ਪਰਥ ਵਿੱਚ ਭਾਰਤੀ ਭਾਈਚਾਰੇ ਵੱਲੋਂ ਕੱਢਿਆ ਗਿਆ ਰੋਸ ਮਾਰਚ

ਬੀਤੇ ਦਿਨੀਂ ਆਸਟ੍ਰੇਲੀਆ ਦੇ ਪਰਥ ਸ਼ਹਿਰ ਵਿਚ ਭਾਰਤੀ ਭਾਈਚਾਰੇ ਵੱਲੋਂ ਕਿਸਾਨ ਅੰਦੋਲਨ ਦੇ ਹੱਕ ਵਿਚ ਇੱਕ ਸ਼ਾਂਤੀ ਮਾਰਚ ਕੱਢਿਆ ਗਿਆ।  ਇਹ ਰੋਸ ਮਾਰਚ ਕਿਸਾਨ ਅੰਦੋਲਨ ਆਗੂਆਂ ਵੱਲੋਂ 26 ਅਤੇ 27 ਦਸੰਬਰ ਨੂੰ ਵਿਸ਼ਵ ਵਿਆਪੀ ਰੋਸ ਪ੍ਰਦਰਸ਼ਨ ਦੇ ਦਿੱਤੇ ਗਏ ਸੱਦੇ ਦੇ ਸਮਰਥਨ ਵਿਚ ਕੱਢਿਆ ਗਿਆ ਸੀ।

ਭਾਰਤੀ ਭਾਈਚਾਰੇ ਦੇ ਲੋਕ ਪਰਥ ਸ਼ਹਿਰ ਦੇ ਧੁਰੇ  ਵਿੱਚ ਸਵੇਰੇ 10 ਵਜੇ ਵੱਡੀ ਗਿਣਤੀ ਵਿੱਚ ਇਕੱਤਰ ਹੋਏ।ਲੋਕਾਂ ਨੇ ਆਪਣੇ ਹੱਥਾਂ ਵਿਚ ਕਿਸਾਨ ਅੰਦੋਲਨ ਦੀ ਹਮਾਇਤ ਵਿਚ   ਬੈਨਰ ਫੜੇ ਹੋਏ ਸਨ। ਇੱਥੋਂ ਪ੍ਰਦਰਸ਼ਨਕਾਰੀ ਪਰਥ ਦੀ ਮੁੱਖ ਮਾਰਕੀਟ ਵਿੱਚੋਂ ਦੀ ਹੁੰਦੇ ਹੋਏ ਭਾਰਤੀ ਕੌਂਸਲੇਟ ਜਨਰਲ ਦੇ ਦਫਤਰ ਵੱਲ ਗਏ।

ਸੇਂਟ ਜੌਰਜ ਟੈਰਸ ਤੇ ਬਣੇ ਭਾਰਤੀ ਸਫਾਰਤਖਾਨੇ ਦੇ ਮੂਹਰੇ ਜਾ ਕੇ ਲੋਕਾਂ ਦੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਭਾਜਪਾ ਸਰਕਾਰ ਵੱਲੋਂ ਗੈਰ ਸੰਵਿਧਾਨਿਕ ਤਰੀਕੇ ਨਾਲ ਪਾਸ ਕੀਤੇ ਗਏ ਖੇਤੀ ਬਿੱਲਾਂ ਕਾਰਨ ਹੋਏ ਲੋਕਤੰਤਰ ਦੇ  ਕਤਲ ਤੇ ਅਫਸੋਸ ਜਤਾਉਂਦਿਆਂ ਪ੍ਰਦਰਸ਼ਨਕਾਰੀਆਂ ਵੱਲੋਂ ਭਾਰਤੀ ਲੋਕਤੰਤਰ ਦੀ ਮੌਤ ਤੇ ਸ਼ਰਧਾਂਜਲੀ ਦੇ ਫੁੱਲ ਭੇਂਟ ਕੀਤੇ ਗਏ।  

ਪ੍ਰਦਰਸ਼ਨਕਾਰੀਆਂ ਨੇ ਸੜਕ ਦੇ ਦੋਵਾਂ ਕਿਨਾਰਿਆਂ ਦੇ ਹੱਥਾਂ ਵਿੱਚ ਬੈਨਰ ਫੜ ਕੇ ਮਨੁੱਖੀ ਲੜੀ ਬਣਾਈ। ਵੱਖ ਵੱਖ ਬੁਲਾਰਿਆਂ ਨੇ ਆਪਣੇ ਭਾਸ਼ਣ ਵਿਚ ਭਾਰਤ ਸਰਕਾਰ ਦੇ ਅੜੀਅਲ ਰਵੱਈਏ ਦੀ ਵੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ।

ਮੋਰਚੇ ਦੌਰਾਨ ਸ਼ਹੀਦ ਹੋਏ ਕਿਸਾਨਾਂ ਬਾਰੇ ਵੀ ਅਫਸੋਸ ਜਤਾਇਆ ਗਿਆ। ਬੁਲਾਰਿਆਂ ਨੇ ਕਿਹਾ ਕਿ ਉਹ ਆਪਣੇ ਕਿਸਾਨ ਭਰਾਵਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਨ। ਜਦ ਤੱਕ ਭਾਰਤ ਸਰਕਾਰ ਖੇਤੀ ਤੇ ਲਾਗੂ ਕੀਤੇ ਗਏ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ। ਓਦੋਂ ਤੱਕ ਓਹ ਸਮੇਂ ਸਮੇਂ ਤੇ ਕਿਸਾਨ ਮੋਰਚੇ ਦੀ ਹਮਾਇਤ ਵਿਚ ਪ੍ਰਦਰਸ਼ਨ ਕਰਦੇ ਰਹਿਣਗੇ।

(ਹਰਲਾਲ ਸਿੰਘ) harlal_bains@yahoo.co.in

Install Punjabi Akhbar App

Install
×