ਪ੍ਰੋ. ਸਹਿਗਲ ਨੇ ਮਾਂ ਬੋਲੀ ਦੀ ਸਾਂਝ ਦਾ ਪੁੱਲ ਉਸਾਰਨ ਵਿਚ ਨਿਭਾਈ ਅਹਿਮ ਭੂਮਿਕਾ- ਡਾ. ਦਰਸ਼ਨ ਸਿੰਘ ‘ਆਸ਼ਟ’
ਉਘੇ ਪੰਜਾਬੀ ਨਾਵਲਕਾਰ ਪ੍ਰੋ. ਗੁਰਮੁਖ ਸਿੰਘ ਸਹਿਗਲ ਇਸ ਫ਼ਾਨੀ ਸੰਸਾਰ ਨੂੰ ਸਦੀਵੀ ਅਲਵਿਦਾ ਆਖ ਗਏ ਹਨ। ਪੰਜਾਬੀ ਸਾਹਿਤ ਸਭਾ ਪਟਿਆਲਾ ਨਾਲ ਲੰਮਾ ਅਰਸਾ ਸੀਨੀਅਰ ਮੀਤ ਪ੍ਰਧਾਨ ਵਜੋਂ ਜੁੜੇ ਰਹੇ ਪ੍ਰੋ. ਸਹਿਗਲ ਪਿਛਲੇ 8 ਦਿਨਾਂ ਤੋਂ ਸਦਭਾਵਨਾ ਹਸਪਤਾਲ ਵਿਚ ਜ਼ੇਰ ਇ ਇਲਾਜ਼ ਸਨ। ਪੰਜਾਬੀ ਸਾਹਿਤ ਸਭਾ ਪਟਿਆਲਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ ਨੇ ਕਿਹਾ ਹੈ ਕਿ ਚੜ੍ਹਦੇ ਅਤੇ ਲਹਿੰਦੇ ਪੰਜਾਬ ਵਿਚ ਪੰਜਾਬੀ ਮਾਂ ਬੋਲੀ ਅਤੇ ਅਦਬ ਦਾ ਪੁੱਲ ਉਸਾਰਨ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਇਸ ਅਜ਼ੀਮ ਕਲਮਕਾਰ ਦੇ ਤੁਰ ਜਾਣ ਨਾਲ ਪੰਜਾਬੀ ਨਾਵਲਨਿਗਾਰੀ ਨੂੰ ਵੱਡਾ ਘਾਟਾ ਪਿਆ ਹੈ। ਡਾ. ਆਸ਼ਟ ਨੇ ਪ੍ਰੋ. ਸਹਿਗਲ ਨਾਲ ਪੁਰਾਣੀਆਂ ਸਾਂਝਾਂ ਅਤੇ ਵੇਰਵਾ ਸਾਂਝੇ ਕਰਦਿਆਂ ਦੱਸਿਆ ਕਿ ਪਾਕਿਸਤਾਨ ਦੇ ਜ਼ਿਲ੍ਹਾ ਪਿਸ਼ਾਵਰ ਸੂਬਾ ਸਰਹੱਦ ਦੇ ਲੰਡੀ ਕੋਤਲ ਵਿਚ 1938 ਵਿਚ ਪੈਦਾ ਹੋਏ ਪ੍ਰੋ. ਸਹਿਗਲ ਨੇ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਖੇਤਰ ਵਿਚ ਅਕਾਦਮਿਕ ਤਾਲੀਮ ਪ੍ਰਾਪਤ ਕਰਕੇ ਪਹਿਲਾਂ ਖ਼ਾਲਸਾ ਕਾਲਜ ਬੰਬਈ ਅਤੇ ਫਿਰ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਦੇ ਪੰਜਾਬੀ ਵਿਭਾਗ ਵਿਚ ਅਧਿਆਪਨ ਕਾਰਜ ਕਰਨ ਉਪਰੰਤ ਮੁਖੀ ਦੇ ਅਹੁਦੇ ਤੋਂ ਸੇਵਾਮੁਕਤ ਹੋਏ। ਉਹਨਾਂ ਕੋਲ ਪਾਕਿਸਤਾਨ ਦੇ ਵੱਖ ਵੱਖ ਉਪ ਭਾਸ਼ਾਵਾਂ ਦਾ ਚੋਖਾ ਗਿਆਨ ਸੀ ਜਿਸ ਦਾ ਉਹਨਾਂ ਨੇ ਆਪਣੇ ਪ੍ਰਸਿੱਧ ਨਾਵਲਾਂ ‘ਨਦੀਓਂ ਵਿੱਛੜੇ ਨੀਰ’, ‘ਲੁਆੜਗੀ’, ‘ਸਰਗਮ’ ਅਤੇ ‘ਹਿਜਰਤ’ ਵਿਚ ਚੋਖਾ ਇਸਤੇਮਾਲ ਕੀਤਾ।ਇਸ ਤੋਂ ਇਲਾਵਾ ਉਹਨਾਂ ਦੀਆਂ ਹੋਰ ਪੁਸਤਕਾਂ ਵੀ ਲਿਖੀਆਂ ਜਿਨ੍ਹਾਂ ਵਿਚ ਪਖ਼ਤੂਨ’ ਅਤੇ ‘ਸਫ਼ਰਨਾਮਾ ਪਾਕਿਸਤਾਨ’ ਆਦਿ ਸ਼ਾਮਿਲ ਹਨ।ਉਹਨਾਂ ਦੇ ਨਾਵਲ ਨਦੀਓਂ ਵਿੱਛੜੇ ਨੀਰ’ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਅਤੇ ‘ਸਰਗਮ’ ਨਾਵਲ ਲਈ ਭਾਸ਼ਾ ਵਿਭਾਗ ਵੱਲੋਂ ਨਾਨਕ ਸਿੰਘ ਪੁਰਸਕਾਰ ਪ੍ਰਾਪਤ ਹੋਏ ਸਨ। ਪ੍ਰੋ. ਸਹਿਗਲ ਨੂੰ ਸੰਗੀਤ ਨਾਲ ਵੀ ਮੱਸ ਸੀ ਅਤੇ ਉਹ ਰੇਡੀਓ ਟੀ.ਵੀ. ਤੇ ਅਕਸਰ ਗਾਇਨ ਕਰਦੇ ਸਨ।ਇਸ ਦੁਖਦਾਈ ਘੜੀ ਦੌਰਾਨ ਜਸਪ੍ਰੀਤ ਸਿੰਘ ਜਗਰਾਓਂ ਨੇ ਕਿਹਾ ਕਿ ਜ਼ਿੰਦਗੀ ਦੇ ਸੰਘਰਸ਼ ਦੀ ਹਰ ਬਾਜ਼ੀ ਜਿੱਤਣ ਵਾਲੇ ਸਹਿਗਲ ਸਾਹਿਬ ਕੋਰੋਨਾ ਦੀ ਜੰਗ ਹਾਰ ਗਏ।ਉਹ ਉਹਨਾਂ ਦੇ ਸਹੁਰਾ ਸਾਹਿਬ ਘੱਟ ਅਤੇ ਸਾਹਿਤਕ ਮਿੱਤਰ ਤੇ ਮਾਰਗ ਦਰਸ਼ਕ ਜ਼ਿਆਦਾ ਸਨ।
ਪ੍ਰੋ. ਸਹਿਗਲ ਦਾ ਅੱਜ ਪਟਿਆਲਾ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ।