ਪ੍ਰਿਸੀਪਲ ਹਰਭਜਨ ਸਿੰਘ ਜੀ ਦਾ ਵਿੱਦਿਅਕ ਅਤੇ ਖੇਡ ਸੰਸਾਰ

ਪ੍ਰੋ.ਅਜੀਤ ਲੰਗੇਰੀ ਜੀ ਕੋਲ ਜਿੱਥੇ ਬੜੀ ਮਧੁਰ ਆਵਾਜ਼ ਹੈ ਉਥੇ ਉਹਨਾਂ ਕੋਲ ਸਿਰਜਣਾ ਲਈ ਕਮਾਲ ਦਾ ਸ਼ਬਦ ਭੰਡਾਰ ਵੀ ਮੌਜੂਦ ਹੈ।ਖਾਲਸਾ ਕਾਲਜ ਮਾਹਿਲਪੁਰ ਦੇ ਵਿਦਿਆਰਥੀ ਤੇ ਬਾਅਦ ਵਿਚ ਇਸੇ ਕਾਲਜ ਦੇ ਪ੍ਰੋਫੈਸਰ ਬਣਕੇ ਉਹਨਾਂ ਸੰਦਲੀ ਪੈੜਾਂ ਪਾਈਆਂ ਹਨ।ਬੱਚਿਆਂ,ਮਾਪਿਆਂ ਅਤੇ ਆਮ ਜਨਤਾ ਦੇ ਦਿਲ ਵਿਚ ਘਰ ਬਣਾਇਆ ਹੈ।ਜੇਕਰ ਪ੍ਰਿੰਸੀਪਲ ਹਰਭਜਨ ਸਿੰਘ ਜੀ ਬਾਰੇ ਗੱਲ ਕਰਨੀ ਹੋਵੇ ਤਾਂ ਉਹ ਡਾ. ਗੁਲਜ਼ਾਰ ਸੰਧੂ ਤੋਂ ਬਾਅਦ ਪ੍ਰੋ.ਅਜੀਤ ਲੰਗੇਰੀ ਹੀ ਸਮਰੱਥ ਹਨ ਕਿਉਂਕਿ ਉਹਨਾਂ ਦਾ ਸੰਬੰਧ ਤਿੰਨ ਪੀੜ੍ਹੀਆਂ ਨਾਲ ਜੁੜਦਾ ਹੈ।1946 ਵਿਚ ਸਥਾਪਤ ਕੀਤੇ ਗਏ ਕਾਲਜ ਦੇ ਇਤਿਹਾਸ ਨੂੰ ਸਮੇਟਣ ਲਈ ਜਿਥੇ ਮਣਾਂਮੂੰਹੀ ਕਾਗਜ਼ਾਂ ਦੀ ਜ਼ਰੂਰਤ ਹੈ ਉਥੇ ਪ੍ਰਿੰਸੀਪਲ ਹਰਭਜਨ ਸਿੰਘ ਦੀ ਦੇਣ ਨੂੰ ਬਿਆਨਣ ਲਈ ਤਾਂ ਸ਼ਬਦ ਭੰਡਾਰ ਵੀ ਊਣਾ ਜਾਪਣ ਲਗ ਪੈਂਦਾ ਹੈ।ਇਸ ਗੱਲ ਦਾ ਖੁਲਾਸਾ ਇਸਦੇ ਲੇਖਕ ਨੇ ਆਪਣੇ ਸ਼ਬਦਾਂ ਵਿਚ ਕੀਤਾ ਹੈ।ਜੇਕਰ ਪ੍ਰਿੰਸੀਪਲ ਹਰਭਜਨ ਸਿੰਘ ਅਤੇ ਉਹਨਾਂ ਦੀ ਪ੍ਰੇਰਨਾ ਨਾ ਹੁੰਦੀ ਤਾਂ ਸ਼ਾਇਦ ਇਸ ਇਲਾਕੇ ਦੀ ਅਜ ਤਕ ਚਰਚਾ ਨਾ ਹੁੰਦੀ।ਜੀਵਨ ਦੇ ਹਰ ਖੇਤਰ ਅਤੇ ਦੇਸ਼ ਵਿਦੇਸ਼ ਵਿਚ ਸ਼ਾਨਦਾਰ ਮੁਕਾਮ ਹਾਸਿਲ ਕਰਨ ਵਾਲਿਆਂ ਵਿਚੋਂ ਬਹੁਤੇ ਇਸੇ ਕਾਲਜ ਦੇ ਵਿਦਿਆਰਥੀ ਰਹੇ ਹਨ।ਪ੍ਰਿੰਸੀਪਲ ਹਰਭਜਨ ਸਿੰਘ ਜੀ ਨੇ ਕਰਮਯੋਗੀ ਬਣਕੇ ਜਿਹੜੀਆਂ ਪੈੜਾਂ ਪਾਈਆਂ ਉਹਨਾਂ ਤੇ ਚਲਦੀ ਇਹ ਸੰਸਥਾ ਅਜ ਵੀ ਪੂਰੇ ਵਿਸ਼ਵ ਵਿਚ ਮਸ਼ਹੂਰ ਹੈ।ਮਾਹਿਲਪੁਰ ਨੂੰ ਫੁੱਟਬਾਲ ਅਤੇ ਵਿੱਦਿਆ ਦਾ ਕੇਂਦਰ ਬਨਾਉਣ ਲਈ ਉਹਨਾਂ ਆਪਣਾ ਸਭ ਕੁਝ ਕੁਰਬਾਨ ਕੀਤਾ ਅਤੇ ਸਾਰੀ ਉਮਰ ਮੁਫਤ ਸੇਵਾ ਕੀਤੀ।ਇਸ ਦੇਣ ਨੂੰ ਸਮੁੱਚਾ ਇਲਾਕਾ ਸਦਾ ਸਲਾਮ ਕਰਦਾ ਹੈ।
ਲੇਖਕ ਨੇ ਇਸ ਪੁਸਤਕ ਵਿਚ 55 ਨਿੱਕੇ ਵੱਡੇ ਲੇਖ ਦਰਜ ਕੀਤੇ ਹਨ।ਜਿਹਨਾਂ ਰਾਹੀਂ ਪ੍ਰਿੰਸੀਪਲ ਸਾਹਿਬ ਜੀ ਦੀ ਸਰਬਪੱਖੀ ਦੇਣ ਨੂੰ ਸਨਮਾਨਿਆ ਗਿਆ ਹੈ।ਖਾਸ ਗੱਲ ਇਹ ਹੈ ਕਿ ਉਹਨਾਂ ਇਸ ਸੰਸਥਾ ਵਿਚ ਚੋਟੀ ਦੇ ਸਟਾਫ ਮੈਂਬਰ ਭਰਤੀ ਕਰਕੇ ਖੁਦ ਅਗਵਾਈ ਦਿੱਤੀ।ਸਿਹਤ ਸਿੱਖਿਆ ਅਤੇ ਸੇਧ ਦੇਣ ਵਿਚ ਕੋਈ ਕਸਰ ਬਾਕੀ ਨਾ ਛੱਡੀ।ਉਚੀਆਂ ਪਦਵੀਆਂ ਪ੍ਰਾਪਤ ਕਰਨ ਵਾਲੇ ਸੈਂਕੜੇ ਵਿਦਿਆਰਥੀਆਂ ਅਤੇ ਕੌਮਾਂਤਰੀ ਪੱਧਰ ਤੇ ਮੱਲਾਂ ਮਾਰਨ ਵਾਲੇ ਖਿਡਾਰੀਆਂ ਦਾ ਵਿਸ਼ੇਸ਼ ਜ਼ਿਕਰ ਕੀਤਾ ਗਿਆ ਹੈ।ਇਸ ਪੁਸਤਕ ਦਾ ਆਰੰਭ ਅਸਲ ਵਿਚ 1920 ਦੇ ਦਹਾਕੇ ਤੋਂ ਆਰੰਭ ਹੋ ਕੇ 2021 ਤਕ ਦਾ ਸੌ ਸਾਲ ਦਾ ਸਫਰ ਪੇਸ਼ ਕਰਦਾ ਹੈ।ਸਮੁੰਦਰ ਵਰਗੇ ਇਤਿਹਾਸ ਨੂੰ ਸਮੇਟਣ ਦੀ ਕਲਾ ਲੇਖਕ ਨੇ ਇਸ ਪੁਸਤਕ ਵਿਚ ਦਿਖਾਈ ਹੈ।ਨਵੀਂ ਪਨੀਰੀ ਲਈ ਤਾਂ ਇਹ ਪੁਸਤਕ ਉਤਸ਼ਾਹ ਦਾ ਅਮੋਲਕ ਖਜ਼ਾਨਾ ਹੈ।ਕਰਮਯੋਗੀ ਪ੍ਰਿੰਸੀਪਲ ਨੇ ਇਲਾਕੇ ਨੂੰ ਹਰ ਪੱਖਂ ਵਿਕਸਤ ਕਰਨ ਲਈ ਪੂਰੇ ਪੰਜਾਬ ਵਿਚ ਚੁਣਵੇਂ ਕਰਮਚਾਰੀ ਤੇ ਪ੍ਰੋਫੈਸਰ ਇਥੇ ਲਿਆਂਦੇ ਜਿਹਨਾਂ ਨਵੀਂ ਪਨੀਰੀ ਨੂੰ ਐਸੀ ਪਿਉਂਦ ਚਾੜ੍ਹੀ ਕਿ ਉਚੇ ਅੰਬਰੀ ਉਡਾਰੀਆਂ ਮਾਰਨ ਲੱਗੇ।ਦੇਸ਼ ਵਿਦੇਸ਼ ਵਿਚ ਵਿਭਾਗਾਂ ਦੇ ਮੁਖੀ,ਵਿਗਿਆਨੀ,ਬ੍ਰਗੇਡੀਅਰ,ਪ੍ਰਿੰਸੀਪਲ,ਮੰਤਰੀ,ਸਾਹਿਤ ਅਕੈਡਮੀ ਸਨਮਾਨਿਤ ਸਾਹਿਤਕਾਰ,ਅਰਜਨ ਅਵਾਰਡੀ ਫੁੱਟਬਾਲਰ,ਉੱਦਮੀ,ਸਮਾਜ ਸੇਵਕ,ਡਾਕਟਰ,ਇੰਜਨੀਅਰ ਬਣੇ ਇਥੋਂ ਦੇ ਵਿਦਿਆਰਥੀ ਇਸ ਕਾਲਜ ਨੂੰ ਸਦਾ ਨਮਸਕਾਰ ਕਰਦੇ ਹਨ।ਉਹਨਾਂ ਦੀ ਯਾਦ ਵਿਚ ਸਥਾਪਿਤ ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਵਲੋਂ ਹਰ ਸਾਲ ਕੌਮੀ ਪੱਧਰ ਦਾ ਫੁੱਟਬਾਲ ਟੂਰਨਾਮੈਂਟ ਪਿਛਲੇ ਛੇ ਦਹਾਕਿਆਂ ਤੋਂ ਨਿਰੰਤਰ ਚਲਾਇਆ ਜਾ ਰਿਹਾ ਹੈ।
ਪੁਸਤਕ ਦੇ ਅਖੀਰ ਵਿਚ 48 ਪੰਨਿਆਂ ਤੇ ਛਾਪੀਆਂ ਗਈਆਂ ਰੰਗ ਬਰੰਗੀਆਂ ਇਤਿਹਾਸਕ/ ਯਾਦਗਾਰੀ ਤਸਵੀਰਾਂ ਇਸਦੇ ਮੁੱਲ ਅਤੇ ਰੌਚਕਤਾ ਵਿਚ ਵਾਧਾ ਕਰਨ ਵਾਲੀਆਂ ਹਨ।ਇਸ ਪੁਸਤਕ ਦੀ ਜਿਥੇ ਇਤਿਹਾਸਕ ਮਹੱਤਤਾ ਹੈ ਉਥੇ ਵਿੱਦਿਅਕ ਅਤੇ ਖੇਡ ਖੇਤਰ ਲਈ ਵਿਸ਼ੇਸ਼ ਮੁੱਲ ਹੈ।ਸਿੱਖਿਆ ਜਗਤ ਵਿਚ ਲੜਕੀਆਂ ਦੇ ਦਾਖਲੇ ਬਾਰੇ ਬੜੇ ਰੌਚਕ ਤੱਥ ਪੇਸ਼ ਕੀਤੇ ਗਏ ਹਨ।ਖਾਲਸਾ ਹਾਈ ਸਕੂਲ ਅਤੇ ਸ਼੍ਰੀ ਗੁਰੁ ਗੋਬਿੰਦ ਸਿੰਘ ਖਾਲਸਾ ਕਾਲਜ ਦੇ ਹਰ ਪਹਿਲੂ ਬਾਰੇ ਸੰਖੇਪ ਪਰ ਪ੍ਰਭਾਵਸ਼ਾਲੀ ਢੰਗ ਨਾਲ ਰੌਸ਼ਨੀ ਪਾਈ ਗਈ ਹੈ।ਦੇਸ਼ ਵਿਦੇਸ਼ ਵਿਚ ਵਸਦੇ ਇਲਾਕਾ ਨਿਵਾਸੀਆਂ ਤੋਂ ਇਲਾਵਾ ਮਾਹਿਲਪੁਰ ਇਲਾਕੇ ਨਾਲ ਸੰਬੰਧਤ ਹਰ ਸ਼ਖਸ਼ ਨੂੰ ਇਹ ਪੁਸਤਕ ਜ਼ਰੂਰ ਪੜ੍ਹਨੀ ਚਾਹੀਦੀ ਹੈ।ਇਸਦੇ ਪਾਠ ਨਾਲ ਉਸ ਅੰਦਰ ਨਵੀਆਂ ਸੰਭਾਵਨਾਵਾਂ ਉਜਾਗਰ ਹੋਣਗੀਆਂ।ਇਹ ਮੇਰਾ ਵਿਸ਼ਵਾਸ ਹੈ।ਜੇਕਰ ਇਸ ਪੁਸਤਕ ਵਿਚ ਸਕੂਲ ਦੇ ਖੇਡ ਮੈਦਾਨ ਵਿਚ 1990 ਦੇ ਦਹਾਕੇ ਵਾਲੇ ਸ਼ੌਂਕੀ ਮੇਲੇ ਦਾ ਜ਼ਿਕਰ ਹੋ ਜਾਂਦਾ ਤਾਂ ਇਸਦੀ ਚਰਚਾ ਸੱਭਿਆਚਾਰਕ ਹਲਕਿਆਂ ਵਿਚ ਵੀ ਛਿੜ ਪੈਣੀ ਸੀ।ਪ੍ਰਿੰਸੀਪਲ ਹਰਭਜਨ ਸਿੰਘ ਜੀ ਨੂੰ ਸ਼ਰਧਾਂਜਲੀ ਵਜ਼ੋਂ ਭੇਟ ਇਹ ਪੁਸਤਕ ਸਾਨੂੰ ਉਹਨਾਂ ਦੁਆਰਾ ਪਾਏ ਪੂਰਨਿਆਂ ਤੇ ਚੱਲਣ ਲਈ ਵੀ ਤਿਆਰ ਕਰਦੀ ਹੈ।ਇਸ ਕਿਰਤ ਨਾਲ ਮਾਹਿਲਪੁਰ ਦੇ ਮਾਣ ਸਨਮਾਨ ਵਿਚ ਜ਼ਿਕਰਯੋਗ ਵਾਧਾ ਹੋਵੇਗਾ।ਇਸ ਖੋਜ ਕਾਰਜ ਤੋਂ ਆਉਣ ਵਾਲੀਆਂ ਨਸਲਾਂ ਆਪਣੀ ਅਮੀਰ ਵਿਰਾਸਤ ਤੇ ਸਿਰਫ ਝਾਤੀ ਹੀ ਨਹੀਂ ਮਾਰਨਗੀਆਂ ਸਗੋਂ ਸਦਾ ਲਈ ਮਾਣ ਵੀ ਮਹਿਸੂਸ ਕਰਦੀਆਂ ਰਹਿਣਗੀਆਂ।

(ਰੀਵਿਊਕਾਰ) – ਬਲਜਿੰਦਰ ਮਾਨ +91 98150-18947
karumblan1995@gmail.com

Install Punjabi Akhbar App

Install
×