ਪੰਜਾਬੀ ਸਾਹਿਤ ਦਾ ਸਿਰੜ੍ਹੀ ਅਤੇ ਧੁਰੰਦਰ ਵਿਦਵਾਨ ਸਨ: ਪ੍ਰੋਫੈਸਰ ਕਿਰਪਾਲ ਸਿੰਘ ਕਸੇਲ

Ujagar Singh 190522 download

ਪੰਜਾਬੀ ਸਾਹਿਤ ਦੀ ਫੁਲਵਾੜੀ ਵਿਚ ਬਹੁਤ ਸਾਰੇ ਵਿਦਵਾਨ ਹੋਏ ਹਨ। ਹਰ ਵਿਦਵਾਨ ਨੇ ਆਪੋ ਆਪਣੀ ਕਾਬਲੀਅਤ ਅਨੁਸਾਰ ਪੰਜਾਬੀ ਭਾਸ਼ਾ ਦੀ ਪ੍ਰਫੁਲਤਾ ਵਿਚ ਆਪਣਾ ਯੋਗਦਾਨ ਪਾ ਕੇ ਖ਼ੁਸ਼ਬੂ ਫ਼ੈਲਾਈ ਹੈ। ਪ੍ਰੋਫ਼ੈਸਰ ਕਿਰਪਾਲ ਸਿੰਘ ਕਸੇਲ ਅਜਿਹੇ ਵਿਦਵਾਨ ਹੋਏ ਹਨ, ਜਿਨ੍ਹਾਂ ਨੇ 1964 ਵਿਚ ਭਰ ਜਵਾਨੀ ਦੇ ਸਮੇਂ ਕੁਦਰਤ ਦੇ ਕਹਿਰ ਦਾ ਮੁਕਾਬਲਾ ਕਰਦਿਆਂ ਆਪਣੀ ਅੱਖਾਂ ਦੀ ਰੌਸ਼ਨੀ ਤੋਂ ਵਿਰਵੇ ਹੋਣ ਤੇ ਵੀ ਆਪਣੀ ਵਿਦਵਤਾ ਦੀ ਰੌਸ਼ਨੀ ਨੂੰ ਬੁਝਣ ਨਹੀਂ ਦਿੱਤਾ ਸਗੋਂ ਉਸਦੀ ਰੌਸ਼ਨੀ ਨਾਲ ਪੰਜਾਬੀ ਭਾਸ਼ਾ ਦੇ ਵਿਦਿਆਰਥੀਆਂ ਅਤੇ ਵਿਦਵਾਨਾ ਦਾ ਮਾਰਗ ਦਰਸ਼ਨ ਕਰਦਿਆਂ ਪ੍ਰੇਰਿਆ ਹੈ ਕਿ ਸਰੀਰਕ ਅੰਗਹੀਣਤਾ ਇਨਸਾਨ ਦਾ ਰਸਤਾ ਨਹੀਂ ਰੋਕ ਸਕਦੀ ਬਸ਼ਰਤੇ ਕਿ ਇਨਸਾਨ ਦ੍ਰਿੜ੍ਹ ਇਰਾਦੇ ਅਤੇ ਲਗਨ ਨਾਲ ਕੰਮ ਕਰਨ ਦਾ ਹੌਸਲਾ ਰੱਖਦਾ ਹੋਵੇ। ਆਮ ਤੌਰ ਤੇ ਜਦੋਂ ਅਜਿਹੇ ਹਾਲਾਤ ਬਣ ਜਾਂਦੇ ਹਨ ਤਾਂ ਬਹੁਤੇ ਲੋਕ ਦਿਲ ਛੱਡਕੇ ਨਿਰਾਸ਼ਾ ਦੇ ਆਲਮ ਵਿਚ ਚਲੇ ਜਾਂਦੇ ਹਨ। ਇਥੋਂ ਤੱਕ ਕਿ ਬੁਜਦਿਲ ਲੋਕ ਤਾਂ ਆਪਣੀ ਜੀਵਨ ਲੀਲਾ ਹੀ ਖ਼ਤਮ ਕਰ ਲੈਂਦੇ ਹਨ। ਅਜਿਹੇ ਲੋਕਾਂ ਲਈ ਪ੍ਰੋਫ਼ੈਸਰ ਕਿਰਪਾਲ ਸਿੰਘ ਕਸੇਲ ਦਾ ਜੀਵਨ ਅਤੇ ਸਾਹਿਤਕ ਸਫ਼ਰ ਪ੍ਰੇਰਨਾ ਸਰੋਤ ਸਾਬਤ ਹੋਵੇਗਾ।

ਉਨ੍ਹਾਂ ਦਾ ਜਨਮ ਮਾਤਾ ਮਹਿੰਦਰ ਕੌਰ ਅਤੇ ਪਿਤਾ ਗੰਗਾ ਸਿੰਘ ਦੇ ਘਰ 19 ਮਾਰਚ 1928 ਨੂੰ ਲਾਹੌਰ ਵਿਖੇ ਹੋਇਆ, ਜਿਥੇ ਆਪਦੇ ਪਿਤਾ ਫ਼ੌਜ ਦੇ ਅਕਾਊਂਟਸ ਦਫਤਰ ਵਿਚ ਕੰਮ ਕਰਦੇ ਸਨ। ਆਪਦਾ ਜੱਦੀ ਪਿੰਡ ਕਸੇਲ ਅੰਮ੍ਰਿਤਸਰ ਜਿਲ੍ਹੇ ਵਿੱਚ ਹੈ। ਆਪਦੇ ਪਿਤਾ ਕਿਰਪਾਲ ਸਿੰਘ ਦੇ ਜਨਮ ਤੋਂ ਤਿੰਨ ਮਹੀਨੇ ਬਾਅਦ ਸਵਰਗਵਾਸ ਹੋ ਗਏ ਸਨ। ਉਸ ਤੋਂ ਬਾਅਦ ਆਪਦੀ ਮਾਤਾ ਬੱਚੇ ਨੂੰ ਨਾਲ ਲੈ ਕੇ ਆਪਣੇ ਜੱਦੀ ਪਿੰਡ ਕਸੇਲ ਆ ਗਏ। ਆਪਦਾ ਪਾਲਣ ਪੋਸ਼ਣ ਤਾਇਆ ਹਰਨਾਮ ਸਿੰਘ ਨੇ ਹੀ ਕੀਤਾ ਸੀ। ਆਪਦੇ ਪਰਿਵਾਰ ਦਾ ਪਿਛੋਕੜ ਗ਼ਦਰੀ ਬਾਬਿਆਂ ਨਾਲ ਜੁੜਦਾ ਹੈ। ਆਪਦਾ ਤਾਇਆ ਹਰਨਾਮ ਸਿੰਘ ਵੀ ਸੁਤੰਤਰਤਾ ਸੰਗਰਾਮੀ ਸੀ ਜੋ ਆਮ ਤੌਰ ਤੇ ਸਿਆਸੀ ਸਰਗਰਮੀਆਂ ਕਰਕੇ ਜੇਲ੍ਹ ਵਿਚ ਹੀ ਰਹਿੰਦਾ ਸੀ, ਜਿਸ ਤੋਂ ਪ੍ਰਭਾਵਤ ਹੋ ਕੇ ਕਿਰਪਾਲ ਸਿੰਘ ਕਸੇਲ ਨੇ ਵੀ ਅਜਿਹੀਆਂ ਸਰਗਰਮੀਆਂ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ।

ਉਨ੍ਹਾਂ ਆਪਣੀ ਪ੍ਰਾਇਮਰੀ ਤੱਕ ਦੀ ਵਿਦਿਆ ਆਪਣੇ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ। ਅੱਠਵੀਂ ਤੱਕ ਦੀ ਪੜ੍ਹਾਈ ਗੁਆਂਢੀ ਪਿੰਡ ਢੰਡਾ ਤੋਂ ਕੀਤੀ। ਫਿਰ ਆਪਨੂੰ ਖਾਲਸਾ ਹਾਈ ਸਕੂਲ ਸਰਹਾਲੀ ਵਿਚ ਦਾਖ਼ਲ ਕਰਵਾ ਦਿੱਤਾ ਗਿਆ ਜਿਥੋਂ ਆਪਨੇ ਦਸਵੀਂ 1944 ਵਿਚ ਪਾਸ ਕੀਤੀ। ਇਸ ਦੌਰਾਨ ਆਪ ਤੇਜਾ ਸਿੰਘ ਸੁਤੰਤਰ ਦੀ ਲਾਲ ਪਾਰਟੀ ਵਿਚ ਸ਼ਾਮਲ ਹੋ ਗਏ ਅਤੇ ਉਨ੍ਹਾਂ ਦੇ ਸਟਡੀ ਸਕੂਲਾਂ ਵਿਚ ਜਾਣਾ ਸ਼ੁਰੂ ਕਰ ਦਿੱਤਾ। ਫਿਰ ਐਫ਼.ਏ. ਦੀ ਪੜ੍ਹਾਈ ਲਈ ਖਾਲਸਾ ਕਾਲਜ ਅੰਮ੍ਰਿਤਸਰ ਵਿਚ ਦਾਖ਼ਲ ਹੋ ਗਏ ਜਿਥੋਂ 1946 ਵਿਚ ਐਫ਼.ਏ.ਪਾਸ ਕੀਤੀ। ਦੇਸ਼ ਦੀ ਵੰਡ ਸਮੇਂ ਆਪਨੇ ਸ਼ਰਨਾਰਥੀ ਕੈਂਪਾਂ ਵਿਚ ਸ਼ਰਨਾਰਥੀਆਂ ਦੀ ਸੇਵਾ ਸੰਭਾਲ ਅਤੇ ਵੇਖ ਭਾਲ ਕੀਤੀ। ਇਸ ਦੌਰਾਨ ਆਪਦਾ ਵਿਆਹ ਬੀਬੀ ਸਵਿੰਦਰ ਕੌਰ ਸਪੁੱਤਰੀ ਸੰਤਾ ਸਿੰਘ ਨਾਲ ਹੋ ਗਿਆ। ਚੌਧਰੀ ਸੰਤਾ ਸਿੰਘ ਅਮੀਰ ਵਿਅਕਤੀ ਸੀ, ਉਸਨੇ ਕਿਰਪਾਲ ਸਿੰਘ ਕਸੇਲ ਨੂੰ ਘਰ ਜਵਾਈ ਰੱਖ ਲਿਆ ਕਿਉਂਕਿ ਪਰਿਵਾਰ ਦੀ ਆਰਥਿਕ ਹਾਲਤ ਬਹੁਤੀ ਚੰਗੀ ਨਹੀਂ ਸੀ।

ਵਿਦਿਆਰਥੀ ਜੀਵਨ ਵਿਚ ਆਪਨੇ ਸਿਆਸੀ ਕਾਨਫਰੰਸਾਂ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਆਪ ਕਮਿਊਨਿਸਟ ਲਹਿਰ ਨਾਲ ਜੁੜ ਗਏ। ਮਜ਼ਦੂਰ ਜਥੇਬੰਦੀਆਂ ਵਿਚ ਕੰਮ ਕਰਦੇ ਰਹੇ, ਹੜਤਾਲਾਂ ਕਰਵਾਉਣੀਆਂ ਅਤੇ ਧਰਨੇ ਲਾਉਣ ਵਿਚ ਦਿਲਚਸਪੀ ਰੱਖਦੇ ਰਹੇ, ਜਿਸ ਕਰਕੇ ਆਪਨੂੰ ਜੇਲ੍ਹ ਵਿਚ ਭੇਜ ਦਿੱਤਾ ਗਿਆ। ਜੇਲ੍ਹ ਵਿਚੋਂ ਆ ਕੇ ਹੀ ਆਪਨੇ ਬੀ.ਏ ਦੇ ਪੇਪਰ ਦਿੱਤੇ ਸਨ।

ਆਪਨੇ 1949 ਵਿਚ ਖਾਲਸਾ ਕਾਲਜ ਅੰਮ੍ਰਿਤਸਰ ਵਿਚ ਐਮ.ਏ.ਪੰਜਾਬੀ ਵਿਚ ਦਾਖ਼ਲਾ ਲੈ ਲਿਆ। ਐਮ.ਏ.ਪੰਜਾਬੀ ਪਹਿਲੀ ਵਾਰ ਸ਼ੁਰੂ ਹੋਈ ਸੀ। ਆਪ ਦੀਆਂ ਸਿਆਸੀ ਸਰਗਰਮੀਆਂ ਕਰਕੇ ਫਿਰ ਜੇਲ੍ਹ ਵਿਚ ਭੇਜ ਦਿੱਤੇ ਗਏ। ਉਨ੍ਹਾਂ ਜੇਲ੍ਹ ਅਧਿਕਾਰੀਆਂ ਨੂੰ ਬੇਨਤੀ ਕੀਤੀ ਕਿ ਉਹ ਆਪਣੀ ਪੜ੍ਹਾਈ ਜਾਰੀ ਰੱਖਣਾ ਚਾਹੁੰਦੇ ਹਨ। ਇਸ ਲਈ ਆਪਨੂੰ ਕਾਲਜ ਵਿਚ ਅਸਥਾਈ ਜੇਲ੍ਹ ਬਣਾਕੇ ਪੜ੍ਹਨ ਦੀ ਇਜ਼ਾਜਤ ਦਿੱਤੀ ਗਈ। ਉਨ੍ਹਾਂ 1951 ਵਿਚ ਐਮ.ਏ.ਪੰਜਾਬੀ ਪਹਿਲੇ ਦਰਜੇ ਵਿਚ ਪਾਸ ਕਰਕੇ ਗੋਲਡ ਪ੍ਰਾਪਤ ਕੀਤਾ। ਇਸ ਦੌਰਾਨ ਹੀ ਉਨ੍ਹਾਂ ਪੰਜਾਬੀ ਦੀ ਗਿਆਨੀ ਵੀ ਪਾਸ ਕਰ ਲਈ। ਐਮ.ਏ.ਕਰਦਿਆਂ ਹੀ ਉਨ੍ਹਾਂ ਦੀ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਚ ਲੈਕਚਰਾਰ ਪੰਜਾਬੀ ਦੀ ਚੋਣ ਹੋ ਗਈ। ਇਸ ਤੋਂ ਬਾਅਦ 1953 ਵਿਚ ਰਾਮਗੜ੍ਹੀਆ ਕਾਲਜ ਫਗਵਾੜਾ, 1954 ਵਿਚ ਸਰਕਾਰੀ ਬਰਜਿੰਦਰਾ ਕਾਲਜ ਫ਼ਰੀਦਕੋਟ, ਸਰਕਾਰੀ ਕਾਲਜ ਗੁਰਦਾਸਪੁਰ, ਲੁਧਿਆਣਾ ਅਤੇ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਵਿਚ ਨੌਕਰੀ ਕੀਤੀ।

Ujagar Singh 190522 Professo Kasel 003

ਆਪ ਮਹਿੰਦਰਾ ਕਾਲਜ ਵਿਚੋਂ ਹੀ ਪ੍ਰੋਫ਼ੈਸਰ ਅਤੇ ਮੁਖੀ ਪੰਜਾਬੀ ਵਿਭਾਗ 1988 ਵਿਚ ਸੇਵਾ ਮੁਕਤ ਹੋਏ ਸਨ। ਜਦੋਂ ਆਪ ਸਰਕਾਰੀ ਕਾਲਜ ਲੁਧਿਆਣਾ ਵਿਚ ਪੜ੍ਹਾ ਰਹੇ ਸਨ ਤਾਂ ਆਪਦੀ ਅੱਖਾਂ ਦੀ ਰੌਸ਼ਨੀ ਚਲੀ ਗਈ। ਬਰਾਊਨ ਹਸਪਤਾਲ ਲੁਧਿਆਣਾ ਵਿਚ ਜ਼ੇਰੇ ਇਲਾਜ ਰਹੇ। ਸਰਕਾਰ ਵੱਲੋਂ ਆਪਦੀਆਂ ਛੁਟੀਆਂ ਖ਼ਤਮ ਹੋਣ ਕਰਕੇ ਤਨਖ਼ਾਹ ਬੰਦ ਕਰ ਦਿੱਤੀ ਗਈ। ਜੇਲ੍ਹ ਵਿਚ ਹੀ ਆਪਨੇ ਵਾਰਡ ਨੰਬਰ 10 ਨਾਵਲ ਲਿਖਿਆ ਸੀ। ਇਸ ਦੌਰਾਨ ਗਿਆਨੀ ਲਾਲ ਸਿੰਘ ਜਦੋਂ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਨਰਲ ਸਨ ਤਾਂ ਕਿਰਪਾਲ ਸਿੰਘ ਕਸੇਲ ਨੂੰ ਭਾਸ਼ਾ ਵਿਭਾਗ ਵਿਚ 1968 ਵਿਚ ਖੋਜ ਅਧਿਕਾਰੀ ਦੇ ਤੌਰ ਤੇ ਡੈਪੂਟੇਸ਼ਨ ਤੇ ਲੈ ਲਿਆ।

1968 ਤੋਂ 75 ਤੱਕ ਭਾਸ਼ਾ ਵਿਭਾਗ ਨਾਲ ਖੋਜ ਕਾਰਜ ਵਿਚ ਜੁੜੇ ਰਹੇ। ਆਪਦੇ ਦੋ ਲੜਕੇ -ਤੇਜਵੀਰ ਸਿੰਘ ਲੈਕਚਰਾਰ ਅਤੇ ਕਵੀ ਸਨ, ਜਿਹੜੇ ਕੁਝ ਸਮਾਂ ਪਹਿਲਾਂ ਸਵਰਗਵਾਸ ਹੋ ਗਏ ਹਨ, ਅਤੇ ਦੂਜਾ ਲੜਕਾ ਰਿਪਦੁਮਨ ਸਿੰਘ ਵੀ ਸਕੂਲ ਲੈਕਚਰਾਰ ਸੇਵਾ ਮੁਕਤ ਹੋਇਆ ਹੈ। ਦੋ ਲੜਕੀਆਂ ਨਵਜੋਤ ਕੌਰ ਸੰਗੀਤ ਦੇ ਲੈਕਚਰਾਰ ਅਤੇ ਸਵੈਜੋਤ ਕੌਰ ਪੰਜਾਬੀ ਦੇ ਲੈਕਚਰਾਰ ਹਨ। ਨੂੰਹ ਕੰਵਲਜੀਤ ਕੌਰ ਵੀ ਕਾਲਜ ਲੈਕਚਰਾਰ ਸੇਵਾ ਮੁਕਤ ਹੋਏ ਹਨ।

Ujagar Singh 190522 Professo Kasel 002

ਆਪਨੇ ਸਾਹਿਤ ਸਿਰਜਣਾ ਦਾ ਕੰਮ 1956 ਵਿਚ ਸ਼ੁਰੂ ਕੀਤਾ ਜੋ ਕਿ ਨਿਰੰਤਰ ਆਪਣੀ ਜ਼ਿੰਦਗੀ ਦੇ ਆਖ਼ਰੀ ਦਿਨ ਤੱਕ ਚਾਲੂ ਰਿਹਾ। ਪ੍ਰੋਫ਼ੈਸਰ ਕਿਰਪਾਲ ਸਿੰਘ ਕਸੇਲ ਇਕ ਬਹੁਪੱਖੀ ਅਤੇ ਬਹੁਮੁਖੀ ਸਾਹਿਤ ਰਤਨ ਸਨ, ਜਿਨ੍ਹਾਂ ਨੂੰ ਪੰਜਾਬੀ ਦਾ ਮਿਲਟਨ ਵੀ ਕਿਹਾ ਜਾਂਦਾ ਸੀ। ਉਨ੍ਹਾਂ ਆਪਣੇ ਜੀਵਨ ਵਿਚ 72 ਪੁਸਤਕਾਂ ਪ੍ਰਕਾਸ਼ਤ ਕਰਵਾਈਆਂ ਹਨ, ਜਿਨ੍ਹਾਂ ਵਿਚੋਂ ਪ੍ਰੋ.ਕਿਰਪਾਲ ਸਿੰਘ ਕਸੇਲ ਨੇ ਅੱਖਾਂ ਦੀ ਰੌਸ਼ਨੀ ਜਾਣ ਤੋਂ ਪਹਿਲਾਂ ਹੀ 12 ਪੁਸਤਕਾਂ ਪ੍ਰਕਾਸ਼ਤ ਕਰਵਾ ਦਿੱਤੀਆਂ ਸਨ। ਨੇਤਰਹੀਣ ਹੋਣ ਤੋਂ ਬਾਅਦ ਆਪਨੇ ਇਕ ਸੰਸਥਾ ਜਿਤਨਾ ਕੰਮ ਕਰਕੇ 60 ਪੁਸਤਕਾਂ ਲਿਖੀਆਂ ਸਨ। ਆਪ ਨਾਮਧਾਰੀ ਲਹਿਰ ਨਾਲ ਜੁੜੇ ਹੋਏ ਸਨ, ਇਸ ਲਈ ਨਾਮਧਾਰੀ ਦਰਬਾਰ ਨੇ ਆਪਨੂੰ ਇਕ ਵਿਅਕਤੀ ਪੱਕੇ ਤੌਰ ਤੇ ਦੇ ਦਿੱਤਾ ਸੀ ਜਿਹੜਾ ਹਮੇਸ਼ਾ ਆਪ ਨਾਲ ਸਹਾਈ ਹੁੰਦਾ ਸੀ।

ਦੁੱਖ ਦੀ ਘੜੀ ਵਿਚ ਆਪਦੀ ਪਤਨੀ ਦੀ ਭੈਣ ਮਹਿੰਦਰਜੀਤ ਕੌਰ ਨੇ ਵੀ ਆਪਦਾ ਸਾਥ ਦਿੱਤਾ। ਭਾਸ਼ਾ ਵਿਭਾਗ ਪੰਜਾਬ ਨੇ ਉਨ੍ਹਾਂ ਨੂੰ 1968 ਵਿਚ ਸ਼ਰੋਮਣੀ ਸਾਹਿਤਕਾਰ ਦਾ ਖ਼ਿਤਾਬ ਅਤੇ 29 ਸਤੰਬਰ 2015 ਨੂੰ ਆਪਨੂੰ ਪੰਜਾਬੀ ਸਾਹਿਤ ਰਤਨ ਦੇ ਕੇ ਸਨਮਾਨਤ ਕੀਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਅਨੇਕਾਂ ਮਾਨ ਸਨਮਾਨ ਮਿਲੇ। ਪ੍ਰੋਫ਼ੈਸਰ ਪੂਰਨ ਸਿੰਘ ਦੀਆਂ ਅੰਗਰੇਜ਼ੀ ਦੀਆਂ ਸਮੁੱਚੀਆਂ ਰਚਨਾਵਾਂ ਦਾ ਪੰਜਾਬੀ ਵਿਚ ਰੂਪਾਂਤਰ ਕਰਕੇ ਪੰਜਾਬੀ ਭਾਸ਼ਾ ਦੀ ਵਿਰਾਸਤ ਵਿਚ ਵਾਧਾ ਕੀਤਾ। ਇਸ ਤੋਂ ਇਲਾਵਾ ਟੈਗੋਰ ਅਤੇ ਹੋਰ ਬਹੁਤ ਸਾਰੇ ਮਹਾਨ ਲੇਖਕਾਂ ਦੀਆਂ ਰਚਨਾਵਾਂ ਦਾ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿਚ ਵੀ ਅਨੁਵਾਦ ਕੀਤਾ। ਹੈਰਾਨੀ ਦੀ ਗੱਲ ਹੈ ਕਿ ਪ੍ਰੋਫ਼ੈਸਰ ਕਸੇਲ ਨੂੰ ਪੰਜਾਬੀ ਪੜ੍ਹਾਉਣ ਵਾਲੇ ਸਾਰੇ ਅੰਗਰੇਜ਼ੀ ਦੇ ਅਧਿਆਪਕ ਪ੍ਰਿੰ. ਸੰਤ ਸਿੰਘ ਸੇਖੋਂ, ਦੀਵਾਨ ਸਿੰਘ, ਸਾਹਿਬ ਸਿੰਘ ਅਤੇ ਪ੍ਰੋ. ਗੁਲਵੰਤ ਸਿੰਘ ਸਨ।

ਪ੍ਰੋ. ਕਿਰਪਾਲ ਸਿੰਘ ਕਸੇਲ ਨੇ ਕਵਿਤਾ, ਨਾਵਲ, ਜੀਵਨੀਆਂ, ਆਲੋਚਨਾ, ਬਾਲ ਸਾਹਿਤ, ਅਨੁਵਾਦ ਅਤੇ ਸੰਪਾਦਨ ਦਾ ਕੰਮ ਕੀਤਾ।

ਕਵਿਤਾ ਦੀਆਂ ਪੁਸਤਕਾਂ ਛੱਤੀ ਅੰਕਿਤ, ਜੈਸਾ ਸਤਿਗੁਰ ਸੁਣੀਂਦਾ, ਚਾਲੀਸਾ ਸ੍ਰੀ ਸਤਿਗੁਰ ਜਗਜੀਤ ਸਿੰਘ।

ਨਾਵਲ: ਵਾਰਡ ਨੰਬਰ ਦਸ ਅਤੇ ਪੁਸ਼ਪ ਬਨ।

ਆਲੋਚਨਾ: ਆਧੁਨਿਕ ਗੱਦਕਾਰ, ਪੰਜਾਬੀ ਸਾਹਿਤ ਦੇ ਇਤਿਹਾਸ ਦੀ ਰੂਪ ਰੇਖਾ, ਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਕ ਵਿਕਾਸ, ਲਾਲਾ ਕਿਰਪਾ ਸਾਗਰ ਜੀਵਨ ਤੇ ਰਚਨਾ, ਪ੍ਰੋਫ਼ੈਸਰ ਪੂਰਨ ਸਿੰਘ ਦੀ ਸਾਹਿਤਕ ਪ੍ਰਤਿਭਾ, ਬਾਬਾ ਫਰੀਦ ਦੀ ਕਾਵਿ ਪ੍ਰਤਿਭਾ, ਵਾਰਤਕ:ਇੰਦਰ ਧਨੁਸ਼, ਸਵੈ-ਜੀਵਨੀ: ਪੌਣੀ ਸਦੀ ਦਾ ਸਫਰ।

ਜੀਵਨੀ: ਨਾਮਦੇਵ ਜੀਵਨੀ ਤੇ ਦਰਸ਼ਨ, ਪੂਰਨ ਸਿੰਘ, ਰਾਜ-ਹੰਸ, ਬਾਲ ਸਾਹਿਤ: ਆਦਰਸ਼ ਸਕੂਲ, ਆਦਰਸ਼ ਬੱਚਾ, ਕੋਸ਼: ਸ਼ਬਦਾਰਥ-ਬਾਣੀ ਗਰੂ ਨਾਨਕ।

ਸੰਪਾਦਨ: ਕਾਵਿ ਸਾਗਰ (ਬਾਵਾ ਬਲਵੰਤ ਦੀ ਕਵਿਤਾ), ਹਿਮਾਲਾ ਦੀ ਵਾਰ (ਹਰਿੰਦਰ ਸਿੰਘ ਰੂਪ ਦੀ ਕਵਿਤਾ), ਤੂੰਬੀ ਦੀ ਪੁਕਾਰ (ਯਮਲਾ ਜੱਟ ਦੀਆਂ ਕਵਿਤਾਵਾਂ), ਜੰਗਨਾਮਾ ਸਿੰਘਾਂ ਤੇ ਫਰੰਗੀਆਂ (ਸ਼ਾਹ ਮੁਹੰਮਦ), ਪੰਜਾਬੀ ਸਾਹਿਤ ਦਾ ਇਤਿਹਾਸ (ਭਾਗ ਪਹਿਲਾ ਅਤੇ ਦੂਜਾ), ਭਾਈ ਵੀਰ ਸਿੰਘ ਦੀ ਕਵਿਤਾ।

ਸਹਿਲੇਖਨ: ਸਾਹਿਤ ਦੇ ਰੂਪ, ਚੰਡੀ ਦੀ ਵਾਰ, ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ, ਸਾਹਿਤ ਪ੍ਰਕਾਸ਼ ਇਹ ਪੁਸਤਕਾਂ ਪਰਮਿੰਦਰ ਸਿੰਘ/ ਡਾ.ਗੋਬਿੰਦ ਸਿੰਘ ਲਾਂਬਾ ਨਾਲ ਮਿਲਕੇ ਲਿਖੀਆਂ।

ਅਨੁਵਾਦ: ਦਸ ਗੁਰੂ ਦਰਸ਼ਨ, ਲੰਢੇ ਪਹਿਰ ਦਾ ਆਤਮ ਚਿੰਤਨ, ਚਰਨ ਛੋਹ, ਅਨੀਲਕਾ, ਪੂਰਬੀ ਕਵਿਤਾ ਦੀ ਆਤਮਾ, ਜੁਗਾਂ ਜੁਗਾਂਤਰਾਂ ਦੀ ਸਾਂਝ, ਆਤਮਾ ਦਾ ਸੰਗੀਤ, ਚਿੰਤਨ ਦੀ ਧਾਰਾ, ਕਰਨਾ ਖਿੜਿਆ ਵਿਚ ਪੰਜਾਬ, ਵਾਲਟ ਵਿਟਮੈਨ, ਸਿੱਖੀ ਦਾ ਪ੍ਰੇਰਨਾ ਸਰੋਤ, ਗੁਰੂ ਬਾਬਾ ਨਾਨਕ, (ਇਹ ਪੁਸਤਕਾਂ ਮੂਲ ਰੂਪ ਵਿਚ ਪ੍ਰੋ.ਪੂਰਨ ਸਿੰਘ ਦੀਆਂ ਲਿਖੀਆਂ ਹੋਈਆਂ ਹਨ)। ਟੈਗੋਰ ਦੇ ਚੋਣਵੇਂ ਨਿਬੰਧ, ਮਨੋਵਿਗਿਆਨ ਦੀ ਰੂਪ-ਰੇਖਾ, ਰਾਜਨੀਤੀ ਵਿਗਿਆਨ ਦੇ ਮੂਲ ਸਿਧਾਂਤ, ਅਨੰਤ ਦਰਸ਼ਨ, ਤਿੰਨ ਭੈਣਾਂ ਅਤੇ ਆਲਿਫ ਅੱਖਰ ਸ਼ਾਮਲ ਹਨ।

ਪ੍ਰੋਫ਼ੈਸਰ ਕਿਰਪਾਲ ਸਿੰਘ ਕਸੇਲ ਨੂੰ ਇਹ ਮਾਣ ਜਾਂਦਾ ਹੈ ਕਿ ਬਹੁਤ ਸਾਰੇ ਖੇਤਰਾਂ ਵਿਚ ਉਨ੍ਹਾਂ ਨੇ ਪਹਿਲਕਦਮੀ ਕੀਤੀ ਹੈ। ਪੰਜਾਬੀ ਦੀ ਐਮ.ਏ.ਜਦੋਂ ਸ਼ੁਰੂ ਹੋਈ ਤਾਂ ਆਪ ਪਹਿਲੇ ਵਿਦਿਆਰਥੀਆਂ ਦੇ ਪੂਰ ਵਿਚ ਸ਼ਾਮਲ ਸਨ। ਜਦੋਂ 1958 ਵਿਚ ਪੰਜਾਬੀ ਸਾਹਿਤ ਸਮੀਖਿਆ ਬੋਰਡ ਬਣਿਆਂ ਤਾਂ ਉਸਦਾ ਪਹਿਲਾ ਪ੍ਰਧਾਨ ਆਪਨੂੰ ਬਣਾਇਆ ਗਿਆ।

(ਉਜਾਗਰ ਸਿੰਘ)
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
+91 94178 13072

Install Punjabi Akhbar App

Install
×