ਬਰਤਾਨੀਆ ਦੇ ਪ੍ਰਿੰਸ ਫਿਲਿਪ ਦਾ 99 ਸਾਲ ਦੀ ਉਮਰ ਵਿੱਚ ਹੋਇਆ ਦੇਹਾਂਤ

ਗਲਾਸਗੋ/ ਲੰਡਨ -ਬਰਤਾਨੀਆ ਦੇ ਰਾਜਕੁਮਾਰ ਫਿਲਿਪ ਦੀ ਸ਼ੁੱਕਰਵਾਰ ਦੇ ਦਿਨ 99 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਹੈ। ਇਸ ਸੰਬੰਧੀ ਬਕਿੰਘਮ ਪੈਲੇਸ ਨੇ ਐਲਾਨ ਕੀਤਾ ਹੈ ਕਿ ਐਡੀਨਬਰਾ ਦੇ ਡਿਊਕ ਆਫ ਪ੍ਰਿੰਸ ਫਿਲਿਪ ਦੀ 99 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਹੈ। ਬਕਿੰਘਮ ਪੈਲੇਸ ਦੇ ਇੱਕ ਬਿਆਨ ਵਿੱਚ ਅਨੁਸਾਰ ਮਹਾਰਾਣੀ ਨੇ ਆਪਣੇ ਪਤੀ ਪ੍ਰਿੰਸ ਫਿਲਿਪ ਦੀ ਮੌਤ ਦੀ ਘੋਸ਼ਣਾ ਕੀਤੀ ਹੈ ਕਿ ਉਹ ਅੱਜ ਸਵੇਰੇ ਵਿੰਡਸਰ ਕੈਸਲ ਵਿਖੇ ਸ਼ਾਂਤਮਈ ਢੰਗ ਨਾਲ ਅਕਾਲ ਚਲਾਣਾ ਕਰ ਗਏ ਹਨ। ਰਾਇਲ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਉਹਨਾਂ ਦੀ ਮੌਤ ਦੀ ਜਾਣਕਾਰੀ ਦਿੱਤੀ ਗਈ ਹੈ, ਜਦਕਿ ਸੋਗ ਕਰਨ ਵਾਲੇ ਲੋਕਾਂ ਨੇ ਬਕਿੰਘਮ ਪੈਲੇਸ ਦੇ ਬਾਹਰ ਫੁੱਲ ਰੱਖਣ ਦੀ ਸ਼ੁਰੂਆਤ ਕਰ ਦਿੱਤੀ ਹੈ। ਪ੍ਰਿੰਸ ਫਿਲਿਪ ਦਾ ਹਾਲ ਹੀ ਵਿੱਚ ਕਿੰਗ ਐਡਵਰਡ ਸੱਤਵੇਂ ਹਸਪਤਾਲ ਅਤੇ ਸੇਂਟ ਬਾਰਥੋਲੋਮਿਓ ਹਸਪਤਾਲ ਵਿੱਚ ਇਲਾਜ ਕੀਤਾ ਗਿਆ ਸੀ।ਉਹ ਹਸਪਤਾਲ ਵਿੱਚ ਇੱਕ ਮਹੀਨਾ ਬਿਤਾਉਣ ਤੋਂ ਬਾਅਦ ਰਾਣੀ ਨੂੰ ਦੁਬਾਰਾ ਮਿਲਣ ਲਈ 16 ਮਾਰਚ ਨੂੰ ਵਿੰਡਸਰ ਕੈਸਲ ਵਾਪਸ ਪਰਤੇ ਸਨ। ਪ੍ਰਿੰਸ ਜੂਨ ਵਿੱਚ ਆਪਣੇ 100 ਵੇਂ ਜਨਮਦਿਨ ਤੋਂ ਸਿਰਫ ਦੋ ਮਹੀਨੇ ਹੀ ਦੂਰ ਸਨ। ਆਉਣ ਵਾਲੇ ਦਿਨਾਂ ਵਿੱਚ ਫਿਲਿਪ ਲਈ ਅੰਤਮ ਸੰਸਕਾਰ ਦਾ ਪ੍ਰਬੰਧ ਕੀਤਾ ਜਾਵੇਗਾ ਅਤੇ ਉਹਨਾਂ ਨੂੰ ਵਿੰਡਸਰ ਕੈਸਲ ਦੇ ਮੈਦਾਨ ਵਿੱਚ ਫਰੱਗਮੋਰ ਗਾਰਡਨ ਵਿੱਚ ਦਫ਼ਨਾਇਆ ਜਾਵੇਗਾ। ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਡਾਉਨਿੰਗ ਸਟ੍ਰੀਟ ਦੇ ਬਾਹਰ ਪ੍ਰਿੰਸ ਫਿਲਿਪ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਪ੍ਰਿੰਸ ਫਿਲਿਪ 10 ਜੂਨ, 1921 ਨੂੰ ਯੂਨਾਨ ਅਤੇ ਡੈੱਨਮਾਰਕੀ ਸ਼ਾਹੀ ਪਰਿਵਾਰਾਂ ਵਿੱਚ ਯੂਨਾਨ ਵਿੱਚ ਪੈਦਾ ਹੋਏ ਸਨ। ਉਸਦੀ ਮਾਂ ਰਾਜਕੁਮਾਰੀ ਐਲੀਸ ਆਫ਼ ਬੈਟਨਬਰਗ ਮਹਾਰਾਣੀ ਵਿਕਟੋਰੀਆ ਦੀ ਪੜਪੋਤੀ ਸੀ ਅਤੇ ਉਸ ਦਾ ਜਨਮ ਵਿੰਡਸਰ ਕੈਸਲ ਵਿਚ ਹੋਇਆ ਸੀ ਜਦੋਂ ਕਿ ਉਸ ਦਾ ਪਿਤਾ ਯੂਨਾਨ ਦਾ ਰਾਜਕੁਮਾਰ ਐਂਡਰਿਊ ਸੀ। ਜਦੋਂ ਉਹ 18 ਮਹੀਨਿਆਂ ਦਾ ਸੀ, ਯੂਨਾਨ ਦੇ ਸ਼ਾਹੀ ਪਰਿਵਾਰ ਦਾ ਤਖਤਾ ਪਲਟ ਗਿਆ ਸੀ । ਫਿਲਿਪ ਦੀ ਪੜ੍ਹਾਈ ਫਰਾਂਸ, ਜਰਮਨੀ ਅਤੇ ਯੂਕੇ ਵਿੱਚ ਹੋਈ ਅਤੇ ਉਹ 1939 ਵਿੱਚ 18 ਸਾਲ ਦੀ ਉਮਰ ਵਿੱਚ ਰਾਇਲ ਨੇਵੀ ਵਿੱਚ ਸ਼ਾਮਿਲ ਹੋਇਆ ਸੀ। ਰਾਜਕੁਮਾਰ ਫਿਲਿਪ ਨੇ 20 ਨਵੰਬਰ, 1947 ਨੂੰ ਮਹਾਂਰਾਣੀ ਐਲਿਜਾਬੈਥ ਨਾਲ ਵਿਆਹ ਕਰਵਾ ਲਿਆ ਸੀ।

Install Punjabi Akhbar App

Install
×