ਪ੍ਰਿੰਸ ਚਾਰਲਸ ਹਸਪਤਾਲ ਵਿੱਚ ਗਏ ਆਪਣੇ ਪਿਤਾ ਫਿਲਿਪ ਨੂੰ ਮਿਲਣ

ਗਲਾਸਗੋ/ਲੰਡਨ –ਬਰਤਾਨੀਆ ਦੇ ਪ੍ਰਿੰਸ ਚਾਰਲਸ ਨੇ ਆਪਣੇ ਪਿਤਾ ਫਿਲਿਪ ਨੂੰ ਮਿਲਣ ਲਈ ਹਸਪਤਾਲ ਦਾ ਦੌਰਾ ਕੀਤਾ ਹੈ। ਆਪਣੇ ਪਿਤਾ ਦੀ ਸਿਹਤ ਸੰਬੰਧੀ ਜਾਣਕਾਰੀ ਲੈਣ ਲਈ ਪ੍ਰਿੰਸ ਚਾਰਲਸ ਨੇ ਸ਼ਨੀਵਾਰ ਦੁਪਹਿਰ ਨੂੰ  ਹਾਈਗ੍ਰੋਵ, ਗਲੋਸਟਰਸ਼ਾਇਰ ਵਿਚਲੇ ਆਪਣੇ ਘਰ ਅਤੇ ਲੰਡਨ ਵਿੱਚ ਕਿੰਗ ਐਡਵਰਡ ਸੱਤਵੇਂ ਦੇ ਹਸਪਤਾਲ ਵਿਚਕਾਰ  ਯਾਤਰਾ ਕੀਤੀ। ਪ੍ਰਿੰਸ ਚਾਰਲਸ ਜੋ ਕਿ ਦੁਪਹਿਰ ਕਰੀਬ 3.20 ਵਜੇ ਹਸਪਤਾਲ ਪਹੁੰਚੇ ਸਨ ਅਤੇ ਇਸ ਦੌਰਾਨ ਉਹਨਾਂ ਨੇ ਆਪਣਾ ਚਿਹਰਾ ਮਾਸਕ ਨਾਲ ਢਕਿਆ ਹੋਇਆ ਸੀ। ਚਾਰਲਸ ਸ਼ਾਹੀ ਪਰਿਵਾਰ ਦੇ ਪਹਿਲੇ ਮੈਂਬਰ ਹਨ, ਜਿਸ ਨੇ ਫਿਲਿਪ ਦੇ ਹਸਪਤਾਲ ਠਹਿਰਨ ਦੌਰਾਨ ਦੌਰਾ ਕੀਤਾ ਹੈ। ਫਿਲਿਪ, ਜੋ 10 ਜੂਨ ਨੂੰ 100 ਸਾਲਾ ਹੋ ਜਾਣਗੇ , ਨੂੰ ਬੀਮਾਰ ਮਹਿਸੂਸ ਹੋਣ ਤੋਂ ਬਾਅਦ ਸਾਵਧਾਨੀ ਵਜੋਂ ਮੰਗਲਵਾਰ ਸ਼ਾਮ ਨੂੰ ਦਾਖਲ ਕਰਵਾਇਆ ਗਿਆ ਸੀ। ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਹਸਪਤਾਲ ਦੀ ਵੈਬਸਾਈਟ ਅਨੁਸਾਰ ਸਿਰਫ ਖਾਸ ਹਾਲਤਾਂ ਵਿੱਚ ਮੁਲਾਕਾਤਾਂ ਦੀ ਆਗਿਆ ਦਿੱਤੀ ਜਾਂਦੀ ਹੈ ਪਰ ਇੰਗਲੈਂਡ ਵਿੱਚ ਕਿਸੇ ਨੂੰ ਹਸਪਤਾਲ ਵਿੱਚ ਦਾਖਲ ਨਜ਼ਦੀਕੀ ਪਰਿਵਾਰਕ ਮੈਂਬਰ ਨੂੰ ਮਿਲਣ ਜਾਣ ਦੀ ਆਗਿਆ ਹੈ। ਇਸਦੇ ਇਲਾਵਾ ਕਲੇਰੈਂਸ ਹਾਊਸ ਦੇ ਇੱਕ ਬੁਲਾਰੇ ਨੇ ਪੁਸ਼ਟੀ ਕੀਤੀ ਹੈ ਕਿ ਪ੍ਰਿੰਸ ਚਾਰਲਸ ਆਪਣੀ ਹਸਪਤਾਲ ਫੇਰੀ ਤੋਂ ਬਾਅਦ ਹਾਈਗ੍ਰੋਵ ਵਾਪਸ ਪਰਤ ਆਏ ਹਨ।ਰਾਜਕੁਮਾਰ ਫਿਲਿਪ, ਨੇ ਅਗਸਤ 2017 ਵਿੱਚ ਸਰਕਾਰੀ ਰੁਝੇਵਿਆਂ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ  2019 ਦੇ ਅਖੀਰ ਵਿੱਚ ਵੀ ਉਹਨਾਂ ਨੇ ਆਪਣੀਆਂ ਸਿਹਤ ਸਮੱਸਿਆਵਾਂ ਕਰਕੇ ਹਸਪਤਾਲ ਵਿੱਚ ਚਾਰ ਰਾਤਾਂ ਬਿਤਾਈਆਂ ਸਨ।

Install Punjabi Akhbar App

Install
×