ਪਦਮ ਸ੍ਰੀ ਪ੍ਰੋ: ਗੁਰਦਿਆਲ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਸਮਾਗਮ ਕੀਤਾ

ਪੰਜਾਬੀ ਦੇ ਸਿਰਮੌਰ ਸਾਹਿਤਕਾਰ, ਗਿਆਨਪੀਠ ਪੁਰਸਕਾਰ ਜੇਤੂ, ਨਾਵਲਕਾਰ ਪਦਮ ਸ੍ਰੀ ਪ੍ਰੋ: ਗੁਰਦਿਆਲ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਪੰਜਾਬੀ ਸਾਹਿਤ ਸਭਾ ਰਜਿ: ਬਠਿੰਡਾ ਵੱਲੋਂ ਹੋਰ ਸਾਹਿਤ ਸਭਾਵਾਂ ਤੇ ਕਿਸਾਨ ਮਜਦੂਰ ਜਥੇਬੰਦੀਆਂ ਦੇ ਸਹਿਯੋਗ ਨਾਲ ਸਥਾਨਕ ਟੀਚਰਜ ਹੋਮ ਵਿਖੇ ਇੱਕ ਵਿਸ਼ੇਸ ਸਮਾਗਮ ਕਰਵਾਇਆ ਗਿਆ। ਜਿਸਦੇ ਪ੍ਰਧਾਨਗੀ ਮੰਡਲ ਵਿੱਚ ਡਾ: ਰਵਿੰਦਰ ਸਿੰਘ ਮਾਨ, ਬੂਟਾ ਸਿੰਘ ਚੌਹਾਨ, ਡਾ: ਤਰਸੇਮ ਅਮਰ, ਰਘਵੀਰ ਚੰਦ, ਗੁਰਦੇਵ ਖੋਖਰ ਸ਼ਾਮਲ ਸਨ।
ਪ੍ਰੋਗਰਾਮ ਦੀ ਸੁਰੂਆਤ ‘ਚ ਬੋਲਦਿਆਂ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਪ੍ਰੋ: ਗੁਰਦਿਆਲ ਸਿੰਘ ਨੇ ਕਲਾਸਿਕ ਪੱਧਰ ਦੇ ਲੋਕਾਈ ਪੀੜ੍ਹ ਬਿਆਨਦੇ ਨਾਵਲ ਲਿਖੇ ਹਨ। ਇਸ ਉਪਰੰਤ ਅਮਨ ਦਾਤੇਵਾਸੀਆ ਨੇ ਤਰੰਨਮ ਵਿੱਚ ਗੁਰਦਿਆਲ ਸਿੰਘ ਦਾ ਸ਼ਬਦ ਚਿੱਤਰ ਪੇਸ਼ ਕੀਤਾ। ਸਭਾ ਦੇ ਪ੍ਰਧਾਨ ਸ੍ਰੀ ਜਸਪਾਲ ਮਾਨਖੇੜਾ ਨੇ ਸਭਨਾਂ ਨੂੰ ਜੀ ਆਇਆਂ ਕਹਿੰਦਿਆਂ ਐਲਾਨ ਕੀਤਾ ਕਿ ਸਭਾ ਵੱਲੋਂ ਲੋਕ ਜਥੇਬੰਦੀਆਂ ਨਾਲ ਮਿਲ ਕੇ ਲੇਖਕਾਂ ਨੂੰ ਸਨਮਾਨ ਦੇਣ ਦੀ ਪਾਈ ਪਿਰਤ ਨੂੰ ਅੱਗੇ ਤੋਰਨ ਦਾ ਇੱਕ ਯਤਨ ਹੈ, ਜਿਵੇਂ ਯੂਰਪੀ ਦੇਸ਼ਾਂ ਵਿੱਚ ਲੇਖਕਾਂ ਨੂੰ ਵਡਿਆਇਆ ਜਾਂਦਾ ਹੈ।
ਸਮਾਗਮ ਦੇ ਮੁੱਖ ਬੁਲਾਰੇ ਡਾ: ਤਰਸੇਮ ਅਮਰ ਨੇ ਯਾਦਗਾਰੀ ਲੈਕਚਰ ਪੇਸ਼ ਕਰਦਿਆਂ ਕਿਹਾ ਕਿ ਪ੍ਰੋ: ਗੁਰਦਿਆਲ ਸਿੰਘ ਇੱਕ ਨਾਵਲਕਾਰ ਹੀ ਨਹੀਂ, ਸਗੋਂ ਉਹ ਵੱਡੇ ਅਨੁਵਾਦਕ, ਕਹਾਣੀਕਾਰ, ਵਾਰਤਕਕਾਰ ਅਤੇ ਪੱਤਰ ਲੇਖਕ ਸਨ। ਉਹਨਾਂ ਦੀ ਲਿਖਤ ਵਿੱਚ ਵਿਜਨ ਵੱਡਾ ਹੋਣ ਕਰਕੇ ਉਹ ਵਰਤਾਰਿਆਂ ਦੇ ਕਾਰਨਾਂ ਨੂੰ ਸਮਝ ਕੇ ਪਾਤਰ ਉਸਾਰੀ ਕਰਦੇ ਸਨ, ਜਿਸ ਸਦਕਾ ਉਹ ਵੱਡੇ ਨਾਵਲਕਾਰ ਬਣ ਸਕੇ। ਡਾ: ਪਰਮਜੀਤ ਰੋਮਾਣਾ ਨੇ ਕਿਹਾ ਕਿ ਜਿਨਾਂ ਚਿਰ ਅਸੀਂ ਸਥਾਪਤ ਲੇਖਕਾਂ ਨੂੰ ਨਿੱਠ ਕੇ ਸੁਣਦੇ ਨਹੀ, ਓਨਾ ਚਿਰ ਅਸੀਂ ਵੀ ਵਿਦਵਾਨ ਨਹੀਂ ਬਣ ਸਕਦੇ। ਉਹਨਾਂ ਕਿਹਾ ਕਿ ਪ੍ਰੋ: ਗੁਰਦਿਆਲ ਸਿੰਘ ਨੇ ਬਾਲ ਸਾਹਿਤ ਵੀ ਕਮਾਲ ਦਾ ਰਚਿਆ, ਪਰ ਉਹ ਅਣਗੌਲਿਆ ਰਿਹਾ।
ਉਘੇ ਆਲੋਚਕ ਸ੍ਰੀ ਗੁਰਦੇਵ ਸਿੰਘ ਖੋਖਰ ਨੇ ਪ੍ਰੋ: ਗੁਰਦਿਆਲ ਸਿੰਘ ਦੇ ਰਚਨਾ ਪੱਖ ਤੇ ਗੱਲ ਕਰਦਿਆਂ ਕਿਹਾ ਕਿ ਉਹਨਾਂ ਆਪਣੀਆਂ ਲਿਖਤਾਂ ਵਿੱਚ ਹਾਲਾਤ ਮੁਤਾਬਿਕ ਠੇਠ ਅਤੇ ਪ੍ਰਸੰਗਿਕ ਸ਼ਬਦਾਂ ਦੀ ਵਰਤੋ ਕੀਤੀ ਹੈ। ਨਾਵਲਕਾਰ ਜਸਵਿੰਦਰ ਸਿੰਘ ਜੱਸ ਨੇ ਪ੍ਰੋ: ਸਾਹਿਬ ਨੂੰ ਪੰਜਾਬੀ ਭਾਸ਼ਾ ਦਾ ਗੋਰਕੀ ਕਹਿ ਕੇ ਮਾਣ ਦਿੱਤਾ ਤੇ ਪ੍ਰਸੰਸਾ ਕੀਤੀ। ਟੀਚਰਜ ਹੋਮ ਟਰਸਟ ਦੇ ਜਨਰਲ ਸਕੱਤਰ ਲਛਮਣ ਮਲੂਕਾ ਤੇ ਸੀਨੀਅਰ ਮੀਤ ਪ੍ਰਧਾਨ ਰਘਬੀਰ ਚੰਦ ਸਰਮਾ ਨੇ ਉਹਨਾਂ ਦੇ ਨਾਵਲ ਮੜ੍ਹੀ ਦਾ ਦੀਵਾ ਤੇ ਪਰਸਾ ਬਾਰੇ ਗੱਲ ਕਰਨ ਦੇ ਨਾਲ ਨਾਲ ਉਹਨਾਂ ਦੇ ਅਧਿਆਪਨ ਜੀਵਨ ਤੇ ਵੀ ਚਰਚਾ ਕੀਤੀ। ਮੁੱਖ ਮਹਿਮਾਨ ਡਾ: ਰਵਿੰਦਰ ਸਿੰਘ ਮਾਨ ਨੇ ਪ੍ਰੋਗਰਾਮ ਦੀ ਸਫ਼ਲਤਾ ਲਈ ਸਭਾ ਨੂੰ ਵਧਾਈ ਦਿੱਤੀ ਅਤੇ ਅਤੇ ਅਜਿਹੇ ਸਮਾਗਮਾਂ ਲਈ ਹਮੇਸ਼ਾਂ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਅਖੀਰ ‘ਚ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਸ੍ਰੀ ਦਿਲਬਾਗ ਸਿੰਘ ਨੇ ਸਭਨਾਂ ਦਾ ਧੰਨਵਾਦ ਕੀਤਾ।
ਸਭਾ ਵੱਲੋਂ ਪ੍ਰੋ: ਗੁਰਦਿਆਲ ਸਿੰਘ ਦੇ ਸਪੁੱਤਰ ਰਵਿੰਦਰ ਸਿੰਘ ਰਾਹੀ ਦਾ ਸਨਮਾਨ ਕੀਤਾ ਗਿਆ। ਸਟੇਜ ਦਾ ਸੰਚਾਲਨ ਸਭਾ ਦੇ ਜਨਰਲ ਸਕੱਤਰ ਰਣਜੀਤ ਗੌਰਵ ਨੇ ਬਾਖੂਬੀ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵ ਸ੍ਰੀ ਰਣਬੀਰ ਰਾਣਾ, ਬਲਵਿੰਦਰ ਸਿੰਘ ਭੁੱਲਰ, ਅਮਰਜੀਤ ਪੇਂਟਰ, ਡਾ: ਅਜੀਤਪਾਲ, ਅਮਰਜੀਤ ਜੀਤ, ਕਾ: ਮਹੀਂਪਾਲ, ਜੋਰਾ ਸਿਘ ਨਸਰਾਲੀ, ਤਰਸੇਮ ਬਸਰ, ਵਿਕਾਸ ਕੌਸ਼ਲ, ਅਸ਼ਵਨੀ ਘੁੱਦਾ, ਮਲਕੀਤ ਸਿੰਘ ਜੈਤੋ, ਨਵਲਕਾਰ ਯਾਦਵਿੰਦਰ ਸਿੰਘ ਸਿੱਧੂ ਆਦਿ ਵੀ ਹਾਜਰ ਸਨ।