ਪੰਜਾਬ ਮੁੱਖ ਮੰਤਰੀਆਂ ਦੇ ਅਧੂਰੇ ਕਾਰਜਕਾਲ ਅਤੇ ਰਾਸ਼ਟਰਪਤੀ ਰਾਜ ਦੀ ਪ੍ਰੰਪਰਾ ਦਾ ਪਰਛਾਵਾਂ

ਸੰਨ 1797 ਵਿਚ ਮਹਾਰਾਜਾ ਰਣਜੀਤ ਸਿੰਘ ਦੀ ਉਮਰ 17 ਸਾਲ ਸੀ। ਅਹਿਮਦ ਸ਼ਾਹ ਅਬਦਾਲੀ ਖ਼ਾਨਦਾਨ ਦੇ ਸ਼ਾਸਕ ਸ਼ਾਹ ਜ਼ਮਾਨ ਨੇ ਹਮਲਾ ਕਰਕੇ ਪੰਜਾਬ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਹਮਲੇ ਵਾਲੀ ਥਾਂ’ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ। ਰਣਜੀਤ ਸਿੰਘ ਨੇ ਮੂੰਹ ਤੋੜਵਾਂ ਜਵਾਬ ਦਿੱਤਾ। ਸੰਨ 1798 ਵਿਚ ਫਿਰ ਲਾਹੌਰ’ਤੇ ਹਮਲਾਵਰ ਹੋ ਕੇ ਆਏ। ਮਹਾਰਾਜਾ ਨੇ ਹਮਲਾਵਰਾਂ ਨੂੰ ਦਾਖ਼ਲ ਹੋ ਜਾਣ ਦਾ ਮੌਕਾ ਦੇ ਕੇ ਆਪਣੀ ਸੈਨਾ ਨਾਲ ਅਫ਼ਗਾਨਾ ਨੂੰ ਘੇਰ ਲਿਆ। ਖਾਣ-ਪੀਣ ਦੇ ਸਾਰੇ ਸਰੋਤਾਂ ਤੋਂ ਵਾਂਝੇ ਕਰ ਦਿੱਤਾ। ਅਫ਼ਗ਼ਾਨਾਂ ਨੂੰ ਵਾਪਸ ਜਾਣ ਲਈ ਮਜ਼ਬੂਰ ਕਰ ਦਿੱਤਾ। ਇਹ ਸੀ ਪੰਜਾਬ ਦੀ ਪਹਿਰੇਦਾਰੀ ਕਰਨ ਦਾ ਜੁੱਸਾ।
ਸੰਨ 1947 ਵਿਚ ਪੰਜਾਬ ਨੂੰ ਦੋ ਭਾਗਾਂ ਵਿਚ ਵੰਡ ਦਿੱਤਾ ਗਿਆ। ਸਾਂਝੇ ਪੰਜਾਬ ਦੀ ਰਾਖੀ ਲਈ ਲੜਨ ਵਾਲੇ ਖ਼ਾਨ ਅਬਦੁਲ ਗ਼ੁਫ਼ਾਰ ਖ਼ਾਨ (ਸਰਹੱਦੀ ਗਾਂਧੀ) ਵਰਗੇ ਰੁਲ ਗਏ ਅਤੇ ਉਹਨਾਂ ਨੂੰ ਅੱਤਵਾਦੀ ਮੁਸਲਮਾਂ ਮੋਹਰੇ ਸੁੱਟ ਦਿੱਤਾ ਗਿਆ।
ਆਜ਼ਾਦੀ ਤੋਂ ਪਹਿਲਾਂ ਕਾਂਗਰਸ ਪਾਰਟੀ ਆਗੂਆਂ ਨੇ ਦੇਸ਼ ਦੇ ਲੋਕਾਂ ਨਾਲ ਭਾਸ਼ਾਈ ਆਧਾਰ’ਤੇ ਸੂਬਿਆਂ ਦੇ ਪੁਨਰਗਠਨ ਦਾ ਵਾਅਦਾ ਕੀਤਾ ਤੇ ਦੇਸ਼ ਆਜ਼ਾਦ ਹੁੰਦਿਆਂ ਹੀ ਵਾਅਦਾ ਭੁੱਲ ਗਏ। ਇਸ ਸਬੰਧੀ ਸਿੱਖਾਂ ਅਤੇ ਦੂਜੇ ਸੂਬਿਆਂ ਦੀ ਗੱਲ ਵੱਲ ਨੰਨਾ ਨਾ ਧਰਿਆ। ਮਾਸਟਰ ਤਾਰਾ ਸਿੰਘ ਨੇ 20 ਫਰਵਰੀ 1949 ਈ: ਦੀ ਇਕ ਕਾਨਫਰੰਸ ਗੁਰਦੁਆਰਾ ਰਕਾਬਗੰਜ ਦਿੱਲੀ ਵਿਖੇ ਰੱਖ ਲਈ। ਸਰਦਾਰ ਪਟੇਲ ਦੇ ਹੁਕਮਾਂ’ਤੇ ਮਾਸਟਰ ਜੀ ਅਤੇ ਸਾਥੀਆਂ ਨੂੰ 19 ਫਰਵਰੀ ਨੂੰ ਨਰੇਲਾ ਸਟੇਸ਼ਨ ਤੋਂ ਗ਼੍ਰਿਫ਼ਤਾਰ ਕਰ ਲਿਆ ਗਿਆ। ਦਿੱਲੀ ਅਤੇ ਹੋਰ ਰਾਜਾਂ ਤੋਂ ਪੁੱਜ ਚੁੱਕੀਆਂ ਸੰਗਤਾਂ ਨੇ 20 ਫਰਵਰੀ ਨੂੰ ਸ਼ਹੀਦੀ ਦੀਵਾਨ ਲਾਇਆ। ਤਕਰੀਰਾਂ ਕਰਨ ਵਾਲੇ ਨੇਤਾਵਾਂ ਨੂੰ ਗ਼੍ਰਿਫ਼ਤਾਰ ਕਰ ਲਿਆ ਗਿਆ। ਕੇਂਦਰੀ ਮੰਤਰੀ ਬਲਦੇਵ ਸਿੰਘ ਨੇ ਮਾਸਟਰ ਜੀ ਅਤੇ ਹੋਰਨਾਂ ਦੀਆਂ ਸਜ਼ਾਵਾਂ ਨੂੰ ਜਾਇਜ਼ ਕਰਾਰ ਦਿੱਤਾ। 2 ਮਾਰਚ 1949 ਨੂੰ ਪੰਜਾਬ ਅਤੇ ਦਿੱਲੀ ਵਿਚ ਰੋਸ ਦਿਵਸ ਮਨਾਇਆ ਗਿਆ।4 ਅਪ੍ਰੈਲ 1949 ਨੂੰ ਅੰਮ੍ਰਿਤਸਰ ਵਿਚ ਵੱਖ-ਵੱਖ ਵਰਗਾਂ ਦੀ ਇਕੱਤਰਤਾ ਵਿਚ ਪੰਜਾਬੀ ਸੂਬੇ ਦੀ ਮੰਗ ਰੱਖੀ।
26 ਜਨਵਰੀ 1950 ਨੂੰ ਸ਼੍ਰੋਮਣੀ ਅਕਾਲੀ ਦਲ ਦੀ ਲੁਧਿਆਣਾ ਕਾਨਫਰੰਸ ਵਿਚ ਪੰਜਾਬੀ ਸੂਬੇ ਦੀ ਮੰਗ ਨੂੰ ਦੁਹਰਾਇਆ ਗਿਆ। ਸਰਕਾਰ ਨੇ ਪੰਜਾਬੀ ਸੂਬਾ ਜ਼ਿੰਦਾਬਾਦ ਦੇ ਨਾਅਰੇ’ਤੇ ਪਾਬੰਦੀ ਲਾ ਦਿੱਤੀ। ਮਾਸਟਰ ਤਾਰਾ ਸਿੰਘ ਨੇ 10 ਮਈ 1955 ਨੂੰ ਨਾਅਰਾ ਲਾਇਆ ਤੇ ਗ਼੍ਰਿਫ਼ਤਾਰੀ ਦਿੱਤੀ। ਇਸ ਦੇ ਨਾਲ ਹੀ 12000 ਅਕਾਲੀਆਂ ਨੇ ਗ਼੍ਰਿਫ਼ਤਾਰੀਆਂ ਦਿੱਤੀਆਂ।
ਮੁੱਖ ਮੰਤਰੀ ਭੀਮ ਸੈਨ ਸੈਚਰ ਦੇ ਹੁਕਮਾਂ’ਤੇ ਡੀ. ਆਈ. ਜੀ. ਅਸ਼ਵਨੀ ਕੁਮਾਰ ਨੇ 4 ਜੁਲਾਈ 1955 ਈ: ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਕੰਪਲੈਕਸ ਵਿਚ ਪੁਲਿਸ ਤੋਂ ਜ਼ਬਰ ਕਰਵਾਇਆ ਅਤੇ ਸ਼ਰਧਾਲੂਆਂ ਤੇ ਅਕਾਲੀਆਂ ਨੂੰ ਗ਼੍ਰਿਫ਼ਤਾਰ ਕਰ ਲਿਆ।
ਸਰਕਾਰ ਮਜ਼ਬੂਰ ਹੋ ਚੁੱਕੀ ਸੀ ਤੇ ਭਾਸ਼ਾ ਆਧਾਰਿਤ ਸੂਬਿਆਂ ਦੇ ਗਠਨ ਸਬੰਧੀ ਸੰਨ 1955 ਵਿਚ ਇਕ ਕਮਿਸ਼ਨ ਬਣਾ ਦਿੱਤਾ। ਕਮਿਸ਼ਨ ਨੇ ਪੰਜਾਬ ਨੂੰ ਛੱਡ ਕੇ ਕਈ ਨਵੇਂ ਸੂਬਿਆਂ ਲਈ ਸਿਫ਼ਾਰਸ਼ ਕਰ ਦਿੱਤੀ।
ਸ਼੍ਰੋਮਣੀ ਅਕਾਲੀ ਦਲ ਨੇ 22 ਮਈ 1960 ਨੂੰ ਪੰਡਿਤ ਸੁੰਦਰ ਦਾਸ ਦੀ ਪ੍ਰਧਾਨਗੀ ਹੇਠ ਪੰਜਾਬੀ ਸੂਬਾ ਕਾਨਫ਼ਰੰਸ ਅੰਮ੍ਰਿਤਸਰ ਰੱਖੀ। ਡਾ: ਸੈਫਉਦੀਨ ਕਿਚਲੂ, ਪ੍ਰਤਾਪ ਸਿੰਘ ਦੌਲਤਾ ਮੈਂਬਰ ਪਾਰਲੀਮੈਂਟ, ਜ਼ਹੀਰ ਕੁਰੈਸ਼ੀ ਅਤੇ ਮੌਲਾਨਾ ਸਲਾਮਤ ਉਲ ਖਾਨ ਆਦਿਕ ਨੇਤਾ ਵੀ ਸ਼ਾਮਲ ਹੋਏ। 24 ਮਈ 1960 ਨੂੰ ਮਾਸਟਰ ਤਾਰਾ ਸਿੰਘ ਅਤੇ 5000 ਦੇ ਕਰੀਬ ਅਕਾਲੀਆਂ ਨੂੰ ਗ਼੍ਰਿਫ਼ਤਾਰ ਕਰ ਲਿਆ ਗਿਆ।
12 ਜੂਨ 1960 ਨੂੰ ਗੁਰਦੁਆਰਾ ਸੀਸ ਗੰਜ ਸਾਹਿਬ ਦਿੱਲੀ ਤੋਂ ਜਥੇ ਰੋਸ ਮਾਰਚ ਲਈ ਤੋਰੇ। ਪੁਲਿਸ ਨੇ ਜ਼ੁਲਮ ਦੀ ਹੱਦ ਕਰ ਦਿੱਤੀ ਜਿਸ ਦੌਰਾਨ 7 ਸ਼ਹੀਦੀਆਂ ਹੋਈਆਂ। ਪੰਜਾਬੀ ਸੂਬੇ ਮੋਰਚੇ ਵਿਚ 57129 ਮਰਦ ਔਰਤਾਂ ਤੇ ਬੱਚਿਆਂ ਨੇ ਗ਼੍ਰਿਫ਼ਤਾਰੀਆਂ ਦਿੱਤੀਆਂ। 43 ਸ਼ਹੀਦੀਆਂ ਹੋਈਆਂ ਅਤੇ ਅਨੇਕਾਂ ਜ਼ਖਮੀ ਹੋਏ।
1 ਨਵੰਬਰ 1966 ਈ: ਨੂੰ ਪੰਜਾਬੀ ਸੂਬਾ ਬਣ ਗਿਆ ਪਰ ਅਧੂਰਾ। ਵੱਡੀ ਉਦਾਹਰਨ ਹੈ ਕਿ ਸ: ਦਰਸ਼ਨ ਸਿੰਘ ਫੇਰੂਮਾਨ 74 ਰੋਜ਼ਾ ਵਰਤ ਕੱਟਣ ਤੋਂ ਬਾਅਦ ਸ਼ਹੀਦੀ ਪਾ ਗਏ ਪਰ ਕਾਂਗਰਸ ਸਰਕਾਰ ਨੇ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਨਾ ਦਿੱਤੇ। ਸੱਚਰ-ਗਿਆਨੀ ਅਤੇ 1956 ਈ: ਦੇ ਖੇਤਰੀ ਫਾਰਮੂਲਿਆਂ ਅਨੁਸਾਰ ਮਿਥੀਆਂ ਪੰਜਾਬੀ ਖੇਤਰ ਦੀਆਂ ਹੱਦਾਂ ਨਾਲ ਛੇੜ ਛਾੜ ਕਰ ਦਿੱਤੀ। ਗਿਆਨੀ ਕਰਤਾਰ ਸਿੰਘ, ਸ: ਗਿਆਨ ਸਿੰਘ ਰਾੜੇਵਾਲਾ ਅਤੇ ਗਿਆਨੀ ਜ਼ੈਲ ਸਿੰਘ ਆਦਿ ਨੇ ਕਮਿਸ਼ਨ ਰਾਹੀਂ ਅਨੰਦਪੁਰ ਤੇ ਖਰੜ ਪੰਜਾਬ ਨੂੰ ਦਿਵਾਏ।
ਅਕਹਿ ਤੇ ਅਸਹਿ ਤਸੀਹੇ ਅਤੇ ਲਹੂ-ਡੋਲਵੇਂ ਸੰਘਰਸ਼ ਉਪਰੰਤ ਸੰਨ 1966’ਚ ਪੰਜਾਬ ਦੇ ਪੁਨਰਗਠਨ ਤੋਂ ਬਾਅਦ ਮੁੱਖ ਮੰਤਰੀਆਂ ਦੇ ਅਧੂਰੇ ਕਾਰਜਕਾਲ ਅਤੇ ਰਾਸ਼ਟਰਪਤੀ ਰਾਜ ਦੀ ਪ੍ਰੰਪਰਾ ਭਾਰੂ ਰਹੀ। ਇਸ ਤੋਂ ਪਹਿਲਾਂ ਵੀ ਰਹੀ ਜਿਵੇਂ ਕਿ 5 ਜੁਲਾਈ 1966 ਤੋਂ 1 ਨਵੰਬਰ 1966 ਈ: ਦੌਰਾਨ ਰਾਸ਼ਟਰਪਤੀ ਰਾਜ ਹੀ ਸੀ।
ਪੰਜਾਬ ਦੇ ਪੁਨਰਗਠਨ ਉਪਰੰਤ ਗਿਆਨੀ ਗੁਰਮੁਖ ਸਿੰਘ ਮੁਸਾਫਿਰ ਕਾਂਗਰਸ ਵਲੋਂ 1 ਨਵੰਬਰ 1966 ਤੋਂ 8 ਮਾਰਚ 1967 ਤੱਕ ਕੇਵਲ 127 ਦਿਨ ਲਈ ਮੁੱਖ ਮੰਤਰੀ ਬਣੇ।ਜਸਟਿਸ ਗੁਰਨਾਮ ਸਿੰਘ (ਅਕਾਲੀ ਦਲ ਫਤਿਹ ਸਿੰਘ) 8 ਮਾਰਚ 1967 ਤੋਂ 22 ਨਵੰਬਰ 1967 ਤੱਕ ਯੂਨਾਈਟਡ ਫ਼ਰੰਟ ਸਰਕਾਰ ਦੇ ਕੇਵਲ ਨੌਂ ਮਹੀਨੇ ਵਾਸਤੇ। ਲਛਮਣ ਸਿੰਘ ਗਿੱਲ 25 ਨਵੰਬਰ 1967 ਤੋਂ 23 ਅਗਸਤ 1968 ਨੌ ਕੁ ਮਹੀਨੇ ਲਈ ਪੰਜਾਬ ਜਨਤਾ ਪਾਰਟੀ ਵਲੋਂ ਰਹੇ।
23 ਅਗਸਤ 1968 ਤੋਂ 17 ਫਰਵਰੀ 1969 ਤੱਕ ਰਾਸ਼ਟਰਪਤੀ ਰਾਜ ਰਿਹਾ। ਇਸ ਤੋਂ ਬਾਅਦ ਬੜੇ ਥੋੜ੍ਹੇ-ਥੋੜ੍ਹੇ ਸਮੇਂ ਲਈ ਫਰਵਰੀ 1969 ਤੋਂ ਮਾਰਚ 1970 ਤੱਕ ਤੇਰਾਂ ਕੁ ਮਹੀਨੇ ਜਸਟਿਸ ਗੁਰਨਾਮ ਸਿੰਘ ਅਤੇ ਮਾਰਚ 1970 ਤੋਂ ਜੂਨ 1971 ਤੱਕ ਸਵਾ ਕੁ ਸਾਲ ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਵਲੋਂ ਮੁੱਖ ਮੰਤਰੀ ਬਣੇ। 14 ਜੂਨ 1971 ਤੋਂ 16 ਮਾਰਚ 1972 ਤੱਕ ਫਿਰ ਗਵਰਨਰੀ ਰਾਜ ਲੱਗ ਗਿਆ। ਗਿਆਨੀ ਜ਼ੈਲ ਸਿੰਘ ਨੂੰ ਮਾਰਚ 1972 ਤੋਂ ਅਪ੍ਰੈਲ 1977 ਤੱਕ ਕਾਂਗਰਸ ਦੇ ਮੁੱਖ ਮੰਤਰੀ ਵਜੋਂ ਕੁਝ ਟਿਕਵਾਂ ਸਮਾਂ ਮਿਲਿਆ। 30 ਅਪ੍ਰੈਲ 1977 ਤੋਂ 20 ਜੂਨ 1977 ਤੱਕ ਫਿਰ ਰਾਸ਼ਟਰਪਤੀ ਰਾਜ ਲੱਗਦਾ ਹੈ। 20 ਜੂਨ 1977 ਤੋਂ 17 ਫਰਵਰੀ 1980 ਤੱਕ ਪ੍ਰਕਾਸ਼ ਸਿੰਘ ਬਾਦਲ ਨੂੰ ਤਿੰਨ ਸਾਲ ਤੋਂ ਵੀ ਘੱਟ ਦੀ ਵਾਰੀ ਮਿਲਦੀ ਹੈ ਅਤੇ 6 ਜੂਨ 1980 ਤੱਕ ਫਿਰ ਰਾਸ਼ਟਰਪਤੀ ਰਾਜ ਰਿਹਾ। 6 ਜੂਨ 1980 ਤੋਂ 7 ਅਕਤੂਬਰ 1983 ਤੱਕ ਸਾਢੇ ਤਿੰਨ ਸਾਲ ਤੋਂ ਵੀ ਘੱਟ ਸਮਾਂ ਕਾਂਗਰਸ ਵਲੋਂ ਦਰਬਾਰਾ ਸਿੰਘ ਦਾ ਰਾਜ ਰਹਿੰਦਾ ਹੈ।10 ਅਕਤੂਬਰ 1983 ਤੋਂ ਸਤੰਬਰ 1985 ਤੱਕ ਰਾਸ਼ਟਰਪਤੀ ਰਾਜ ਤੋਂ ਬਾਅਦ 29 ਸਤੰਬਰ 1985 ਤੋਂ 11 ਜੂਨ 1987 ਤੱਕ ਪੌਣੇ ਦੋ ਕੁ ਸਾਲ ਸੁਰਜੀਤ ਸਿੰਘ ਬਰਨਾਲਾ ਸ਼੍ਰੋਮਣੀ ਅਕਾਲੀ ਦਲ ਵਲੋਂ ਮੁੱਖ ਮੰਤਰੀ ਰਹਿੰਦੇ ਹਨ।11 ਜੂਨ 1987 ਤੋਂ 25 ਫਰਵਰੀ 1992 ਤੱਕ ਇਕ ਲੰਮਾ ਸਮਾਂ ਪੰਜਾਬ ਰਾਸ਼ਟਰਪਤੀ ਰਾਜ ਹੇਠ ਦਰੜ ਹੁੰਦਾ ਹੈ।
25 ਫਰਵਰੀ 1992 ਵਿਚ ਕਾਂਗਰਸ ਵਲੋਂ ਚੱਲ ਰਹੇ ਮੁੱਖ ਮੰਤਰੀ ਬੇਅੰਤ ਸਿੰਘ ਦੀ 31 ਅਗਸਤ 1995 ਨੂੰ ਹੱਤਿਆ ਬਾਅਦ ਹਰਚਰਨ ਸਿੰਘ ਬਰਾੜ 21 ਨਵੰਬਰ 1996 ਤੱਕ ਸਵਾ ਕੁ ਸਾਲ ਮੁੱਖ ਮੰਤਰੀ ਰਹੇ। ਪਹਿਲੀ ਵਾਰ ਇਕ ਔਰਤ ਰਜਿੰਦਰ ਕੌਰ ਭੱਠਲ 21 ਨਵੰਬਰ 1996 ਤੋਂ 11 ਫਰਵਰੀ 1997 ਤੱਕ ਸਿਰਫ਼ 82 ਦਿਨ ਲਈ 12ਵੇਂ ਮੁੱਖ ਮੰਤਰੀ ਕਾਂਗਰਸ ਵਲੋਂ ਰਹੇ।ਫਿਰ ਪੂਰਾ ਪੂਰਾ ਸਮਾਂ ਮਿਲਿਆ ਪ੍ਰਕਾਸ਼ ਸਿੰਘ ਬਾਦਲ ਨੂੰ ਫਰਵਰੀ 1997 ਤੋਂ ਫਰਵਰੀ 2002 ਤੱਕ। ਉਸ ਤੋਂ ਬਾਅਦ ਕ੍ਰਮਵਾਰ ਅਮਰਿੰਦਰ ਸਿੰਘ ਦਾ ਪੂਰੇ ਪੰਜ ਸਾਲ ਅਤੇ ਪ੍ਰਕਾਸ਼ ਸਿੰਘ ਬਾਦਲ ਦਾ 10 ਸਾਲ ਦਾ ਸਮਾਂ ਰਾਜ ਭਾਗ ਰਿਹਾ।16 ਮਾਰਚ 2017 ਤੋਂ 20 ਸਤੰਬਰ 2021 ਤੱਕ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਰਹੇ। 19 ਸਤੰਬਰ 2021 ਤੋਂ 15 ਮਾਰਚ 2022 ਤੱਕ ਲਈ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਹਟਾ ਕੇ ਚਰਨਜੀਤ ਸਿੰਘ ਚੰਨੀ ਨੂੰ ਬਣਾਇਆ। ਵਿਧਾਨ ਸਭਾ ਚੋਣਾਂ ਫਰਵਰੀ-2022 ਸਿਰ’ਤੇ ਹੋਣ ਕਾਰਨ ਚੰਨੀ ਨੂੰ ਸੱਤ ਕੁ ਮਹੀਨੇ ਦਾ ਕਾਰਜਕਾਲ ਮਿਲਿਆ।
16 ਮਾਰਚ 2022 ਤੋਂ ਆਮ ਆਦਮੀ ਪਾਰਟੀ ਵਲੋਂ ਭਗਵੰਤ ਸਿੰਘ ਮਾਨ ਨੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ ਹੈ। ਸਰਕਾਰ ਬਣਨ ਤੋਂ ਪਹਿਲਾਂ ਜਨਤਾ ਅੰਦਰ ਗੁਪਤ ਜੱਕੋ ਤੱਕੋ ਸੀ ਕਿ ਕੋਈ ਵੀ ਰਾਜਨੀਤਕ ਪਾਰਟੀ ਸਰਕਾਰ ਬਣਾਉਣ ਦੀ ਸਥਿਤੀ ਵਿਚ ਨਹੀਂ ਹੈ। ਤਵੱਕੋਂ ਸੀ ਕਿ ਵਿਧਾਨ ਸਭਾ ਵਿਚ ਖਿਚੜੀ ਸਰਕਾਰ ਬਣੇਗੀ ਤੇ ਰਾਸ਼ਟਰਪਤੀ ਰਾਜ ਦੀਆਂ ਸੰਭਾਵਨਾਵਾਂ ਤੇ ਯੋਜਨਾਵਾਂ ਹਨ। ਕਿਆਸ ਅਰਾਈਆਂ ਦੇ ਉਲਟ ਆਮ ਆਦਮੀ ਪਾਰਟੀ ਨੂੰ ਭਾਰੀ ਬਹੁਮੱਤ ਨਾਲ ਪੰਜਾਬ ਸਰਕਾਰ ਬਣਾਉਣ ਦਾ ਮੌਕਾ ਮਿਲ ਗਿਆ। ਪਰ ਇਸ ਸਰਕਾਰ ਦੇ ਦੌਰਾਨ ਵਾਪਰ ਰਹੀਆਂ ਖ਼ਤਰਨਾਕ ਘਟਨਾਵਾਂ ਦੇ ਮੱਦੇ-ਨਜ਼ਰ ਖਦਸ਼ਾ ਹੈ ਕਿ ਇਸ ਸਰਕਾਰ’ਤੇ ਵੀ ਅਧੂਰੇ ਕਾਰਜਕਾਲ ਅਤੇ ਰਾਸ਼ਟਰਪਤੀ ਰਾਜ ਦੀ ਪ੍ਰੰਪਰਾ ਦਾ ਪਰਛਾਵਾਂ ਪੈ ਰਿਹਾ ਹੈ। ਅੱਜ ਤੱਕ ਪੂਰੇ ਅਤੇ ਅਧੂਰੇ ਕਾਰਜਕਾਲ ਦੀਆਂ ਸਰਕਾਰਾਂ ਤੋਂ ਪੰਜਾਬ ਨੇ ਕੀ ਖੱਟਿਆ ਤੇ ਕੀ ਗਵਾਇਆ ਇਕ ਵੱਖਰਾ ਵਿਸ਼ਾ ਹੈ, ਪਰ ਨੌਜਵਾਨੀ ਅੰਦਰ ਪੰਜਾਬ ਨੂੰ ਆਪਣਾ ਕਹਿਣ ਦਾ ਦਾਅਵਾ ਕਮਜ਼ੋਰ ਪੈ ਚੁੱਕਾ ਹੈ।

(ਰਸ਼ਪਾਲ ਸਿੰਘ)
+91 98554-40151
rashpalsingh714@gmail.com

Install Punjabi Akhbar App

Install
×