
ਆਪਣੇ ਹੱਕਾਂ ਦੇ ਲਈ ਦਿੱਲੀ ਵਿਚ ਡਟੇ ਹੋਏ ਕਿਸਾਨਾਂ ਦੇ ਹੱਕ ਵਿੱਚ ਇਸ ਵੇਲੇ ਵਿਦੇਸ਼ਾਂ ਵਿਚ ਵੀ ਲਹਿਰ ਪੂਰੇ ਜ਼ੋਰ ਸ਼ੋਰ ਨਾਲ ਚੱਲ ਰਹੀ ਹੈ। ਇਸੇ ਲੜੀ ਤਹਿਤ ਆਸਟਰੇਲੀਆ ਦੇ ਵੱਖ ਵੱਖ ਸ਼ਹਿਰਾਂ ਵਿਚ ਵੀ ਬੀਤੇ ਦਿਨੀਂ ਭਾਰੀ ਇਕੱਤਰਤਾਵਾਂ ਤੇ ਮੁਜ਼ਾਹਰੇ ਹੋਏ । ਲੰਘੇ ਐਤਵਾਰ ਨੂੰ ਮੈਲਬੌਰਨ ‘ਚ ਬਹੁਤ ਵੱਡੀ ਗਿਣਤੀ ਵਿੱਚ ਕਿਸਾਨ ਦਰਦੀਆਂ ਵੱਲੋਂ ਕਾਰ ਰੈਲੀ ਕੱਢੀ ਗਈ ।

ਕਰੇਗੀਬਰਨ ਗੁਰੂ ਘਰ ਤੋਂ ਸ਼ੁਰੂ ਹੋਈ ਇਹ ਰੈਲੀ ਬਾਬਾ ਬਿਧੀ ਚੰਦ ਖਾਲਸਾ ਛਾਉਣੀ ਪਲੰਮਟਨ ਵਿਖੇ ਸਮਾਪਤ ਹੋਈ । ਹਜਾਰਾਂ ਕਾਰਾਂ ਜੀਪਾਂ, ਕਈ ਟਰੱਕ ਅਤੇ ਟਰੈਕਟਰ ਵੀ ਇਸ ਰੈਲੀ ਵਿੱਚ ਸ਼ਾਮਲ ਸਨ।

ਭਾਰਤ ਸਰਕਾਰ ਅਤੇ ਬਿੱਲਾਂ ਦੇ ਵਿਰੋਧ ‘ਚ ਅਤੇ ਕਿਸਾਨਾਂ ਦੇ ਹੱਕ ਵਿਚ ਲਿਖੀਆਂ ਇਬਾਰਤਾਂ ਵਾਲੀਆਂ ਤਖ਼ਤੀਆਂ ਲੋਕਾਂ ਨੇ ਹੱਥ ਵਿਚ ਫੜੀਆਂ ਹੋਈਆਂ ਸਨ ਅਤੇ ਕਾਰਾਂ ਦੇ ਉੱਤੇ ਪੋਸਟਰ ਚਿਪਕਾਏ ਹੋਏ ਸਨ । ਬੱਚੇ ਬੀਬੀਆਂ ਅਤੇ ਬਜ਼ੁਰਗ ਵੀ ਬਹੁਤ ਵੱਡੀ ਗਿਣਤੀ ਵਿਚ ਹਾਜ਼ਰ ਸਨ ।

ਇਸ ਬਾਬਤ ਇਸ ਰੈਲੀ ਦੇ ਮੁੱਖ ਪ੍ਰਬੰਧਕ ਸਰਦਾਰ ਗੁਰਦੇਵ ਸਿੰਘ ਹੁਰਾਂ ਨੇ ਦੱਸਿਆ ਕਿ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਵਿਰੁੱਧ ਦਿੱਲੀ ਮੋਰਚਾ ਲਾਈ ਬੈਠਾ ਕਿਸਾਨ ਵਰਗ ਆਪਣੇ ਆਪ ਨੂੰ ਇਕੱਲਾ ਨਾ ਸਮਝੇ। ਆਸਟਰੇਲੀਆ ਵਿੱਚ ਵਸਦਾ ਭਾਈਚਾਰਾ ਕਿਸਾਨਾਂ ਦੇ ਹੱਕ ਵਿਚ ਅਤੇ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਇਕਮੁੱਠ ਹੈ। ਕਰਮ ਭੂਮੀ ਤੋਂ ਅਸੀਂ ਇਨ੍ਹਾਂ ਬਿੱਲਾਂ ਵਿਰੁੱਧ ਆਵਾਜ਼ ਉਠਾਈ ਹੈ ਅਤੇ ਉਠਾਉਂਦੇ ਰਹਾਂਗੇ ।

ਇਸ ਪ੍ਰਦਰਸ਼ਨ ਦੌਰਾਨ ਨੌਜਵਾਨਾਂ ਦਾ ਉਤਸ਼ਾਹ ਦੇਖਣਯੋਗ ਸੀ। ਹਰ ਪਾਸੇ ਜੈਕਾਰੇ ਅਤੇ ਨਾਅਰੇ ਗੂੰਜ ਰਹੇ ਸਨ । ਇਸ ਮੌਕੇ ਦੋਵੇਂ ਗੁਰੂਘਰਾਂ ਵਿੱਚ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ।