ਸਾਡੇ ਸਮਿਆਂ ਦੇ ਸਭ ਤੋਂ ਵੱਡੇ ਲੇਖਕ ਪ੍ਰੋ. ਗੁਰਦਿਆਲ ਸਿੰਘ

10 ਜਨਵਰੀ ਜਨਮ ਦਿਨ ਤੇ ਵਿਸ਼ੇਸ਼

ਪੰਜਾਬੀ ਸਾਹਿਤ ਨੂੰ ਵਿਸ਼ਵ ਬੁਲੰਦੀਆਂ ਤੀਕ ਪੁਚਾਉਣ ਵਾਲੇ ਉਚ ਕੋਟੀ ਦੇ ਸਾਹਿਤਕਾਰ, ਵਿਦਵਾਨ, ਚਿੰਤਕ ਅਤੇ ਦਰਵੇਸ਼ ਇਨਸਾਨ ਪ੍ਰੋ. ਗੁਰਦਿਆਲ ਸਿੰਘ ਨਾਵਲਕਾਰ ਦਾ ਜਨਮ 10 ਜਨਵਰੀ 1933 ਈਸਵੀ ਨੂੰ ਪਿੰਡ ਡੇਲਿਆਂਵਾਲੀ (ਨੇੜੇ ਜੈਤੋ) ਜ਼ਿਲ੍ਹਾ ਫ਼ਰੀਦਕੋਟ ਵਿਖੇ ਪਿਤਾ ਜਗਤ ਸਿੰਘ ਦੇ ਘਰ ਮਾਤਾ ਨਿਹਾਲ ਕੌਰ ਦੀ ਕੁੱਖ ਤੋਂ ਹੋਇਆ ਸੀ। ਬਚਪਨ ਵਿਚ ਮਜ਼ਬੂਰਨ ਸਕੂਲ ਦੀ ਪੜ੍ਹਾਈ ਵਿਚਾਲੇ ਛੱਡਕੇ ਉਨ੍ਹਾਂ ਸੱਤ ਸਾਲ ਇਕ ਕਾਮੇ ਦੇ ਰੂਪ ਵਿਚ ਮੁਸ਼ੱਕਤ ਭਰੀ ਜ਼ਿੰਦਗੀ ਹੰਢਾਈ। ਜਵਾਨੀ ਦੀ ਚੜ੍ਹਦੀ ਉਮਰੇ ਆਪਣੇ ਆਲੇ-ਦੁਆਲੇ ਦੇ ਲੋਕਾਂ ਦਾ ਅਤੇ ਖ਼ੁਦ ਆਪਣਾ ਜੀਵਨ ਸੁਖਾਵਾਂ ਬਣਾਉਣ ਦੀ ਤਾਂਘ ਉਨ੍ਹਾਂ ਅੰਦਰ ਮਚਲਣ ਲੱਗੀ ਅਤੇ ਇਸ ਖਾਹਿਸ਼ ਸਦਕਾ ਉਹ ਪ੍ਰਾਇਮਰੀ ਅਧਿਆਪਕ ਬਣ ਗਏ। 7 ਸਾਲ ਪੰਜਾਬੀ ਅਧਿਆਪਕ ਦੀ ਸੇਵਾ ਉਪਰੰਤ 1971 ਵਿਚ ਉਹ ਕਾਲਜ ਵਿਚ ਪੰਜਾਬੀ ਲੈਕਚਰਾਰ ਲੱਗ ਗਏ ਅਤੇ ਪੰਜਾਬੀ ਯੂਨੀਵਰਸਿਟੀ ਦੇ ਰਿਜਨਲ ਸੈਂਟਰ ਬਠਿੰਡਾ ਦੇ ਮੁਖੀ ਵਜੋਂ ਉਹ ਸੇਵਾ ਮੁਕਤ ਹੋਏ।

ਪ੍ਰੋ. ਗੁਰਦਿਆਲ ਸਿੰਘ ਨੇ ਆਪਣਾ ਸਾਹਿਤਕ ਸਫਰ 1957 ਵਿਚ ਇਕ ਕਹਾਣੀਕਾਰ ਵਜੋਂ ਸ਼ੁਰੂ ਕੀਤਾ ਅਤੇ ਥੋੜ੍ਹੇ ਹੀ ਸਮੇਂ ਵਿਚ ਉਨ੍ਹਾਂ ਦਾ ਜ਼ਿਕਰ ਪੰਜਾਬੀ ਦੇ ਉੱਚਕੋਟੀ ਦੇ ਕਹਾਣੀਕਾਰਾਂ ਵਿਚ ਹੋਣ ਲੱਗਿਆ। 1964 ਵਿਚ ਜਦੋਂ ਉਨ੍ਹਾਂ ਦਾ ਪਹਿਲਾ ਨਾਵਲ ‘ਮੜ੍ਹੀ ਦਾ ਦੀਵਾ’ ਪ੍ਰਕਾਸ਼ਿਤ ਹੋਇਆ ਤਾਂ ਪੰਜਾਬੀ ਸਾਹਿਤ ਵਿਚ ਏਨਾ ਚਰਚਿਤ ਹੋਇਆ ਕਿ ਉਨ੍ਹਾਂ ਦੇ ਨਾਂ ਦੇ ਨਾਲ ‘ਮੜ੍ਹੀ ਦਾ ਦੀਵਾ’ ਜੁੜ ਗਿਆ। ਸੁਪ੍ਰਸਿੱਧ ਪੰਜਾਬੀ ਵਿਦਵਾਨ ਅਤੇ ਆਲੋਚਕ ਡਾ. ਅਤਰ ਸਿੰਘ ਕਹਿਣਾ ਸੀ ‘ਗੁਰਦਿਆਲ ਸਿੰਘ ਦੇ ਨਾਵਲਾਂ ਨਾਲ ਪੰਜਾਬੀ ਵਿਚ ਜੋ ਨਵੇਂ ਰੁਝਾਨ ਪੈਦਾ ਹੋਏ ਹਨ ਉਨ੍ਹਾਂ ਨੂੰ ਪਾਠਕ, ਅਧਿਆਪਕ ਤੇ ਵਿਦਵਾਨ ਸਾਰੇ ਹੀ ਪ੍ਰਵਾਨ ਕਰਦੇ ਹਨ ਅਤੇ ਇਹ ਮੰਨਦੇ ਹਨ ਕਿ ਗੁਰਦਿਆਲ ਸਿੰਘ ਦਾ ਪਹਿਲਾ ਨਾਵਲ ‘ਮੜ੍ਹੀ ਦਾ ਦੀਵਾ’ ਹੀ ਭਾਰਤ ਦੇ ਮਹਾਨ ਲੇਖਕ ਮੁਨਸ਼ੀ ਪ੍ਰੇਮ ਚੰਦ ਦੇ ‘ਗੋਦਾਨ’ ਅਤੇ ਫਰਣੇਸ਼ਵਰ ਰੇਣੂੰ ਦੇ ‘ਮੈਲਾ ਆਂਚਲ’ ਦੇ ਪੱਧਰ ਦਾ ਨਾਵਲ ਹੈ।’ ਪੰਜਾਬੀ ਦੇ ਪ੍ਰਸਿੱਧ ਨਾਟਕਕਾਰ ਗੁਰਸ਼ਰਨ ਸਿੰਘ ਉਨ੍ਹਾਂ ਨੂੰ ‘ਸਾਡੇ ਸਮਿਆਂ ਦਾ ਸਭ ਤੋਂ ਵੱਡਾ ਲੇਖਕ’ ਦਸਦੇ ਸਨ ਅਤੇ ਉੱਘੇ ਆਲੋਚਕ ਡਾ. ਟੀ. ਆਰ. ਵਿਨੋਦ ਉਨ੍ਹਾਂ ਨੂੰ ‘ਪੰਜਾਬੀ ਦਾ ਪਹਿਲਾ ਫਿਲਾਸਫਰ ਗਲਪਕਾਰ’ ਕਹਿੰਦੇ ਸਨ।

ਉਨ੍ਹਾਂ 10 ਨਾਵਲ, 10 ਕਹਾਣੀ ਸੰਗ੍ਰਹਿ, ਤਿੰਨ ਨਾਟਕ ਪੁਸਤਕਾਂ, 10 ਬਾਲ ਸਾਹਿਤ ਪੁਸਤਕਾਂ ਸਮੇਤ 40 ਤੋਂ ਵਧੇਰੇ ਪੁਸਤਕਾਂ ਨਾਲ ਪੰਜਾਬੀ ਸਾਹਿਤ ਜਗਤ ਦੀ ਝੋਲੀ ਵਿਚ ਅਨਮੋਲ ਯੋਗਦਾਨ ਪਾਇਆ। ਉਨ੍ਹਾਂ ਦੀਆਂ ਕਈ ਰਚਨਾਵਾਂ ਹਿੰਦੀ, ਅੰਗਰੇਜ਼ੀ, ਰੂਸੀ ਅਤੇ ਭਾਰਤ ਦੀਆਂ ਸਾਰੀਆਂ ਭਾਸ਼ਾਵਾਂ ਵਿਚ ਅਨੁਵਾਦ ਹੋ ਚੁੱਕੀਆਂ ਹਨ। ਉਨ੍ਹਾਂ ਦੇ ਨਾਵਲ ‘ਅੱਧ ਚਾਨਣੀ ਰਾਤ’ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। ਨਾਵਲ ‘ਅੰਨ੍ਹੇ ਘੋੜੇ ਦਾ ਦਾਨ’ ਉਤੇ ਬਣੀ ਫਿਲਮ, ਪਹਿਲੀ ਪੰਜਾਬੀ ਫ਼ਿਲਮ ਹੈ ਜਿਹੜੀ 68 ਸਾਲਾਂ ਬਾਅਦ ਇਟਲੀ ਦੇ ਕੌਮਾਂਤਰੀ ਫ਼ਿਲਮ ਮੇਲੇ ਵਿੱਚ ਵਿਖਾਈ ਗਈ। ਉਨ੍ਹਾਂ ਦੇ ਨਾਵਲ ‘ਅਣਹੋਏ’, ‘ਕੁਵੇਲਾ’, ‘ਪਹੁ ਫ਼ੁਟਾਲੇ ਤੋਂ ਪਹਿਲਾਂ’, ‘ਪਰਸਾ’, ‘ਰੇਤੇ ਦੀ ਇਕ ਮੁੱਠੀ’ ਅਤੇ ‘ਆਹਣ’ ਤੋਂ ਇਲਾਵਾ ਕਈ ਕਹਾਣੀ-ਸੰਗ੍ਰਿਹਾਂ ਨੂੰ ਵੀ ਪੰਜਾਬੀ ਪਾਠਕਾਂ ਦਾ ਭਰਪੂਰ ਪਿਆਰ ਮਿਲਿਆ ਹੈ। ਉਨ੍ਹਾਂ ਦੀ ਸਵੈ-ਜੀਵਨੀ ‘ਨਿਆਣਮੱਤੀਆਂ’ ਅੰਗਰੇਜ਼ੀ ਵਿੱਚ ਅਨੁਵਾਦ ਹੋ ਕੇ ਛਪੀ ਹੈ।

ਸਾਹਿਤਕ ਯੋਗਦਾਨ ਬਦਲੇ ਉਨ੍ਹਾਂ ਨੂੰ ਭਾਰਤ ਦਾ ਸਭ ਤੋਂ ਵੱਡਾ ਸਾਹਿਤਕ ਐਵਾਰਡ (ਗਿਆਨਪੀਠ) ਹਾਸਿਲ ਹੋਇਆ। ਭਾਰਤ ਦੇ ਰਾਸ਼ਟਰਪਤੀ ਵੱਲੋਂ ਉਨ੍ਹਾਂ ਨੂੰ ਪਦਮ ਸ਼੍ਰੀ ਨਾਲ ਸਨਮਾਨਿਆ ਗਿਆ। ਇਹਨਾਂ ਤੋਂ ਇਲਾਵਾ ਭਾਸ਼ਾ ਵਿਭਾਗ ਵੱਲੋਂ ਸ਼ਰੋਮਣੀ ਸਾਹਿਤਕਾਰ ਪੁਰਸਕਾਰ, ਪੰਜਾਬ ਸਾਹਿਤ ਅਕਾਦਮੀ ਪੁਰਸਕਾਰ, ਪੰਜਾਬੀ ਸਾਹਿਤ ਅਕਾਦਮੀ ਪੁਰਸਕਾਰ, ਸੋਵੀਅਤ ਲੈਂਡ ਨਹਿਰੂ ਪੁਰਸਕਾਰ, ਆਈ. ਬੀ. ਸੀ. (ਯੂ. ਕੇ.) ਵੱਲੋਂ 20ਵੀਂ ਸਦੀ ਦੇ ਪੁਰਸਕਾਰਾਂ ਸਮੇਤ ਉਹ ਅਨੇਕਾਂ ਮਾਣ ਸਨਮਾਨ ਮਿਲੇ। ਇਨ੍ਹਾਂ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਦਿੱਤਾ ਗਿਆ ਵਿਜ਼ਟਿੰਗ ਪ੍ਰੋਫੈਸਰ ਦਾ ਸਨਮਾਨ ਵੀ ਸ਼ਾਮਿਲ ਹੈ।

ਪ੍ਰੋ. ਗੁਰਦਿਆਲ ਸਿੰਘ ਦੀ ਸਾਹਿਤਕ ਬੁੱਕਲ ਮਾਣਨ ਦਾ ਮੈਨੂੰ ਵੀ ਫ਼ਖ਼ਰ ਹਾਸਲ ਹੈ। ਆਪਣੇ ਜੀਵਨ ਬਾਰੇ ਉਹ ਅਕਸਰ ਦੱਸਦੇ ਹੁੰਦੇ ਸਨ ਕਿ ਉਨ੍ਹਾਂ ਆਪਣਾ ਜੀਵਨ ਮਜ਼ਦੂਰੀ ਤੋਂ ਸ਼ੁਰੂ ਕੀਤਾ, ਜਿਸ ਕਰਕੇ ਸਕੂਲ ਛੱਡਣਾ ਪਿਆ। ਬਾਰਾਂ ਸਾਲ ਦੀ ਉਮਰ ਤੋਂ ਅੱਠ ਸਾਲ ਪਿਤਾ ਨਾਲ ਕੰਮ ਕੀਤਾ। ਪਰ ਇਨ੍ਹਾਂ ਅੱਠਾਂ ਸਾਲਾਂ ਵਿਚ ਆਪਣੇ ਪੂਜਨੀਕ ਅਧਿਆਪਕ ਸ੍ਰੀ ਮਦਨ ਮੋਹਨ ਸ਼ਰਮਾ ਜੀ ਵੱਲੋਂ ਉਤਸਾਹਿਤ ਕਰਨ ਕਰਕੇ ਸਿਰਫ ਚਾਰ ਪੰਜ ਘੰਟੇ ਸੌਂ ਕੇ ਪੜ੍ਹਾਈ ਕੀਤੀ ਅਤੇ 21 ਸਾਲਾਂ ਦੀ ਉਮਰ ਵਿਚ ਉਨ੍ਹਾਂ ਦੀ ਕਿਰਪਾ ਨਾਲ ਹੀ ਪ੍ਰਾਇਮਰੀ ਅਧਿਆਪਕ ਨਿਯੁਕਤ ਹੋ ਗਏ। ਪੜ੍ਹਾਈ ਜਾਰੀ ਰੱਖੀ ਜਿਸ ਕਾਰਨ 15 ਸਾਲ ਸਕੂਲ ਅਧਿਆਪਕ, 15 ਸਾਲ ਕਾਲਜ ਲੈਕਚਰਾਰ ਅਤੇ 9 ਸਾਲ ਯੂਨੀਵਰਸਿਟੀ ਵਿਚ ਰੀਡਰ ਅਤੇ ਪ੍ਰੋਫੈਸਰ ਰਹੇ, 1995 ਵਿਚ ਪ੍ਰੋਫੈਸਰ ਦੀ ਪਦਵੀ ਤੋਂ ਸੇਵਾ-ਮੁਕਤ ਹੋਏ।

ਲਿਖਣ ਵੱਲ ਪ੍ਰੇਰਿਤ ਹੋਣ ਦਾ ਜ਼ਿਕਰ ਕਰਦਿਆਂ ਉਹ ਕਹਿੰਦੇ ਸਨ ਕਿ ਪ੍ਰਾਇਮਰੀ ਅਧਿਆਪਕ ਨਿਯੁਕਤ ਹੋਣ ਤੋਂ ਪਹਿਲਾਂ ਹੀ ਪੜ੍ਹਨ ਲਿਖਣ ਵਿਚ ਰੁਚੀ ਸੀ। ਪਰ ਜਿਹੋ ਜਿਹਾ ਜੀਵਨ ਜੀਵਿਆ ਉਸ ਕਰਕੇ ਲਿਖਣਾ ਸ਼ੁਰੂ ‘ਕਰਨਾ ਪਿਆ’। ਅਜਿਹਾ ਤਾਂ ਕਦੇ ਸੋਚ ਵੀ ਨਾ ਸਕਿਆ ਕਿ ਲੇਖਕ ਬਣ ਸਕਾਂਗਾ। ਅਧਿਆਪਨ ਦੇ ਨਾਲ ਨਾਲ ਚਾਲੀ ਤੋਂ ਵੱਧ ਪੁਸਤਕਾਂ ਇਸੇ ਕਰਕੇ ਅਨੁਵਾਦ ਵੀ ਕੀਤੀਆਂ, ਕਿਉਂ ਕਿ ਪ੍ਰਾਇਮਰੀ ਅਧਿਆਪਕ ਹੁੰਦਿਆਂ ਸਿਰਫ ਚਾਲੀ ਰੁਪਏ ਮਹੀਨਾ ਤਨਖ਼ਾਹ ਨਾਲ ਤਿੰਨ ਬੱਚਿਆਂ ਦਾ ਪਾਲਣ ਪੋਸ਼ਣ ਸੰਭਵ ਨਹੀਂ ਸੀ। ਪੜ੍ਹਾਈ ਨਾਲ ਜਿਵੇਂ ਜਿਵੇਂ ਤਰੱਕੀਆਂ ਮਿਲਦੀਆਂ ਗਈਆਂ, ਵੇਤਨ ਵੀ ਵਧਦਾ ਗਿਆ। ਪਰ ਉਸੇ ਅਨੁਪਾਤ ਨਾਲ ਘਰ ਦੇ ਖਰਚੇ ਵੀ ਵਧਦੇ ਗਏ। ਕੁਝ ਅਜਿਹੇ ਕਾਰਨਾਂ ਕਰਕੇ ਹੀ ਕਦੇ ਚੰਗੀ ਗੁਜਰ ਬਸਰ ਨਾ ਕਰ ਸਕਿਆ। ਸਿਰਫ ਕੰਮ ਹੀ ਜੀਵਨ ਦਾ ਅਰਥ ਹੋ ਗਿਆ। ਕਦੇ ਵੀ ਅਜਿਹਾ ਜੀਵਨ ਨਾ ਜਿਉਂ ਸਕਿਆ ਜਿਸ ਨੂੰ ‘ਸੁਖੀ’ ਕਿਹਾ ਜਾਂਦਾ ਹੈ। ਪ੍ਰਾਈਵੇਟ ਵਿਦਿਆਰਥੀ ਵਜੋਂ ਪ੍ਰੀਖਿਆਵਾਂ ਪਾਸ ਕਰਨ ਲਈ ਪੜ੍ਹਨਾ ਪਿਆ, ਰੋਜ਼ੀ ਰੋਟੀ ਲਈ ਪੜ੍ਹਨਾ ਪਿਆ ਅਤੇ ਸਾਹਿਤ ਇਸ ਲਈ ਵੀ ਪੜ੍ਹਦਾ ਰਿਹਾ ਕਿ ਅਜਿਹਾ (ਕਲਾਸੀਕਲ) ਸਾਹਿਤ ਪੜ੍ਹੇ ਬਿਨਾਂ ਸਿਰਫ ਵਿਅਕਤੀਗਤ ਅਨੁਭਵ ਦੇ ਆਧਾਰ ‘ਤੇ ਹੀ ਚੰਗੀ ਰਚਨਾ ਨਹੀਂ ਕੀਤੀ ਜਾ ਸਕਦੀ। ਇਸਦੇ ਲਈ ਬਹੁਤ ਕੁਝ ਹੋਰ ਵੀ ਸਿੱਖਣਾ ਹੁੰਦਾ ਹੈ।

ਉਹ ਸਾਹਿਤ ਨੂੰ ਸਾਧਨਾ ਮੰਨਦੇ ਸਨ, ਕੋਈ ਇਲਹਾਮ ਨਹੀਂ। ਉਹ ਕਹਿੰਦੇ ਸਨ ‘ਸਾਹਿਤ ਰਚਨਾ ਮੇਰੇ ਲਈ ਦਿਲ ਪ੍ਰਚਾਵਾ ਜਾਂ ਵਿਹਲੇ ਵੇਲੇ ਦਾ ਕੋਈ ਵਾਧੂ ਕੰਮ ਨਹੀਂ ਹੋ ਸਕਦੀ। ਅਸਲ ਵਿਚ ਮੇਰੀ ਸਾਰੀ ਰਚਨਾ ਆਪਣੇ ਆਲੇ-ਦੁਆਲੇ ਦੇ ਆਮ ਲੋਕਾਂ ਦੇ ਅੰਦਰ ਬਾਹਰ ਨੂੰ ਕਿਸੇ ਕਲਾਮਈ ਰੂਪ ਵਿਚ ਪੇਸ਼ ਕਰਨ ਦਾ ਨਿਮਾਣਾ ਯਤਨ ਹੈ, ਜਿਸ ਨੂੰ ਤੱਕ ਕੇ ਉਹ ਆਪਣਾ ਆਪ ਪਛਾਣਨ ਤੇ ਸਮਝਣ ਦੇ ਵਧੇਰੇ ਯੋਗ ਹੋ ਸਕਣ ਤੇ ਕੋਈ ਅਜਿਹਾ ਹੀਲਾ ਸੋਚ ਸਕਣ ਕਿ ਜੇ ਇਹ ਧਰਤੀ ਅਜੇ ਪੂਰਨ ਸਵੱਰਗ ਬਣਨੀ ਸੰਭਵ ਨਹੀਂ ਤਾਂ ਇਹਨੂੰ ਆਪਣੇ ਜਿਉਣ ਜੋਗੀ ਅਜਿਹੀ ਸੁਖਾਵੀਂ ਥਾਂ ਜ਼ਰੂਰ ਬਣਾ ਲੈਣ, ਜਿੱਥੇ ਉਨ੍ਹਾਂ ਦੇ ਪਿਆਰ ਦੀ ਨਿੱਘੀ ਧੁੱਪ ਵਿਚ ਮਨੁੱਖ ਦੀਆਂ ਆਉਣ ਵਾਲੀਆਂ ਨਸਲਾਂ ਦੀਆਂ ਗੁਲਦਾਉਦੀਆਂ ਮੌਲ ਸਕਣ।’

ਉਨ੍ਹਾਂ ਦੇ ਕਥਨ ਸਨ “ਜੀਵਨ ਤੇ ਸਾਹਿਤ ਦੇ ਸਬੰਧ ਹਮੇਸ਼ਾ ਨਾਲ ਨਾਲ ਚਲਦੇ ਰਹੇ ਹਨ। ਜੀਵਨ ਤਾਂ ਸਾਗਰ ਹੈ। ਉਸ ਵਿੱਚੋਂ ਨਿਕਲੀਆਂ ਲਹਿਰਾਂ ਕੋਈ ਪਾਰ ਨਹੀਂ ਕਰ ਸਕਦਾ, ਸਾਹਿਤ ਵਿਚ ਇਹੀ ਮਹੱਤਵਪੂਰਨ ਹੈ। ਕੁਝ ਵੱਡੇ ਲੇਖਕ ਬਹੁਤ ਅੰਦਰ ਤੱਕ, ਡੂੰਘਾਈ ਵਿਚ ਜਾ ਕੇ, ਮੋਤੀ ਵੀ ਲੱਭ ਲੈਂਦੇ ਹਨ, ਪਰ ਮੇਰੇ ਵਰਗੇ ਸਾਧਾਰਨ ਲੋਕ ਤਾਂ ਕਿਨਾਰੇ ਤੱਕ ਲਹਿਰਾਂ ਸੰਗ ਤੈਰ ਕੇ ਆਈਆਂ ਕੁਝ ਸਿੱਪੀਆਂ, ਘੋਗੇ ਹੀ ਚੁਣ ਸਕਦੇ ਹਨ। ਆਪਣੀ ਆਪਣੀ ਸਮਰੱਥਾ ਹੈ, ਕਦੇ ਕੋਈ ਚੂਹਾ ਹਾਥੀ ਨਹੀਂ ਬਣ ਸਕਦਾ। ਜੇਕਰ ਆਪਣੀ ਤਾਕਤ, ਸਮਰੱਥਾ ਕੋਈ ਸਮਝ ਸਕੇ ਤਾਂ ਜੋ ਵੀ ਸਕੇ ਉਸੇ ‘ਤੇ ਸੰਤੁਸ਼ਟੀ ਹੁੰਦੀ ਹੈ।

(ਹਰਦਮ ਮਾਨ)
+1 604 308 6663
maanbabushahi@gmail.com

Install Punjabi Akhbar App

Install
×