ਚੋਣਾਂ ਦਾ ਮਾਹੌਲ ਦਿਨ ਪ੍ਰਤੀ ਦਿਨ ਭੱਖਦਾ ਜਾ ਰਿਹਾ ਹੈ ਅਤੇ ਵੱਡੇ ਨੇਤਾਵਾਂ ਦੇ ਬਿਆਨ ਵੀ ਹਰ ਰੋਜ਼ ਹੀ ਨਵਾਂ ਰੰਗ ਲੈ ਕੇ ਲੋਕਾਂ ਸਾਹਮਣੇ ਆ ਰਹੇ ਹਨ।
ਚੋਣਾਂ ਲਈ ਕੈਂਪਨ ਦੌਰਾਨ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਵੀ ਬੀਤੇ ਦਿਨ ਵੀਰਵਾਰ ਨੂੰ ਕੁਈਨਜ਼ਲੈਂਡ ਦਾ ਦੌਰਾ ਕਰਦਿਆਂ ਕਰੇਨਜ਼ ਖੇਤਰ ਵਿੱਚ ਆਪਣੇ ਭਾਸ਼ਣ ਕੀਤੇ ਅਤੇ ਇਸ ਦੌਰਾਨ ਉਨ੍ਹਾਂ ਨੇ ਕੇਰਨਜ਼ ਮੈਰੀਨ ਖੇਤਰ ਲਈ 24 ਮਿਲੀਅਨ ਡਾਲਰਾਂ ਦਾ ਇੱਕ ਪਲਾਨ ਵੀ ਜਾਰੀ ਕਰ ਦਿੱਤਾ।
ਪ੍ਰਧਾਨ ਮੰਤਰੀ ਨੇ ਵੱਧਦੀ ਮਹਿੰਗਾਈ ਵਾਸਤੇ ਸਿੱਧੇ ਤੌਰ ਤੇ ਅੰਤਰ-ਰਾਸ਼ਟਰੀ ਪੱਧਰ ਦੀਆਂ ਕਾਰਗੁਜ਼ਾਰੀਆਂ ਅਤੇ ਸਾਫ਼ ਤੌਰ ਤੇ ਰੂਸ-ਯੂਕਰੇਨ ਦੀ ਲੜਾਈ ਨੂੰ ਜ਼ਿੰਮਾਵਾਰ ਠਹਿਰਾਉਂਦਿਆਂ ਕਿਹਾ ਕਿ ਵਿਰੋਧੀ ਅਸਲ ਸੱਚਾਈਆਂ ਨੂੰ ਭਲੀ ਭਾਂਤੀ ਜਾਣਦੇ ਅਤੇ ਸਮਝਦੇ ਵੀ ਹਨ ਪਰੰਤੂ ਉਹ ਬਸ ਮੌਜੂਦਾ ਸਰਕਾਰ ਨੂੰ ਹੀ ਇਸ ਦਾ ਜ਼ਿੰਮੇਵਾਰ ਠਹਿਰਾਉਣਗੇ। ਉਨ੍ਹਾਂ ਇਹ ਵੀ ਕਿਹਾ ਕਿ ਜਨਤਾ ਸਭ ਜਾਣਦੀ ਹੈ ਅਤੇ ਕਿਸ ਨੇ ਕੀ ਕੀਤਾ…. ਸਭ ਨੂੰ ਪਤਾ ਹੀ ਹੈ।
ਉਧਰ ਲੇਬਰ ਦੇ ਖ਼ਜ਼ਾਨਚੀ ਅਤੇ ਬੁਲਾਰੇ -ਜਿਮ ਚਾਮਰਜ਼ ਨੇ ਇਸ ਦੇ ਜਵਾਬ ਵਿੱਚ ਕਿਹਾ ਕਿ ਅਸੀਂ ਤਾਂ ਪਹਿਲਾਂ ਹੀ ਕਹਿ ਰਹੇ ਹਾਂ ਕਿ ਮੌਜੂਦਾ ਸਰਕਾਰ ਦੇਸ਼ ਵਿੱਚ ਜੇਕਰ ਕੁੱਝ ਸਹੀ ਹੁੰਦਾ ਹੈ ਤਾਂ ਕਹਿੰਦੀ ਹੈ ਕਿ ਉਹ ਆਪ (ਮੌਜੂਦਾ ਮੋਰੀਸਨ ਸਰਕਾਰ) ਹੀ ਕਰ ਰਹੀ ਹੈ ਪਰੰਤੂ ਜੇਕਰ ਕੁੱਝ ਉਲਟ ਅਤੇ ਗਲਤ ਹੁੰਦਾ ਹੈ -ਜਿਵੇਂ ਕਿ ਮਹਿੰਗਾਈ, ਤਾਂ ਸਰਕਾਰ ਕਹਿੰਦੀ ਹੈ ਕਿ ਇਹ ਤਾਂ ਅੰਤਰ-ਰਾਸ਼ਟਰੀ ਕਾਰਨਾਂ ਕਰਕੇ ਹੈ…. ਇਸ ਵਿੱਚ ਮੌਜੂਦਾ ਸਰਕਾਰ ਦਾ ਕੋਈ ਲੈਣਾ ਦੇਣਾ ਹੀ ਨਹੀਂ ਹੈ।