ਹੜ੍ਹਾਂ ਕਾਰਨ ਲੋਕਾਂ ਦੀ ਹਾਲਤ ਨਾਜ਼ੁਕ, ਖ਼ਤਰੇ ਹਾਲੇ ਵੀ ਬਰਕਰਾਰ -ਗਲੈਡੀਜ਼ ਬਰਜਿਕਲਿਨ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਬੇਸ਼ਕ ਰਾਜ ਅੰਦਰ ਮੌਸਮ ਵਿੱਚ ਕੁੱਝ ਸੁਧਾਰ ਹੋਇਆ ਹੈ ਅਤੇ ਹੜ੍ਹ ਦੀਆਂ ਸਥਿਤੀਆਂ ਵਿੱਚ ਵੀ ਨਰਮਾਈ ਆਉਣ ਲੱਗੀ ਹੈ ਪਰੰਤੂ, ਨਿਊ ਸਾਊਥ ਵੇਲਜ਼ ਪ੍ਰੀਮੀਅਰ ਗਲੈਡੀਜ਼ ਬਰਜਿਕਲਿਨ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਹਾਲ ਦੀ ਘੜੀ ਆਪਣੀਆਂ ਥਾਵਾਂ ਨੂੰ ਛੱਡ ਕੇ ਸੁਰੱਖਿਅਤ ਥਾਵਾਂ ਉਪਰ ਜਾਣ ਦੀਆਂ ਚਿਤਾਵਨੀਆਂ ਨੂੰ ਅਣਗੌਲ਼ਿਆ ਨਾ ਕਰਨ ਅਤੇ ਅਜਿਹੀਆਂ ਚਿਤਾਵਨੀਆਂ ਉਪਰ ਪੂਰਨ ਅਤੇ ਫੌਰਨ ਅਮਲ ਕਰਨ ਤਾਂ ਜੋ ਸਮਾਂ ਰਹਿੰਦਿਆਂ ਜਾਨ ਮਾਲ ਦੀ ਰੱਖਿਆ ਹੋ ਸਕੇ। ਉਨ੍ਹਾਂ ਕਿਹਾ ਕਿ ਹਾਲੇ ਵੀ ਨਦੀਆਂ ਦਾ ਪਾਣੀ ਆਪਣੇ ਪੂਰੇ ਉਫ਼ਾਨ ਉਪਰ ਹੈ ਅਤੇ ਹੁਣ ਵੀ 24,000 ਦੇ ਕਰੀਬ ਲੋਕਾਂ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚੋਂ ਕੱਢ ਕੇ ਸੁਰੱਖਿਅਤ ਥਾਵਾਂ ਉਪਰ ਪਹੁੰਚਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਅਧਿਕਾਰੀਆਂ ਵੱਲੋਂ ਕੁੱਝ ਖੇਤਰਾਂ ਅੰਦਰ 60,000 ਲੋਕਾਂ ਨੂੰ ਹਾਲੇ ਵੀ ਚਿਤਾਵਨੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਨੂੰ ਆਪਣੇ ਘਰਾਂ ਨੂੰ ਜ਼ਰੂਰੀ ਸਾਮਾਨ ਲੈ ਕੇ, ਛੱਡਣ ਨੂੰ ਤਿਆਰ ਰਹਿਣ ਲਈ ਲਗਾਤਾਰ ਕਿਹਾ ਜਾ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਰਾਜ ਅੰਦਰ ਅਜਿਹੀ ਹੜ੍ਹ ਵਾਲੀ ਸਥਿਤੀ ਬੀਤੇ 50 ਸਾਲਾਂ ਵਿੱਚ ਵੀ ਨਹੀਂ ਦਰਜ ਕੀਤੀ ਗਈ ਸੀ।
ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਵੀ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਹਵਾਈ ਜਹਾਜ਼ ਰਾਹੀਂ ਮੁਆਇਨਾ ਕੀਤਾ ਅਤੇ ਉਨ੍ਹਾਂ ਵੱਲੋਂ ਸਿਡਨੀ ਦੇ ਨਾਰਥ-ਵੈਸਟ ਵਿਚਲੇ ਵਿੰਡਸਰ ਖੇਤਰ ਦਾ ਹਵਾਈ ਸਰਵੇਖਣ ਕੀਤਾ ਗਿਆ। ਬੀਤੇ ਕੁੱਝ ਦਿਨਾਂ ਵਿੱਚ ਹੀ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚੋਂ ਆਪਾਤਕਾਲੀਨ ਸੇਵਾਵਾਂ ਵਾਲੇ ਵਿਭਾਗਾਂ ਨੇ 11,000 ਦੇ ਕਰੀਬ ਫੋਨ ਕਾਲਾਂ ਲਈਆਂ ਅਤੇ ਫਸੇ ਲੋਕਾਂ ਨੂੰ ਬਚਾਉਣ ਖਾਤਰ 950 ਦੇ ਕਰੀਬ ਸਫਲ ਆਪ੍ਰੇਸ਼ਨ ਕੀਤੇ।
ਉਧਰ ਬੀਮਾ ਕੰਪਨੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹਾਲੇ ਤੱਕ 12,000 ਦੇ ਕਰੀਬ ਬੀਮਾ ਕਲੇਮਾਂ ਦੀਆਂ ਅਰਜ਼ੀਆਂ ਪ੍ਰਾਪਤ ਹੋਈਆਂ ਹਨ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਆਂਕੜਾ ਬਹੁਤ ਜ਼ਿਆਦਾ ਵਧੇਗਾ ਪਰੰਤੂ ਉਨ੍ਹਾਂ ਵਿਸ਼ਵਾਸ਼ ਦਿਵਾਇਆ ਕਿ ਕਿਸੇ ਵੀ ਵਾਜਿਬ ਕਲੇਮ ਨੂੰ ਭੁਗਤਾਉਣ ਵਿੱਚ ਬੇ-ਵਜਹ ਦੇਰੀ ਨਹੀਂ ਕੀਤੀ ਜਾਵੇਗੀ ਅਤੇ ਲੋਕਾਂ ਨੂੰ ਜਲਦੀ ਤੋਂ ਜਲਦੀ ਮੁਆਵਜ਼ਾ ਮੁਹੱਈਆ ਕਰਵਾ ਦਿੱਤਾ ਜਾਵੇਗਾ।
ਜ਼ਿਕਰਯੋਗ ਇਹ ਵੀ ਹੈ ਕਿ ਪ੍ਰਭਾਵਿਤ ਖੇਤਰਾਂ ਵਿੱਚਲੇ 162 ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਪਰੰਤੂ ਨਿਊਕਾਸਲ ਹਵਾਈ ਅੱਡੇ ਉਪਰ ਅੱਜ ਤੋਂ ਫਲਾਈਟਾਂ ਦਾ ਆਵਾਗਮਨ ਸ਼ੁਰੂ ਕੀਤਾ ਗਿਆ ਹੈ ਜੋ ਕਿ ਬੀਤੇ ਇੱਕ ਹਫ਼ਤੇ ਤੋਂ ਬੰਦ ਕਰ ਦਿੱਤਾ ਗਿਆ ਸੀ।

Install Punjabi Akhbar App

Install
×