ਸਰੀਰਕ ਸ਼ੋਸ਼ਣ ਦੇ ਇਲਜ਼ਾਮਾਂ ਵਿੱਚ ਅਟਾਰਨੀ ਜਨਰਲ ਕ੍ਰਿਸਟਿਅਨ ਪੋਰਟਰ ਦੇ ਅੱਗੇ ਆਉਣ ਕਾਰਨ ਸਰਕਾਰ ਉਪਰ ਹੋਰ ਵਧਿਆ ਵਿਰੋਧੀਆਂ ਦਾ ਦਬਾਅ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਆਸਟ੍ਰੇਲੀਆਈ ਪਾਰਲੀਮੈਂਟ ਅੰਦਰ, ਬੀਤੇ ਕੁੱਝ ਦਿਨਾਂ ਤੋਂ ਚਲੇ ਆ ਰਹੇ ਸਸਪੈਂਸ ਨੂੰ ਤੋੜਦਿਆਂ ਅਤੇ 1988 ਵਿੱਚ ਹੋਏ ਇੱਕ ਸਰੀਰਕ ਸ਼ੋਸ਼ਣ ਦੀ ਪੀੜਿਤ ਮਹਿਲਾ ਵੱਲੋਂ ਲਗਾਏ ਗਏ ਇਲਜ਼ਾਮਾਂ ਦਾ ਸਾਹਮਣਾ ਕਰਦਿਆਂ ਜਦੋਂ ਦੇ ਅਟਾਰਨਲ ਜਨਰਲ ਕ੍ਰਿਸਟਿਅਨ ਪੋਰਟਰ ਸਾਹਮਣੇ ਆਏ ਹਨ ਤਾਂ ਦੇਸ਼ ਦੀ ਰਾਜਨੀਤੀ ਵਿੱਚ ਹੰਗਾਮਾ ਵਧਣਾ ਲਾਜ਼ਮੀ ਹੀ ਸੀ ਅਤੇ ਇਹੀ ਹੋਇਆ ਹੈ ਕਿ ਲੇਬਰ ਅਤੇ ਗ੍ਰੀਨ ਪਾਰਟੀ ਵਾਲੀਆਂ ਵਿਰੋਧੀ ਧਿਰਾਂ ਲਗਾਤਾਰ ਆਪਣਾ ਵਿਰੋਧ ਜਤਾਉਂਦੀਆਂ, ਸਕਾਟ ਮੋਰੀਸਨ ਸਰਕਾਰ ਕੋਲੋਂ ਮੰਗ ਕਰਨ ਲੱਗੀਆਂ ਹਨ ਕਿ ਸ੍ਰੀ ਪੋਰਟਰ ਨੂੰ ਉਨ੍ਹਾਂ ਦੇ ਮੌਜੂਦਾ ਅਹੁਦਿਆਂ ਤੋਂ ਤੁਰੰਤ ਬਰਖਾਸਤ ਕਰਕੇ ਇੱਕ ਨਿਰਪੱਖ ਜਾਂਚ ਕਰਵਾਈ ਜਾਵੇ।
ਉਧਰ ਸ੍ਰੀ ਪੋਰਟਰ ਨੇ ਉਕਤ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਦਿਆਂ ਹੋਇਆਂ ਕਿਹਾ ਹੈ ਕਿ 1988 ਵਿੱਚ ਉਹ ਮਹਿਜ਼ 17 ਸਾਲਾਂ ਦੇ ਸਨ ਅਤੇ ਇਲਜ਼ਾਮ ਲਗਾਉਣ ਵਾਲੀ ਮਹਿਲਾ 16 ਸਾਲਾਂ ਦੀ। ਅਤੇ ਉਨ੍ਹਾਂ ਕਿਹਾ ਕਿ ਇਸ ਸਾਰੇ ਮਾਮਲੇ ਵਿੱਚ ਕੋਈ ਸੱਚਾਈ ਹੈ ਹੀ ਨਹੀਂ ਅਤੇ ਰਾਜਨੀਤਿਕ ਕਾਰਨਾਂ ਕਰਕੇ ਉਨ੍ਹਾਂ ਨੂੰ ਅਜਿਹੇ ਅਪਰਾਧਿਕ ਮਾਮਲਿਆਂ ਵਿੱਚ ਘਸੀਟਿਆ ਜਾ ਰਿਹਾ ਹੈ ਜੋ ਕਿ ਕਦੇ ਵਾਪਰੇ ਹੀ ਨਹੀਂ ਅਤੇ ਸਰਾਸਰ ਝੂਠ ਦੀ ਬੁਨਿਆਦ ਉਪਰ ਟਿਕਾਏ ਗਏ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਵਿਰੋਧੀ ਧਿਰਾਂ ਦੀ ਮੰਗ ਵੀ ਜਾਇਜ਼ ਨਹੀਂ ਹੈ ਕਿ ਮਹਿਜ਼ ਇੱਕ ਪੁਰਾਣੇ ਇਲਜ਼ਾਮਾਂ ਦੇ ਲਗਾਏ ਜਾਣ ਤੇ ਕਿਸੇ ਨੂੰ ਵੀ ਉਸ ਦੇ ਮੌਜੂਦਾ ਅਹੁਦਿਆਂ ਤੋਂ ਬਰਖ਼ਾਸਤ ਕਰਕੇ ਉਸਦੀ ਸਾਖ਼ ਦਾ ਜੂਆ ਖੇਡ ਲਿਆ ਜਾਵੇ ਅਤੇ ਉਸਦੀ ਸਾਰੀ ਉਮਰ ਦੀ ਕੀਤੀ-ਕਰਾਈ ਉਪਰ ਪਾਣੀ ਫੇਰ ਦਿੱਤਾ ਜਾਵੇ ਅਤੇ ਇਸ ਕਾਰਨ ਵਿਰੋਧੀਆਂ ਨੂੰ ਅਜਿਹੀਆਂ ਕੋਝੀਆਂ ਰਾਜਨੀਤਿਕ ਚਾਲਾਂ ਤੋਂ ਬਾਜ਼ ਆਉਣਾ ਚਾਹੀਦਾ ਹੈ।
ਉਕਤ ਇਲਜ਼ਾਮਾਂ ਨੂੰ ਲਗਾਉਣ ਵਾਲੀ ਇੱਕ ਮਹਿਲਾ ਜਿਸ ਨੇ ਕਿ ਬੀਤੇ ਸਾਲ ਹੀ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ, ਦੀ ਚੱਲ ਰਹੀ ਪੜਤਾਲ, ਨਿਊ ਸਾਊਥ ਵੇਲਜ਼ ਦੀ ਪੁਲਿਸ ਨੇ ਤਾਂ ਬੰਦ ਕਰ ਦਿੱਤੀ ਹੈ ਪਰੰਤੂ ਹੁਣ ਦੱਖਣੀ-ਆਸਟ੍ਰੇਲੀਆ ਪੁਲਿਸ ਇਸ ਗੱਲ ਦੀ ਪੜਤਾਲ ਵਿੱਚ ਲੱਗੀ ਹੈ ਕਿ ਆਖਿਰ ਉਕਤ ਮਹਿਲਾ ਨੇ ਖੁਦਕੁਸ਼ੀ ਕੀਤੀ ਕਿਉਂ….? ਅਤੇ ਹੁਣ ਦੱਖਣੀ ਆਸਟ੍ਰੇਲੀਆ ਦੀ ਪੁਲਿਸ ਇਸ ਪੜਤਾਲ ਤੋਂ ਬਾਅਦ ਹੀ ਤੈਅ ਕਰੇਗੀ ਕਿ ਅਗਲੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜਾਂ ਨਹੀਂ…..।

Install Punjabi Akhbar App

Install
×