ਕਾਂਗਰਸੀ ਆਗੂਆਂ ਨੇ ‘ਕਿਸਾਨ ਅੰਦੋਲਨ’ ਦੀ ਹਮਾਇਤ ਵਿੱਚ ਲਾਇਆ ਰੋਸ ਧਰਨਾ!

ਕੇਂਦਰ ਦੀ ਭਾਜਪਾ ਸਰਕਾਰ ਦੀਆਂ ਲੋਕਮਾਰੂ ਨੀਤੀਆਂ ਨਿੰਦਣਯੋਗ : ਅਜੈਪਾਲ ਸੰਧੂ

ਕੋਟਕਪੂਰਾ:- ਸਥਾਨਕ ਬੱਤੀਆਂ ਵਾਲੇ ਚੌਂਕ ‘ਚ ਕਿਸਾਨ ਜਥੇਬੰਦੀਆਂ ਦੇ ਭਾਰਤ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਦੇ ਮੰਤਵ ਨਾਲ ਕਾਂਗਰਸ ਕਮੇਟੀ ਵਲੋਂ ਦਿੱਤੇ ਗਏ ਰੋਸ ਧਰਨੇ ਦੌਰਾਨ ਜਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਜੈਪਾਲ ਸਿੰਘ ਸੰਧੂ ਸਮੇਤ ਵੱਖ ਵੱਖ ਗੈਰ ਸਿਆਸੀ ਜਥੇਬੰਦੀਆਂ ਦੇ ਅਹੁਦੇਦਾਰਾਂ ਅਤੇ ਕਾਂਗਰਸੀ ਆਗੂਆਂ ਨੇ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਲੋਕਮਾਰੂ ਨੀਤੀਆਂ ਦੀ ਅੰਕੜਿਆਂ ਸਹਿਤ ਦਲੀਲਾਂ ਦੇ ਦੇ ਕੇ ਨੁਕਤਾਚੀਨੀ ਕੀਤੀ। ਆਪਣੇ ਸੰਬੋਧਨ ਦੌਰਾਨ ਅਜੈਪਾਲ ਸਿੰਘ ਸੰਧੂ, ਗੁਰਬੀਰ ਸਿੰਘ ਸੰਧੂ, ਕੁੱਕੀ ਚੋਪੜਾ, ਦਰਸ਼ਨ ਸਿੰਘ ਸਹੋਤਾ, ਵਰਿੰਦਰ ਸ਼੍ਰੀਮਾਨ, ਦਰਸ਼ਨ ਸਿੰਘ ਭੱਟੀ, ਐਡਵੋਕੇਟ ਵਿਨੋਦ ਮੈਨੀ, ਸ਼ਹਿਬਾਜ ਸਿੰਘ ਬਰਾੜ ਸਮੇਤ ਵੱਖ-ਵੱਖ ਬੁਲਾਰਿਆਂ ਨੇ ਦਾਅਵਾ ਕੀਤਾ ਕਿ ਭਾਜਪਾ ਸਰਕਾਰ ਵੀ ਅੰਗਰੇਜ਼ਾਂ ਦੀ ਨੀਤੀ ਤਹਿਤ ਪਾੜੋ ਤੇ ਰਾਜ ਕਰੋ ਦੀ ਨੀਤੀ ਅਪਣਾਅ ਕੇ ਕਿਸਾਨ ਅਦੋਲਨ ਨੂੰ ਤਾਰਪੀਡੋ ਕਰਨ ਦੀ ਤਾਕ ‘ਚ ਹੈ। ਪਰ ਇਸ ਸਮੇਂ ਦੇਸ਼ ਭਰ ਦੇ ਕਿਸਾਨ, ਮਜਦੂਰ, ਵਪਾਰੀ ਅਤੇ ਮੁਲਾਜ਼ਮ ਵਰਗ ਦੀ ਏਕਤਾ ਅਤੇ ਹਰ ਐਕਸ਼ਨ ਦੇ ਤਾਲਮੇਲ ਨੇ ਭਾਜਪਾ ਦੀ ਰਣਨੀਤੀ ਨੂੰ ਫੇਲ ਕਰਕੇ ਰੱਖ ਦਿੱਤਾ ਹੈ। ਉਨਾਂ ਕੜਾਕੇ ਦੀ ਠੰਢ ‘ਚ ਜੰਗਲ ਵਰਗੀਆਂ ਬੀਆਬਾਨ, ਸੁੰਨੀਆਂ ਸੜਕਾਂ ‘ਤੇ ਆਪਣੇ ਪਰਿਵਾਰਾਂ ਸਮੇਤ ਕੰਬਲ ਜਾਂ ਲੋਈ ‘ਚ ਰਾਤਾਂ ਬਤੀਤ ਕਰ ਰਹੇ ਕਿਸਾਨ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਆਖਿਆ ਕਿ ਹਰਿਆਣੇ ਦੀ ਖੱਟਰ ਸਰਕਾਰ ਨੇ ਜਿਸ ਤਰਾਂ ਦਿੱਲੀ ਵੱਲ ਸ਼ਾਂਤਮਈ ਚਾਲੇ ਪਾ ਰਹੇ ਕਿਸਾਨਾ ਨਾਲ ਬੇਗਾਨਗੀ ਅਤੇ ਵਿਤਕਰੇਬਾਜੀ ਵਾਲਾ ਸਲੂਕ ਕੀਤਾ, ਉਸ ਨੇ ਹਰਿਆਣੇ ਦੇ ਬੱਚੇ ਬੱਚੇ ਨੂੰ ਖੱਟਰ ਅਤੇ ਉਸਦੀ ਕੈਬਨਿਟ ਦੀ ਅਸਲ ਤਸਵੀਰ ਸਪੱਸ਼ਟ ਕਰ ਦਿੱਤੀ ਹੈ। ਜਿਸ ਦਾ ਖਮਿਆਜਾ ਅਗਾਮੀ ਸਮੇਂ ‘ਚ ਹਰਿਆਣਾ ਭਾਜਪਾ ਨੂੰ ਲੋਕ ਕਚਹਿਰੀ ‘ਚ ਦੇਣਾ ਪਵੇਗਾ। ਇਸ ਮੌਕੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਣ ਵਾਲੇ ਨੌਜਵਾਨਾ, ਬਜ਼ੁਰਗਾਂ, ਮਾਤਾਵਾਂ ਅਤੇ ਹੋਰ ਸਹਿਯੋਗੀਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਦੋ ਮਿੰਟ ਦਾ ਮੋਨ ਵੀ ਧਾਰਿਆ ਗਿਆ।
ਸਬੰਧਤ ਤਸਵੀਰ ਵੀ।

Install Punjabi Akhbar App

Install
×