾਂ ਦੀ ਸੇਧ ਤੇ ਨਿਗਰਾਨੀ ਦੇ ਸਦਕਾ ਇਹ ਪਰਚਾ ਆਪਣੇ ਖੋਜ ਮਿਆਰ ਦੇ ਕਾਰਣ ਅਕਾਦਮਿਕ ਖੇਤਰਾਂ ਵਿੱਚ ਵੱਖਰੀ ਪਹਿਚਾਣ ਧਾਰਨ ਕਰ ਗਿਆ। ਉਨ੍ਹਾਂ ਨੇ ਮਾਲਵਾ ਰਿਸਰਚ ਸੈਂਟਰ ਪਟਿਆਲਾ ਨੂੰ ਬਹੁਤ ਵੱਡੀ ਅਗਵਾਈ ਦਿੱਤੀ। ਉਨ੍ਹਾਂ ਦਾ ਚਲੇ ਜਾਣਾ ਬਹੁਤ ਅਸਹਿ ਹੈ।  ਡਾ. ਈਸ਼ਵਰਦਾਸ ਸਿੰਘ ਸਿੱਧੂ ਮਹਾਂਮੰਡਲੇਸ਼ਵਰ ਨਿਰਮਲ ਪੰਚਾਇਤੀ ਅਖਾੜਾ ਨੇ ਕਿਹਾ ਕਿ ਪ੍ਰੋ—ਢਿਲੋਂ ਦੀ ਨਿਰਮਲ ਪੰਥ ਨੂੰ ਅਦੁੱਤੀ ਦੇਣ ਹੈ। ਉਨ੍ਹਾਂ ਤੋਂ ਸੇਧ ਲੈ ਕੇ ਵਿਦੇਸ਼ੀ ਸਕਾਲਰਾਂ ਨੇ ਨਿਰਮਲ ਪੰਥ ਬਾਰੇ ਖੋਜ ਕਰਕੇ ਪੁਸਤਕਾਂ ਪ੍ਰਕਾਸ਼ਤ ਕੀਤੀਆਂ। ਇਨ੍ਹਾ ਖੋਜਾਰਥੀਆਂ ਵਿੱਚ ਤੀਰਥ ਸਿੰਘ (ਜੋਹਨ ਈਵਨਸ ਇੰਗਲੈਂਡ), ਫ੍ਰਾਂਸਿਸਕੋ ਜੁਜੈ ਲੁਇਸ ਪੁਰਤਗਾਲ ਅਤੇ ਪੀਡਰਜੇਡਾ ਦੀ ਗਣਨਾ ਕੀਤੀ ਜਾ ਸਕਦੀ ਹੈ। ਪ੍ਰੋ. ਸ਼ੇਰ ਸਿੰਘ ਢਿੱਲੋਂ ਦਾ ਜਨਮ ਪਿੱਪਲ ਮਾਜਰਾ ਚਮਕੌਰ ਸਾਹਿਬ ਵਿਖੇ ਹੋਇਆ ਸੀ, ਉਨ੍ਹਾਂ ਨੇ ਫੌਜ਼ ਵਿੱਚ ਵੀ ਕੁੱਝ ਸਮਾਂ ਸੇਵਾ ਕੀਤੀ ਅਤੇ ਹਰਦੁਆਰਾ ਨਿਰਮਲੇ ਆਸ਼ਰਮਾਂ ਵਿੱਚ ਰਹਿ ਕੇ ਅਧਿਆਪਤਮਕ ਸਿੱਖਿਆ ਹਾਸਲ ਕੀਤੀ। ਇਸ ਸਮੇਂ ਡਾ. ਤੇਜਵੰਤ ਮਾਨ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਨੇ ਕਿਹਾ ਕਿ ਪ੍ਰੋਫੈਸਰ ਸ਼ੇਰ ਸਿੰਘ ਢਿੱਲੋਂ ਦੀ ਸਾਹਿਤਕ ਅਤੇ ਅਕਾਦਮਿਕ ਕਾਰਜਾਂ ਦਾ ਮਾਂ ਬੋਲੀ ਪੰਜਾਬੀ ਲਈ ਬਹੁਤ ਵੱਡਾ ਯੋਗਦਾਨ ਹੈ। ਡਾ. ਭਗਵੰਤ ਸਿੰਘ ਨੇ ਕਿਹਾ ਕਿ ਪ੍ਰੋ. ਢਿੱਲੋਂ ਨੇ ਸਮਾਜਕ ਤੇ ਅਧਿਆਤਮਕ ਖੇਤਰ ਵਿੱਚ ਨਿਸ਼ਕਾਮ ਕਾਰਜ ਕੀਤੇ।ਉਨ੍ਹਾਂ ਨੂੰ ਲੋਕ ਪਿਆਰ ਨਾਲ ਸੰਤ ਸ਼ੇਰ ਸਿੰਘ ਢਿੱਲੋਂ ਵੀ ਕਹਿੰਦੇ ਸਨ, ਉਹ ਹਰ ਲੋੜਵੰਦ ਦੀ ਮਦਦ ਕਰਦੇ ਸਨ। ਉਨ੍ਹਾਂ ਨੇ ਨਿਰਮਲਾ ਵਿਦਿਅਕ ਚੈਰੀਟੇਬਲ ਟਰੱਸਟ ਦੇ ਮਾਧਿਆਮ ਰਾਹੀਂ ਬਹੁਤ ਸਾਰੀਆਂ ਯੋਜਨਾਵਾਂ ਤਿਆਰ ਕੀਤੀਆਂ। ਉਨ੍ਹਾਂ ਦੇ ਜਾਣ ਨਾਲ ਸਮਾਜ ਤੇ ਜਾਗੋ ਇੰਟਰਨੈਸ਼ਨਲ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਗੁਰਨਾਮ ਸਿੰਘ, ਜਗਦੀਪ ਸਿੰਘ, ਭੁਪਿੰਦਰ ਸਿੰਘ ਮੱਲੀ ਕੈਨੇਡਾ, ਪਾਰਥਾਸਾਰਥੀ ਮੁਖਰਜੀ ਆਦਿ ਅਨੇਕਾਂ ਵਿਦਵਾਨਾਂ ਨੇ ਉਨ੍ਹਾਂ ਦੇ ਵਿਛੋੜੇ ਤੇ ਦੁੱਧ ਪ੍ਰਗਟ ਕੀਤਾ ਹੈ। ਸਿੱਖ ਬੁੱਧੀਜੀਵੀ ਕੌਂਸਲ ਦੇ ਪ੍ਰਧਾਨ ਪ੍ਰੋ. ਬਲਦੇਵ ਸਿੰਘ  ਬੁੱਲੂਆਣਾ ਨੇ ਸ਼ੋਕ ਸੰਦੇਸ਼ ਭੇਜਦੇ ਹੋਏ ਪ੍ਰੋ. ਸ਼ੇਰ ਸਿੰਘ ਢਿੱਲੋਂ ਦੇ ਅਕਾਲ ਚਲਾਣ ਦਾ ਪੰਜਾਬੀਅਤ ਨੂੰ ਬਹੁਤ ਵੱਡਾ ਘਾਟਾ ਦੱਸਿਆ।

Install Punjabi Akhbar App

Install
×