ਐਡੀਲੇਡ ਦੇ ਪਿੰਡ “ਮੁਰੇ ਬ੍ਰਿਜ” ਵਿੱਚ ਕਿਸਾਨੀ ਅੰਦੋਲਨ ਦੇ ਹੱਕ ਵਿੱਚ ਵੱਡੇ ਸਮਾਗਮ

ਐਡੀਲੇਡ – ਕਿਸਾਨੀ ਸੰਘਰਸ਼ ਪੰਜਾਬ ਅਤੇ ਦਿੱਲੀ ਤੋਂ ਹੁੰਦਾ ਹੋਇਆ ਸਾਰੇ ਸੰਸਾਰ ਵਿੱਚ ਫੈਲ ਚੁੱਕਿਆ। ਦੁਨੀਆਂ ਦਾ ਸ਼ਾਇਦ ਹੀ ਕੋਈ ਐਸਾ ਮੁਲਕ ਹੋਵੇ ਜਿੱਥੋਂ ਕਿਸਾਨਾਂ ਦੇ ਹੱਕ ਵਿੱਚ ਕੋਈ ਮੂਹਰੇ ਨਾ ਆਇਆ ਹੋਵੇ। ਆਸਟੇ੍ਲੀਆ ਦੇ ਹੋਰ ਸ਼ਹਿਰਾਂ ਵਾਂਗ ਐਡੀਲੇਡ ਦਾ ਭਾਈਚਾਰਾ ਕਿਸਾਨ ਭਰਾਵਾਂ ਨਾਲ ਮੋਡੇ ਨਾਲ ਮੋਡਾ ਜੋੜਕੇ ਖੜਾ। ਇੱਥੇ ਕਿਸਾਨਾਂ ਦੇ ਹੱਕ ਵਿੱਚ ਹਰ ਹਫ਼ਤੇ ਲੜੀਵਾਰ ਰੋਸ ਪ੍ਰਦਰਸ਼ਨ ਹੋ ਰਹੇ ਹਨ। ਇਸੇ ਲੜੀ ਤਹਿਤ ਲੰਘੇ ਦਿਨ ਐਡੀਲੇਡ ਦੇ ਨੇੜਲੇ ਪਿੰਡ ਮੁਰੇ ਬ੍ਰਿਜ ਵਿੱਚ ਜਗਤਾਰ ਨਾਗਰੀ ਤੇ ਪੰਜਾਬੀ ਭਾਈਚਾਰੇ ਵੱਲੋਂ ਰੋਸ ਪ੍ਰਦਰਸ਼ਨ ਉਲੀਕਿਆ ਗਿਆ ਜਿਸ ਵਿੱਚ ਐਡੀਲੇਡ ਅਤੇ ਨਾਲ ਵੱਸਦੇ ਕਸਬਿਆਂ ਵਿੱਚੋਂ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਲੋਕਾਂ ਨੇ ਮੋਦੀ ਸਰਕਾਰ ਦੇ ਵਿਰੋਧ ਅਤੇ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ।

ਇਸ ਮੌਕੇ ਪਹੁੰਚੀਆਂ ਸਨਮਾਨਯੋਗ ਸ਼ਖ਼ਸੀਅਤਾਂ ਨੇ ਵੱਖ-ਵੱਖ ਵੰਨਗੀਆਂ ਰਾਹੀਂ ਆਪਣੇ ਵਿਚਾਰ ਰੱਖੇ। ਇਸ ਦੌਰਾਨ ਮਹਿੰਗਾ ਸਿੰਘ ਸੰਗਰ ਦੀ ਟੀਮ ਵੱਲੋਂ ਕਿਸਾਨੀ ਸੰਘਰਸ਼ ਦੀ ਬਾਤ ਪਾਉਂਦਾ ਨਾਟਕ ਮਦਾਰੀ ਵੀ ਖੇਡਿਆ ਗਿਆ। ਸਟੇਜ ਦੀ ਜ਼ੁੰਮੇਵਾਰੀ ਮੋਹਨ ਸਿੰਘ ਮਲਹਾਂਸ ਨੇ ਬਾਖੂਬੀ ਨਿਭਾਈ। ਇਸ ਮੌਕੇ ਸਮਾਗਮ ਦੇ ਪ੍ਰਬੰਧਕ ਜਗਤਾਰ ਨਾਗਰੀ ਵੱਲੋਂ ਪਹੁੰਚੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਸਮਾਗਮ ਦਾ ਸਿਖਰ ਬੀਬੀਆਂ ਵੱਲੋਂ ਮੋਦੀ ਨੂੰ ਲਾਹਣਤਾਂ ਪਾਉਂਦੀਆਂ ਬੋਲੀਆਂ ਨਾਲ ਹੋਇਆ। ਇਸ ਮੋਕੇ ਉੱਥੇ ਪਹੁੰਚੀਆਂ ਵੱਖ- ਵੱਖ ਸੰਸਥਾਵਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਵੱਲੋਂ ਬਿਲ ਵਾਪਸ ਨਾ ਲਏ ਜਾਣ ਤੱਕ ਐਡੀਲੇਡ ਦੇ ਵੱਖ- ਵੱਖ ਹਿੱਸਿਆਂ ਵਿੱਚ ਮੋਦੀ ਸਰਕਾਰ ਦੇ ਵਿਰੋਧ ਵਿੱਚ ਇਹ ਪ੍ਰਦਰਸ਼ਨ ਇਸੇ ਤਰਾਂ ਵੱਡੇ ਪੱਧਰ ਤੇ ਜਾਰੀ ਰਹਿਣਗੇ। ਇਸ ਮੋਕੇ ਵਿਸ਼ੇਸ਼ ਤੌਰ ਤੇ ਆਸਟੇ੍ਲੀਅਨ ਸਿੱਖ ਸਪੋਰਟਸ, ਗੁਰਦੁਆਰਾ ਸਰਬੱਤ ਖਾਲਸਾ ਪ੍ਰੋਸਪੈਕਟ ਅਤੇ ਗੁਰੂ ਨਾਨਕ ਦਰਬਾਰ ਐਲਨਬੇ ਗਾਰਡਨ ਵੱਲੋ ਲੰਗਰ ਅਤੇ ਠੰਡੇ ਜਲ਼ ਦੀ ਸੇਵਾ ਕੀਤੀ ਗਈ।

(ਕਰਨ ਬਰਾੜ) brar00045@gmail.com

Install Punjabi Akhbar App

Install
×